Skip to content

Skip to table of contents

ਪਾਠ 11

ਉਹ ਚੁਕੰਨਾ ਰਿਹਾ ਤੇ ਉਸ ਨੇ ਇੰਤਜ਼ਾਰ ਕੀਤਾ

ਉਹ ਚੁਕੰਨਾ ਰਿਹਾ ਤੇ ਉਸ ਨੇ ਇੰਤਜ਼ਾਰ ਕੀਤਾ

1, 2. ਏਲੀਯਾਹ ਨੇ ਕਿਹੜਾ ਔਖਾ ਕੰਮ ਕਰਨਾ ਸੀ ਅਤੇ ਕਿਨ੍ਹਾਂ ਗੱਲਾਂ ਕਰਕੇ ਅਹਾਬ ਅਤੇ ਉਸ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ?

ਏਲੀਯਾਹ ਆਪਣੇ ਸਵਰਗੀ ਪਿਤਾ ਨੂੰ ਏਕਾਂਤ ਵਿਚ ਪ੍ਰਾਰਥਨਾ ਕਰਨ ਲਈ ਤਰਸ ਰਿਹਾ ਹੈ। ਪਰ ਇਸ ਵੇਲੇ ਉਸ ਦੇ ਆਲੇ-ਦੁਆਲੇ ਭੀੜ ਲੱਗੀ ਹੋਈ ਹੈ। ਲੋਕਾਂ ਨੇ ਆਪਣੀ ਅੱਖੀਂ ਦੇਖਿਆ ਹੈ ਕਿ ਪਰਮੇਸ਼ੁਰ ਦੇ ਇਸ ਸੱਚੇ ਨਬੀ ਦੇ ਬੇਨਤੀ ਕਰਨ ਤੇ ਸਵਰਗੋਂ ਅੱਗ ਵਰ੍ਹੀ ਸੀ। ਇਸ ਕਰਕੇ ਬਹੁਤ ਸਾਰੇ ਲੋਕ ਉਸ ਦੀ ਚਾਪਲੂਸੀ ਕਰਨ ਲਈ ਉਤਾਵਲੇ ਹਨ ਤਾਂਕਿ ਉਹ ਉਨ੍ਹਾਂ ’ਤੇ ਮਿਹਰ ਕਰੇ। ਕਰਮਲ ਪਰਬਤ ’ਤੇ ਚੜ੍ਹ ਕੇ ਏਕਾਂਤ ਵਿਚ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਤੋਂ ਪਹਿਲਾਂ ਏਲੀਯਾਹ ਨੇ ਇਕ ਔਖਾ ਕੰਮ ਕਰਨਾ ਹੈ। ਉਸ ਨੇ ਰਾਜਾ ਅਹਾਬ ਨਾਲ ਗੱਲ ਕਰਨੀ ਹੈ।

2 ਅਹਾਬ ਤੇ ਏਲੀਯਾਹ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਅਹਾਬ ਨੇ ਸ਼ਾਹੀ ਕੱਪੜੇ ਪਾਏ ਹੋਏ ਹਨ, ਉਹ ਲਾਲਚੀ ਤੇ ਲਾਈ-ਲੱਗ ਹੈ ਅਤੇ ਪਰਮੇਸ਼ੁਰ ਦੇ ਖ਼ਿਲਾਫ਼ ਗ਼ਲਤ ਕੰਮ ਕਰਦਾ ਹੈ। ਪਰਮੇਸ਼ੁਰ ਦੇ ਨਬੀ ਏਲੀਯਾਹ ਨੇ ਇਕ ਸਾਦਾ ਜਿਹਾ ਚੋਗਾ ਪਾਇਆ ਹੋਇਆ ਹੈ ਜੋ ਸ਼ਾਇਦ ਕਿਸੇ ਜਾਨਵਰ ਦੀ ਖੱਲ ਜਾਂ ਊਠ ਜਾਂ ਬੱਕਰੀ ਦੇ ਵਾਲ਼ਾਂ ਦਾ ਬਣਿਆ ਹੋਇਆ ਹੈ। ਉਹ ਦਲੇਰ, ਵਫ਼ਾਦਾਰ ਤੇ ਨਿਹਚਾਵਾਨ ਆਦਮੀ ਹੈ। ਅੱਜ ਜੋ ਕੁਝ ਹੋਇਆ, ਉਸ ਤੋਂ ਉਨ੍ਹਾਂ ਦੋਵਾਂ ਦੇ ਸੁਭਾਅ ਵਿਚ ਫ਼ਰਕ ਸਾਫ਼ ਨਜ਼ਰ ਆ ਰਿਹਾ ਹੈ।

