Skip to content

Skip to table of contents

ਪਾਠ 16

ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ

ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ

1-3. (ੳ) ਆਪਣੇ ਪਤੀ ਦੇ ਸਿੰਘਾਸਣ ਕੋਲ ਜਾਂਦੀ ਹੋਈ ਅਸਤਰ ਦੀ ਕੀ ਹਾਲਤ ਸੀ? (ਅ) ਰਾਜਾ ਅਸਤਰ ਨਾਲ ਕਿਵੇਂ ਪੇਸ਼ ਆਇਆ?

ਅਸਤਰ ਦੇ ਕਦਮ ਜਿਉਂ-ਜਿਉਂ ਰਾਜੇ ਦੇ ਸਿੰਘਾਸਣ ਵੱਲ ਵਧ ਰਹੇ ਹਨ, ਉਸ ਦਾ ਦਿਲ ਤੇਜ਼-ਤੇਜ਼ ਧੜਕ ਰਿਹਾ ਹੈ। ਦਰਬਾਰ ਵਿਚ ਸੰਨਾਟਾ ਛਾਇਆ ਹੋਇਆ ਹੈ। ਉਸ ਸੰਨਾਟੇ ਵਿਚ ਅਸਤਰ ਨੂੰ ਆਪਣੇ ਕਦਮਾਂ ਅਤੇ ਆਪਣੇ ਸ਼ਾਹੀ ਕੱਪੜਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਸ਼ਾਹੀ ਦਰਬਾਰ ਦੀ ਸਜਾਵਟ, ਵਿਸ਼ਾਲ ਥੰਮ੍ਹ ਅਤੇ ਲਬਾਨੋਨੀ ਦਿਆਰ ਦੀ ਲੱਕੜ ਨਾਲ ਨਕਾਸ਼ੀਆਂ ਛੱਤਾਂ ਵੀ ਉਸ ਦਾ ਧਿਆਨ ਨਹੀਂ ਭਟਕਾ ਸਕਦੀਆਂ। ਉਸ ਦੀ ਨਜ਼ਰ ਸਿੰਘਾਸਣ ਉੱਤੇ ਬੈਠੇ ਉਸ ਆਦਮੀ ਉੱਤੇ ਟਿਕੀ ਹੋਈ ਹੈ ਜਿਸ ਦੇ ਹੱਥਾਂ ਵਿਚ ਉਸ ਦੀ ਜ਼ਿੰਦਗੀ ਅਤੇ ਮੌਤ ਹੈ।

2 ਰਾਜਾ ਆਪਣੇ ਵੱਲ ਆਉਂਦੀ ਅਸਤਰ ਨੂੰ ਧਿਆਨ ਨਾਲ ਦੇਖਦਾ ਹੈ। ਅਸਤਰ ਬਿਨਾਂ ਬੁਲਾਏ ਰਾਜੇ ਸਾਮ੍ਹਣੇ ਪੇਸ਼ ਹੋਈ ਹੈ, ਪਰ ਰਾਜਾ ਉਸ ਵੱਲ ਆਪਣਾ ਸੋਨੇ ਦਾ ਰਾਜ-ਡੰਡਾ ਵਧਾ ਕੇ ਉਸ ਦੀ ਜ਼ਿੰਦਗੀ ਬਖ਼ਸ਼ ਦਿੰਦਾ ਹੈ। ਅਸਤਰ ਸਿੰਘਾਸਣ ਕੋਲ ਆ ਕੇ ਡੰਡੇ ਨੂੰ ਛੂੰਹਦੀ ਹੈ।—ਅਸ. 5:1, 2.

ਅਸਤਰ ਬੜੀ ਸ਼ੁਕਰਗੁਜ਼ਾਰ ਸੀ ਕਿ ਰਾਜੇ ਨੇ ਉਸ ’ਤੇ ਦਇਆ ਕੀਤੀ ਸੀ

3 ਰਾਜਾ ਅਹਸ਼ਵੇਰੋਸ਼ ਅਮੀਰੀ ਤੇ ਤਾਕਤ ਦੀ ਮੂੰਹ ਬੋਲਦੀ ਤਸਵੀਰ ਹੈ। ਫ਼ਾਰਸ ਦੇ ਰਾਜਿਆਂ ਦੀ ਸ਼ਾਹੀ ਪੁਸ਼ਾਕ ਦੀ ਕੀਮਤ ਆਮ ਤੌਰ ਤੇ ਕਰੋੜਾਂ ਰੁਪਏ ਹੁੰਦੀ ਸੀ। ਅਸਤਰ ਆਪਣੇ ਪਤੀ ਦੀਆਂ ਅੱਖਾਂ ਵਿਚ ਆਪਣੇ ਲਈ ਪਿਆਰ ਦੇਖਦੀ ਹੈ। ਉਹ ਪੁੱਛਦਾ ਹੈ: “ਮਲਕਾ ਅਸਤਰ! ਤੂੰ ਕੀ ਚਾਉਂਦੀ ਹੈਂ? ਤੇਰਾ ਕੀ ਪਰੋਜਨ ਹੈ? ਅੱਧੀ ਪਾਤਸ਼ਾਹੀ ਤੀਕ ਤੈਨੂੰ ਦਿੱਤੀ ਜਾਵੇਗੀ।”—ਅਸ. 5:3.

4. ਅਸਤਰ ਨੇ ਹੋਰ ਕਿਹੜੀਆਂ ਚੁਣੌਤੀਆਂ ਪਾਰ ਕਰਨੀਆਂ ਸਨ?

4 ਅਸਤਰ ਨੇ ਆਪਣੇ ਲੋਕਾਂ ਦੀ ਜਾਨ ਬਚਾਉਣ ਲਈ ਰਾਜੇ ਸਾਮ੍ਹਣੇ ਪੇਸ਼ ਹੋ ਕੇ ਆਪਣੀ ਨਿਹਚਾ ਤੇ ਦਲੇਰੀ ਦਾ ਸ਼ਾਨਦਾਰ ਸਬੂਤ ਦਿੱਤਾ। ਭਾਵੇਂ ਕਿ ਰਾਜੇ ਨੇ ਉਸ ਦੀ ਜਾਨ ਬਖ਼ਸ਼ ਦਿੱਤੀ ਸੀ, ਪਰ ਅਸਤਰ ਨੇ ਇਸ ਤੋਂ ਵੀ ਵੱਡੀ ਚੁਣੌਤੀ ਪਾਰ ਕਰਨੀ ਸੀ। ਉਸ ਨੇ ਇਸ ਘਮੰਡੀ ਰਾਜੇ ਨੂੰ ਯਕੀਨ ਦਿਵਾਉਣਾ ਸੀ ਕਿ ਉਸ ਦਾ ਸਭ ਤੋਂ ਭਰੋਸੇਮੰਦ ਸਲਾਹਕਾਰ ਦੁਸ਼ਟ ਆਦਮੀ ਸੀ। ਉਸ ਆਦਮੀ ਨੇ ਰਾਜੇ ਨੂੰ ਮੂਰਖ ਬਣਾ ਕੇ ਉਸ ਤੋਂ ਅਸਤਰ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ਰਮਾਨ ਜਾਰੀ ਕਰਵਾਇਆ ਸੀ। ਅਸਤਰ ਇਹ ਔਖਾ ਕੰਮ ਕਿੱਦਾਂ ਕਰੇਗੀ ਅਤੇ ਅਸੀਂ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ?

ਉਸ ਨੇ ਸਮਝਦਾਰੀ ਨਾਲ “ਬੋਲਣ ਦਾ ਵੇਲਾ” ਚੁਣਿਆ

5, 6. (ੳ) ਉਪਦੇਸ਼ਕ ਦੀ ਪੋਥੀ 3:1, 7 ਵਿਚ ਦੱਸੇ ਅਸੂਲ ਨੂੰ ਅਸਤਰ ਨੇ ਕਿਵੇਂ ਲਾਗੂ ਕੀਤਾ? (ਅ) ਅਸਤਰ ਨੇ ਆਪਣੇ ਪਤੀ ਨਾਲ ਗੱਲ ਕਰਦੇ ਹੋਏ ਸਮਝਦਾਰੀ ਕਿਵੇਂ ਦਿਖਾਈ?

