Skip to content

Skip to table of contents

ਮੁਖਬੰਧ

ਪਰਮੇਸ਼ੁਰ ਨੇ ਪਵਿੱਤਰ ਬਾਈਬਲ ਲਿਖਵਾਈ ਹੈ ਜਿਸ ਰਾਹੀਂ ਉਹ ਸਾਡੇ ਸਾਰਿਆਂ ਨਾਲ ਗੱਲ ਕਰਦਾ ਹੈ। ਉਸ ਨੂੰ ਜਾਣਨ ਲਈ ਸਾਨੂੰ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ। (ਯੂਹੰਨਾ 17:3; 2 ਤਿਮੋਥਿਉਸ 3:16) ਇਸ ਵਿਚ ਯਹੋਵਾਹ ਪਰਮੇਸ਼ੁਰ ਨੇ ਇਨਸਾਨਾਂ ਅਤੇ ਧਰਤੀ ਲਈ ਆਪਣਾ ਮਕਸਦ ਦੱਸਿਆ ਹੈ।​—ਉਤਪਤ 3:15; ਪ੍ਰਕਾਸ਼ ਦੀ ਕਿਤਾਬ 21:​3, 4.

ਬਾਈਬਲ ਤੋਂ ਛੁੱਟ ਹੋਰ ਕੋਈ ਵੀ ਕਿਤਾਬ ਲੋਕਾਂ ਦੀਆਂ ਜ਼ਿੰਦਗੀਆਂ ʼਤੇ ਇੰਨਾ ਗਹਿਰਾ ਅਸਰ ਨਹੀਂ ਪਾਉਂਦੀ। ਬਾਈਬਲ ਸਾਨੂੰ ਯਹੋਵਾਹ ਵਾਂਗ ਪਿਆਰ, ਦਇਆ ਅਤੇ ਰਹਿਮ ਵਰਗੇ ਗੁਣ ਜ਼ਾਹਰ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। ਇਹ ਲੋਕਾਂ ਨੂੰ ਉਮੀਦ ਦਿੰਦੀ ਹੈ ਅਤੇ ਔਖੀ ਤੋਂ ਔਖੀ ਮੁਸ਼ਕਲ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਦੀ ਹੈ। ਇਹ ਦੁਨੀਆਂ ਦੀਆਂ ਉਨ੍ਹਾਂ ਗੱਲਾਂ ਦਾ ਪਰਦਾਫ਼ਾਸ਼ ਕਰਦੀ ਹੈ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਨਹੀਂ ਹਨ।​—ਜ਼ਬੂਰ 119:105; ਇਬਰਾਨੀਆਂ 4:12; 1 ਯੂਹੰਨਾ 2:​15-17.

ਸ਼ੁਰੂ-ਸ਼ੁਰੂ ਵਿਚ ਬਾਈਬਲ ਇਬਰਾਨੀ, ਅਰਾਮੀ ਅਤੇ ਯੂਨਾਨੀ ਭਾਸ਼ਾਵਾਂ ਵਿਚ ਲਿਖੀ ਗਈ ਸੀ। ਹੁਣ ਪੂਰੀ ਬਾਈਬਲ ਜਾਂ ਇਸ ਦਾ ਕੁਝ ਹਿੱਸਾ 3,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਇਹ ਸਭ ਤੋਂ ਜ਼ਿਆਦਾ ਅਨੁਵਾਦ ਕੀਤੀ ਗਈ ਅਤੇ ਵੰਡੀ ਗਈ ਕਿਤਾਬ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਹੈ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ [ਬਾਈਬਲ ਦਾ ਮੁੱਖ ਸੰਦੇਸ਼] ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਫਿਰ ਅੰਤ ਆਵੇਗਾ।”​—ਮੱਤੀ 24:14.

ਅਸੀਂ ਬਾਈਬਲ ਦੇ ਸੰਦੇਸ਼ ਦੀ ਅਹਿਮੀਅਤ ਨੂੰ ਸਮਝਦੇ ਹਾਂ, ਇਸ ਲਈ ਅਸੀਂ ਅਜਿਹਾ ਅਨੁਵਾਦ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਨਾ ਸਿਰਫ਼ ਮੂਲ ਪਾਠ ਦੇ ਮੁਤਾਬਕ ਹੋਵੇ, ਸਗੋਂ ਪੜ੍ਹਨ ਵਿਚ ਸੌਖਾ ਹੋਵੇ ਤੇ ਸਾਫ਼-ਸਾਫ਼ ਸਮਝ ਆਵੇ। ਇਸ ਅਨੁਵਾਦ ਵਿਚ ਵਧੇਰੇ ਜਾਣਕਾਰੀ ਨਾਂ ਦੇ ਲੇਖ ਵੀ ਹਨ, ਜਿਵੇਂ “ਬਾਈਬਲ ਦਾ ਅਨੁਵਾਦ ਕਰਨ ਸੰਬੰਧੀ ਅਸੂਲ,” “ਇਸ ਅਨੁਵਾਦ ਦੀਆਂ ਖੂਬੀਆਂ” ਅਤੇ “ਬਾਈਬਲ ਸਾਡੇ ਤਕ ਕਿਵੇਂ ਪਹੁੰਚੀ?” ਇਨ੍ਹਾਂ ਵਿਚ ਸਮਝਾਇਆ ਗਿਆ ਹੈ ਕਿ ਇਹ ਅਨੁਵਾਦ ਕਿਨ੍ਹਾਂ ਅਸੂਲਾਂ ਦੇ ਆਧਾਰ ʼਤੇ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਕਿਹੜੀਆਂ ਕੁਝ ਖੂਬੀਆਂ ਹਨ।

ਯਹੋਵਾਹ ਨੂੰ ਪਿਆਰ ਕਰਨ ਵਾਲੇ ਅਤੇ ਉਸ ਦੀ ਭਗਤੀ ਕਰਨ ਵਾਲੇ ਲੋਕ ਉਸ ਦੇ ਬਚਨ ਦਾ ਅਜਿਹਾ ਅਨੁਵਾਦ ਪੜ੍ਹਨਾ ਚਾਹੁੰਦੇ ਹਨ ਜੋ ਬਿਲਕੁਲ ਸਹੀ ਹੋਵੇ ਅਤੇ ਸਮਝਣ ਵਿਚ ਸੌਖਾ ਹੋਵੇ। (1 ਤਿਮੋਥਿਉਸ 2:4) ਇਸ ਲਈ ਸਾਡੀ ਇਹੀ ਕੋਸ਼ਿਸ਼ ਹੈ ਕਿ ਨਵੀਂ ਦੁਨੀਆਂ ਅਨੁਵਾਦ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੋਵੇ ਤੇ ਇਸੇ ਕਰਕੇ ਪੰਜਾਬੀ ਭਾਸ਼ਾ ਵਿਚ ਇਹ ਅਨੁਵਾਦ ਤਿਆਰ ਕੀਤਾ ਗਿਆ ਹੈ। ਪਿਆਰੇ ਪਾਠਕੋ, ਸਾਡੀ ਇਹੀ ਉਮੀਦ ਤੇ ਦੁਆ ਹੈ ਕਿ ਪਵਿੱਤਰ ਬਾਈਬਲ ਦਾ ਇਹ ਅਨੁਵਾਦ ‘ਪਰਮੇਸ਼ੁਰ ਦੀ ਤਲਾਸ਼ ਕਰਨ ਅਤੇ ਉਸ ਨੂੰ ਲੱਭ ਲੈਣ’ ਵਿਚ ਤੁਹਾਡੀ ਮਦਦ ਕਰੇ।​—ਰਸੂਲਾਂ ਦੇ ਕੰਮ 17:27.

ਨਵੀਂ ਦੁਨੀਆਂ ਅਨੁਵਾਦ ਕਮੇਟੀ

ਅਗਸਤ 2013