3, 4. (ੳ) ਉਸ ਦਿਨ ਅਹਾਬ ਅਤੇ ਬਆਲ ਦੇ ਹੋਰ ਭਗਤਾਂ ਦੀ ਸ਼ਰਮਨਾਕ ਹਾਰ ਕਿਵੇਂ ਹੋਈ? (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?

3 ਅੱਜ ਅਹਾਬ ਅਤੇ ਬਆਲ ਦੇ ਹੋਰ ਭਗਤਾਂ ਦੀ ਸ਼ਰਮਨਾਕ ਹਾਰ ਹੋਈ ਹੈ। ਅਹਾਬ ਅਤੇ ਉਸ ਦੀ ਪਤਨੀ ਰਾਣੀ ਈਜ਼ਬਲ ਦੁਆਰਾ ਇਜ਼ਰਾਈਲ ਦੇ ਦਸ-ਗੋਤੀ ਰਾਜ ਵਿਚ ਫੈਲਾਏ ਝੂਠੇ ਧਰਮ ਦਾ ਪਰਦਾਫ਼ਾਸ਼ ਹੋ ਗਿਆ ਹੈ। ਬਆਲ ਝੂਠਾ ਅਤੇ ਬੇਜਾਨ ਦੇਵਤਾ ਸਾਬਤ ਹੋਇਆ ਹੈ। ਉਸ ਦੇ ਨਬੀਆਂ ਨੇ ਪਾਗਲਾਂ ਵਾਂਗ ਉਸ ਨੂੰ ਬੇਨਤੀਆਂ ਕੀਤੀਆਂ, ਨੱਚੇ-ਟੱਪੇ ਅਤੇ ਆਪਣੇ ਆਪ ਨੂੰ ਕੱਟਿਆ-ਵੱਢਿਆ। ਜੇ ਬਆਲ ਸੱਚਾ ਦੇਵਤਾ ਹੁੰਦਾ, ਤਾਂ ਉਸ ਲਈ ਬਲ਼ੀ ਅਤੇ ਲੱਕੜਾਂ ਨੂੰ ਅੱਗ ਨਾਲ ਸਾੜਨਾ ਖੱਬੇ ਹੱਥ ਦੀ ਖੇਡ ਹੁੰਦੀ। ਬਆਲ ਆਪਣੇ ਉਨ੍ਹਾਂ 450 ਆਦਮੀਆਂ ਨੂੰ ਬਚਾ ਨਹੀਂ ਸਕਿਆ ਜੋ ਮੌਤ ਦੀ ਸਜ਼ਾ ਦੇ ਲਾਇਕ ਸਨ। ਪਰ ਇਹ ਝੂਠਾ ਦੇਵਤਾ ਇਕ ਹੋਰ ਕੰਮ ਕਰਨ ਵਿਚ ਨਾਕਾਮ ਹੋ ਗਿਆ ਤੇ ਉਹ ਨਾਕਾਮੀ ਵੀ ਸਾਮ੍ਹਣੇ ਆਉਣ ਵਾਲੀ ਸੀ। ਤਿੰਨ ਸਾਲਾਂ ਤੋਂ ਬਆਲ ਦੇ ਨਬੀ ਦੇਸ਼ ਵਿੱਚੋਂ ਸੋਕਾ ਖ਼ਤਮ ਕਰਨ ਲਈ ਤਰਲੇ ਕਰ ਰਹੇ ਸਨ, ਪਰ ਬਆਲ ਕੁਝ ਨਹੀਂ ਕਰ ਸਕਿਆ। ਜਲਦੀ ਹੀ ਯਹੋਵਾਹ ਸੋਕੇ ਨੂੰ ਖ਼ਤਮ ਕਰ ਕੇ ਦਿਖਾਵੇਗਾ ਕਿ ਉਹੀ ਸੱਚਾ ਪਰਮੇਸ਼ੁਰ ਹੈ।​—1 ਰਾਜ. 16:30–17:1; 18:1-40.