5 ਕੀ ਅਸਤਰ ਨੂੰ ਦਰਬਾਰ ਵਿਚ ਸਾਰਿਆਂ ਸਾਮ੍ਹਣੇ ਰਾਜੇ ਨੂੰ ਆਪਣੀ ਸਮੱਸਿਆ ਦੱਸ ਦੇਣੀ ਚਾਹੀਦੀ ਸੀ? ਇੱਦਾਂ ਕਰਨ ਨਾਲ ਸ਼ਾਇਦ ਰਾਜੇ ਦੀ ਬੇਇੱਜ਼ਤੀ ਹੁੰਦੀ ਅਤੇ ਉਸ ਦੇ ਸਲਾਹਕਾਰ ਹਾਮਾਨ ਨੂੰ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਦਾ ਸਮਾਂ ਮਿਲ ਜਾਂਦਾ। ਸੋ ਅਸਤਰ ਨੇ ਕੀ ਕੀਤਾ? ਸਦੀਆਂ ਪਹਿਲਾਂ ਬੁੱਧੀਮਾਨ ਰਾਜੇ ਸੁਲੇਮਾਨ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਲਿਖਿਆ: “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪ. 3:1, 7) ਧੀਆਂ ਵਾਂਗ ਪਾਲ਼ੀ ਅਸਤਰ ਨੂੰ ਵਫ਼ਾਦਾਰ ਮਾਰਦਕਈ ਨੇ ਇਸ ਤਰ੍ਹਾਂ ਦੇ ਅਸੂਲ ਜ਼ਰੂਰ ਸਿਖਾਏ ਹੋਣੇ। ਬਿਨਾਂ ਸ਼ੱਕ ਅਸਤਰ ਨੂੰ ਧਿਆਨ ਨਾਲ “ਬੋਲਣ ਦਾ ਵੇਲਾ” ਚੁਣਨ ਦੀ ਅਹਿਮੀਅਤ ਬਾਰੇ ਪਤਾ ਸੀ।

6 ਅਸਤਰ ਨੇ ਕਿਹਾ: ‘ਮੈਂ ਤੇਰੇ ਅਤੇ ਹਾਮਾਨ ਲਈ ਇਕ ਦਾਅਵਤ ਕੀਤੀ ਹੈ। ਕੀ ਤੂੰ ਅਤੇ ਹਾਮਾਨ ਅੱਜ ਉਸ ਦਾਅਵਤ ਵਿੱਚ ਸ਼ਰੀਕ ਹੋਵੋਗੇ?’ (ਅਸ. 5:4, ERV) ਰਾਜੇ ਨੇ ਉਸ ਦਾ ਸੱਦਾ ਸਵੀਕਾਰ ਕੀਤਾ ਅਤੇ ਹਾਮਾਨ ਨੂੰ ਵੀ ਬੁਲਾਇਆ। ਕੀ ਤੁਸੀਂ ਧਿਆਨ ਦਿੱਤਾ ਕਿ ਅਸਤਰ ਨੇ ਕਿੰਨੀ ਸਮਝਦਾਰੀ ਨਾਲ ਗੱਲ ਕੀਤੀ? ਉਸ ਨੇ ਆਪਣੇ ਪਤੀ ਦਾ ਮਾਣ ਰੱਖਿਆ ਤੇ ਆਪਣੀਆਂ ਸਮੱਸਿਆਵਾਂ ਦੱਸਣ ਲਈ ਸਹੀ ਸਮਾਂ ਤੇ ਜਗ੍ਹਾ ਚੁਣੀ।​—⁠ਕਹਾਉਤਾਂ 10:19 ਪੜ੍ਹੋ।

7, 8. ਅਸਤਰ ਦੀ ਪਹਿਲੀ ਦਾਅਵਤ ਕਿੱਦਾਂ ਦੀ ਰਹੀ, ਪਰ ਇਸ ਮੌਕੇ ਤੇ ਉਸ ਨੇ ਰਾਜੇ ਨੂੰ ਆਪਣੀ ਗੱਲ ਕਿਉਂ ਨਹੀਂ ਦੱਸੀ?

7 ਬਿਨਾਂ ਸ਼ੱਕ ਅਸਤਰ ਨੇ ਦਾਅਵਤ ਵਿਚ ਹਰ ਚੀਜ਼ ਦਾ ਧਿਆਨ ਰੱਖਿਆ, ਖ਼ਾਸ ਤੌਰ ਤੇ ਉਸ ਨੇ ਆਪਣੇ ਪਤੀ ਦਾ ਮਨ-ਪਸੰਦ ਖਾਣਾ ਤਿਆਰ ਕੀਤਾ। ਦਿਲ ਨੂੰ ਖ਼ੁਸ਼ ਕਰਨ ਲਈ ਦਾਅਵਤ ਵਿਚ ਵਧੀਆ ਦਾਖਰਸ ਵੀ ਸੀ। (ਜ਼ਬੂ. 104:15) ਅਹਸ਼ਵੇਰੋਸ਼ ਨੇ ਦਾਅਵਤ ਦਾ ਭਰਪੂਰ ਮਜ਼ਾ ਲਿਆ ਜਿਸ ਕਰਕੇ ਉਸ ਨੇ ਅਸਤਰ ਤੋਂ ਦੁਬਾਰਾ ਪੁੱਛਿਆ ਕਿ ਉਹ ਕੀ ਚਾਹੁੰਦੀ ਸੀ। ਕੀ ਹੁਣ ਅਸਤਰ ਲਈ ਆਪਣੀ ਗੱਲ ਕਹਿਣ ਦਾ ਸਹੀ ਸਮਾਂ ਸੀ?

8 ਅਸਤਰ ਨੇ ਸੋਚਿਆ ਕਿ ਅਜੇ ਵੀ ਇਹ ਗੱਲ ਕਰਨ ਦਾ ਸਹੀ ਸਮਾਂ ਨਹੀਂ ਸੀ। ਇਸ ਲਈ ਉਸ ਨੇ ਫਿਰ ਅਗਲੇ ਦਿਨ ਰਾਜੇ ਤੇ ਹਾਮਾਨ ਨੂੰ ਦਾਅਵਤ ’ਤੇ ਆਉਣ ਦਾ ਸੱਦਾ ਦਿੱਤਾ। (ਅਸ. 5:7, 8) ਪਰ ਉਸ ਨੇ ਗੱਲ ਕਿਉਂ ਨਹੀਂ ਕੀਤੀ? ਯਾਦ ਰੱਖੋ ਕਿ ਰਾਜੇ ਦੇ ਹੁਕਮ ਕਰਕੇ ਅਸਤਰ ਦੀ ਕੌਮ ਦੇ ਲੋਕ ਮੌਤ ਦੇ ਸਾਏ ਹੇਠ ਸਨ। ਇੰਨੀਆਂ ਸਾਰੀਆਂ ਜਾਨਾਂ ਦਾਅ ’ਤੇ ਲੱਗੀਆਂ ਹੋਣ ਕਰਕੇ ਅਸਤਰ ਲਈ ਬੋਲਣ ਦਾ ਸਹੀ ਸਮਾਂ ਚੁਣਨਾ ਬਹੁਤ ਜ਼ਰੂਰੀ ਸੀ। ਸੋ ਉਸ ਨੇ ਸਮਝਦਾਰੀ ਨਾਲ ਇਸ ਮਾਮਲੇ ਨੂੰ ਸੁਲਝਾਉਣ ਲਈ ਇੰਤਜ਼ਾਰ ਕੀਤਾ। ਇਸ ਤਰ੍ਹਾਂ ਉਸ ਨੂੰ ਆਪਣੇ ਪਤੀ ਨੂੰ ਇਹ ਦਿਖਾਉਣ ਦਾ ਇਕ ਹੋਰ ਮੌਕਾ ਮਿਲਿਆ ਕਿ ਉਹ ਉਸ ਦੀ ਕਿੰਨੀ ਇੱਜ਼ਤ ਕਰਦੀ ਸੀ।

9. ਧੀਰਜ ਰੱਖਣ ਦਾ ਕੀ ਫ਼ਾਇਦਾ ਹੈ ਅਤੇ ਇਸ ਮਾਮਲੇ ਵਿਚ ਅਸੀਂ ਅਸਤਰ ਦੀ ਰੀਸ ਕਿਵੇਂ ਕਰ ਸਕਦੇ ਹਾਂ?

