ਮੱਤੀ ਮੁਤਾਬਕ ਖ਼ੁਸ਼ ਖ਼ਬਰੀ 22:1-46

  • ਵਿਆਹ ਦੀ ਦਾਅਵਤ ਦੀ ਮਿਸਾਲ (1-14)

  • ਪਰਮੇਸ਼ੁਰ ਅਤੇ ਰਾਜਾ (15-22)

  • ਮਰੇ ਹੋਇਆਂ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਸਵਾਲ (23-33)

  • ਦੋ ਸਭ ਤੋਂ ਵੱਡੇ ਹੁਕਮ (34-40)

  • ਕੀ ਮਸੀਹ ਦਾਊਦ ਦਾ ਪੁੱਤਰ ਹੈ? (41-46)

22  ਯਿਸੂ ਨੇ ਇਕ ਵਾਰ ਫਿਰ ਮਿਸਾਲਾਂ ਦੇ ਕੇ ਉਨ੍ਹਾਂ ਨਾਲ ਗੱਲ ਕੀਤੀ। ਉਸ ਨੇ ਕਿਹਾ:  “ਸਵਰਗ ਦਾ ਰਾਜ ਇਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਅਵਤ ਦਿੱਤੀ।+  ਉਸ ਨੇ ਦਾਅਵਤ ਵਿਚ ਸੱਦੇ ਲੋਕਾਂ ਨੂੰ ਬੁਲਾਉਣ ਲਈ ਆਪਣੇ ਨੌਕਰਾਂ ਨੂੰ ਘੱਲਿਆ, ਪਰ ਉਨ੍ਹਾਂ ਨੇ ਆਉਣਾ ਨਾ ਚਾਹਿਆ।+  ਉਸ ਨੇ ਇਹ ਕਹਿ ਕੇ ਹੋਰ ਨੌਕਰ ਘੱਲੇ, ‘ਸੱਦੇ ਹੋਇਆਂ ਨੂੰ ਕਹਿਓ: “ਦੇਖੋ! ਮੈਂ ਖਾਣਾ ਤਿਆਰ ਕਰਾ ਲਿਆ ਹੈ, ਮੈਂ ਆਪਣੇ ਬਲਦ ਅਤੇ ਪਲ਼ੇ ਹੋਏ ਜਾਨਵਰ ਵੱਢ ਲਏ ਹਨ ਅਤੇ ਸਾਰਾ ਕੁਝ ਤਿਆਰ ਹੈ। ਇਸ ਲਈ ਵਿਆਹ ਦੀ ਦਾਅਵਤ ਵਿਚ ਆ ਜਾਓ।”’  ਪਰ ਉਨ੍ਹਾਂ ਨੇ ਕੋਈ ਪਰਵਾਹ ਨਾ ਕੀਤੀ, ਸਗੋਂ ਇਕ ਜਣਾ ਆਪਣੇ ਖੇਤਾਂ ਨੂੰ ਚਲਾ ਗਿਆ, ਦੂਜਾ ਆਪਣਾ ਵਪਾਰ ਕਰਨ ਚਲਾ ਗਿਆ+  ਤੇ ਬਾਕੀਆਂ ਨੇ ਨੌਕਰਾਂ ਨੂੰ ਫੜ ਕੇ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ।  “ਇਸ ਕਰਕੇ ਰਾਜੇ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਸ ਨੇ ਆਪਣੀਆਂ ਫ਼ੌਜਾਂ ਘੱਲ ਕੇ ਉਨ੍ਹਾਂ ਕਾਤਲਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਸ਼ਹਿਰ ਨੂੰ ਅੱਗ ਲਾ ਦਿੱਤੀ।+  ਫਿਰ ਉਸ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਵਿਆਹ ਦੀ ਦਾਅਵਤ ਤਾਂ ਤਿਆਰ ਹੈ, ਪਰ ਜਿਹੜੇ ਸੱਦੇ ਗਏ ਸਨ, ਉਹ ਦਾਅਵਤ ਦੇ ਲਾਇਕ ਨਹੀਂ ਸਨ।+  ਇਸ ਲਈ ਤੁਸੀਂ ਸ਼ਹਿਰੋਂ ਬਾਹਰ ਜਾਂਦੇ ਰਾਹਾਂ ’ਤੇ ਜਾਓ ਅਤੇ ਉੱਥੇ ਜਿਹੜਾ ਵੀ ਤੁਹਾਨੂੰ ਮਿਲੇ, ਉਸ ਨੂੰ ਦਾਅਵਤ ਲਈ ਸੱਦ ਲਿਆਓ।’+ 10  ਇਸ ਕਰਕੇ ਨੌਕਰ ਰਾਹਾਂ ਵਿਚ ਗਏ ਅਤੇ ਉਨ੍ਹਾਂ ਨੂੰ ਚੰਗੇ-ਮਾੜੇ ਜੋ ਵੀ ਲੋਕ ਮਿਲੇ, ਉਹ ਉਨ੍ਹਾਂ ਸਾਰਿਆਂ ਨੂੰ ਲੈ ਆਏ ਅਤੇ ਵਿਆਹ ਦੀ ਦਾਅਵਤ ਵਾਲਾ ਕਮਰਾ ਮਹਿਮਾਨਾਂ* ਨਾਲ ਭਰ ਗਿਆ। 