4 ਪਰ ਯਹੋਵਾਹ ਕਦੋਂ ਕਦਮ ਚੁੱਕੇਗਾ? ਉਦੋਂ ਤਕ ਏਲੀਯਾਹ ਕੀ ਕਰੇਗਾ? ਅਸੀਂ ਇਸ ਨਿਹਚਾਵਾਨ ਆਦਮੀ ਤੋਂ ਕੀ ਸਿੱਖ ਸਕਦੇ ਹਾਂ? ਆਓ ਪੜ੍ਹ ਕੇ ਦੇਖੀਏ।​—1 ਰਾਜਿਆਂ 18:41-46 ਪੜ੍ਹੋ।

ਉਹ ਪ੍ਰਾਰਥਨਾ ਕਰਦਾ ਰਿਹਾ

5. ਏਲੀਯਾਹ ਨੇ ਅਹਾਬ ਨੂੰ ਕੀ ਕਰਨ ਲਈ ਕਿਹਾ ਅਤੇ ਕੀ ਅਹਾਬ ਨੇ ਦਿਨ ਦੌਰਾਨ ਹੋਈਆਂ ਘਟਨਾਵਾਂ ਤੋਂ ਕੁਝ ਸਿੱਖਿਆ ਸੀ?

5 ਏਲੀਯਾਹ ਨੇ ਅਹਾਬ ਨੂੰ ਜਾ ਕੇ ਕਿਹਾ: “ਚੜ੍ਹ ਜਾਹ ਅਤੇ ਖਾ ਪੀ ਕਿਉਂ ਜੋ ਡਾਢੇ ਮੀਂਹ ਦੀ ਅਵਾਜ਼ ਆਈ ਹੈ।” ਕੀ ਇਸ ਦੁਸ਼ਟ ਰਾਜੇ ਨੇ ਦਿਨ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਕੁਝ ਸਿੱਖਿਆ ਸੀ? ਬਾਈਬਲ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸਦੀ। ਅਹਾਬ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀ ਜਿਸ ਤੋਂ ਉਸ ਦੀ ਤੋਬਾ ਦਾ ਸਬੂਤ ਮਿਲੇ ਅਤੇ ਨਾ ਹੀ ਏਲੀਯਾਹ ਨੂੰ ਬੇਨਤੀ ਕੀਤੀ ਕਿ ਉਹ ਉਸ ਵੱਲੋਂ ਯਹੋਵਾਹ ਨੂੰ ਮਾਫ਼ੀ ਲਈ ਪ੍ਰਾਰਥਨਾ ਕਰੇ। ਬਾਈਬਲ ਬਸ ਇੰਨਾ ਹੀ ਦੱਸਦੀ ਹੈ ਕਿ “ਅਹਾਬ ਖਾਣ ਪੀਣ ਨੂੰ ਚੜ੍ਹਿਆ।” (1 ਰਾਜ. 18:41, 42) ਏਲੀਯਾਹ ਬਾਰੇ ਕੀ?

6, 7. ਏਲੀਯਾਹ ਨੇ ਕਿਸ ਗੱਲ ਲਈ ਪ੍ਰਾਰਥਨਾ ਕੀਤੀ ਤੇ ਕਿਉਂ?

