ਮੱਤੀ ਮੁਤਾਬਕ ਖ਼ੁਸ਼ ਖ਼ਬਰੀ 28:1-20

  • ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ (1-10)

  • ਪਹਿਰੇਦਾਰਾਂ ਨੂੰ ਝੂਠ ਬੋਲਣ ਲਈ ਰਿਸ਼ਵਤ (11-15)

  • ਚੇਲੇ ਬਣਾਉਣ ਦਾ ਹੁਕਮ (16-20)

28  ਸਬਤ ਦੇ ਦਿਨ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ* ਪਹੁ ਫੁੱਟਦਿਆਂ ਹੀ ਮਰੀਅਮ ਮਗਦਲੀਨੀ ਅਤੇ ਦੂਸਰੀ ਮਰੀਅਮ ਕਬਰ ਨੂੰ ਦੇਖਣ ਆਈਆਂ।+  ਅਤੇ ਦੇਖੋ! ਇਕ ਜ਼ੋਰਦਾਰ ਭੁਚਾਲ਼ ਆਇਆ ਕਿਉਂਕਿ ਯਹੋਵਾਹ* ਦਾ ਦੂਤ ਸਵਰਗੋਂ ਆਇਆ ਸੀ ਅਤੇ ਉਹ ਕਬਰ ਦੇ ਮੂੰਹ ਤੋਂ ਪੱਥਰ ਹਟਾ ਕੇ ਉਸ ਉੱਤੇ ਬੈਠਾ ਹੋਇਆ ਸੀ।+  ਉਸ ਦਾ ਰੂਪ ਬਿਜਲੀ ਵਾਂਗ ਲਿਸ਼ਕ ਰਿਹਾ ਸੀ ਅਤੇ ਉਸ ਦੇ ਕੱਪੜੇ ਬਰਫ਼ ਵਰਗੇ ਚਿੱਟੇ ਸਨ।+  ਉਸ ਨੂੰ ਦੇਖ ਕੇ ਪਹਿਰੇਦਾਰ ਡਰ ਨਾਲ ਥਰ-ਥਰ ਕੰਬਣ ਲੱਗੇ ਅਤੇ ਮਰਿਆਂ ਵਰਗੇ ਹੋ ਗਏ।  ਪਰ ਦੂਤ ਨੇ ਉਨ੍ਹਾਂ ਤੀਵੀਆਂ ਨੂੰ ਕਿਹਾ: “ਤੁਸੀਂ ਨਾ ਡਰੋ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਯਿਸੂ ਨੂੰ ਲੱਭ ਰਹੀਆਂ ਹੋ ਜਿਸ ਨੂੰ ਸੂਲ਼ੀ ’ਤੇ ਟੰਗਿਆ ਗਿਆ ਸੀ।+  ਉਹ ਹੁਣ ਇੱਥੇ ਨਹੀਂ ਹੈ ਕਿਉਂਕਿ ਜਿਵੇਂ ਉਸ ਨੇ ਕਿਹਾ ਸੀ, ਉਸ ਨੂੰ ਜੀਉਂਦਾ ਕੀਤਾ ਗਿਆ ਹੈ।+ ਆਓ, ਉਹ ਜਗ੍ਹਾ ਦੇਖੋ ਜਿੱਥੇ ਉਸ ਨੂੰ ਰੱਖਿਆ ਗਿਆ ਸੀ।  ਹੁਣ ਤੁਸੀਂ ਫਟਾਫਟ ਜਾ ਕੇ ਉਸ ਦੇ ਚੇਲਿਆਂ ਨੂੰ ਦੱਸੋ ਕਿ ਉਹ ਮਰਿਆਂ ਵਿੱਚੋਂ ਜੀਉਂਦਾ ਹੋ ਗਿਆ ਹੈ। ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਿਹਾ ਹੈ।+ ਤੁਸੀਂ ਉਸ ਨੂੰ ਉੱਥੇ ਮਿਲੋਗੇ। ਮੈਂ ਜੋ ਤੁਹਾਨੂੰ ਦੱਸਿਆ ਹੈ, ਉਹ ਯਾਦ ਰੱਖਿਓ।”+  ਉਹ ਬਹੁਤ ਡਰੀਆਂ ਹੋਈਆਂ ਸਨ, ਨਾਲੇ ਬੜੀਆਂ ਖ਼ੁਸ਼ ਵੀ ਸਨ। ਉਹ ਝੱਟ ਕਬਰ ਵਿੱਚੋਂ ਬਾਹਰ ਨਿਕਲੀਆਂ ਅਤੇ ਉਸ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਭੱਜੀਆਂ ਗਈਆਂ।+  ਫਿਰ ਅਚਾਨਕ ਯਿਸੂ ਉਨ੍ਹਾਂ ਨੂੰ ਮਿਲਿਆ ਅਤੇ ਉਸ ਨੇ ਕਿਹਾ: “ਖ਼ੁਸ਼ ਰਹੋ!” ਉਨ੍ਹਾਂ ਨੇ ਆ ਕੇ ਉਸ ਦੇ ਪੈਰ ਫੜ ਲਏ ਅਤੇ ਉਸ ਨੂੰ ਨਮਸਕਾਰ ਕੀਤਾ।* 10  ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਡਰੋ ਨਾ! ਜਾ ਕੇ ਮੇਰੇ ਭਰਾਵਾਂ* ਨੂੰ ਦੱਸੋ ਤਾਂਕਿ ਉਹ ਗਲੀਲ ਨੂੰ ਜਾਣ, ਮੈਂ ਉਨ੍ਹਾਂ ਨੂੰ ਉੱਥੇ ਮਿਲਾਂਗਾ।” 