9 ਧੀਰਜ ਇਕ ਬਹੁਤ ਵਧੀਆ ਗੁਣ ਹੈ ਜੋ ਘੱਟ ਹੀ ਲੋਕਾਂ ਵਿਚ ਦੇਖਣ ਨੂੰ ਮਿਲਦਾ ਹੈ। ਭਾਵੇਂ ਕਿ ਅਸਤਰ ਪਰੇਸ਼ਾਨ ਸੀ ਅਤੇ ਰਾਜੇ ਨੂੰ ਆਪਣੀ ਗੱਲ ਦੱਸਣੀ ਚਾਹੁੰਦੀ ਸੀ, ਪਰ ਉਸ ਨੇ ਧੀਰਜ ਨਾਲ ਸਹੀ ਸਮੇਂ ਦਾ ਇੰਤਜ਼ਾਰ ਕੀਤਾ। ਅਸੀਂ ਉਸ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅਸੀਂ ਵੀ ਕਈ ਵਾਰ ਦੇਖਦੇ ਹਾਂ ਕਿ ਕੁਝ ਗ਼ਲਤ ਹੋ ਰਿਹਾ ਹੈ। ਜੇ ਅਸੀਂ ਕਿਸੇ ਅਧਿਕਾਰ ਰੱਖਣ ਵਾਲੇ ਵਿਅਕਤੀ ਨੂੰ ਕਾਇਲ ਕਰਨਾ ਚਾਹੁੰਦੇ ਹਾਂ ਕਿ ਉਹ ਕਿਸੇ ਸਮੱਸਿਆ ਦਾ ਹੱਲ ਕੱਢੇ, ਤਾਂ ਸਾਨੂੰ ਸ਼ਾਇਦ ਅਸਤਰ ਦੀ ਰੀਸ ਕਰਦੇ ਹੋਏ ਧੀਰਜ ਰੱਖਣ ਦੀ ਲੋੜ ਪਵੇ। ਕਹਾਉਤਾਂ 25:15 ਵਿਚ ਲਿਖਿਆ ਹੈ: “ਧੀਰਜ ਨਾਲ ਹਾਕਮ ਰਾਜੀ ਹੋ ਜਾਂਦਾ ਹੈ, ਅਤੇ ਕੋਮਲ ਰਸਨਾ [ਯਾਨੀ ਜ਼ਬਾਨ] ਹੱਡੀ ਨੂੰ ਵੀ ਭੰਨ ਸੁੱਟਦੀ ਹੈ।” ਜੇਕਰ ਅਸੀਂ ਅਸਤਰ ਵਾਂਗ ਸਹੀ ਸਮੇਂ ਦਾ ਇੰਤਜ਼ਾਰ ਕਰਦੇ ਹਾਂ ਤੇ ਨਰਮਾਈ ਨਾਲ ਬੋਲਦੇ ਹਾਂ, ਤਾਂ ਅਸੀਂ ਉਸ ਇਨਸਾਨ ਨੂੰ ਵੀ ਕਾਇਲ ਕਰ ਸਕਦੇ ਹਾਂ ਜੋ ਸਾਡਾ ਸਖ਼ਤ ਵਿਰੋਧ ਕਰਦਾ ਹੈ। ਕੀ ਯਹੋਵਾਹ ਪਰਮੇਸ਼ੁਰ ਨੇ ਅਸਤਰ ਨੂੰ ਧੀਰਜ ਅਤੇ ਸਮਝਦਾਰੀ ਨਾਲ ਪੇਸ਼ ਆਉਣ ਦਾ ਕੋਈ ਇਨਾਮ ਦਿੱਤਾ?

ਧੀਰਜ ਰੱਖਣ ਕਰਕੇ ਨਿਆਂ ਮਿਲਿਆ

10, 11. ਪਹਿਲੀ ਦਾਅਵਤ ਤੋਂ ਬਾਅਦ ਘਰ ਜਾਂਦਿਆਂ ਹਾਮਾਨ ਨਾਲ ਕੀ ਹੋਇਆ ਅਤੇ ਉਸ ਦੀ ਪਤਨੀ ਤੇ ਦੋਸਤਾਂ ਨੇ ਉਸ ਨੂੰ ਕਿਹੜੀ ਸਲਾਹ ਦਿੱਤੀ?

10 ਅਸਤਰ ਦੇ ਧੀਰਜ ਦਾ ਕੀ ਨਤੀਜਾ ਨਿਕਲਿਆ? ਦਾਅਵਤ ਤੋਂ ਬਾਅਦ ਹਾਮਾਨ “ਅਨੰਦ ਅਰ ਪਰਸੱਨ” ਹੋ ਕੇ ਘਰ ਗਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਰਾਜਾ ਤੇ ਰਾਣੀ ਉਸ ਨੂੰ ਬਾਕੀਆਂ ਨਾਲੋਂ ਜ਼ਿਆਦਾ ਪਸੰਦ ਕਰਦੇ ਸਨ। ਮਹਿਲ ਦੇ ਫਾਟਕ ਵਿੱਚੋਂ ਨਿਕਲਦਿਆਂ ਹਾਮਾਨ ਦੀ ਨਜ਼ਰ ਯਹੂਦੀ ਮਾਰਦਕਈ ਉੱਤੇ ਪਈ ਜੋ ਇਸ ਵਾਰ ਵੀ ਉਸ ਦੇ ਅੱਗੇ ਨਹੀਂ ਝੁਕਿਆ। ਜਿੱਦਾਂ ਅਸੀਂ ਪਿਛਲੇ ਪਾਠ ਵਿਚ ਦੇਖਿਆ ਸੀ, ਮਾਰਦਕਈ ਦਾ ਹਾਮਾਨ ਦੀ ਬੇਇੱਜ਼ਤੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹ ਹਾਮਾਨ ਅੱਗੇ ਇਸ ਕਰਕੇ ਨਹੀਂ ਝੁਕਦਾ ਸੀ ਕਿਉਂਕਿ ਉਸ ਦੀ ਜ਼ਮੀਰ ਉਸ ਨੂੰ ਇਜਾਜ਼ਤ ਨਹੀਂ ਦਿੰਦੀ ਸੀ ਅਤੇ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਖ਼ਰਾਬ ਨਹੀਂ ਕਰਨਾ ਚਾਹੁੰਦਾ ਸੀ। ਪਰ ਹਾਮਾਨ ‘ਕ੍ਰੋਧ ਨਾਲ ਭਰ ਗਿਆ।’​—ਅਸ. 5:9.

11 ਜਦੋਂ ਹਾਮਾਨ ਨੇ ਆਪਣੀ ਪਤਨੀ ਤੇ ਦੋਸਤਾਂ ਨੂੰ ਆਪਣੀ ਬੇਇੱਜ਼ਤੀ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਉਸ ਨੂੰ 72 ਫੁੱਟ ਤੋਂ ਉੱਚੀ ਸੂਲ਼ੀ ਬਣਾਉਣ ਲਈ ਕਿਹਾ। ਫਿਰ ਉਨ੍ਹਾਂ ਨੇ ਕਿਹਾ ਕਿ ਉਹ ਰਾਜੇ ਕੋਲੋਂ ਮਨਜ਼ੂਰੀ ਲੈ ਕੇ ਮਾਰਦਕਈ ਨੂੰ ਉਸ ਉੱਤੇ ਟੰਗ ਦੇਵੇ। ਹਾਮਾਨ ਨੂੰ ਉਨ੍ਹਾਂ ਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਉਸ ਨੇ ਉਸੇ ਵੇਲੇ ਸੂਲ਼ੀ ਬਣਾਉਣ ਦਾ ਹੁਕਮ ਦਿੱਤਾ।​—ਅਸ. 5:12-14.

12. ਰਾਜੇ ਨੇ ਆਪਣੇ ਸੇਵਕ ਨੂੰ ਰਾਜ ਦੇ ਕੰਮਾਂ ਦੇ ਇਤਿਹਾਸ ਦੀ ਪੋਥੀ ਪੜ੍ਹ ਕੇ ਸੁਣਾਉਣ ਲਈ ਕਿਉਂ ਕਿਹਾ ਸੀ ਅਤੇ ਰਾਜੇ ਨੂੰ ਕੀ ਪਤਾ ਲੱਗਾ?

12 ਇਸ ਦੌਰਾਨ ਇਕ ਰਾਤ ਰਾਜੇ ਨਾਲ ਅਜੀਬ ਗੱਲ ਹੋਈ। ਬਾਈਬਲ ਦੱਸਦੀ ਹੈ ਕਿ “ਪਾਤਸ਼ਾਹ ਦੀ ਨੀਂਦ ਜਾਂਦੀ ਰਹੀ।” ਇਸ ਕਰਕੇ ਉਸ ਨੇ ਆਪਣੇ ਸੇਵਕ ਨੂੰ ਉਨ੍ਹਾਂ ਪੋਥੀਆਂ ਵਿੱਚੋਂ ਪੜ੍ਹ ਕੇ ਸੁਣਾਉਣ ਲਈ ਕਿਹਾ ਜਿਨ੍ਹਾਂ ਵਿਚ ਰਾਜ ਦੇ ਕੰਮਾਂ ਦਾ ਇਤਿਹਾਸ ਦਰਜ ਕੀਤਾ ਗਿਆ ਸੀ। ਉਸ ਵਿਚ ਇਹ ਵੀ ਦਰਜ ਸੀ ਕਿ ਇਕ ਵਾਰ ਰਾਜਾ ਅਹਸ਼ਵੇਰੋਸ਼ ਨੂੰ ਮਾਰਨ ਦੀ ਸਾਜ਼ਸ਼ ਘੜੀ ਗਈ ਸੀ। ਰਾਜੇ ਨੂੰ ਯਾਦ ਆਇਆ ਕਿ ਅਪਰਾਧੀਆਂ ਨੂੰ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪਰ ਇਸ ਸਾਜ਼ਸ਼ ਦਾ ਭਾਂਡਾ ਭੰਨਣ ਵਾਲੇ ਉਸ ਆਦਮੀ ਮਾਰਦਕਈ ਬਾਰੇ ਕੀ? ਰਾਜੇ ਨੇ ਇਕਦਮ ਪੁੱਛਿਆ ਕਿ ਮਾਰਦਕਈ ਨੂੰ ਕੀ ਇਨਾਮ ਦਿੱਤਾ ਗਿਆ ਸੀ। ਉਸ ਨੂੰ ਜਵਾਬ ਮਿਲਿਆ ਕਿ ਉਸ ਆਦਮੀ ਲਈ ਕੁਝ ਵੀ ਨਹੀਂ ਕੀਤਾ ਗਿਆ ਸੀ।​—⁠ਅਸਤਰ 6:1-3 ਪੜ੍ਹੋ।

13, 14. (ੳ) ਹਾਮਾਨ ਦੀ ਚਾਲ ਕਿੱਦਾਂ ਪੁੱਠੀ ਪੈ ਗਈ? (ਅ) ਹਾਮਾਨ ਦੀ ਪਤਨੀ ਤੇ ਦੋਸਤਾਂ ਨੇ ਉਸ ਨੂੰ ਕੀ ਕਿਹਾ?

13 ਰਾਜਾ ਇਹ ਸੁਣ ਕੇ ਖਿੱਝ ਗਿਆ ਅਤੇ ਇਸ ਗ਼ਲਤੀ ਨੂੰ ਸੁਧਾਰਨ ਲਈ ਉਸ ਨੇ ਪੁੱਛਿਆ ਕਿ ਉਸ ਵੇਲੇ ਕੋਈ ਅਧਿਕਾਰੀ ਮੌਜੂਦ ਸੀ ਜੋ ਇਹ ਕੰਮ ਕਰ ਸਕਦਾ ਸੀ। ਤੁਹਾਡੇ ਖ਼ਿਆਲ ਨਾਲ ਉੱਥੇ ਕੌਣ ਹੋਣਾ? ਹਾਮਾਨ! ਉਹ ਸ਼ਾਇਦ ਇਸ ਕਰਕੇ ਦਰਬਾਰ ਵਿਚ ਸਵੇਰੇ-ਸਵੇਰੇ ਆਇਆ ਸੀ ਕਿਉਂਕਿ ਉਹ ਮਾਰਦਕਈ ਨੂੰ ਮਾਰਨ ਦੀ ਛੇਤੀ ਤੋਂ ਛੇਤੀ ਇਜਾਜ਼ਤ ਲੈਣੀ ਚਾਹੁੰਦਾ ਸੀ। ਪਰ ਹਾਮਾਨ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਰਾਜੇ ਨੇ ਉਸ ਤੋਂ ਪੁੱਛਿਆ ਕਿ ਉਸ ਇਨਸਾਨ ਨੂੰ ਕੀ ਇਨਾਮ ਦਿੱਤਾ ਜਾਵੇ ਜਿਸ ਤੋਂ ਰਾਜਾ ਖ਼ੁਸ਼ ਹੋਵੇ। ਹਾਮਾਨ ਨੇ ਸੋਚਿਆ ਕਿ ਰਾਜਾ ਉਸ ਦੇ ਬਾਰੇ ਗੱਲ ਕਰ ਰਿਹਾ ਸੀ। ਉਸ ਨੇ ਰਾਜੇ ਨੂੰ ਕਿਹਾ ਕਿ ਉਸ ਆਦਮੀ ਨੂੰ ਸ਼ਾਹੀ ਪੁਸ਼ਾਕ ਪੁਆਈ ਜਾਵੇ, ਉਸ ਨੂੰ ਰਾਜੇ ਦੇ ਘੋੜੇ ’ਤੇ ਸਵਾਰ ਕਰ ਕੇ ਪੂਰੇ ਸ਼ੂਸ਼ਨ ਸ਼ਹਿਰ ਵਿਚ ਘੁਮਾਇਆ ਜਾਵੇ ਅਤੇ ਉਸ ਦੀ ਜੈ-ਜੈਕਾਰ ਕੀਤੀ ਜਾਵੇ। ਰਾਜੇ ਨੇ ਕਿਹਾ ਕਿ ਮਾਰਦਕਈ ਨਾਲ ਇਸੇ ਤਰ੍ਹਾਂ ਕੀਤਾ ਜਾਵੇ। ਕਲਪਨਾ ਕਰੋ ਕਿ ਇਹ ਸੁਣ ਕੇ ਹਾਮਾਨ ਦਾ ਕੀ ਹਾਲ ਹੋਇਆ ਹੋਣਾ। ਮਾਰਦਕਈ ਦੇ ਗੁਣ ਗਾਉਣ ਦਾ ਕੰਮ ਕਿਸ ਨੂੰ ਦਿੱਤਾ ਗਿਆ? ਹਾਮਾਨ ਨੂੰ!​—ਅਸ. 6:4-10.

14 ਹਾਮਾਨ ਨੇ ਇਹ ਕੰਮ ਮੱਥੇ ਵੱਟ ਪਾ ਕੇ ਕੀਤਾ। ਫਿਰ ਉਹ ਗੁੱਸੇ ਨਾਲ ਦੰਦ ਪੀਂਹਦਾ ਘਰ ਦੌੜ ਗਿਆ। ਉਸ ਦੀ ਪਤਨੀ ਤੇ ਦੋਸਤਾਂ ਨੇ ਕਿਹਾ ਕਿ ਉਸ ਦੇ ਮਾੜੇ ਦਿਨ ਆਉਣ ਵਾਲੇ ਸਨ ਤੇ ਮਾਰਦਕਈ ਦੇ ਹੱਥੋਂ ਉਸ ਦੀ ਹਾਰ ਪੱਕੀ ਸੀ।​—ਅਸ. 6:12, 13.

15. (ੳ) ਅਸਤਰ ਦੇ ਧੀਰਜ ਰੱਖਣ ਦਾ ਕੀ ਨਤੀਜਾ ਨਿਕਲਿਆ? (ਅ) “ਉਡੀਕ” ਕਰਨੀ ਸਮਝਦਾਰੀ ਦੀ ਗੱਲ ਕਿਉਂ ਹੈ?

15 ਅਸਤਰ ਨੇ ਧੀਰਜ ਧਰਿਆ ਤੇ ਆਪਣੀ ਗੱਲ ਰਾਜੇ ਨੂੰ ਦੱਸਣ ਲਈ ਇਕ ਹੋਰ ਦਿਨ ਉਡੀਕ ਕੀਤੀ। ਇਸ ਸਮੇਂ ਦੌਰਾਨ ਹਾਮਾਨ ਮਾਰਦਕਈ ਲਈ ਟੋਆ ਪੁੱਟਣ ਲੱਗ ਪਿਆ ਜਿਸ ਵਿਚ ਉਸ ਨੇ ਆਪ ਹੀ ਜਾ ਡਿੱਗਣਾ ਸੀ। ਹੋ ਸਕਦਾ ਹੈ ਕਿ ਯਹੋਵਾਹ ਨੇ ਰਾਜੇ ਦੀ ਨੀਂਦ ਖ਼ਰਾਬ ਕੀਤੀ ਹੋਵੇ। (ਕਹਾ. 21:1) ਇਸੇ ਕਰਕੇ ਪਰਮੇਸ਼ੁਰ ਦਾ ਬਚਨ ਸਾਨੂੰ “ਉਡੀਕ” ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। (ਮੀਕਾਹ 7:7 ਪੜ੍ਹੋ।) ਜਦੋਂ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ ਇੰਤਜ਼ਾਰ ਕਰਦੇ ਹਾਂ ਕਿ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਕੱਢੇ, ਤਾਂ ਯਹੋਵਾਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਵਧੀਆ ਹੱਲ ਕੱਢਦਾ ਹੈ।

ਉਹ ਬਹਾਦਰੀ ਨਾਲ ਬੋਲੀ

16, 17. (ੳ) ਅਸਤਰ ਨੂੰ “ਬੋਲਣ ਦਾ ਵੇਲਾ” ਕਦੋਂ ਮਿਲਿਆ? (ਅ) ਅਸਤਰ ਰਾਜੇ ਦੀ ਪਹਿਲੀ ਪਤਨੀ ਵਸ਼ਤੀ ਤੋਂ ਕਿਵੇਂ ਅਲੱਗ ਸੀ?

16 ਦੂਜੀ ਦਾਅਵਤ ਵੇਲੇ ਅਸਤਰ ਨੂੰ ਰਾਜੇ ਨੂੰ ਸਾਰਾ ਕੁਝ ਦੱਸਣਾ ਪੈਣਾ ਸੀ। ਉਹ ਰਾਜੇ ਦੇ ਸਬਰ ਦਾ ਹੋਰ ਇਮਤਿਹਾਨ ਨਹੀਂ ਲੈ ਸਕਦੀ ਸੀ। ਪਰ ਰਾਜੇ ਨੂੰ ਆਪਣੀ ਗੱਲ ਦੱਸਣ ਦਾ ਕਿਹੜਾ ਸਮਾਂ ਸਹੀ ਸੀ? ਦਰਅਸਲ ਅਸਤਰ ਦੇ ਗੱਲ ਕਰਨ ਤੋਂ ਪਹਿਲਾਂ ਹੀ ਰਾਜੇ ਨੇ ਉਸ ਨੂੰ ਖ਼ੁਦ ਪੁੱਛ ਲਿਆ ਕਿ ਉਹ ਕੀ ਚਾਹੁੰਦੀ ਸੀ। (ਅਸ. 7:2) ਅਸਤਰ ਕੋਲ ਹੁਣ “ਬੋਲਣ ਦਾ ਵੇਲਾ” ਸੀ।

17 ਅਸੀਂ ਕਲਪਨਾ ਕਰ ਸਕਦੇ ਹਾਂ ਕਿ ਰਾਜੇ ਨੂੰ ਕੁਝ ਕਹਿਣ ਤੋਂ ਪਹਿਲਾਂ ਅਸਤਰ ਨੇ ਆਪਣੇ ਮਨ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਹੋਣੀ। ਉਸ ਨੇ ਰਾਜੇ ਨੂੰ ਕਿਹਾ: “ਜੇ ਮੈਂ ਤੇਰੀ ਨਿਗਾਹ ਵਿੱਚ ਤਰਸ ਦੀ ਭਾਗੀ ਹਾਂ ਅਤੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੇਰੀ ਅਰਜ਼ ਉੱਤੇ ਮੇਰੀ ਜਾਨ ਬਖਸ਼ੀ ਜਾਵੇ ਅਤੇ ਮੇਰੀ ਭਾਉਣੀ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ।” (ਅਸ. 7:3) ਗੌਰ ਕਰੋ ਕਿ ਉਸ ਨੇ ਰਾਜੇ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਵੱਲੋਂ ਕੀਤੇ ਫ਼ੈਸਲਿਆਂ ਦੀ ਕਦਰ ਕਰਦੀ ਸੀ। ਅਸਤਰ ਰਾਜੇ ਦੀ ਪਹਿਲੀ ਪਤਨੀ ਵਸ਼ਤੀ ਤੋਂ ਬਿਲਕੁਲ ਅਲੱਗ ਸੀ ਜਿਸ ਨੇ ਜਾਣ-ਬੁੱਝ ਕੇ ਆਪਣੇ ਪਤੀ ਦੀ ਬੇਇੱਜ਼ਤੀ ਕੀਤੀ ਸੀ। (ਅਸ. 1:10-12) ਇਸ ਤੋਂ ਇਲਾਵਾ, ਅਸਤਰ ਨੇ ਰਾਜੇ ਦੀ ਨੁਕਤਾਚੀਨੀ ਨਹੀਂ ਕੀਤੀ ਕਿ ਉਸ ਨੇ ਬਿਨਾਂ ਸੋਚੇ-ਸਮਝੇ ਹਾਮਾਨ ’ਤੇ ਭਰੋਸਾ ਕੀਤਾ। ਇਸ ਦੀ ਬਜਾਇ, ਉਸ ਨੇ ਰਾਜੇ ਅੱਗੇ ਬੇਨਤੀ ਕੀਤੀ ਕਿ ਰਾਜਾ ਉਸ ਦੀ ਜਾਨ ਬਚਾਵੇ।

18. ਅਸਤਰ ਨੇ ਰਾਜੇ ਨੂੰ ਆਪਣੀ ਸਮੱਸਿਆ ਕਿਵੇਂ ਦੱਸੀ?

18 ਇਹ ਗੱਲ ਸੁਣ ਕੇ ਰਾਜੇ ਨੂੰ ਜ਼ਰੂਰ ਝਟਕਾ ਲੱਗਾ ਹੋਣਾ। ਉਸ ਦੀ ਰਾਣੀ ਨੂੰ ਮਾਰਨ ਦੀ ਜੁਰਅਤ ਕਿਸ ਨੇ ਕੀਤੀ ਸੀ? ਅਸਤਰ ਨੇ ਅੱਗੇ ਕਿਹਾ: “ਮੈਂ ਤੇ ਮੇਰੇ ਲੋਕ ਨਾਸ਼ ਹੋਣ ਲਈ ਅਰ ਵੱਢੇ ਜਾਣ ਲਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇ ਅਸੀਂ ਗੋਲੇ ਗੋਲੀਆਂ ਵਾਂਙੁ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਕਸ਼ਟ ਪਾਤਸ਼ਾਹ ਦੇ ਘਾਟੇ ਦੇ ਤੁਲ ਨਹੀ ਹੁੰਦਾ!” (ਅਸ. 7:4) ਗੌਰ ਕਰੋ ਕਿ ਅਸਤਰ ਨੇ ਬਿਨਾਂ ਝਿਜਕੇ ਸਾਰੀ ਗੱਲ ਦੱਸੀ। ਉਸ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਨੂੰ ਸਿਰਫ਼ ਗ਼ੁਲਾਮੀ ਵਿਚ ਵੇਚਿਆ ਜਾਂਦਾ, ਤਾਂ ਉਹ ਚੁੱਪ ਰਹਿੰਦੀ। ਸਾਰੀ ਕੌਮ ਦੇ ਨਾਸ਼ ਹੋਣ ਦੀ ਸਾਜ਼ਸ਼ ਬਾਰੇ ਰਾਜੇ ਨੂੰ ਦੱਸਣਾ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਦੇ ਨਾਸ਼ ਹੋਣ ਨਾਲ ਰਾਜੇ ਨੂੰ ਬਹੁਤ ਨੁਕਸਾਨ ਝੱਲਣਾ ਪੈਣਾ ਸੀ।

19. ਅਸੀਂ ਕਿਸੇ ਨੂੰ ਕਾਇਲ ਕਰਨ ਦੀ ਕਲਾ ਬਾਰੇ ਅਸਤਰ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

19 ਅਸਤਰ ਦੀ ਮਿਸਾਲ ਤੋਂ ਅਸੀਂ ਕਿਸੇ ਨੂੰ ਕਾਇਲ ਕਰਨ ਦੀ ਕਲਾ ਬਾਰੇ ਸਿੱਖਦੇ ਹਾਂ। ਜੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ, ਦੋਸਤ ਜਾਂ ਅਧਿਕਾਰ ਰੱਖਣ ਵਾਲੇ ਕਿਸੇ ਇਨਸਾਨ ਨੂੰ ਕੋਈ ਗੰਭੀਰ ਸਮੱਸਿਆ ਦੱਸਣੀ ਚਾਹੁੰਦੇ ਹੋ, ਤਾਂ ਤੁਹਾਨੂੰ ਬਿਨਾਂ ਕੁਝ ਲੁਕਾਏ ਧੀਰਜ ਤੇ ਆਦਰ ਨਾਲ ਸਾਰੀ ਗੱਲ ਦੱਸਣੀ ਚਾਹੀਦੀ ਹੈ।​—ਕਹਾ. 16:21, 23.

20, 21. (ੳ) ਅਸਤਰ ਨੇ ਹਾਮਾਨ ਦਾ ਪਰਦਾਫ਼ਾਸ਼ ਕਿਵੇਂ ਕੀਤਾ ਅਤੇ ਰਾਜੇ ’ਤੇ ਇਸ ਦਾ ਕੀ ਅਸਰ ਪਿਆ? (ਅ) ਹਾਮਾਨ ਦਾ ਅਸਲੀ ਚਿਹਰਾ ਸਾਮ੍ਹਣੇ ਆਉਣ ਤੇ ਉਸ ਨੇ ਕੀ ਕੀਤਾ?

20 ਅਹਸ਼ਵੇਰੋਸ਼ ਨੇ ਪੁੱਛਿਆ: “ਉਹ ਕੌਣ ਹੈ ਅਤੇ ਉਹ ਕਿੱਥੇ ਹੈ ਜਿਹਨੇ ਆਪਣੇ ਮਨ ਵਿੱਚ ਅਜਿਹਾ ਕਰਨ ਲਈ ਨੀਤ ਧਾਰੀ?” ਅਸਤਰ ਨੇ ਹਾਮਾਨ ਵੱਲ ਉਂਗਲ ਕਰ ਕੇ ਕਿਹਾ: “ਉਹ ਵਿਰੋਧੀ ਅਤੇ ਵੈਰੀ ਇਹ ਦੁਸ਼ਟ ਹਾਮਾਨ ਹੈ!” ਆਪਣੇ ਉੱਤੇ ਲੱਗੇ ਇਸ ਗੰਭੀਰ ਇਲਜ਼ਾਮ ਨੂੰ ਸੁਣਦਿਆਂ ਹੀ ਹਾਮਾਨ ਥਰ-ਥਰ ਕੰਬਣ ਲੱਗਾ। ਇਹ ਸੁਣ ਕੇ ਰਾਜੇ ਦਾ ਖ਼ੂਨ ਖੌਲ ਉੱਠਿਆ ਕਿ ਉਸ ਦੇ ਭਰੋਸੇਮੰਦ ਸਲਾਹਕਾਰ ਨੇ ਧੋਖੇ ਨਾਲ ਜਿਸ ਹੁਕਮ ’ਤੇ ਸ਼ਾਹੀ ਮੁਹਰ ਲਗਵਾਈ ਸੀ, ਉਸ ਕਾਰਨ ਉਸ ਦੀ ਆਪਣੀ ਪਤਨੀ ਦੀ ਜਾਨ ਖ਼ਤਰੇ ਵਿਚ ਪੈ ਗਈ ਸੀ। ਰਾਜਾ ਆਪਣੇ ਗੁੱਸੇ ’ਤੇ ਕਾਬੂ ਪਾਉਣ ਲਈ ਜਲਦੀ ਨਾਲ ਬਾਗ਼ ਵਿਚ ਚਲਾ ਗਿਆ।​—ਅਸ. 7:5-7.

ਅਸਤਰ ਨੇ ਦਲੇਰੀ ਨਾਲ ਹਾਮਾਨ ਦੀ ਦੁਸ਼ਟਤਾ ਦਾ ਪਰਦਾਫ਼ਾਸ਼ ਕੀਤਾ

21 ਜਦ ਹਾਮਾਨ ਦਾ ਅਸਲੀ ਚਿਹਰਾ ਸਾਮ੍ਹਣੇ ਆਇਆ, ਤਾਂ ਉਹ ਰਾਣੀ ਦੇ ਪੈਰਾਂ ਵਿਚ ਡਿਗ ਕੇ ਗਿੜਗਿੜਾਉਣ ਲੱਗ ਪਿਆ। ਜਦੋਂ ਰਾਜੇ ਨੇ ਕਮਰੇ ਵਿਚ ਵਾਪਸ ਆ ਕੇ ਦੇਖਿਆ ਕਿ ਹਾਮਾਨ ਅਸਤਰ ਦੇ ਪਲੰਘ ਉੱਤੇ ਡਿਗ ਕੇ ਗਿੜਗਿੜਾ ਰਿਹਾ ਸੀ, ਤਾਂ ਉਸ ਨੇ ਗੁੱਸੇ ਨਾਲ ਹਾਮਾਨ ’ਤੇ ਰਾਣੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ। ਹੁਣ ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲਣੀ ਪੱਕੀ ਸੀ। ਸਿਪਾਹੀ ਉਸ ਦਾ ਮੂੰਹ ਢੱਕ ਕੇ ਉਸ ਨੂੰ ਲੈ ਗਏ। ਫਿਰ ਇਕ ਅਧਿਕਾਰੀ ਨੇ ਰਾਜੇ ਨੂੰ ਦੱਸਿਆ ਕਿ ਹਾਮਾਨ ਨੇ ਮਾਰਦਕਈ ਨੂੰ ਮਾਰਨ ਲਈ ਸੂਲ਼ੀ ਤਿਆਰ ਕੀਤੀ ਹੋਈ ਸੀ। ਅਹਸ਼ਵੇਰੋਸ਼ ਨੇ ਤੁਰੰਤ ਹੁਕਮ ਦਿੱਤਾ ਕਿ ਉਸੇ ਸੂਲ਼ੀ ’ਤੇ ਹਾਮਾਨ ਨੂੰ ਟੰਗ ਦਿੱਤਾ ਜਾਵੇ।​—ਅਸ. 7:8-10.

22. ਅਸਤਰ ਦੀ ਮਿਸਾਲ ਤੋਂ ਅਸੀਂ ਕਿਵੇਂ ਸਿੱਖ ਸਕਦੇ ਹਾਂ ਕਿ ਅਸੀਂ ਕਦੇ ਵੀ ਉਮੀਦ ਦਾ ਪੱਲਾ ਨਾ ਛੱਡੀਏ ਅਤੇ ਨਿਹਚਾ ਕਰਨੀ ਨਾ ਛੱਡੀਏ?

22 ਅੱਜ ਦੁਨੀਆਂ ਵਿਚ ਅਨਿਆਂ ਦਾ ਬੋਲਬਾਲਾ ਹੈ ਜਿਸ ਕਰਕੇ ਨਿਆਂ ਮਿਲਣਾ ਨਾਮੁਮਕਿਨ ਲੱਗਦਾ ਹੈ। ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ? ਅਸਤਰ ਨੇ ਕਦੇ ਵੀ ਉਮੀਦ ਦਾ ਪੱਲਾ ਨਹੀਂ ਛੱਡਿਆ ਅਤੇ ਨਾ ਹੀ ਉਸ ਨੇ ਨਿਹਚਾ ਕਰਨੀ ਛੱਡੀ। ਜਦੋਂ ਸਮਾਂ ਆਇਆ, ਤਾਂ ਉਹ ਦਲੇਰੀ ਨਾਲ ਸੱਚ ਦੇ ਪੱਖ ਵਿਚ ਬੋਲੀ ਤੇ ਫਿਰ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ। ਆਓ ਆਪਾਂ ਵੀ ਇੱਦਾਂ ਹੀ ਕਰੀਏ! ਯਹੋਵਾਹ ਅੱਜ ਵੀ ਬਦਲਿਆ ਨਹੀਂ ਹੈ। ਉਹ ਅੱਜ ਵੀ ਹਾਮਾਨ ਵਰਗੇ ਦੁਸ਼ਟ ਤੇ ਫਰੇਬੀ ਲੋਕਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਹੀ ਚਾਲਾਂ ਵਿਚ ਫਸਾ ਸਕਦਾ ਹੈ।​—⁠ਜ਼ਬੂਰਾਂ ਦੀ ਪੋਥੀ 7:11-16 ਪੜ੍ਹੋ।

ਉਸ ਨੇ ਯਹੋਵਾਹ ਅਤੇ ਉਸ ਦੇ ਲੋਕਾਂ ਲਈ ਕਦਮ ਚੁੱਕਿਆ

23. (ੳ) ਰਾਜੇ ਨੇ ਅਸਤਰ ਤੇ ਮਾਰਦਕਈ ਨੂੰ ਕੀ ਇਨਾਮ ਦਿੱਤਾ? (ਅ) ਮਰਨ ਵੇਲੇ ਯਾਕੂਬ ਨੇ ਬਿਨਯਾਮੀਨ ਬਾਰੇ ਜੋ ਭਵਿੱਖਬਾਣੀ ਕੀਤੀ ਸੀ, ਉਹ ਕਿਵੇਂ ਪੂਰੀ ਹੋਈ? (“ਭਵਿੱਖਬਾਣੀ ਪੂਰੀ ਹੋਈ” ਨਾਂ ਦੀ ਡੱਬੀ ਦੇਖੋ।)

23 ਅਖ਼ੀਰ ਰਾਜੇ ਨੂੰ ਪਤਾ ਲੱਗ ਗਿਆ ਕਿ ਉਸ ਦੀ ਜਾਨ ਬਚਾਉਣ ਵਾਲੇ ਮਾਰਦਕਈ ਨੇ ਹੀ ਅਸਤਰ ਦੀ ਆਪਣੀ ਧੀ ਵਾਂਗ ਪਰਵਰਿਸ਼ ਕੀਤੀ ਸੀ। ਅਹਸ਼ਵੇਰੋਸ਼ ਨੇ ਮਾਰਦਕਈ ਨੂੰ ਹਾਮਾਨ ਦੀ ਜਗ੍ਹਾ ਪ੍ਰਧਾਨ ਮੰਤਰੀ ਬਣਾਇਆ। ਰਾਜੇ ਨੇ ਹਾਮਾਨ ਦੀ ਸਾਰੀ ਜਾਇਦਾਦ ਅਸਤਰ ਨੂੰ ਦੇ ਦਿੱਤੀ। ਅਸਤਰ ਨੇ ਇਸ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮਾਰਦਕਈ ਨੂੰ ਦਿੱਤੀ।​—ਅਸ. 8:1, 2.

24, 25. (ੳ) ਹਾਮਾਨ ਦੇ ਖ਼ਾਤਮੇ ਤੋਂ ਬਾਅਦ ਵੀ ਅਸਤਰ ਸੁੱਖ ਦਾ ਸਾਹ ਕਿਉਂ ਨਹੀਂ ਲੈ ਸਕੀ? (ਅ) ਅਸਤਰ ਨੇ ਇਕ ਵਾਰ ਫਿਰ ਆਪਣੀ ਜਾਨ ਖ਼ਤਰੇ ਵਿਚ ਕਿਉਂ ਪਾਈ ਸੀ?

24 ਹੁਣ ਅਸਤਰ ਅਤੇ ਮਾਰਦਕਈ ਬਿਲਕੁਲ ਸੁਰੱਖਿਅਤ ਸਨ, ਪਰ ਕੀ ਰਾਣੀ ਹੁਣ ਸੁੱਖ ਦਾ ਸਾਹ ਲੈ ਸਕਦੀ ਸੀ? ਜੇ ਉਹ ਸੁਆਰਥੀ ਹੁੰਦੀ, ਤਾਂ ਉਹ ਆਰਾਮ ਨਾਲ ਆਪਣੇ ਮਹਿਲ ਵਿਚ ਬੈਠ ਜਾਂਦੀ। ਇਸ ਸਮੇਂ ਤਕ ਹਾਮਾਨ ਵੱਲੋਂ ਯਹੂਦੀਆਂ ਨੂੰ ਮਾਰੇ ਜਾਣ ਦਾ ਸੰਦੇਸ਼ ਸਾਮਰਾਜ ਦੇ ਕੋਨੇ-ਕੋਨੇ ਤਕ ਪਹੁੰਚ ਚੁੱਕਾ ਸੀ। ਹਾਮਾਨ ਨੇ ਹਿੰਸਕ ਹਮਲੇ ਨੂੰ ਅੰਜਾਮ ਦੇਣ ਦਾ ਦਿਨ ਪੁਰ ਯਾਨੀ ਗੁਣੇ ਪਾ ਕੇ ਤੈਅ ਕੀਤਾ ਸੀ ਜੋ ਇਕ ਤਰ੍ਹਾਂ ਦੀ ਜਾਦੂਗਰੀ ਸੀ। (ਅਸ. 9:24-26) ਭਾਵੇਂ ਕਿ ਇਹ ਦਿਨ ਕੁਝ ਮਹੀਨੇ ਦੂਰ ਸੀ, ਪਰ ਸਮਾਂ ਪਲ-ਪਲ ਹੱਥੋਂ ਨਿਕਲ ਰਿਹਾ ਸੀ। ਕੀ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਸੀ?

25 ਅਸਤਰ ਇਕ ਵਾਰ ਫਿਰ ਬਿਨ-ਬੁਲਾਏ ਰਾਜੇ ਦੇ ਸਾਮ੍ਹਣੇ ਪੇਸ਼ ਹੋਈ ਤੇ ਆਪਣੀ ਜਾਨ ਖ਼ਤਰੇ ਵਿਚ ਪਾਈ। ਇਸ ਵਾਰ ਉਸ ਨੇ ਰਾਜੇ ਸਾਮ੍ਹਣੇ ਰੋ-ਰੋ ਕੇ ਮਿੰਨਤਾਂ ਕੀਤੀਆਂ ਕਿ ਉਸ ਦੇ ਲੋਕਾਂ ਨੂੰ ਨਾਸ਼ ਕੀਤੇ ਜਾਣ ਦੇ ਫ਼ਰਮਾਨ ਨੂੰ ਉਹ ਰੱਦ ਕਰ ਦੇਵੇ। ਪਰ ਫ਼ਾਰਸੀ ਰਾਜੇ ਦੇ ਨਾਂ ’ਤੇ ਬਣਾਏ ਗਏ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਸੀ। (ਦਾਨੀ. 6:12, 15) ਇਸ ਲਈ ਰਾਜੇ ਨੇ ਅਸਤਰ ਤੇ ਮਾਰਦਕਈ ਨੂੰ ਇਕ ਹੋਰ ਕਾਨੂੰਨ ਬਣਾਉਣ ਲਈ ਕਿਹਾ। ਇਸ ਕਾਨੂੰਨ ਮੁਤਾਬਕ ਯਹੂਦੀ ਆਪਣੇ ਬਚਾਅ ਲਈ ਲੜ ਸਕਦੇ ਸਨ। ਘੋੜਸਵਾਰ ਤੇਜ਼ੀ ਨਾਲ ਸਾਮਰਾਜ ਦੇ ਕੋਨੇ-ਕੋਨੇ ਵਿਚ ਇਸ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਚਲੇ ਗਏ। ਇਸ ਤੋਂ ਯਹੂਦੀਆਂ ਨੂੰ ਉਮੀਦ ਦੀ ਕਿਰਨ ਮਿਲੀ। (ਅਸ. 8:3-16) ਅਸੀਂ ਕਲਪਨਾ ਕਰ ਸਕਦੇ ਹਾਂ ਕਿ ਪੂਰੇ ਸਾਮਰਾਜ ਵਿਚ ਯਹੂਦੀ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰ ਰਹੇ ਸਨ। ਇਸ ਨਵੇਂ ਕਾਨੂੰਨ ਤੋਂ ਬਿਨਾਂ ਇਹ ਸਭ ਕੁਝ ਮੁਮਕਿਨ ਨਾ ਹੁੰਦਾ। ਪਰ ਸਭ ਤੋਂ ਜ਼ਰੂਰੀ ਗੱਲ, ਕੀ ‘ਸੈਨਾਂ ਦਾ ਯਹੋਵਾਹ’ ਆਪਣੇ ਲੋਕਾਂ ਨਾਲ ਸੀ?​—1 ਸਮੂ. 17:45.

ਅਸਤਰ ਤੇ ਮਾਰਦਕਈ ਨੇ ਫ਼ਾਰਸੀ ਸਾਮਰਾਜ ਵਿਚ ਰਹਿੰਦੇ ਯਹੂਦੀਆਂ ਨੂੰ ਸੰਦੇਸ਼ ਘੱਲਿਆ

26, 27. (ੳ) ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਖ਼ਿਲਾਫ਼ ਕਿਸ ਹੱਦ ਤਕ ਜਿੱਤ ਦਿਵਾਈ ਸੀ? (ਅ) ਹਾਮਾਨ ਦੇ ਮੁੰਡਿਆਂ ਦੀ ਮੌਤ ਨਾਲ ਕਿਹੜੀ ਭਵਿੱਖਬਾਣੀ ਪੂਰੀ ਹੋਈ ਸੀ?

26 ਅਖ਼ੀਰ ਜਦ ਉਹ ਮਿਥਿਆ ਹੋਇਆ ਦਿਨ ਆਇਆ, ਤਾਂ ਪਰਮੇਸ਼ੁਰ ਦੇ ਲੋਕ ਤਿਆਰ ਸਨ। ਯਹੂਦੀ ਮਾਰਦਕਈ ਦੇ ਨਵਾਂ ਪ੍ਰਧਾਨ ਮੰਤਰੀ ਬਣਨ ਦੀ ਖ਼ਬਰ ਸੁਣ ਕੇ ਬਹੁਤ ਸਾਰੇ ਫ਼ਾਰਸੀ ਅਧਿਕਾਰੀ ਵੀ ਯਹੂਦੀਆਂ ਵੱਲ ਹੋ ਚੁੱਕੇ ਸਨ। ਯਹੋਵਾਹ ਨੇ ਆਪਣੇ ਲੋਕਾਂ ਨੂੰ ਵੱਡੀ ਜਿੱਤ ਦਿਵਾਈ। ਬਿਨਾਂ ਸ਼ੱਕ ਉਸ ਨੇ ਆਪਣੇ ਲੋਕਾਂ ਦੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਹਰਾਇਆ ਤਾਂਕਿ ਉਹ ਦੁਬਾਰਾ ਉਸ ਦੇ ਲੋਕਾਂ ਦੇ ਖ਼ਿਲਾਫ਼ ਸਿਰ ਨਾ ਚੁੱਕ ਸਕਣ। *​—ਅਸ. 9:1-6.

27 ਇਸ ਤੋਂ ਇਲਾਵਾ, ਜਦੋਂ ਤਕ ਹਾਮਾਨ ਦੇ ਦਸ ਮੁੰਡੇ ਜੀਉਂਦੇ ਸਨ, ਉਦੋਂ ਤਕ ਮਾਰਦਕਈ ਲਈ ਹਾਮਾਨ ਦੇ ਘਰ-ਬਾਰ ਨੂੰ ਸੰਭਾਲਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਵੀ ਮਾਰ ਦਿੱਤਾ ਗਿਆ। (ਅਸ. 9:7-10) ਉਦੋਂ ਬਾਈਬਲ ਵਿਚ ਦਰਜ ਪਰਮੇਸ਼ੁਰ ਦੀ ਇਹ ਭਵਿੱਖਬਾਣੀ ਪੂਰੀ ਹੋਈ ਕਿ ਉਸ ਦੇ ਲੋਕਾਂ ਦੇ ਦੁਸ਼ਮਣ ਅਮਾਲੇਕੀਆਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। (ਬਿਵ. 25:17-19) ਸ਼ਾਇਦ ਹਾਮਾਨ ਦੇ ਪੁੱਤਰ ਹੀ ਇਸ ਸਰਾਪੀ ਹੋਈ ਕੌਮ ਵਿੱਚੋਂ ਆਖ਼ਰੀ ਸਨ।

28, 29. (ੳ) ਯਹੋਵਾਹ ਕਿਉਂ ਚਾਹੁੰਦਾ ਸੀ ਕਿ ਅਸਤਰ ਤੇ ਉਸ ਦੇ ਲੋਕ ਯੁੱਧ ਕਰਨ? (ਅ) ਅੱਜ ਅਸਤਰ ਦੀ ਮਿਸਾਲ ਸਾਡੀ ਕਿਵੇਂ ਹੌਸਲਾ-ਅਫ਼ਜ਼ਾਈ ਕਰਦੀ ਹੈ?

28 ਅਸਤਰ ਨੂੰ ਆਪਣੇ ਮੋਢਿਆਂ ’ਤੇ ਭਾਰੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪਈਆਂ। ਇਨ੍ਹਾਂ ਜ਼ਿੰਮੇਵਾਰੀਆਂ ਵਿਚ ਰਾਜੇ ਦੇ ਫ਼ਰਮਾਨ ਮੁਤਾਬਕ ਯੁੱਧ ਤੇ ਮੌਤ ਦੀ ਸਜ਼ਾ ਦੇ ਹੁਕਮ ਦੇਣੇ ਸ਼ਾਮਲ ਸਨ। ਇਹ ਕੰਮ ਕਰਨੇ ਸੌਖੇ ਨਹੀਂ ਸਨ। ਪਰ ਯਹੋਵਾਹ ਦੀ ਇੱਛਾ ਸੀ ਕਿ ਉਸ ਦੇ ਲੋਕ ਨਾਸ਼ ਨਾ ਹੋਣ ਕਿਉਂਕਿ ਇਜ਼ਰਾਈਲ ਕੌਮ ਵਿੱਚੋਂ ਹੀ ਵਾਅਦਾ ਕੀਤੇ ਹੋਏ ਮਸੀਹ ਨੇ ਆਉਣਾ ਸੀ ਜੋ ਮਨੁੱਖਜਾਤੀ ਲਈ ਇੱਕੋ-ਇਕ ਆਸ ਦੀ ਕਿਰਨ ਸੀ। (ਉਤ. 22:18) ਜਦੋਂ ਮਸੀਹ ਦੇ ਰੂਪ ਵਿਚ ਯਿਸੂ ਧਰਤੀ ’ਤੇ ਆਇਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਲੜਾਈਆਂ ਵਿਚ ਹਿੱਸਾ ਲੈਣ ਤੋਂ ਮਨ੍ਹਾ ਕੀਤਾ। ਅੱਜ ਇਹ ਗੱਲ ਜਾਣ ਕੇ ਪਰਮੇਸ਼ੁਰ ਦੇ ਸੇਵਕਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ!—ਮੱਤੀ 26:52.

29 ਪਰ ਅੱਜ ਮਸੀਹੀ ਸ਼ੈਤਾਨ ਨਾਲ ਯੁੱਧ ਲੜ ਰਹੇ ਹਨ। ਯਹੋਵਾਹ ’ਤੇ ਸਾਡੀ ਨਿਹਚਾ ਨੂੰ ਖ਼ਤਮ ਕਰਨ ਲਈ ਸ਼ੈਤਾਨ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। (2 ਕੁਰਿੰਥੀਆਂ 10:3, 4 ਪੜ੍ਹੋ।) ਇਹ ਲੜਾਈ ਲੜਨ ਵਿਚ ਅਸਤਰ ਦੀ ਮਿਸਾਲ ਸਾਡੀ ਕਿੰਨੀ ਹੌਸਲਾ-ਅਫ਼ਜ਼ਾਈ ਕਰਦੀ ਹੈ! ਆਓ ਆਪਾਂ ਵੀ ਉਸ ਵਾਂਗ ਸਮਝਦਾਰੀ ਤੇ ਧੀਰਜ ਨਾਲ ਕਾਇਲ ਕਰਨ ਦੀ ਕਲਾ ਵਰਤ ਕੇ ਆਪਣੀ ਨਿਹਚਾ ਦਾ ਸਬੂਤ ਦੇਈਏ। ਨਾਲੇ ਅਸੀਂ ਦਲੇਰੀ ਅਤੇ ਬਿਨਾਂ ਸੁਆਰਥ ਦੇ ਯਹੋਵਾਹ ਦੇ ਲੋਕਾਂ ਦੇ ਪੱਖ ਵਿਚ ਖੜ੍ਹੇ ਹੋਈਏ।

^ ਪੈਰਾ 26 ਰਾਜੇ ਨੇ ਯਹੂਦੀਆਂ ਨੂੰ ਦੂਜੇ ਦਿਨ ਵੀ ਆਪਣੇ ਦੁਸ਼ਮਣਾਂ ਨਾਲ ਲੜਨ ਦੀ ਇਜਾਜ਼ਤ ਦਿੱਤੀ। (ਅਸ. 9:12-14) ਅੱਜ ਵੀ ਯਹੂਦੀ ਹਰ ਸਾਲ ਅਦਾਰ ਮਹੀਨੇ ਇਸ ਜਿੱਤ ਦਾ ਜਸ਼ਨ ਮਨਾਉਂਦੇ ਹਨ ਜੋ ਸਾਡੇ ਕਲੰਡਰ ਮੁਤਾਬਕ ਫਰਵਰੀ ਦੇ ਅਖ਼ੀਰ ਅਤੇ ਮਾਰਚ ਦੇ ਸ਼ੁਰੂ ਵਿਚ ਹੁੰਦਾ ਹੈ। ਇਸ ਤਿਉਹਾਰ ਨੂੰ ਪੂਰੀਮ ਕਿਹਾ ਜਾਂਦਾ ਹੈ। ਇਹ ਨਾਂ ਇਸ ਲਈ ਰੱਖਿਆ ਗਿਆ ਕਿਉਂਕਿ ਹਾਮਾਨ ਨੇ ਇਜ਼ਰਾਈਲ ਨੂੰ ਨਾਸ਼ ਕਰਨ ਲਈ ਪੁਰ ਯਾਨੀ ਗੁਣੇ ਪਾਏ ਸਨ।