11  “ਜਦੋਂ ਰਾਜਾ ਮਹਿਮਾਨਾਂ ਦੀ ਜਾਂਚ ਕਰਨ ਅੰਦਰ ਆਇਆ, ਤਾਂ ਉਸ ਨੇ ਇਕ ਆਦਮੀ ਨੂੰ ਦੇਖਿਆ ਜਿਸ ਨੇ ਦਾਅਵਤ ਵਾਲੇ ਕੱਪੜੇ ਨਹੀਂ ਪਾਏ ਹੋਏ ਸਨ। 12  ਇਸ ਲਈ ਰਾਜੇ ਨੇ ਉਸ ਨੂੰ ਕਿਹਾ: ‘ਹਾਂ ਬਈ, ਤੂੰ ਦਾਅਵਤ ਵਾਲੇ ਕੱਪੜੇ ਪਾਏ ਬਿਨਾਂ ਅੰਦਰ ਕਿੱਦਾਂ ਆ ਗਿਆ?’ ਉਸ ਆਦਮੀ ਨੂੰ ਕੋਈ ਜਵਾਬ ਨਾ ਸੁੱਝਿਆ। 13  ਫਿਰ ਰਾਜੇ ਨੇ ਆਪਣੇ ਸੇਵਾਦਾਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹ ਕੇ ਬਾਹਰ ਹਨੇਰੇ ਵਿਚ ਸੁੱਟ ਦਿਓ ਜਿੱਥੇ ਇਹ ਆਪਣੀ ਮਾੜੀ ਹਾਲਤ ’ਤੇ ਰੋਵੇਗਾ ਤੇ ਕਚੀਚੀਆਂ ਵੱਟੇਗਾ।’ 14  “ਸੱਦਿਆ ਤਾਂ ਬਹੁਤ ਲੋਕਾਂ ਨੂੰ ਹੈ, ਪਰ ਥੋੜ੍ਹੇ ਹੀ ਚੁਣੇ ਗਏ ਹਨ।” 15  ਫਿਰ ਫ਼ਰੀਸੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਸਲਾਹ ਕੀਤੀ ਕਿ ਉਸ ਨੂੰ ਉਸ ਦੀਆਂ ਗੱਲਾਂ ਵਿਚ ਕਿਵੇਂ ਫਸਾਇਆ ਜਾਵੇ।+ 16  ਇਸ ਲਈ ਉਨ੍ਹਾਂ ਨੇ ਆਪਣੇ ਚੇਲਿਆਂ ਅਤੇ ਹੇਰੋਦੀਆਂ ਨੂੰ ਯਿਸੂ ਕੋਲ ਇਹ ਕਹਿ ਕੇ ਘੱਲਿਆ:+ “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚ ਬੋਲਦਾ ਹੈਂ ਅਤੇ ਪਰਮੇਸ਼ੁਰ ਦੇ ਰਾਹ ਬਾਰੇ ਸੱਚ-ਸੱਚ ਸਿਖਾਉਂਦਾ ਹੈਂ ਤੇ ਤੂੰ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਤੂੰ ਕਿਸੇ ਦਾ ਰੁਤਬਾ ਜਾਂ ਬਾਹਰੀ ਰੂਪ ਨਹੀਂ ਦੇਖਦਾ। 17  ਇਸ ਲਈ ਸਾਨੂੰ ਇਸ ਬਾਰੇ ਆਪਣੀ ਰਾਇ ਦੱਸ: ਕੀ ਰਾਜੇ* ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ?” 18  ਯਿਸੂ ਜਾਣਦਾ ਸੀ ਕਿ ਉਨ੍ਹਾਂ ਦੇ ਮਨਾਂ ਵਿਚ ਖੋਟ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਓਏ ਪਖੰਡੀਓ, ਤੁਸੀਂ ਕਿਉਂ ਮੈਨੂੰ ਅਜ਼ਮਾ ਰਹੇ ਹੋ? 19  ਮੈਨੂੰ ਉਹ ਸਿੱਕਾ ਦਿਖਾਓ ਜੋ ਤੁਸੀਂ ਟੈਕਸ ਭਰਨ ਲਈ ਦਿੰਦੇ ਹੋ।” ਉਨ੍ਹਾਂ ਨੇ ਉਸ ਨੂੰ ਇਕ ਦੀਨਾਰ* ਲਿਆ ਕੇ ਦਿੱਤਾ। 20  ਉਸ ਨੇ ਉਨ੍ਹਾਂ ਨੂੰ ਪੁੱਛਿਆ: “ਇਸ ’ਤੇ ਕਿਸ ਦੀ ਸ਼ਕਲ ਅਤੇ ਕਿਸ ਦੇ ਨਾਂ ਦੀ ਛਾਪ ਹੈ?” 21  ਉਨ੍ਹਾਂ ਨੇ ਕਿਹਾ: “ਰਾਜੇ ਦੀ।” ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਲਈ ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”+ 22  ਜਦੋਂ ਉਨ੍ਹਾਂ ਨੇ ਇਹ ਗੱਲ ਸੁਣੀ, ਤਾਂ ਉਹ ਹੈਰਾਨ ਰਹਿ ਗਏ ਅਤੇ ਉਸ ਨੂੰ ਛੱਡ ਕੇ ਚਲੇ ਗਏ। 23  ਉਸ ਦਿਨ ਸਦੂਕੀ, ਜੋ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ,+ ਯਿਸੂ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ:+ 24  “ਗੁਰੂ ਜੀ, ਮੂਸਾ ਨੇ ਕਿਹਾ ਸੀ: ‘ਜੇ ਕੋਈ ਆਦਮੀ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਾਵੇ ਅਤੇ ਆਪਣੇ ਮਰ ਚੁੱਕੇ ਭਰਾ ਲਈ ਔਲਾਦ ਪੈਦਾ ਕਰੇ।’+ 25  ਸਾਡੇ ਇੱਥੇ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕਰਾਇਆ, ਪਰ ਉਹ ਬੇਔਲਾਦ ਮਰ ਗਿਆ। ਫਿਰ ਉਸ ਦੇ ਭਰਾ ਨੇ ਉਸ ਦੀ ਪਤਨੀ ਨਾਲ ਵਿਆਹ ਕਰਾ ਲਿਆ। 26  ਦੂਸਰੇ ਨਾਲ ਵੀ ਇਸੇ ਤਰ੍ਹਾਂ ਹੋਇਆ, ਫਿਰ ਤੀਸਰੇ ਨਾਲ ਵੀ। ਇਸ ਤਰ੍ਹਾਂ ਸੱਤੇ ਭਰਾ ਬੇਔਲਾਦ ਮਰ ਗਏ। 27  ਅਖ਼ੀਰ ਵਿਚ ਉਹ ਤੀਵੀਂ ਵੀ ਮਰ ਗਈ। 28  ਇਸ ਲਈ ਜਦ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਤੀਵੀਂ ਉਨ੍ਹਾਂ ਸੱਤਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਉਨ੍ਹਾਂ ਸਾਰਿਆਂ ਨੇ ਹੀ ਉਸ ਨਾਲ ਵਿਆਹ ਕਰਵਾਇਆ ਸੀ।” 29  ਜਵਾਬ ਵਿਚ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗ਼ਲਤ ਹੋ ਕਿਉਂਕਿ ਤੁਸੀਂ ਨਾ ਤਾਂ ਧਰਮ-ਗ੍ਰੰਥ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ੁਰ ਦੀ ਸ਼ਕਤੀ ਨੂੰ;+ 30  ਕਿਉਂਕਿ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਨਾ ਆਦਮੀ ਵਿਆਹ ਕਰਨਗੇ ਅਤੇ ਨਾ ਹੀ ਤੀਵੀਆਂ ਵਿਆਹੀਆਂ ਜਾਣਗੀਆਂ, ਸਗੋਂ ਉਹ ਦੂਤਾਂ ਵਰਗੇ ਹੋਣਗੇ।+ 31  ਰਹੀ ਮੁਰਦਿਆਂ ਦੇ ਜੀਉਂਦਾ ਹੋਣ ਦੀ ਗੱਲ, ਕੀ ਤੁਸੀਂ ਉਹ ਗੱਲ ਨਹੀਂ ਪੜ੍ਹੀ ਜੋ ਪਰਮੇਸ਼ੁਰ ਨੇ ਤੁਹਾਨੂੰ ਕਹੀ ਸੀ: 32  ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’?+ ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ।”+ 33  ਇਹ ਸੁਣ ਕੇ ਲੋਕ ਉਸ ਦੀ ਸਿੱਖਿਆ ਤੋਂ ਦੰਗ ਰਹਿ ਗਏ।+ 34  ਜਦੋਂ ਫ਼ਰੀਸੀਆਂ ਨੇ ਸੁਣਿਆ ਕਿ ਉਸ ਨੇ ਸਦੂਕੀਆਂ ਦੇ ਮੂੰਹ ਬੰਦ ਕਰ ਦਿੱਤੇ ਸਨ, ਤਾਂ ਉਹ ਇਕੱਠੇ ਹੋ ਕੇ ਆਏ। 35  ਉਨ੍ਹਾਂ ਵਿੱਚੋਂ ਇਕ ਫ਼ਰੀਸੀ ਮੂਸਾ ਦੇ ਕਾਨੂੰਨ ਦਾ ਮਾਹਰ ਸੀ। ਉਸ ਨੇ ਯਿਸੂ ਨੂੰ ਪਰਖਣ ਲਈ ਪੁੱਛਿਆ: 36  “ਗੁਰੂ ਜੀ, ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?”+ 37  ਯਿਸੂ ਨੇ ਉਸ ਨੂੰ ਦੱਸਿਆ: “‘ਤੂੰ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’+ 38  ਇਹੀ ਸਭ ਤੋਂ ਵੱਡਾ ਅਤੇ ਪਹਿਲਾ ਹੁਕਮ ਹੈ। 39  ਅਤੇ ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’+ 40  ਇਨ੍ਹਾਂ ਦੋਹਾਂ ਹੁਕਮਾਂ ਉੱਤੇ ਮੂਸਾ ਦਾ ਸਾਰਾ ਕਾਨੂੰਨ ਅਤੇ ਨਬੀਆਂ ਦੀਆਂ ਸਿੱਖਿਆਵਾਂ ਆਧਾਰਿਤ ਹਨ।”+ 41  ਜਦੋਂ ਅਜੇ ਫ਼ਰੀਸੀ ਉੱਥੇ ਹੀ ਖੜ੍ਹੇ ਸਨ, ਤਾਂ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ:+ 42  “ਤੁਸੀਂ ਮਸੀਹ ਬਾਰੇ ਕੀ ਸੋਚਦੇ ਹੋ? ਉਹ ਕਿਹਦਾ ਪੁੱਤਰ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਦਾਊਦ ਦਾ।”+ 43  ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤਾਂ ਫਿਰ, ਦਾਊਦ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ+ ਉਸ ਨੂੰ ‘ਪ੍ਰਭੂ’ ਕਿਉਂ ਕਿਹਾ ਸੀ ਜਦ ਉਸ ਨੇ ਕਿਹਾ, 44  ‘ਯਹੋਵਾਹ* ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਹੱਥ ਬੈਠ ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ”’?+ 45  ਜੇ ਦਾਊਦ ਖ਼ੁਦ ਮਸੀਹ ਨੂੰ ਪ੍ਰਭੂ ਕਹਿੰਦਾ ਹੈ, ਤਾਂ ਫਿਰ, ਉਹ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”+ 46  ਕੋਈ ਵੀ ਉਸ ਨੂੰ ਜਵਾਬ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਬਾਅਦ ਕਿਸੇ ਨੇ ਉਸ ਨੂੰ ਸਵਾਲ ਪੁੱਛਣ ਦਾ ਹੀਆ ਕੀਤਾ।

ਫੁਟਨੋਟ

ਜਾਂ, “ਮੇਜ਼ ਦੁਆਲੇ ਬੈਠੇ ਲੋਕਾਂ।”
ਯੂਨਾ, “ਕੈਸਰ।”