11  ਜਦੋਂ ਉਹ ਜਾ ਰਹੀਆਂ ਸਨ, ਤਾਂ ਕੁਝ ਪਹਿਰੇਦਾਰਾਂ+ ਨੇ ਸ਼ਹਿਰ ਵਿਚ ਜਾ ਕੇ ਮੁੱਖ ਪੁਜਾਰੀਆਂ ਨੂੰ ਸਾਰਾ ਕੁਝ ਦੱਸਿਆ ਜੋ ਕਬਰ ’ਤੇ ਹੋਇਆ ਸੀ। 12  ਫਿਰ ਮੁੱਖ ਪੁਜਾਰੀ ਤੇ ਬਜ਼ੁਰਗ ਇਕੱਠੇ ਹੋਏ ਤੇ ਆਪਸ ਵਿਚ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪਹਿਰੇਦਾਰਾਂ ਨੂੰ ਚਾਂਦੀ ਦੇ ਬਹੁਤ ਸਾਰੇ ਸਿੱਕੇ ਦਿੱਤੇ 13  ਅਤੇ ਕਿਹਾ: “ਤੁਸੀਂ ਇੱਦਾਂ ਕਹਿਓ, ‘ਜਦੋਂ ਰਾਤ ਨੂੰ ਅਸੀਂ ਸੁੱਤੇ ਪਏ ਸੀ, ਤਾਂ ਉਸ ਦੇ ਚੇਲੇ ਆਏ ਅਤੇ ਉਸ ਦੀ ਲਾਸ਼ ਚੋਰੀ ਕਰ ਕੇ ਲੈ ਗਏ।’+ 14  ਅਤੇ ਜੇ ਇਹ ਗੱਲ ਰਾਜਪਾਲ ਦੇ ਕੰਨੀਂ ਪਈ, ਤਾਂ ਅਸੀਂ ਗੱਲ ਕਰ ਕੇ ਉਸ ਨੂੰ ਸਮਝਾ ਦਿਆਂਗੇ।* ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਪਵੇਗੀ।” 15  ਇਸ ਲਈ ਪਹਿਰੇਦਾਰਾਂ ਨੇ ਚਾਂਦੀ ਦੇ ਸਿੱਕੇ ਲਏ ਅਤੇ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਉਨ੍ਹਾਂ ਵੱਲੋਂ ਸਾਰੇ ਪਾਸੇ ਫੈਲਾਈ ਇਸ ਗੱਲ ਨੂੰ ਯਹੂਦੀ ਅੱਜ ਤਕ ਸੱਚ ਮੰਨਦੇ ਹਨ। 16  ਫਿਰ 11 ਚੇਲੇ ਗਲੀਲ ਨੂੰ ਗਏ+ ਅਤੇ ਉਸ ਪਹਾੜ ਉੱਤੇ ਚਲੇ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਆਉਣ ਲਈ ਕਿਹਾ ਸੀ।+ 17  ਜਦੋਂ ਉਨ੍ਹਾਂ ਨੇ ਉਸ ਨੂੰ ਦੇਖਿਆ, ਤਾਂ ਗੋਡੇ ਟੇਕ ਕੇ ਉਸ ਨੂੰ ਨਮਸਕਾਰ ਕੀਤਾ, ਪਰ ਕੁਝ ਚੇਲਿਆਂ ਨੂੰ ਸ਼ੱਕ ਸੀ। 18  ਯਿਸੂ ਨੇ ਉਨ੍ਹਾਂ ਕੋਲ ਆ ਕੇ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।+ 19  ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ+ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਦਿਓ+ 20  ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।+ ਅਤੇ ਦੇਖੋ! ਮੈਂ ਯੁਗ* ਦੇ ਆਖ਼ਰੀ ਸਮੇਂ+ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।”

ਫੁਟਨੋਟ

ਇਸ ਦਿਨ ਨੂੰ ਅਸੀਂ ਐਤਵਾਰ ਕਹਿੰਦੇ ਹਾਂ। ਯਹੂਦੀਆਂ ਲਈ ਇਹ ਦਿਨ ਹਫ਼ਤੇ ਦਾ ਪਹਿਲਾ ਦਿਨ ਹੁੰਦਾ ਸੀ।
ਜਾਂ, “ਉਸ ਅੱਗੇ ਸਿਰ ਝੁਕਾਇਆ।”
ਜਾਂ, “ਚੇਲਿਆਂ।”
ਯੂਨਾ, “ਮਨਾ ਲਵਾਂਗੇ।”