6 “ਏਲੀਯਾਹ ਕਰਮਲ ਦੀ ਟੀਸੀ ਉੱਤੇ ਚੜ੍ਹਿਆ ਅਤੇ ਧਰਤੀ ਤੀਕ ਨਿਵਿਆ ਅਰ ਆਪਣਾ ਮੂੰਹ ਗੋਡਿਆਂ ਵਿੱਚ ਰੱਖਿਆ।” ਜਦੋਂ ਅਹਾਬ ਖਾਣ-ਪੀਣ ਵਿਚ ਲੱਗਾ ਹੋਇਆ ਸੀ, ਉਦੋਂ ਏਲੀਯਾਹ ਨੂੰ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਨ ਦਾ ਮੌਕਾ ਮਿਲਿਆ। ਉਸ ਦੇ ਬੈਠਣ ਦੇ ਢੰਗ ਵੱਲ ਧਿਆਨ ਦਿਓ। ਉਸ ਨੇ ਗੋਡਿਆਂ ਭਾਰ ਬੈਠ ਕੇ ਜ਼ਮੀਨ ’ਤੇ ਸਿਰ ਨਿਵਾਇਆ। ਉਹ ਕੀ ਕਰ ਰਿਹਾ ਸੀ? ਸਾਨੂੰ ਅੰਦਾਜ਼ਾ ਲਾਉਣ ਦੀ ਲੋੜ ਨਹੀਂ। ਯਾਕੂਬ 5:18 ਵਿਚ ਅਸੀਂ ਪੜ੍ਹਦੇ ਹਾਂ ਕਿ ਏਲੀਯਾਹ ਨੇ ਸੋਕੇ ਨੂੰ ਖ਼ਤਮ ਕਰਨ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਸੀ। ਇਸ ਤੋਂ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਉਸ ਨੇ ਕਰਮਲ ਪਹਾੜ ਦੀ ਟੀਸੀ ’ਤੇ ਇਹ ਪ੍ਰਾਰਥਨਾ ਕੀਤੀ ਹੋਣੀ।

ਏਲੀਯਾਹ ਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇ

7 ਯਹੋਵਾਹ ਨੇ ਪਹਿਲਾਂ ਹੀ ਕਿਹਾ ਸੀ: “ਮੈਂ ਜ਼ਮੀਨ ਉੱਤੇ ਮੀਂਹ ਪਾਵਾਂਗਾ।” (1 ਰਾਜ. 18:1) ਇਸ ਲਈ ਏਲੀਯਾਹ ਨੇ ਪ੍ਰਾਰਥਨਾ ਕੀਤੀ ਕਿ ਯਹੋਵਾਹ ਆਪਣੀ ਇੱਛਾ ਪੂਰੀ ਕਰੇ, ਜਿਵੇਂ ਲਗਭਗ ਇਕ ਹਜ਼ਾਰ ਸਾਲ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ।​—ਮੱਤੀ 6:9, 10.

8. ਏਲੀਯਾਹ ਦੀ ਮਿਸਾਲ ਤੋਂ ਅਸੀਂ ਪ੍ਰਾਰਥਨਾ ਬਾਰੇ ਕੀ ਸਿੱਖਦੇ ਹਾਂ?

8 ਏਲੀਯਾਹ ਦੀ ਮਿਸਾਲ ਤੋਂ ਅਸੀਂ ਪ੍ਰਾਰਥਨਾ ਕਰਨ ਬਾਰੇ ਕਾਫ਼ੀ ਕੁਝ ਸਿੱਖਦੇ ਹਾਂ। ਏਲੀਯਾਹ ਲਈ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇ। ਪ੍ਰਾਰਥਨਾ ਕਰਦੇ ਵੇਲੇ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ: “ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” (1 ਯੂਹੰ. 5:14) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਪ੍ਰਾਰਥਨਾ ਸੁਣੇ, ਤਾਂ ਸਾਨੂੰ ਉਸ ਦੀ ਇੱਛਾ ਜਾਣਨ ਦੀ ਲੋੜ ਹੈ। ਉਸ ਦੀ ਇੱਛਾ ਜਾਣਨ ਲਈ ਸਾਨੂੰ ਹਰ ਰੋਜ਼ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ। ਏਲੀਯਾਹ ਇਸ ਲਈ ਵੀ ਸੋਕੇ ਦਾ ਅੰਤ ਦੇਖਣਾ ਚਾਹੁੰਦਾ ਸੀ ਕਿਉਂਕਿ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਸੋਕੇ ਕਰਕੇ ਦੁੱਖ ਸਹਿੰਦੇ ਦੇਖ ਰਿਹਾ ਸੀ। ਉਸ ਦਿਨ ਯਹੋਵਾਹ ਦਾ ਚਮਤਕਾਰ ਦੇਖ ਕੇ ਉਸ ਦਾ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਗਿਆ ਹੋਣਾ! ਇਸੇ ਤਰ੍ਹਾਂ ਸਾਨੂੰ ਵੀ ਪ੍ਰਾਰਥਨਾ ਵਿਚ ਦਿਲੋਂ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਦੂਜਿਆਂ ਦੇ ਭਲੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।​—2 ਕੁਰਿੰਥੀਆਂ 1:11; ਫ਼ਿਲਿੱਪੀਆਂ 4:6 ਪੜ੍ਹੋ।

ਉਸ ਨੇ ਪੂਰਾ ਭਰੋਸਾ ਰੱਖਿਆ ਤੇ ਚੁਕੰਨਾ ਰਿਹਾ

9. ਏਲੀਯਾਹ ਨੇ ਆਪਣੇ ਸੇਵਕ ਨੂੰ ਕੀ ਕਰਨ ਲਈ ਕਿਹਾ ਅਤੇ ਅਸੀਂ ਉਸ ਦੀਆਂ ਕਿਹੜੀਆਂ ਖੂਬੀਆਂ ਉੱਤੇ ਗੌਰ ਕਰਾਂਗੇ?

9 ਏਲੀਯਾਹ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਸੋਕਾ ਖ਼ਤਮ ਕਰੇਗਾ, ਪਰ ਇਹ ਨਹੀਂ ਪਤਾ ਸੀ ਕਿ ਕਦੋਂ। ਪਰ ਉਦੋਂ ਤਕ ਨਬੀ ਨੇ ਕੀ ਕੀਤਾ? ਧਿਆਨ ਦਿਓ ਕਿ ਬਾਈਬਲ ਕੀ ਕਹਿੰਦੀ ਹੈ: “ਉਸ ਨੇ ਆਪਣੇ [ਸੇਵਕ] ਨੂੰ ਆਖਿਆ, ਚੜ੍ਹ ਕੇ ਸਮੁੰਦਰ ਵੱਲ ਵੇਖ। ਉਹ ਚੜ੍ਹਿਆ ਜਦ ਵੇਖਿਆ ਤਾਂ ਆਖਿਆ, ਕੁਝ ਨਹੀਂ ਹੈ। ਫੇਰ ਉਸ ਨੇ ਆਖਿਆ, ਸੱਤ ਵਾਰ ਮੁੜ ਜਾਹ।” (1 ਰਾਜ. 18:43) ਇਸ ਤੋਂ ਸਾਨੂੰ ਉਸ ਦੀਆਂ ਘੱਟੋ-ਘੱਟ ਦੋ ਖੂਬੀਆਂ ਪਤਾ ਲੱਗਦੀਆਂ ਹਨ। ਪਹਿਲਾਂ, ਆਓ ਆਪਾਂ ਉਸ ਦੇ ਪੱਕੇ ਭਰੋਸੇ ਬਾਰੇ ਗੱਲ ਕਰੀਏ। ਫਿਰ ਦੇਖਾਂਗੇ ਕਿ ਉਹ ਕਿਵੇਂ ਚੁਕੰਨਾ ਰਿਹਾ।

ਏਲੀਯਾਹ ਉਤਸੁਕਤਾ ਨਾਲ ਮੀਂਹ ਪੈਣ ਦੇ ਆਸਾਰ ਦੇਖਦਾ ਰਿਹਾ

10, 11. (ੳ) ਏਲੀਯਾਹ ਨੇ ਕਿਸ ਤਰ੍ਹਾਂ ਯਹੋਵਾਹ ਦੇ ਵਾਅਦੇ ’ਤੇ ਪੂਰਾ ਭਰੋਸਾ ਦਿਖਾਇਆ? (ਅ) ਅਸੀਂ ਉਸ ਵਰਗਾ ਭਰੋਸਾ ਕਿਉਂ ਰੱਖ ਸਕਦੇ ਹਾਂ?

10 ਏਲੀਯਾਹ ਨੂੰ ਯਹੋਵਾਹ ਦੇ ਵਾਅਦੇ ’ਤੇ ਪੱਕਾ ਭਰੋਸਾ ਸੀ, ਇਸ ਲਈ ਉਹ ਉਤਸੁਕਤਾ ਨਾਲ ਮੀਂਹ ਪੈਣ ਦੇ ਆਸਾਰ ਦੇਖਦਾ ਰਿਹਾ। ਉਸ ਨੇ ਆਪਣੇ ਸੇਵਕ ਨੂੰ ਇਕ ਉੱਚੀ ਜਗ੍ਹਾ ਭੇਜਿਆ ਜਿੱਥੋਂ ਉਹ ਦੂਰ ਤਕ ਦੇਖ ਸਕਦਾ ਸੀ ਕਿ ਮੀਂਹ ਪੈਣ ਦੀ ਸੰਭਾਵਨਾ ਲੱਗ ਰਹੀ ਸੀ ਜਾਂ ਨਹੀਂ। ਸੇਵਕ ਨੇ ਵਾਪਸ ਆ ਕੇ ਮਰੀ ਜਿਹੀ ਆਵਾਜ਼ ਵਿਚ ਕਿਹਾ: “ਕੁਝ ਨਹੀਂ ਹੈ।” ਦੂਰ-ਦੂਰ ਤਕ ਮੀਂਹ ਪੈਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਸਨ ਕਿਉਂਕਿ ਆਕਾਸ਼ ਬਿਲਕੁਲ ਸਾਫ਼ ਸੀ। ਕੀ ਤੁਹਾਨੂੰ ਇੱਥੇ ਕੋਈ ਅਜੀਬ ਗੱਲ ਲੱਗੀ? ਯਾਦ ਕਰੋ ਕਿ ਏਲੀਯਾਹ ਨੇ ਹੁਣੇ-ਹੁਣੇ ਰਾਜਾ ਅਹਾਬ ਨੂੰ ਕਿਹਾ ਸੀ: “ਡਾਢੇ ਮੀਂਹ ਦੀ ਅਵਾਜ਼ ਆਈ ਹੈ।” ਤਾਂ ਫਿਰ ਏਲੀਯਾਹ ਨਬੀ ਇਹ ਗੱਲ ਕਿਵੇਂ ਕਹਿ ਸਕਦਾ ਸੀ ਜਦ ਕਿ ਬੱਦਲਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ?

11 ਏਲੀਯਾਹ ਯਹੋਵਾਹ ਦਾ ਵਾਅਦਾ ਜਾਣਦਾ ਸੀ। ਯਹੋਵਾਹ ਦਾ ਨਬੀ ਅਤੇ ਬੁਲਾਰਾ ਹੋਣ ਕਰਕੇ ਏਲੀਯਾਹ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਦੀ ਕਹੀ ਗੱਲ ਪੱਥਰ ’ਤੇ ਲਕੀਰ ਸੀ। ਭਾਵੇਂ ਅਜੇ ਮੀਂਹ ਨਹੀਂ ਪਿਆ ਸੀ, ਫਿਰ ਵੀ ਉਸ ਨੂੰ ਇੰਨਾ ਭਰੋਸਾ ਸੀ ਕਿ ਉਹ ਆਪਣੇ ਮਨ ਦੀਆਂ ਅੱਖਾਂ ਨਾਲ ਮੀਂਹ ਪੈਂਦਾ ਦੇਖ ਸਕਦਾ ਸੀ। ਇਸ ਤੋਂ ਸਾਨੂੰ ਸ਼ਾਇਦ ਮੂਸਾ ਬਾਰੇ ਕਹੀ ਬਾਈਬਲ ਦੀ ਇਹ ਗੱਲ ਯਾਦ ਆਵੇ: “ਉਹ ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।” ਕੀ ਮੂਸਾ ਵਾਂਗ ਤੁਸੀਂ ਵੀ ਮਨ ਦੀਆਂ ਅੱਖਾਂ ਨਾਲ ਪਰਮੇਸ਼ੁਰ ਨੂੰ ਦੇਖ ਸਕਦੇ ਹੋ? ਪਰਮੇਸ਼ੁਰ ਕਈ ਤਰੀਕਿਆਂ ਨਾਲ ਦਿਖਾਉਂਦਾ ਹੈ ਕਿ ਅਸੀਂ ਉਸ ਉੱਤੇ ਅਤੇ ਉਸ ਦੇ ਵਾਅਦਿਆਂ ’ਤੇ ਨਿਹਚਾ ਕਰ ਸਕਦੇ ਹਾਂ।​—ਇਬ. 11:1, 27.

12. ਏਲੀਯਾਹ ਨੇ ਕਿਵੇਂ ਦਿਖਾਇਆ ਕਿ ਉਹ ਚੁਕੰਨਾ ਸੀ ਅਤੇ ਛੋਟੇ ਜਿਹੇ ਬੱਦਲ ਬਾਰੇ ਸੁਣ ਕੇ ਉਸ ਨੇ ਕੀ ਕੀਤਾ?

12 ਅੱਗੇ ਧਿਆਨ ਦਿਓ ਕਿ ਏਲੀਯਾਹ ਕਿੰਨਾ ਚੁਕੰਨਾ ਰਿਹਾ। ਉਸ ਨੇ ਆਪਣੇ ਸੇਵਕ ਨੂੰ ਇਕ ਜਾਂ ਦੋ ਵਾਰੀ ਨਹੀਂ, ਸਗੋਂ ਸੱਤ ਵਾਰੀ ਵਾਪਸ ਭੇਜਿਆ! ਅਸੀਂ ਕਲਪਨਾ ਕਰ ਸਕਦੇ ਹਾਂ ਕਿ ਸੇਵਕ ਵਾਰ-ਵਾਰ ਜਾ ਕੇ ਥੱਕ ਗਿਆ ਹੋਣਾ, ਪਰ ਏਲੀਯਾਹ ਮੀਂਹ ਦੇ ਆਸਾਰ ਦੇਖਣ ਲਈ ਉਤਾਵਲਾ ਸੀ ਤੇ ਉਸ ਨੇ ਹਾਰ ਨਹੀਂ ਮੰਨੀ। ਅਖ਼ੀਰ ਸੱਤਵੀਂ ਵਾਰੀ ਵਾਪਸ ਆਉਣ ਤੇ ਸੇਵਕ ਨੇ ਕਿਹਾ: “ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰੋਂ ਉੱਠ ਰਿਹਾ ਹੈ।” ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸੇਵਕ ਨੇ ਆਪਣੀ ਬਾਂਹ ਅੱਗੇ ਨੂੰ ਫੈਲਾਈ ਹੋਈ ਹੈ ਤੇ ਆਪਣੇ ਹੱਥ ਦੇ ਇਸ਼ਾਰੇ ਨਾਲ ਦੱਸ ਰਿਹਾ ਹੈ ਕਿ ਮਹਾਂ ਸਾਗਰ ਉੱਤੇ ਆਏ ਛੋਟੇ ਜਿਹੇ ਬੱਦਲ ਦਾ ਆਕਾਰ ਕਿੰਨਾ ਕੁ ਹੈ? ਸੇਵਕ ਨੇ ਸ਼ਾਇਦ ਸੋਚਿਆ ਹੋਣਾ ਕਿ ਇੰਨੇ ਕੁ ਬੱਦਲ ਨਾਲ ਕਿੱਥੇ ਮੀਂਹ ਪੈਣਾ। ਪਰ ਏਲੀਯਾਹ ਲਈ ਇਹ ਛੋਟਾ ਜਿਹਾ ਬੱਦਲ ਬਹੁਤ ਮਾਅਨੇ ਰੱਖਦਾ ਸੀ। ਹੁਣ ਉਸ ਨੇ ਆਪਣੇ ਸੇਵਕ ਨੂੰ ਜ਼ਰੂਰੀ ਹਿਦਾਇਤਾਂ ਦਿੱਤੀਆਂ: “ਜਾਹ ਅਹਾਬ ਨੂੰ ਆਖ ਭਈ ਰਥ ਜੋੜ ਕੇ ਹੇਠਾਂ ਜਾਓ ਤਾਂ ਜੋ ਮੀਂਹ ਤੁਹਾਨੂੰ ਨਾ ਅੱਟਕਾਵੇ।”​—1 ਰਾਜ. 18:44.

13, 14. (ੳ) ਅਸੀਂ ਏਲੀਯਾਹ ਦੀ ਰੀਸ ਕਰ ਕੇ ਚੁਕੰਨੇ ਕਿਵੇਂ ਰਹਿ ਸਕਦੇ ਹਾਂ? (ਅ) ਤਨ-ਮਨ ਨਾਲ ਸੇਵਾ ਕਰਨ ਦੇ ਸਾਡੇ ਕੋਲ ਕਿਹੜੇ ਕਾਰਨ ਹਨ?

13 ਏਲੀਯਾਹ ਨੇ ਚੁਕੰਨਾ ਰਹਿ ਕੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ। ਅੱਜ ਅਸੀਂ ਵੀ ਅਜਿਹੇ ਸਮੇਂ ਵਿਚ ਰਹਿੰਦੇ ਹਾਂ ਜਦੋਂ ਪਰਮੇਸ਼ੁਰ ਆਪਣਾ ਵਾਅਦਾ ਪੂਰਾ ਕਰਨ ਲਈ ਜਲਦੀ ਹੀ ਕਦਮ ਚੁੱਕੇਗਾ। ਏਲੀਯਾਹ ਨੇ ਸੋਕੇ ਦੇ ਖ਼ਤਮ ਹੋਣ ਦਾ ਇੰਤਜ਼ਾਰ ਕੀਤਾ ਸੀ। ਅੱਜ ਪਰਮੇਸ਼ੁਰ ਦੇ ਸੇਵਕ ਇਸ ਬੁਰੀ ਦੁਨੀਆਂ ਦੇ ਅੰਤ ਦੀ ਉਡੀਕ ਕਰ ਰਹੇ ਹਨ। (1 ਯੂਹੰ. 2:17) ਜਦ ਤਕ ਯਹੋਵਾਹ ਇਸ ਤਰ੍ਹਾਂ ਨਹੀਂ ਕਰਦਾ, ਤਦ ਤਕ ਸਾਨੂੰ ਏਲੀਯਾਹ ਵਾਂਗ ਚੁਕੰਨੇ ਰਹਿਣ ਦੀ ਲੋੜ ਹੈ। ਪਰਮੇਸ਼ੁਰ ਦੇ ਪੁੱਤਰ ਯਿਸੂ ਨੇ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ: “ਇਸ ਲਈ, ਖ਼ਬਰਦਾਰ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ।” (ਮੱਤੀ 24:42) ਕੀ ਯਿਸੂ ਦੇ ਕਹਿਣ ਦਾ ਇਹ ਮਤਲਬ ਸੀ ਕਿ ਉਸ ਦੇ ਚੇਲਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਅੰਤ ਕਦੋਂ ਆਵੇਗਾ? ਨਹੀਂ, ਕਿਉਂਕਿ ਉਸ ਨੇ ਖੋਲ੍ਹ ਕੇ ਸਮਝਾਇਆ ਸੀ ਕਿ ਅੰਤ ਆਉਣ ਤੋਂ ਪਹਿਲਾਂ ਦੁਨੀਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ। ਅਸੀਂ ਸਾਰੇ ਹੀ “ਇਸ ਯੁਗ ਦੇ ਆਖ਼ਰੀ ਸਮੇਂ” ਬਾਰੇ ਦੱਸੀਆਂ ਨਿਸ਼ਾਨੀਆਂ ਨੂੰ ਪੂਰਾ ਹੁੰਦਾ ਦੇਖ ਸਕਦੇ ਹਾਂ।​—ਮੱਤੀ 24:3-7 ਪੜ੍ਹੋ।

ਇਕ ਛੋਟਾ ਜਿਹਾ ਬੱਦਲ ਏਲੀਯਾਹ ਨੂੰ ਭਰੋਸਾ ਦਿਵਾਉਣ ਲਈ ਕਾਫ਼ੀ ਸੀ ਕਿ ਯਹੋਵਾਹ ਕਦਮ ਉਠਾਉਣ ਵਾਲਾ ਸੀ। ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਪੂਰੀਆਂ ਹੁੰਦੀਆਂ ