Skip to content

Skip to table of contents

ਪਾਠ 22

ਉਹ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਿਹਾ

ਉਹ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਿਹਾ

1, 2. ਜਦ ਯਿਸੂ ਕਫ਼ਰਨਾਹੂਮ ਵਿਚ ਸਿੱਖਿਆ ਦੇ ਰਿਹਾ ਸੀ, ਤਾਂ ਪਤਰਸ ਨੂੰ ਸ਼ਾਇਦ ਕੀ ਉਮੀਦ ਸੀ, ਪਰ ਕੀ ਹੋਇਆ?

ਪਤਰਸ ਲੋਕਾਂ ਦੇ ਚਿਹਰਿਆਂ ਨੂੰ ਬੜੇ ਗੌਹ ਨਾਲ ਤਕ ਰਿਹਾ ਹੈ। ਉਹ ਕਫ਼ਰਨਾਹੂਮ ਦੇ ਸਭਾ ਘਰ ਵਿਚ ਹੈ ਜਿੱਥੇ ਯਿਸੂ ਉਪਦੇਸ਼ ਦੇ ਰਿਹਾ ਹੈ। ਪਤਰਸ ਇਸੇ ਸ਼ਹਿਰ ਦਾ ਰਹਿਣ ਵਾਲਾ ਹੈ। ਉਹ ਮੱਛੀਆਂ ਦਾ ਕਾਰੋਬਾਰ ਵੀ ਇਸੇ ਸ਼ਹਿਰ ਵਿਚ ਗਲੀਲ ਦੀ ਝੀਲ ਦੇ ਉੱਤਰੀ ਕੰਢੇ ’ਤੇ ਕਰਦਾ ਹੈ। ਉਸ ਦੇ ਦੋਸਤ, ਰਿਸ਼ਤੇਦਾਰ ਅਤੇ ਉਸ ਨਾਲ ਕਾਰੋਬਾਰ ਕਰਨ ਵਾਲੇ, ਸਭ ਇਸੇ ਸ਼ਹਿਰ ਵਿਚ ਰਹਿੰਦੇ ਹਨ। ਉਸ ਨੂੰ ਉਮੀਦ ਹੈ ਕਿ ਉਸ ਦੇ ਸ਼ਹਿਰ ਦੇ ਲੋਕ ਵੀ ਯਿਸੂ ਨੂੰ ਮਸੀਹ ਮੰਨਣਗੇ ਅਤੇ ਉਸ ਤੋਂ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਲੈ ਕੇ ਬਹੁਤ ਖ਼ੁਸ਼ ਹੋਣਗੇ। ਪਰ ਇਸ ਤਰ੍ਹਾਂ ਨਹੀਂ ਹੋਇਆ।

2 ਕਈਆਂ ਨੇ ਉਸ ਦੀ ਗੱਲ ਸੁਣਨੀ ਬੰਦ ਕਰ ਦਿੱਤੀ ਹੈ। ਕਈ ਯਿਸੂ ਦੀ ਗੱਲ ਸੁਣ ਕੇ ਉੱਚੀ-ਉੱਚੀ ਬੁੜ-ਬੁੜ ਕਰ ਰਹੇ ਹਨ। ਪਰ ਪਤਰਸ ਨੂੰ ਜ਼ਿਆਦਾ ਦੁੱਖ ਯਿਸੂ ਦੇ ਕੁਝ ਚੇਲਿਆਂ ਦਾ ਰਵੱਈਆ ਦੇਖ ਕੇ ਹੋ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਸੱਚਾਈ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖ ਕੇ ਜੋ ਖ਼ੁਸ਼ੀ ਹੁੰਦੀ ਸੀ, ਉਹ ਹੁਣ ਉਨ੍ਹਾਂ ਦੇ ਚਿਹਰਿਆਂ ’ਤੇ ਨਹੀਂ ਹੈ। ਇਸ ਦੀ ਬਜਾਇ, ਉਨ੍ਹਾਂ ਦੇ ਚਿਹਰੇ ਗੁੱਸੇ ਨਾਲ ਲਾਲ ਹੋਏ ਪਏ ਹਨ। ਕਈ ਕਹਿ ਰਹੇ ਹਨ ਕਿ ਯਿਸੂ ਘਿਣਾਉਣੀਆਂ ਗੱਲਾਂ ਕਰ ਰਿਹਾ ਹੈ। ਉਹ ਹੁਣ ਉਸ ਦੀ ਗੱਲ ਹੋਰ ਨਹੀਂ ਸੁਣਨੀ ਚਾਹੁੰਦੇ ਅਤੇ ਨਾ ਹੀ ਯਿਸੂ ਦੇ ਚੇਲੇ ਬਣੇ ਰਹਿਣਾ ਚਾਹੁੰਦੇ ਹਨ। ਇਸ ਲਈ ਉਹ ਸਭਾ ਘਰ ਤੋਂ ਚਲੇ ਜਾਂਦੇ ਹਨ।​—⁠ਯੂਹੰਨਾ 6:60, 66 ਪੜ੍ਹੋ।

3. ਨਿਹਚਾ ਹੋਣ ਕਰਕੇ ਪਤਰਸ ਕੀ ਕਰ ਸਕਿਆ?

3 ਇਹ ਪਤਰਸ ਤੇ ਬਾਕੀ ਰਸੂਲਾਂ ਲਈ ਮੁਸ਼ਕਲ ਸਮਾਂ ਹੈ। ਪਤਰਸ ਨੂੰ ਵੀ ਯਿਸੂ ਦੀ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਆਈ ਹੈ। ਇਸ ਲਈ ਪਤਰਸ ਨੇ ਦੇਖਿਆ ਕਿ ਲੋਕਾਂ ਨੂੰ ਯਿਸੂ ਦੀ ਗੱਲ ਸਮਝ ਨਾ ਆਉਣ ਕਰਕੇ ਘਿਣਾਉਣੀ ਲੱਗੀ। ਪਤਰਸ ਕੀ ਕਰੇਗਾ? ਨਾ ਤਾਂ ਇਹ ਪਹਿਲੀ ਵਾਰ ਹੈ ਤੇ ਨਾ ਹੀ ਆਖ਼ਰੀ ਵਾਰ ਜਦ ਪਤਰਸ ਦੀ ਆਪਣੇ ਪ੍ਰਭੂ ਪ੍ਰਤੀ ਵਫ਼ਾਦਾਰੀ ਪਰਖੀ ਗਈ ਹੋਵੇ। ਆਓ ਦੇਖੀਏ ਕਿ ਆਪਣੀ ਨਿਹਚਾ ਕਰਕੇ ਪਤਰਸ ਅਜਿਹੀਆਂ ਚੁਣੌਤੀਆਂ ਨੂੰ ਕਿਵੇਂ ਪਾਰ ਕਰ ਕੇ ਵਫ਼ਾਦਾਰ ਰਹਿ ਸਕਿਆ।

ਦੂਜੇ ਬੇਵਫ਼ਾ ਨਿਕਲੇ, ਪਰ ਉਹ ਵਫ਼ਾਦਾਰ ਰਿਹਾ

4, 5. ਯਿਸੂ ਨੇ ਲੋਕਾਂ ਦੀਆਂ ਉਮੀਦਾਂ ਤੋਂ ਉਲਟ ਕੀ ਕੀਤਾ?

4 ਪਤਰਸ ਕਦੇ-ਕਦੇ ਯਿਸੂ ਦੇ ਕੰਮਾਂ ਅਤੇ ਗੱਲਾਂ ਤੋਂ ਹੈਰਾਨ ਰਹਿ ਜਾਂਦਾ ਸੀ। ਯਿਸੂ ਨੇ ਕਈ ਵਾਰ ਅਜਿਹੇ ਕੰਮ ਕੀਤੇ ਜਾਂ ਗੱਲਾਂ ਕਹੀਆਂ ਜੋ ਲੋਕਾਂ ਦੀਆਂ ਉਮੀਦਾਂ ਤੋਂ ਉਲਟ ਸਨ। ਇਕ ਦਿਨ ਪਹਿਲਾਂ ਯਿਸੂ ਨੇ ਚਮਤਕਾਰੀ ਢੰਗ ਨਾਲ ਹਜ਼ਾਰਾਂ ਲੋਕਾਂ ਨੂੰ ਖਾਣਾ ਖਿਲਾਇਆ ਸੀ ਜਿਸ ਕਾਰਨ ਲੋਕਾਂ ਨੇ ਉਸ ਨੂੰ ਰਾਜਾ ਬਣਾਉਣਾ ਚਾਹਿਆ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਉਹ ਰਾਜਾ ਬਣਨ ਦੀ ਬਜਾਇ ਉਨ੍ਹਾਂ ਤੋਂ ਦੂਰ ਚਲਾ ਗਿਆ। ਰਾਤ ਵੇਲੇ ਜਦ ਚੇਲੇ ਕਿਸ਼ਤੀ ਵਿਚ ਕਫ਼ਰਨਾਹੂਮ ਜਾ ਰਹੇ ਸਨ, ਤਾਂ ਉਸ ਤੂਫ਼ਾਨੀ ਰਾਤ ਨੂੰ ਯਿਸੂ ਪਾਣੀ ਉੱਤੇ ਚੱਲ ਕੇ ਉਨ੍ਹਾਂ ਵੱਲ ਆਇਆ। ਇਸ ਘਟਨਾ ਤੋਂ ਪਤਰਸ ਨੇ ਨਿਹਚਾ ਬਾਰੇ ਇਕ ਅਹਿਮ ਸਬਕ ਸਿੱਖਿਆ।

5 ਸਵੇਰ ਨੂੰ ਉਨ੍ਹਾਂ ਨੇ ਦੇਖਿਆ ਕਿ ਲੋਕ ਕਿਸ਼ਤੀਆਂ ਵਿਚ ਬੈਠ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਆ ਗਏ ਸਨ। ਪਰ ਲੋਕ ਯਿਸੂ ਕੋਲ ਸਿੱਖਿਆ ਲੈਣ ਨਹੀਂ, ਸਗੋਂ ਮੁਫ਼ਤ ਵਿਚ ਰੋਟੀਆਂ ਖਾਣ ਆਏ ਸਨ। ਯਿਸੂ ਨੇ ਉਨ੍ਹਾਂ ਦੇ ਇਸ ਰਵੱਈਏ ਕਰਕੇ ਉਨ੍ਹਾਂ ਨੂੰ ਝਿੜਕਿਆ। (ਯੂਹੰ. 6:25-27) ਯਿਸੂ ਨੇ ਰੋਟੀਆਂ ਬਾਰੇ ਚਰਚਾ ਕਫ਼ਰਨਾਹੂਮ ਦੇ ਸਭਾ ਘਰ ਵਿਚ ਜਾਰੀ ਰੱਖੀ ਜਿੱਥੇ ਉਸ ਨੇ ਇਕ ਅਹਿਮ ਸਿੱਖਿਆ ਦਿੱਤੀ। ਲੋਕਾਂ ਨੇ ਉਸ ਤੋਂ ਇਸ ਸਿੱਖਿਆ ਦੀ ਉਮੀਦ ਨਹੀਂ ਰੱਖੀ ਸੀ ਜਿਸ ਕਰਕੇ ਉਨ੍ਹਾਂ ਨੂੰ ਜ਼ਬਰਦਸਤ ਝਟਕਾ ਲੱਗਾ।

6. ਯਿਸੂ ਨੇ ਕਿਹੜੀ ਮਿਸਾਲ ਵਰਤੀ ਅਤੇ ਲੋਕਾਂ ’ਤੇ ਇਸ ਦਾ ਕੀ ਅਸਰ ਹੋਇਆ?

6 ਯਿਸੂ ਚਾਹੁੰਦਾ ਸੀ ਕਿ ਲੋਕ ਉਸ ਕੋਲ ਸਿਰਫ਼ ਰੋਟੀਆਂ ਖਾਣ ਹੀ ਨਾ ਆਉਣ। ਇਸ ਦੀ ਬਜਾਇ, ਉਹ ਲੋਕਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦਾ ਸੀ ਕਿ ਉਸ ਦੀ ਕੁਰਬਾਨੀ ਉੱਤੇ ਨਿਹਚਾ ਕਰਨ ਅਤੇ ਉਸ ਦੀ ਮਿਸਾਲ ਉੱਤੇ ਚੱਲਣ ਕਰਕੇ ਹੀ ਪਰਮੇਸ਼ੁਰ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਉਸ ਨੇ ਇਕ ਮਿਸਾਲ ਦਿੱਤੀ ਜਿਸ ਵਿਚ ਉਸ ਨੇ ਆਪਣੀ ਤੁਲਨਾ “ਮੰਨ” ਨਾਲ ਕੀਤੀ ਜੋ ਮੂਸਾ ਦੇ ਦਿਨਾਂ ਵਿਚ ਪਰਮੇਸ਼ੁਰ ਨੇ ਖਾਣ ਲਈ ਦਿੱਤਾ ਸੀ। ਜਦੋਂ ਕਈਆਂ ਨੇ ਇਤਰਾਜ਼ ਕੀਤਾ, ਤਾਂ ਉਸ ਨੇ ਆਪਣੇ ਸਰੀਰ ਦੀ ਮਿਸਾਲ ਦਿੰਦੇ ਹੋਏ ਸਾਫ਼-ਸਾਫ਼ ਸਮਝਾਇਆ ਕਿ ਜ਼ਿੰਦਗੀ ਪਾਉਣ ਲਈ ਉਸ ਦਾ ਮਾਸ ਖਾਣਾ ਅਤੇ ਲਹੂ ਪੀਣਾ ਜ਼ਰੂਰੀ ਸੀ। ਇਹ ਸੁਣਦਿਆਂ ਹੀ ਲੋਕ ਗੁੱਸੇ ਨਾਲ ਭੜਕ ਉੱਠੇ। ਕਈਆਂ ਨੇ ਕਿਹਾ: “ਇਹ ਤਾਂ ਬੜੀ ਘਿਣਾਉਣੀ ਗੱਲ ਹੈ; ਕੌਣ ਇਸ ਤਰ੍ਹਾਂ ਦੀ ਗੱਲ ਸੁਣ ਸਕਦਾ ਹੈ?” ਇਸ ਕਰਕੇ ਯਿਸੂ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਚਲੇ ਗਏ। *​—ਯੂਹੰ. 6:48-60, 66.

7, 8. (ੳ) ਪਤਰਸ ਨੂੰ ਯਿਸੂ ਬਾਰੇ ਕਿਹੜੀ ਗੱਲ ਸਮਝ ਨਹੀਂ ਆਈ ਸੀ? (ਅ) ਚੇਲਿਆਂ ਤੋਂ ਪੁੱਛੇ ਯਿਸੂ ਦੇ ਸਵਾਲ ਦਾ ਪਤਰਸ ਨੇ ਕੀ ਜਵਾਬ ਦਿੱਤਾ?

7 ਪਤਰਸ ਬਾਰੇ ਕੀ? ਉਹ ਵੀ ਯਿਸੂ ਦੀ ਇਹ ਗੱਲ ਸੁਣ ਕੇ ਚਕਰਾ ਗਿਆ ਹੋਣਾ। ਉਸ ਨੂੰ ਤਾਂ ਅਜੇ ਤਕ ਇਹ ਵੀ ਸਮਝ ਨਹੀਂ ਆਇਆ ਸੀ ਕਿ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਯਿਸੂ ਨੂੰ ਮਰਨਾ ਪੈਣਾ ਸੀ। ਕੀ ਪਤਰਸ ਦੇ ਦਿਲ ਵਿਚ ਆਇਆ ਕਿ ਉਹ ਦੂਜੇ ਚੇਲਿਆਂ ਵਾਂਗ ਯਿਸੂ ਨੂੰ ਛੱਡ ਕੇ ਚਲਾ ਜਾਵੇ? ਬਿਲਕੁਲ ਨਹੀਂ, ਪਤਰਸ ਵਿਚ ਇਕ ਅਜਿਹੀ ਖੂਬੀ ਸੀ ਜਿਸ ਕਰਕੇ ਉਹ ਦੂਜੇ ਚੇਲਿਆਂ ਤੋਂ ਇਕਦਮ ਅਲੱਗ ਸੀ।

8 ਯਿਸੂ ਨੇ ਆਪਣੇ ਚੇਲਿਆਂ ਵੱਲ ਮੁੜ ਕੇ ਕਿਹਾ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” (ਯੂਹੰ. 6:67) ਉਸ ਨੇ ਪੁੱਛਿਆ ਤਾਂ 12 ਰਸੂਲਾਂ ਨੂੰ ਸੀ, ਪਰ ਜਵਾਬ ਸਿਰਫ਼ ਪਤਰਸ ਨੇ ਦਿੱਤਾ। ਉਹ ਅਕਸਰ ਇੱਦਾਂ ਹੀ ਕਰਦਾ ਸੀ। ਉਹ ਸ਼ਾਇਦ ਉਨ੍ਹਾਂ ਸਾਰਿਆਂ ਨਾਲੋਂ ਉਮਰ ਵਿਚ ਵੱਡਾ ਸੀ। ਉਹ ਆਪਣੇ ਮਨ ਦੀ ਗੱਲ ਬਿਨਾਂ ਝਿਜਕੇ ਕਹਿ ਦਿੰਦਾ ਸੀ। ਇਸ ਵੇਲੇ ਵੀ ਉਸ ਨੇ ਇਕ ਬਹੁਤ ਵਧੀਆ ਅਤੇ ਅਹਿਮ ਗੱਲ ਕਹੀ: “ਪ੍ਰਭੂ, ਅਸੀਂ ਹੋਰ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ।”​—ਯੂਹੰ. 6:68.

9. ਪਤਰਸ ਨੇ ਯਿਸੂ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦਿੱਤਾ?

9 ਕੀ ਇਹ ਗੱਲ ਤੁਹਾਡੇ ਦਿਲ ਨੂੰ ਨਹੀਂ ਛੂਹ ਜਾਂਦੀ? ਯਿਸੂ ਉੱਤੇ ਨਿਹਚਾ ਰੱਖਣ ਕਰਕੇ ਪਤਰਸ ਉਸ ਪ੍ਰਤੀ ਵਫ਼ਾਦਾਰ ਰਿਹਾ। ਪਤਰਸ ਨੂੰ ਪੂਰਾ ਭਰੋਸਾ ਸੀ ਕਿ ਯਿਸੂ ਹੀ ਯਹੋਵਾਹ ਦੁਆਰਾ ਭੇਜਿਆ ਮੁਕਤੀਦਾਤਾ ਸੀ। ਨਾਲੇ ਪਰਮੇਸ਼ੁਰ ਦੇ ਰਾਜ ਬਾਰੇ ਯਿਸੂ ਦੀਆਂ ਸਿੱਖਿਆਵਾਂ ਉੱਤੇ ਚੱਲਣ ਨਾਲ ਹੀ ਉਸ ਦੀ ਜਾਨ ਬਚਣੀ ਸੀ। ਪਤਰਸ ਜਾਣਦਾ ਸੀ ਕਿ ਭਾਵੇਂ ਉਸ ਨੂੰ ਕੁਝ ਗੱਲਾਂ ਸਮਝ ਨਹੀਂ ਆਉਂਦੀਆਂ ਸਨ, ਫਿਰ ਵੀ ਸਿਰਫ਼ ਯਿਸੂ ਰਾਹੀਂ ਉਸ ਨੂੰ ਪਰਮੇਸ਼ੁਰ ਦੀ ਮਿਹਰ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਬਰਕਤ ਮਿਲਣੀ ਸੀ।

ਭਾਵੇਂ ਸਾਨੂੰ ਯਿਸੂ ਦੀਆਂ ਸਿੱਖਿਆਵਾਂ ਤੋਂ ਹੈਰਾਨੀ ਹੋਵੇ ਜਾਂ ਉਹ ਸਾਡੀ ਪਸੰਦ ਮੁਤਾਬਕ ਨਾ ਹੋਣ, ਤਾਂ ਵੀ ਸਾਨੂੰ ਵਫ਼ਾਦਾਰੀ ਦਿਖਾਉਂਦੇ ਹੋਏ ਉਨ੍ਹਾਂ ਮੁਤਾਬਕ ਚੱਲਣ ਦੀ ਲੋੜ ਹੈ

10. ਅਸੀਂ ਪਤਰਸ ਵਾਂਗ ਵਫ਼ਾਦਾਰੀ ਕਿਵੇਂ ਬਣਾਈ ਰੱਖ ਸਕਦੇ ਹਾਂ?

10 ਕੀ ਤੁਸੀਂ ਵੀ ਇਵੇਂ ਹੀ ਮਹਿਸੂਸ ਕਰਦੇ ਹੋ? ਅਫ਼ਸੋਸ ਦੀ ਗੱਲ ਹੈ ਕਿ ਅੱਜ ਦੁਨੀਆਂ ਦੇ ਬਹੁਤ ਸਾਰੇ ਲੋਕ ਯਿਸੂ ਨੂੰ ਪਿਆਰ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਉਹ ਉਸ ਪ੍ਰਤੀ ਵਫ਼ਾਦਾਰੀ ਨਹੀਂ ਦਿਖਾਉਂਦੇ। ਵਫ਼ਾਦਾਰੀ ਦਿਖਾਉਣ ਲਈ ਜ਼ਰੂਰੀ ਹੈ ਕਿ ਅਸੀਂ ਪਤਰਸ ਵਾਂਗ ਯਿਸੂ ਦੀਆਂ ਸਿੱਖਿਆਵਾਂ ਨੂੰ ਜਾਣੀਏ, ਉਨ੍ਹਾਂ ਦਾ ਮਤਲਬ ਸਮਝੀਏ ਅਤੇ ਫਿਰ ਉਨ੍ਹਾਂ ਮੁਤਾਬਕ ਚੱਲੀਏ, ਭਾਵੇਂ ਉਨ੍ਹਾਂ ਨੂੰ ਸੁਣ ਕੇ ਸਾਨੂੰ ਹੈਰਾਨੀ ਹੋਵੇ ਜਾਂ ਉਹ ਸਾਡੀ ਪਸੰਦ ਮੁਤਾਬਕ ਨਾ ਹੋਣ। ਜੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਹਰ ਹਾਲ ਵਿਚ ਵਫ਼ਾਦਾਰ ਬਣੇ ਰਹਿਣਾ ਚਾਹੀਦਾ ਹੈ।​—⁠ਜ਼ਬੂਰਾਂ ਦੀ ਪੋਥੀ 37:28 ਪੜ੍ਹੋ।

ਤਾੜਨਾ ਮਿਲਣ ਦੇ ਬਾਵਜੂਦ ਵਫ਼ਾਦਾਰ ਰਿਹਾ

11. ਯਿਸੂ ਆਪਣੇ ਚੇਲਿਆਂ ਨਾਲ ਕਿੱਥੇ ਗਿਆ? (ਫੁਟਨੋਟ ਵੀ ਦੇਖੋ।)

11 ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸੂ ਆਪਣੇ ਰਸੂਲਾਂ ਅਤੇ ਕੁਝ ਚੇਲਿਆਂ ਨੂੰ ਕਫ਼ਰਨਾਹੂਮ ਤੋਂ ਉੱਤਰ ਵੱਲ ਇਕ ਲੰਬੇ ਸਫ਼ਰ ’ਤੇ ਲੈ ਗਿਆ। ਵਾਅਦਾ ਕੀਤੇ ਹੋਏ ਦੇਸ਼ ਦੀ ਉੱਤਰੀ ਹੱਦ ’ਤੇ ਬਰਫ਼ ਨਾਲ ਢਕਿਆ ਹਰਮੋਨ ਪਰਬਤ ਕਈ ਵਾਰ ਗਲੀਲ ਦੀ ਝੀਲ ਤੋਂ ਵੀ ਦਿਖਾਈ ਦਿੰਦਾ ਸੀ। ਯਿਸੂ ਤੇ ਉਸ ਦੇ ਚੇਲੇ ਕੈਸਰੀਆ ਫ਼ਿਲਿੱਪੀ ਦੇ ਨੇੜੇ ਉਚਾਈ ’ਤੇ ਵੱਸੇ ਪਿੰਡਾਂ ਨੂੰ ਜਾ ਰਹੇ ਸਨ ਜਿੱਥੋਂ ਹਰਮੋਨ ਪਰਬਤ ਨੇੜੇ ਹੀ ਸੀ। * ਇੱਥੋਂ ਵਾਅਦਾ ਕੀਤੇ ਹੋਏ ਦੇਸ਼ ਦਾ ਨਜ਼ਾਰਾ ਦਿਖਾਈ ਦਿੰਦਾ ਸੀ। ਇਸ ਖ਼ੂਬਸੂਰਤ ਜਗ੍ਹਾ ਤੇ ਯਿਸੂ ਨੇ ਆਪਣੇ ਚੇਲਿਆਂ ਤੋਂ ਇਕ ਅਹਿਮ ਸਵਾਲ ਪੁੱਛਿਆ।

12, 13. (ੳ) ਯਿਸੂ ਕਿਉਂ ਜਾਣਨਾ ਚਾਹੁੰਦਾ ਸੀ ਕਿ ਲੋਕ ਉਸ ਬਾਰੇ ਕੀ ਸੋਚਦੇ ਸਨ? (ਅ) ਪਤਰਸ ਦੇ ਜਵਾਬ ਤੋਂ ਉਸ ਦੀ ਸੱਚੀ ਨਿਹਚਾ ਦਾ ਸਬੂਤ ਕਿਵੇਂ ਮਿਲਦਾ ਹੈ?

12 ਯਿਸੂ ਨੇ ਪੁੱਛਿਆ: “ਲੋਕਾਂ ਮੁਤਾਬਕ ਮੈਂ ਕੌਣ ਹਾਂ?” ਕਲਪਨਾ ਕਰੋ ਕਿ ਪਤਰਸ ਯਿਸੂ ਵੱਲ ਬੜੇ ਗੌਹ ਨਾਲ ਤਕਦਾ ਹੋਇਆ ਸੋਚ ਰਿਹਾ ਹੈ ਕਿ ਉਸ ਦਾ ਮਾਲਕ ਕਿੰਨਾ ਦਇਆਵਾਨ ਅਤੇ ਬੁੱਧੀਮਾਨ ਹੈ। ਯਿਸੂ ਜਾਣਨਾ ਚਾਹੁੰਦਾ ਸੀ ਕਿ ਉਸ ਦੇ ਕੰਮਾਂ ਅਤੇ ਗੱਲਾਂ ਕਰਕੇ ਲੋਕਾਂ ਦਾ ਉਸ ਬਾਰੇ ਕੀ ਨਜ਼ਰੀਆ ਸੀ। ਯਿਸੂ ਦੇ ਚੇਲਿਆਂ ਨੇ ਜਵਾਬ ਵਿਚ ਦੱਸਿਆ ਕਿ ਲੋਕ ਉਸ ਦੇ ਬਾਰੇ ਕਿਹੜੀਆਂ ਗ਼ਲਤ ਧਾਰਣਾਵਾਂ ਰੱਖਦੇ ਸਨ। ਪਰ ਯਿਸੂ ਕੁਝ ਹੋਰ ਵੀ ਜਾਣਨਾ ਚਾਹੁੰਦਾ ਸੀ। ਕੀ ਉਸ ਦੇ ਕਰੀਬੀ ਚੇਲੇ ਵੀ ਉਸ ਬਾਰੇ ਇੱਦਾਂ ਹੀ ਸੋਚਦੇ ਸਨ? ਉਸ ਨੇ ਉਨ੍ਹਾਂ ਤੋਂ ਪੁੱਛਿਆ: “ਪਰ ਤੁਹਾਡੇ ਮੁਤਾਬਕ ਮੈਂ ਕੌਣ ਹਾਂ?”​—ਲੂਕਾ 9:18-20.

13 ਪਤਰਸ ਨੇ ਝੱਟ ਜਵਾਬ ਦਿੱਤਾ: “ਤੂੰ ਮਸੀਹ ਹੈਂ, ਜੀਉਂਦੇ ਪਰਮੇਸ਼ੁਰ ਦਾ ਪੁੱਤਰ।” ਉੱਥੇ ਮੌਜੂਦ ਕਈ ਚੇਲੇ ਵੀ ਯਿਸੂ ਬਾਰੇ ਇਹੀ ਨਜ਼ਰੀਆ ਰੱਖਦੇ ਸਨ। ਪਰ ਪਤਰਸ ਨੇ ਉਨ੍ਹਾਂ ਦੇ ਮਨ ਦੀ ਗੱਲ ਦਲੇਰੀ ਨਾਲ ਸਾਫ਼ ਸ਼ਬਦਾਂ ਵਿਚ ਕਹਿ ਦਿੱਤੀ। ਇਹ ਗੱਲ ਸੁਣ ਕੇ ਯਿਸੂ ਨੇ ਜ਼ਰੂਰ ਪਤਰਸ ਦੀ ਸਿਫ਼ਤ ਕੀਤੀ। ਯਿਸੂ ਨੇ ਉਸ ਨੂੰ ਯਾਦ ਕਰਾਇਆ ਕਿ ਕਿਸੇ ਇਨਸਾਨ ਨੇ ਨਹੀਂ, ਸਗੋਂ ਪਰਮੇਸ਼ੁਰ ਨੇ ਨਿਹਚਾ ਰੱਖਣ ਵਾਲਿਆਂ ਉੱਤੇ ਇਹ ਅਹਿਮ ਸੱਚਾਈ ਜ਼ਾਹਰ ਕੀਤੀ ਸੀ। ਯਹੋਵਾਹ ਨੇ ਸਭ ਤੋਂ ਮਹੱਤਵਪੂਰਣ ਸੱਚਾਈ ਸਮਝਣ ਵਿਚ ਪਤਰਸ ਦੀ ਮਦਦ ਕੀਤੀ ਕਿ ਯਿਸੂ ਹੀ ਵਾਅਦਾ ਕੀਤਾ ਗਿਆ ਮਸੀਹ ਸੀ ਜਿਸ ਨੂੰ ਲੋਕ ਸਦੀਆਂ ਤੋਂ ਉਡੀਕ ਰਹੇ ਸਨ।​—⁠ਮੱਤੀ 16:16, 17 ਪੜ੍ਹੋ।

14. ਯਿਸੂ ਨੇ ਪਤਰਸ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ?

14 ਮਸੀਹ ਨੂੰ ਇਕ ਭਵਿੱਖਬਾਣੀ ਵਿਚ “ਪੱਥਰ” ਕਿਹਾ ਗਿਆ ਸੀ ਜਿਸ ਨੂੰ ਰਾਜ ਮਿਸਤਰੀ ਨਿਕੰਮਾ ਕਹਿਣਗੇ। (ਜ਼ਬੂ. 118:22; ਲੂਕਾ 20:17) ਅਜਿਹੀਆਂ ਭਵਿੱਖਬਾਣੀਆਂ ਵੱਲ ਇਸ਼ਾਰਾ ਕਰਦੇ ਹੋਏ ਉਸ ਨੇ ਕਿਹਾ ਕਿ ਯਹੋਵਾਹ ਇਸ “ਪੱਥਰ” ਜਾਂ “ਚਟਾਨ” ਉੱਤੇ ਮੰਡਲੀ ਬਣਾਵੇਗਾ ਜਿਸ ਦੀ ਪਛਾਣ ਪਤਰਸ ਨੇ ਹੁਣੇ ਮਸੀਹ ਵਜੋਂ ਕਰਾਈ ਸੀ। ਫਿਰ ਉਸ ਨੇ ਪਤਰਸ ਨੂੰ ਇਸ ਮੰਡਲੀ ਵਿਚ ਭਾਰੀਆਂ ਜ਼ਿੰਮੇਵਾਰੀਆਂ ਸੌਂਪੀਆਂ। ਇਸ ਦਾ ਇਹ ਮਤਲਬ ਨਹੀਂ ਸੀ ਕਿ ਪਤਰਸ ਨੂੰ ਦੂਸਰੇ ਰਸੂਲਾਂ ਨਾਲੋਂ ਉੱਚਾ ਅਹੁਦਾ ਦਿੱਤਾ ਸੀ, ਜਿਵੇਂ ਕਿ ਕਈ ਈਸਾਈ ਧਰਮ ਸਿਖਾਉਂਦੇ ਹਨ। ਉਸ ਨੇ ਪਤਰਸ ਨੂੰ “ਰਾਜ ਦੀਆਂ ਚਾਬੀਆਂ” ਸੌਂਪੀਆਂ। (ਮੱਤੀ 16:19) ਪਤਰਸ ਕੋਲ ਇਹ ਸਨਮਾਨ ਸੀ ਕਿ ਉਹ ਇਹ ਚਾਬੀਆਂ ਵਰਤ ਕੇ ਪਹਿਲਾਂ, ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਲਈ, ਫਿਰ ਸਾਮਰੀਆਂ ਲਈ ਅਤੇ ਅਖ਼ੀਰ ਵਿਚ ਗ਼ੈਰ-ਯਹੂਦੀਆਂ ਲਈ ਪਰਮੇਸ਼ੁਰ ਦੇ ਰਾਜ ਦਾ ਦਰਵਾਜ਼ਾ ਖੋਲ੍ਹੇਗਾ।

15. ਪਤਰਸ ਨੇ ਯਿਸੂ ਨੂੰ ਕਿਉਂ ਅਤੇ ਕੀ ਕਹਿ ਕੇ ਝਿੜਕਿਆ?

15 ਬਾਅਦ ਵਿਚ ਯਿਸੂ ਨੇ ਦੱਸਿਆ ਕਿ ਜਿਸ ਨੂੰ ਜ਼ਿਆਦਾ ਦਿੱਤਾ ਗਿਆ ਹੈ, ਉਸ ਤੋਂ ਜ਼ਿਆਦਾ ਦੀ ਮੰਗ ਕੀਤੀ ਜਾਵੇਗੀ ਅਤੇ ਇਹ ਗੱਲ ਪਤਰਸ ’ਤੇ ਵੀ ਲਾਗੂ ਹੁੰਦੀ ਸੀ। (ਲੂਕਾ 12:48) ਯਿਸੂ ਨੇ ਮਸੀਹ ਬਾਰੇ ਹੋਰ ਵੀ ਸੱਚਾਈਆਂ ਜ਼ਾਹਰ ਕੀਤੀਆਂ ਜਿਵੇਂ ਕਿ ਉਸ ਨੂੰ ਯਰੂਸ਼ਲਮ ਵਿਚ ਅਤਿਆਚਾਰ ਸਹਿਣਾ ਪਵੇਗਾ ਅਤੇ ਮੌਤ ਦੇ ਘਾਟ ਉਤਾਰਿਆ ਜਾਵੇਗਾ। ਪਤਰਸ ਅਜਿਹੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਗਿਆ। ਉਹ ਯਿਸੂ ਨੂੰ ਇਕ ਪਾਸੇ ਲੈ ਗਿਆ ਤੇ ਉਸ ਨੂੰ ਝਿੜਕਦੇ ਹੋਏ ਕਿਹਾ: “ਪ੍ਰਭੂ, ਆਪਣੇ ’ਤੇ ਤਰਸ ਖਾ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।”​—ਮੱਤੀ 16:21, 22.

16. ਯਿਸੂ ਨੇ ਪਤਰਸ ਦੀ ਗ਼ਲਤ ਸੋਚ ਨੂੰ ਕਿਵੇਂ ਸੁਧਾਰਿਆ ਅਤੇ ਯਿਸੂ ਦੇ ਲਫ਼ਜ਼ਾਂ ਤੋਂ ਸਾਨੂੰ ਸਾਰਿਆਂ ਨੂੰ ਕਿਹੜੀ ਵਧੀਆ ਸਲਾਹ ਮਿਲਦੀ ਹੈ?

16 ਪਤਰਸ ਨੂੰ ਲੱਗਾ ਕਿ ਉਹ ਯਿਸੂ ਦਾ ਭਲਾ ਸੋਚ ਰਿਹਾ ਸੀ, ਇਸੇ ਕਰਕੇ ਉਹ ਯਿਸੂ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਿਆ ਹੋਣਾ। ਯਿਸੂ ਨੇ ਪਤਰਸ ਤੋਂ ਮੂੰਹ ਫੇਰ ਲਿਆ ਅਤੇ ਬਾਕੀ ਚੇਲਿਆਂ ਨੂੰ ਦੇਖਿਆ ਜੋ ਸ਼ਾਇਦ ਪਤਰਸ ਵਾਂਗ ਸੋਚ ਰਹੇ ਸਨ ਅਤੇ ਕਿਹਾ: “ਹੇ ਸ਼ੈਤਾਨ, ਪਰੇ ਹਟ! ਮੇਰੇ ਰਾਹ ਵਿਚ ਰੋੜਾ ਨਾ ਬਣ ਕਿਉਂਕਿ ਤੂੰ ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ ਹੈਂ।” (ਮੱਤੀ 16:23; ਮਰ. 8:32, 33) ਯਿਸੂ ਦੇ ਇਨ੍ਹਾਂ ਲਫ਼ਜ਼ਾਂ ਤੋਂ ਸਾਨੂੰ ਸਾਰਿਆਂ ਨੂੰ ਵਧੀਆ ਸਲਾਹ ਮਿਲਦੀ ਹੈ। ਕਦੇ-ਕਦੇ ਅਸੀਂ ਕਿਸੇ ਮਾਮਲੇ ਬਾਰੇ ਪਰਮੇਸ਼ੁਰ ਵਾਂਗ ਸੋਚਣ ਦੀ ਬਜਾਇ ਇਨਸਾਨਾਂ ਵਾਂਗ ਸੋਚਣ ਲੱਗ ਪੈਂਦੇ ਹਾਂ। ਕਿਸੇ ਦੀ ਮਦਦ ਕਰਦੇ ਹੋਏ ਅਸੀਂ ਸ਼ਾਇਦ ਉਸ ਨੂੰ ਅਣਜਾਣੇ ਵਿਚ ਅਜਿਹੀ ਸਲਾਹ ਦੇਈਏ ਜੋ ਪਰਮੇਸ਼ੁਰ ਦੀ ਬਜਾਇ ਸ਼ੈਤਾਨ ਦੀ ਸੋਚ ਮੁਤਾਬਕ ਹੁੰਦੀ ਹੈ। ਝਿੜਕਾਂ ਖਾਣ ਤੋਂ ਬਾਅਦ ਪਤਰਸ ਨੇ ਕੀ ਕੀਤਾ?

17. ਪਤਰਸ ਨੂੰ ਕਹੀ ਯਿਸੂ ਦੀ ਗੱਲ ਦਾ ਕੀ ਮਤਲਬ ਹੈ?

17 ਪਤਰਸ ਨੂੰ ਅਹਿਸਾਸ ਹੋ ਗਿਆ ਹੋਣਾ ਕਿ ਯਿਸੂ ਨੇ ਸੱਚ-ਮੁੱਚ ਉਸ ਨੂੰ ਸ਼ੈਤਾਨ ਨਹੀਂ ਕਿਹਾ ਸੀ। ਯਿਸੂ ਨੇ ਪਤਰਸ ਨਾਲ ਉਸ ਅੰਦਾਜ਼ ਵਿਚ ਗੱਲ ਨਹੀਂ ਕੀਤੀ ਸੀ ਜਿਸ ਤਰ੍ਹਾਂ ਉਸ ਨੇ ਸ਼ੈਤਾਨ ਨਾਲ ਕੀਤੀ ਸੀ। ਉਸ ਨੇ ਸ਼ੈਤਾਨ ਨੂੰ ਕਿਹਾ ਸੀ: “ਮੇਰੇ ਤੋਂ ਦੂਰ ਹੋ ਜਾਹ,” ਪਰ ਪਤਰਸ ਨੂੰ ਕਿਹਾ ਸੀ: “ਪਰੇ ਹਟ।” (ਮੱਤੀ 4:10) ਉਹ ਆਪਣੇ ਇਸ ਰਸੂਲ ਨੂੰ ਤਿਆਗ ਨਹੀਂ ਰਿਹਾ ਸੀ ਜਿਸ ਵਿਚ ਉਸ ਨੇ ਕਈ ਖੂਬੀਆਂ ਦੇਖੀਆਂ ਸਨ। ਪਰ ਉਹ ਇਸ ਮਾਮਲੇ ਬਾਰੇ ਪਤਰਸ ਦੀ ਗ਼ਲਤ ਸੋਚ ਨੂੰ ਸੁਧਾਰ ਰਿਹਾ ਸੀ। ਉਸ ਨੂੰ ਆਪਣੇ ਗੁਰੂ ਦੇ ਰਾਹ ਵਿਚ ਰੋੜਾ ਬਣਨ ਦੀ ਬਜਾਇ ਉਸ ਦੇ ਪਿੱਛੇ-ਪਿੱਛੇ ਚਲਣ ਦੀ ਲੋੜ ਸੀ।

ਜੇ ਅਸੀਂ ਨਿਮਰ ਹੋ ਕੇ ਅਨੁਸ਼ਾਸਨ ਸਵੀਕਾਰ ਕਰੀਏ ਅਤੇ ਇਸ ਤੋਂ ਸਬਕ ਸਿੱਖੀਏ, ਤਾਂ ਯਿਸੂ ਮਸੀਹ ਅਤੇ ਉਸ ਦੇ ਪਿਤਾ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਜਾਵੇਗਾ

18. ਪਤਰਸ ਨੇ ਵਫ਼ਾਦਾਰੀ ਕਿਵੇਂ ਦਿਖਾਈ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

18 ਕੀ ਪਤਰਸ ਨੇ ਬਹਿਸ ਕੀਤੀ ਜਾਂ ਕੀ ਉਹ ਗੁੱਸੇ ਵਿਚ ਭੜਕਿਆ ਜਾਂ ਉਸ ਨੇ ਮੂੰਹ ਲਟਕਾ ਲਿਆ? ਨਹੀਂ, ਉਸ ਨੇ ਨਿਮਰਤਾ ਨਾਲ ਤਾੜਨਾ ਕਬੂਲ ਕੀਤੀ। ਇਕ ਵਾਰ ਫਿਰ ਉਸ ਨੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ। ਜੋ ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਹਨ, ਉਨ੍ਹਾਂ ਸਾਰਿਆਂ ਨੂੰ ਸਮੇਂ-ਸਮੇਂ ਤੇ ਤਾੜਨਾ ਦੀ ਲੋੜ ਪੈਂਦੀ ਹੈ। ਜੇ ਅਸੀਂ ਨਿਮਰ ਹੋ ਕੇ ਅਨੁਸ਼ਾਸਨ ਨੂੰ ਸਵੀਕਾਰ ਕਰੀਏ ਅਤੇ ਇਸ ਤੋਂ ਸਬਕ ਸਿੱਖੀਏ, ਤਾਂ ਯਿਸੂ ਮਸੀਹ ਅਤੇ ਉਸ ਦੇ ਪਿਤਾ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਜਾਵੇਗਾ।​—⁠ਕਹਾਉਤਾਂ 3:11 ਪੜ੍ਹੋ।

ਤਾੜਨਾ ਮਿਲਣ ਦੇ ਬਾਵਜੂਦ ਪਤਰਸ ਵਫ਼ਾਦਾਰ ਰਿਹਾ

ਵਫ਼ਾਦਾਰੀ ਦਾ ਇਨਾਮ

19. ਯਿਸੂ ਨੇ ਕਿਹੜੀ ਹੈਰਾਨੀਜਨਕ ਗੱਲ ਕਹੀ ਅਤੇ ਪਤਰਸ ਨੂੰ ਕੀ ਲੱਗਾ ਹੋਣਾ?

19 ਜਲਦ ਹੀ ਯਿਸੂ ਨੇ ਇਕ ਹੈਰਾਨੀਜਨਕ ਗੱਲ ਕਹੀ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇੱਥੇ ਖੜ੍ਹੇ ਕੁਝ ਜਣੇ ਉੱਨਾ ਚਿਰ ਨਹੀਂ ਮਰਨਗੇ ਜਿੰਨਾ ਚਿਰ ਉਹ ਮਨੁੱਖ ਦੇ ਪੁੱਤਰ ਨੂੰ ਰਾਜੇ ਵਜੋਂ ਆਉਂਦਾ ਨਾ ਦੇਖ ਲੈਣ।” (ਮੱਤੀ 16:28) ਇਹ ਲਫ਼ਜ਼ ਸੁਣ ਕੇ ਜ਼ਰੂਰ ਪਤਰਸ ਦੇ ਮਨ ਵਿਚ ਕਈ ਸਵਾਲ ਆਏ ਹੋਣੇ, ਜਿਵੇਂ ਕਿ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ। ਉਸ ਨੂੰ ਲੱਗਾ ਹੋਣਾ ਕਿ ਹੁਣੇ-ਹੁਣੇ ਮਿਲੀ ਸਖ਼ਤ ਤਾੜਨਾ ਕਾਰਨ ਸ਼ਾਇਦ ਉਸ ਨੂੰ ਅਜਿਹੇ ਖ਼ਾਸ ਸਨਮਾਨ ਨਹੀਂ ਮਿਲਣਗੇ।

20, 21. (ੳ) ਪਤਰਸ ਕਿਹੜੇ ਦਰਸ਼ਣ ਦਾ ਚਸ਼ਮਦੀਦ ਗਵਾਹ ਸੀ? (ਅ) ਦਰਸ਼ਣ ਵਿਚ ਉਨ੍ਹਾਂ ਆਦਮੀਆਂ ਦੀ ਗੱਲਬਾਤ ਤੋਂ ਪਤਰਸ ਨੂੰ ਆਪਣੀ ਸੋਚ ਸੁਧਾਰਨ ਵਿਚ ਕਿਵੇਂ ਮਦਦ ਮਿਲੀ?

20 ਪਰ ਫਿਰ ਤਕਰੀਬਨ ਇਕ ਹਫ਼ਤੇ ਬਾਅਦ ਯਿਸੂ ਆਪਣੇ ਨਾਲ ਯਾਕੂਬ, ਯੂਹੰਨਾ ਅਤੇ ਪਤਰਸ ਨੂੰ “ਇਕ ਉੱਚੇ ਪਹਾੜ,” ਸ਼ਾਇਦ ਹਰਮੋਨ ਪਰਬਤ ਉੱਤੇ ਲੈ ਗਿਆ ਜੋ ਉੱਥੋਂ 25 ਕਿਲੋਮੀਟਰ ਦੂਰ ਸੀ। ਸ਼ਾਇਦ ਰਾਤ ਦਾ ਸਮਾਂ ਸੀ ਅਤੇ ਤਿੰਨਾਂ ਚੇਲਿਆਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ। ਪਰ ਯਿਸੂ ਦੇ ਪ੍ਰਾਰਥਨਾ ਕਰਨ ਤੋਂ ਬਾਅਦ ਕੁਝ ਅਜਿਹਾ ਵਾਪਰਿਆ ਜਿਸ ਕਾਰਨ ਚੇਲਿਆਂ ਦੀਆਂ ਅੱਖਾਂ ਵਿੱਚੋਂ ਨੀਂਦ ਗਾਇਬ ਹੋ ਗਈ।—ਮੱਤੀ 17:1; ਲੂਕਾ 9:28, 29, 32.

21 ਉਨ੍ਹਾਂ ਸਾਮ੍ਹਣੇ ਯਿਸੂ ਦਾ ਰੂਪ ਬਦਲ ਗਿਆ। ਉਸ ਦਾ ਚਿਹਰਾ ਸੂਰਜ ਵਾਂਗ ਚਮਕਣ ਲੱਗਾ। ਉਸ ਦੇ ਕੱਪੜੇ ਇੰਨੇ ਚਿੱਟੇ ਹੋ ਗਏ ਕਿ ਉਹ ਲਿਸ਼ਕਣ ਲੱਗੇ। ਫਿਰ ਦੋ ਆਦਮੀ ਯਿਸੂ ਦੇ ਨਾਲ ਆ ਕੇ ਖੜ੍ਹੇ ਹੋ ਗਏ ਅਤੇ ਇਹ ਆਦਮੀ ਮੂਸਾ ਤੇ ਏਲੀਯਾਹ ਸਨ। ਉਹ ਯਿਸੂ ਨਾਲ “ਉਸ ਦੀ ਵਿਦਾਇਗੀ ਬਾਰੇ ਗੱਲਾਂ ਕਰਨ ਲੱਗੇ ਜੋ ਯਰੂਸ਼ਲਮ ਵਿੱਚੋਂ ਹੋਣੀ ਤੈਅ ਸੀ” ਯਾਨੀ ਉਸ ਦੀ ਮੌਤ ਅਤੇ ਦੁਬਾਰਾ ਜੀ ਉੱਠਣ ਬਾਰੇ। ਸੋ ਪਤਰਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਯਿਸੂ ਨੂੰ ਦੁੱਖ ਝੱਲਣ ਅਤੇ ਮਰਨ ਤੋਂ ਰੋਕਣਾ ਗ਼ਲਤ ਸੀ।—ਲੂਕਾ 9:30, 31.

22, 23. (ੳ) ਪਤਰਸ ਨੇ ਕਿਵੇਂ ਦਿਖਾਇਆ ਕਿ ਉਹ ਜੋਸ਼ੀਲਾ ਅਤੇ ਦਿਲ ਦਾ ਚੰਗਾ ਸੀ? (ਅ) ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਉਸ ਰਾਤ ਕਿਹੜੀ ਹੋਰ ਬਰਕਤ ਮਿਲੀ?

22 ਪਤਰਸ ਚਾਹੁੰਦਾ ਸੀ ਕਿ ਦਰਸ਼ਣ ਜਾਰੀ ਰਹੇ ਅਤੇ ਉਹ ਵੀ ਗੱਲਬਾਤ ਵਿਚ ਸ਼ਾਮਲ ਹੋਵੇ। ਜਦ ਉਸ ਨੂੰ ਲੱਗਾ ਕਿ ਮੂਸਾ ਤੇ ਏਲੀਯਾਹ ਯਿਸੂ ਨੂੰ ਛੱਡ ਕੇ ਜਾਣ ਲੱਗੇ, ਤਾਂ ਉਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ, ਕਿੰਨਾ ਚੰਗਾ ਅਸੀਂ ਇੱਥੇ ਹਾਂ। ਅਸੀਂ ਹੁਣ ਤਿੰਨ ਤੰਬੂ ਲਾ ਦਿੰਦੇ ਹਾਂ, ਇਕ ਤੇਰੇ ਲਈ, ਇਕ ਮੂਸਾ ਲਈ ਅਤੇ ਇਕ ਏਲੀਯਾਹ ਨਬੀ ਲਈ।” ਇਹ ਤਾਂ ਸਿਰਫ਼ ਇਕ ਦਰਸ਼ਣ ਹੀ ਸੀ ਕਿਉਂਕਿ ਯਹੋਵਾਹ ਦੇ ਉਨ੍ਹਾਂ ਸੇਵਕਾਂ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ, ਇਸ ਕਰਕੇ ਉਨ੍ਹਾਂ ਨੂੰ ਤੰਬੂਆਂ ਦੀ ਲੋੜ ਨਹੀਂ ਸੀ। ਪਤਰਸ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਹਿ ਰਿਹਾ ਸੀ। ਪਰ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਵਿਚ ਕਿੰਨਾ ਜੋਸ਼ ਸੀ ਤੇ ਉਹ ਦਿਲ ਦਾ ਕਿੰਨਾ ਚੰਗਾ ਸੀ। ਕੀ ਤੁਸੀਂ ਉਸ ਦੀਆਂ ਇਨ੍ਹਾਂ ਖੂਬੀਆਂ ਕਰਕੇ ਉਸ ਵੱਲ ਖਿੱਚੇ ਨਹੀਂ ਜਾਂਦੇ?​—ਲੂਕਾ 9:33.

ਯਾਕੂਬ, ਯੂਹੰਨਾ ਅਤੇ ਪਤਰਸ ਨੂੰ ਇਕ ਹੈਰਾਨੀਜਨਕ ਦਰਸ਼ਣ ਦੇਖਣ ਦਾ ਸਨਮਾਨ ਮਿਲਿਆ

23 ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਉਸ ਰਾਤ ਇਕ ਹੋਰ ਬਰਕਤ ਮਿਲੀ। ਇਕ ਬੱਦਲ ਨੇ ਉਨ੍ਹਾਂ ਨੂੰ ਢੱਕ ਲਿਆ। ਫਿਰ ਬੱਦਲ ਵਿੱਚੋਂ ਯਹੋਵਾਹ ਪਰਮੇਸ਼ੁਰ ਦੀ ਆਵਾਜ਼ ਸੁਣਾਈ ਦਿੱਤੀ: “ਇਹ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਚੁਣਿਆ ਹੈ। ਇਸ ਦੀ ਗੱਲ ਸੁਣੋ।” ਦਰਸ਼ਣ ਦੇ ਖ਼ਤਮ ਹੋ ਜਾਣ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਯਿਸੂ ਦੇ ਨਾਲ ਪਹਾੜ ਉੱਤੇ ਇਕੱਲਿਆਂ ਪਾਇਆ।​—ਲੂਕਾ 9:34-36.

24. (ੳ) ਯਿਸੂ ਦੇ ਰੂਪ ਬਦਲਣ ਦਾ ਦਰਸ਼ਣ ਦੇਖ ਕੇ ਪਤਰਸ ਨੂੰ ਕੀ ਫ਼ਾਇਦਾ ਹੋਇਆ? (ਅ) ਅੱਜ ਇਸ ਦਰਸ਼ਣ ਤੋਂ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

24 ਪਤਰਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਸ ਨੂੰ ਯਿਸੂ ਦੇ ਰੂਪ ਬਦਲਣ ਦਾ ਦਰਸ਼ਣ ਦੇਖਣ ਦਾ ਇੰਨਾ ਵੱਡਾ ਸਨਮਾਨ ਮਿਲੇਗਾ। ਕਈ ਸਾਲਾਂ ਬਾਅਦ ਉਸ ਨੇ ਲਿਖਿਆ ਕਿ ਉਸ ਰਾਤ ਉਸ ਨੂੰ ਮਹਿਮਾਵਾਨ ਰਾਜੇ ਵਜੋਂ ‘ਯਿਸੂ ਦੀ ਮਹਾਨਤਾ ਨੂੰ ਆਪਣੀ ਅੱਖੀਂ ਦੇਖਣ ਦਾ ਸਨਮਾਨ ਮਿਲਿਆ ਸੀ।’ ਇਸ ਦਰਸ਼ਣ ਨੇ ਪਰਮੇਸ਼ੁਰ ਦੇ ਬਚਨ ਵਿਚ ਦਰਜ ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਸੱਚ ਸਾਬਤ ਕੀਤਾ। ਨਾਲੇ ਇਸ ਰਾਹੀਂ ਪਤਰਸ ਦੀ ਨਿਹਚਾ ਮਜ਼ਬੂਤ ਹੋਈ ਤਾਂਕਿ ਉਹ ਆਉਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕੇ। (2 ਪਤਰਸ 1:16-19 ਪੜ੍ਹੋ।) ਇਸ ਦਰਸ਼ਣ ’ਤੇ ਸੋਚ-ਵਿਚਾਰ ਕਰ ਕੇ ਸਾਡੀ ਨਿਹਚਾ ਵੀ ਮਜ਼ਬੂਤ ਹੁੰਦੀ ਹੈ। ਜੇ ਅਸੀਂ ਆਪਣੇ ਮਾਲਕ ਯਿਸੂ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ, ਉਸ ਤੋਂ ਸਿੱਖਿਆ ਲੈਂਦੇ ਹਾਂ, ਅਨੁਸ਼ਾਸਨ ਨੂੰ ਕਬੂਲ ਕਰਦੇ ਹਾਂ ਅਤੇ ਨਿਮਰਤਾ ਨਾਲ ਉਸ ਦੇ ਪਿੱਛੇ-ਪਿੱਛੇ ਚੱਲਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਦਾ ਆਨੰਦ ਮਾਣ ਸਕਦੇ ਹਾਂ।

^ ਪੈਰਾ 6 ਅਸੀਂ ਦੇਖ ਸਕਦੇ ਹਾਂ ਕਿ ਸਭਾ ਘਰ ਵਿਚ ਆਏ ਲੋਕਾਂ ਦਾ ਰਵੱਈਆ ਝੱਟ ਬਦਲ ਗਿਆ ਸੀ ਕਿਉਂਕਿ ਇਕ ਦਿਨ ਪਹਿਲਾਂ ਹੀ ਇਨ੍ਹਾਂ ਨੇ ਬੜੇ ਜੋਸ਼ ਵਿਚ ਆ ਕੇ ਯਿਸੂ ਨੂੰ ਪਰਮੇਸ਼ੁਰ ਦਾ ਨਬੀ ਕਿਹਾ ਸੀ।​—ਯੂਹੰ. 6:14.

^ ਪੈਰਾ 11 ਉਹ ਸਾਰੇ ਜਣੇ ਗਲੀਲ ਦੀ ਝੀਲ, ਜੋ ਕਿ ਸਮੁੰਦਰ ਤਲ ਤੋਂ ਲਗਭਗ 700 ਫੁੱਟ ਥੱਲੇ ਹੈ, ਤੋਂ 50 ਕਿਲੋਮੀਟਰ (30 ਮੀਲ) ਤੁਰ ਕੇ ਬਹੁਤ ਹੀ ਸੋਹਣੇ ਇਲਾਕੇ ਵਿਚ ਗਏ। ਇਹ ਇਲਾਕਾ ਸਮੁੰਦਰੀ ਤਲ ਤੋਂ 1,150 ਫੁੱਟ ਦੀ ਉਚਾਈ ’ਤੇ ਹੈ।