ਮੱਤੀ ਮੁਤਾਬਕ ਖ਼ੁਸ਼ ਖ਼ਬਰੀ 6:1-34

  • ਪਹਾੜੀ ਉਪਦੇਸ਼ (1-34)

    • ਨੇਕ ਕੰਮ ਦਿਖਾਵੇ ਲਈ ਨਾ ਕਰੋ (1-4)

    • ਪ੍ਰਾਰਥਨਾ ਕਿਵੇਂ ਕਰੀਏ (5-15)

      • ਪ੍ਰਾਰਥਨਾ ਦਾ ਨਮੂਨਾ (9-13)

    • ਵਰਤ (16-18)

    • ਧਰਤੀ ਉੱਤੇ ਅਤੇ ਸਵਰਗ ਵਿਚ ਧਨ (19-24)

    • ਚਿੰਤਾ ਕਰਨੀ ਛੱਡ ਦਿਓ (25-34)

      • ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਰਹੋ (33)

6  “ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਨੇਕ ਕੰਮ ਦਿਖਾਵੇ ਲਈ ਨਾ ਕਰੋ;+ ਨਹੀਂ ਤਾਂ ਤੁਹਾਡੇ ਪਿਤਾ ਤੋਂ, ਜੋ ਸਵਰਗ ਵਿਚ ਹੈ, ਤੁਹਾਨੂੰ ਕੋਈ ਫਲ ਨਹੀਂ ਮਿਲੇਗਾ।  ਇਸ ਲਈ, ਪੁੰਨ-ਦਾਨ* ਕਰਨ ਵੇਲੇ ਇਸ ਬਾਰੇ ਢੰਡੋਰਾ ਨਾ ਪਿੱਟੋ* ਕਿਉਂਕਿ ਪਖੰਡੀ ਸਭਾ ਘਰਾਂ ਅਤੇ ਗਲੀਆਂ ਵਿਚ ਇਸ ਤਰ੍ਹਾਂ ਕਰਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਵਾਹ-ਵਾਹ ਕਰਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ।  ਪਰ ਜਦੋਂ ਤੂੰ ਪੁੰਨ-ਦਾਨ ਕਰੇਂ, ਉਦੋਂ ਆਪਣੇ ਖੱਬੇ ਹੱਥ ਨੂੰ ਪਤਾ ਨਾ ਲੱਗਣ ਦੇ ਕਿ ਤੇਰਾ ਸੱਜਾ ਹੱਥ ਕੀ ਕਰ ਰਿਹਾ ਹੈ  ਤਾਂਕਿ ਤੇਰਾ ਦਾਨ ਗੁਪਤ ਰਹੇ। ਫਿਰ ਤੇਰਾ ਪਿਤਾ, ਜੋ ਸਵਰਗੋਂ ਸਭ ਕੁਝ ਦੇਖ ਸਕਦਾ ਹੈ, ਤੈਨੂੰ ਫਲ ਦੇਵੇਗਾ।+  “ਨਾਲੇ ਜਦ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਪਖੰਡੀਆਂ ਵਾਂਗ ਨਾ ਕਰੋ+ ਕਿਉਂਕਿ ਉਹ ਲੋਕਾਂ ਨੂੰ ਦਿਖਾਉਣ ਲਈ ਸਭਾ ਘਰਾਂ ਅਤੇ ਚੌਂਕਾਂ ਵਿਚ ਖੜ੍ਹ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ।+ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ।  ਪਰ ਜਦ ਤੂੰ ਪ੍ਰਾਰਥਨਾ ਕਰੇਂ, ਤਾਂ ਆਪਣੇ ਕਮਰੇ ਵਿਚ ਜਾਹ ਅਤੇ ਦਰਵਾਜ਼ਾ ਬੰਦ ਕਰ ਕੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰ ਜਿਸ ਨੂੰ ਕੋਈ ਦੇਖ ਨਹੀਂ ਸਕਦਾ।*+ ਫਿਰ ਤੇਰਾ ਪਿਤਾ ਜੋ ਸਭ ਕੁਝ ਦੇਖਦਾ ਹੈ,* ਤੈਨੂੰ ਫਲ ਦੇਵੇਗਾ।  ਪ੍ਰਾਰਥਨਾ ਕਰਦੇ ਹੋਏ ਤੂੰ ਦੁਨੀਆਂ ਦੇ ਲੋਕਾਂ ਵਾਂਗ ਰਟੀਆਂ-ਰਟਾਈਆਂ ਗੱਲਾਂ ਨਾ ਕਹਿ ਕਿਉਂਕਿ ਉਹ ਸੋਚਦੇ ਹਨ ਕਿ ਜ਼ਿਆਦਾ ਬੋਲਣ ਕਰਕੇ ਉਨ੍ਹਾਂ ਦੀ ਸੁਣੀ ਜਾਵੇਗੀ।  ਇਸ ਲਈ ਤੁਸੀਂ ਉਨ੍ਹਾਂ ਵਰਗੇ ਨਾ ਬਣੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।+  “ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ:+ “‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ+ ਪਵਿੱਤਰ ਕੀਤਾ ਜਾਵੇ।*+ 10  ਤੇਰਾ ਰਾਜ+ ਆਵੇ। ਤੇਰੀ ਇੱਛਾ+ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।+ 11  ਸਾਨੂੰ ਅੱਜ ਦੀ ਰੋਟੀ ਅੱਜ ਦੇ;+ 12  ਸਾਡੇ ਪਾਪ* ਮਾਫ਼ ਕਰ, ਜਿਵੇਂ ਅਸੀਂ ਉਨ੍ਹਾਂ ਨੂੰ ਮਾਫ਼ ਕੀਤਾ ਹੈ ਜਿਨ੍ਹਾਂ ਨੇ ਸਾਡੇ ਖ਼ਿਲਾਫ਼ ਪਾਪ* ਕੀਤੇ ਹਨ।+ 13  ਸਾਨੂੰ ਪਰੀਖਿਆ ਵਿਚ ਨਾ ਪੈਣ ਦੇ+ ਤੇ ਸਾਨੂੰ ਸ਼ੈਤਾਨ* ਤੋਂ ਬਚਾ।’+ 14  “ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰੋਗੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਕਰੇਗਾ;+ 15  ਪਰ ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ।+ 16  “ਜਦ ਤੁਸੀਂ ਵਰਤ ਰੱਖਦੇ ਹੋ,+ ਤਾਂ ਪਖੰਡੀਆਂ ਵਾਂਗ ਮੂੰਹ ਲਟਕਾਉਣਾ ਛੱਡ ਦਿਓ ਕਿਉਂਕਿ ਉਹ ਆਪਣਾ ਹੁਲੀਆ ਵਿਗਾੜ ਕੇ ਰੱਖਦੇ ਹਨ* ਤਾਂਕਿ ਲੋਕ ਦੇਖਣ ਕਿ ਉਨ੍ਹਾਂ ਨੇ ਵਰਤ ਰੱਖਿਆ ਹੈ।+ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। 17  ਪਰ ਜਦ ਤੂੰ ਵਰਤ ਰੱਖੇਂ, ਤਾਂ ਆਪਣੇ ਸਿਰ ਨੂੰ ਤੇਲ ਲਾ ਅਤੇ ਮੂੰਹ ਧੋ 18  ਤਾਂਕਿ ਤੂੰ ਇਨਸਾਨਾਂ ਨੂੰ ਨਹੀਂ, ਬਲਕਿ ਆਪਣੇ ਸਵਰਗੀ ਪਿਤਾ ਨੂੰ ਦਿਖਾਵੇਂ ਕਿ ਤੂੰ ਵਰਤ ਰੱਖਿਆ ਹੈ। ਫਿਰ ਤੇਰਾ ਪਿਤਾ ਜੋ ਸਵਰਗੋਂ ਸਭ ਕੁਝ ਦੇਖਦਾ ਹੈ,* ਤੈਨੂੰ ਫਲ ਦੇਵੇਗਾ। 19  “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ+ ਜਿੱਥੇ ਕੀੜਾ ਤੇ ਜੰਗਾਲ ਇਸ ਨੂੰ ਖਾ ਜਾਂਦੇ ਹਨ ਅਤੇ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। 20  ਇਸ ਦੀ ਬਜਾਇ, ਸਵਰਗ ਵਿਚ ਆਪਣੇ ਲਈ ਧਨ ਜੋੜੋ+ ਜਿੱਥੇ ਨਾ ਕੀੜਾ ਤੇ ਨਾ ਜੰਗਾਲ ਇਸ ਨੂੰ ਖਾਂਦੇ ਹਨ+ ਅਤੇ ਨਾ ਹੀ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। 21  ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਹੀ ਤੇਰਾ ਮਨ ਹੈ। 22  “ਸਰੀਰ ਦਾ ਦੀਵਾ ਅੱਖ ਹੈ।+ ਇਸ ਲਈ ਜੇ ਤੇਰੀ ਅੱਖ ਇੱਕੋ ਨਿਸ਼ਾਨੇ ’ਤੇ ਟਿਕੀ ਹੋਈ ਹੈ,* ਤਾਂ ਤੇਰਾ ਸਾਰਾ ਸਰੀਰ ਰੌਸ਼ਨ ਹੋਵੇਗਾ। 23  ਪਰ ਜੇ ਤੇਰੀ ਅੱਖ ਲੋਭ ਨਾਲ ਭਰੀ ਹੋਈ ਹੈ,*+ ਤਾਂ ਤੇਰਾ ਸਾਰਾ ਸਰੀਰ ਹਨੇਰੇ ਵਿਚ ਹੋਵੇਗਾ। ਤੇਰੇ ਵਿਚ ਜੋ ਚਾਨਣ ਹੈ, ਜੇ ਉਹ ਸੱਚ-ਮੁੱਚ ਹਨੇਰਾ ਹੈ, ਤਾਂ ਇਹ ਕਿੰਨਾ ਘੁੱਪ ਹਨੇਰਾ ਹੋਵੇਗਾ! 24  “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ ਕਿਉਂਕਿ ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ+ ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨੂੰ ਤੁੱਛ ਸਮਝੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।+ 25  “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ: ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ+ ਕਿ ਤੁਸੀਂ ਕੀ ਖਾਓਗੇ ਜਾਂ ਕੀ ਪੀਓਗੇ, ਜਾਂ ਆਪਣੇ ਸਰੀਰ ਦੀ ਕਿ ਤੁਸੀਂ ਕੀ ਪਹਿਨੋਗੇ।+ ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਜ਼ਿਆਦਾ ਅਹਿਮੀਅਤ ਨਹੀਂ ਰੱਖਦਾ?+ 26  ਜ਼ਰਾ ਆਕਾਸ਼ ਦੇ ਪੰਛੀਆਂ ਵੱਲ ਧਿਆਨ ਨਾਲ ਦੇਖੋ;+ ਉਹ ਨਾ ਬੀਜਦੇ, ਨਾ ਵੱਢਦੇ ਤੇ ਨਾ ਹੀ ਭੰਡਾਰਾਂ ਵਿਚ ਇਕੱਠਾ ਕਰਦੇ ਹਨ, ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦਾ ਢਿੱਡ ਭਰਦਾ ਹੈ। ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ? 27  ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ?*+ 28  ਨਾਲੇ ਤੁਸੀਂ ਕੱਪੜਿਆਂ ਦੀ ਚਿੰਤਾ ਕਿਉਂ ਕਰਦੇ ਹੋ? ਜੰਗਲੀ ਫੁੱਲਾਂ ਤੋਂ ਸਿੱਖੋ, ਉਹ ਕਿਵੇਂ ਵਧਦੇ-ਫੁੱਲਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ; 29  ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਰਾਜਾ ਸੁਲੇਮਾਨ+ ਨੇ ਵੀ ਕਦੇ ਇਨ੍ਹਾਂ ਫੁੱਲਾਂ ਜਿੰਨੇ ਸ਼ਾਨਦਾਰ ਕੱਪੜੇ ਨਹੀਂ ਪਾਏ, ਭਾਵੇਂ ਕਿ ਉਸ ਦੀ ਇੰਨੀ ਸ਼ਾਨੋ-ਸ਼ੌਕਤ ਸੀ। 30  ਹੁਣ ਜੇ ਪਰਮੇਸ਼ੁਰ ਇਨ੍ਹਾਂ ਜੰਗਲੀ ਪੇੜ-ਪੌਦਿਆਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ ਜੋ ਅੱਜ ਹਰੇ-ਭਰੇ ਹਨ ਅਤੇ ਕੱਲ੍ਹ ਨੂੰ ਤੰਦੂਰ ਵਿਚ ਸੁੱਟ ਦਿੱਤੇ ਜਾਂਦੇ ਹਨ, ਤਾਂ ਹੇ ਥੋੜ੍ਹੀ ਨਿਹਚਾ ਕਰਨ ਵਾਲਿਓ, ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ? 31  ਇਸ ਲਈ ਤੁਸੀਂ ਕਦੇ ਚਿੰਤਾ+ ਨਾ ਕਰੋ ਅਤੇ ਇਹ ਨਾ ਕਹੋ, ‘ਅਸੀਂ ਕੀ ਖਾਵਾਂਗੇ?’ ਜਾਂ ‘ਅਸੀਂ ਕੀ ਪੀਵਾਂਗੇ?’ ਜਾਂ ‘ਅਸੀਂ ਕੀ ਪਹਿਨਾਂਗੇ?’+ 32  ਕਿਉਂਕਿ ਦੁਨੀਆਂ ਦੇ ਲੋਕ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ। ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭ ਚੀਜ਼ਾਂ ਦੀ ਲੋੜ ਹੈ। 33  “ਇਸ ਲਈ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦਿੰਦੇ ਰਹੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।+ 34  ਇਸ ਲਈ ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ+ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।

ਫੁਟਨੋਟ

ਯੂਨਾ, “ਆਪਣੇ ਅੱਗੇ-ਅੱਗੇ ਤੁਰ੍ਹੀ ਨਾ ਵਜਵਾਓ।”
ਜਾਂ, “ਗ਼ਰੀਬਾਂ ਨੂੰ ਦਾਨ।” ਸ਼ਬਦਾਵਲੀ ਦੇਖੋ।
ਯੂਨਾ, “ਜੋ ਗੁਪਤ ਵਿਚ ਹੈ।”
ਯੂਨਾ, “ਜੋ ਗੁਪਤ ਵਿਚ ਦੇਖਦਾ ਹੈ।”
ਜਾਂ, “ਪਵਿੱਤਰ ਮੰਨਿਆ ਜਾਵੇ; ਸਮਝਿਆ ਜਾਵੇ।”
ਯੂਨਾ, “ਕਰਜ਼।”
ਯੂਨਾ, “ਆਪਣੇ ਕਰਜ਼ਾਈਆਂ।”
ਯੂਨਾ, “ਉਸ ਦੁਸ਼ਟ।”
ਜਾਂ, “ਚਿਹਰਾ ਗੰਦਾ ਰੱਖਦੇ ਹਨ।”
ਯੂਨਾ, “ਜੋ ਗੁਪਤ ਵਿਚ ਦੇਖਦਾ ਹੈ।”
ਜਾਂ, “ਸਾਫ਼ ਹੈ।” ਯੂਨਾ, “ਸਾਦੀ ਹੈ।”
ਯੂਨਾ, “ਬੁਰੀ ਹੈ; ਦੁਸ਼ਟ ਹੈ।”
ਜਾਂ, “ਆਪਣੀ ਜ਼ਿੰਦਗੀ ਦੀ ਲੰਬਾਈ ਇਕ ਹੱਥ ਵੀ ਵਧਾ ਸਕਦਾ ਹੈ।” ਵਧੇਰੇ ਜਾਣਕਾਰੀ 2.14 ਦੇਖੋ।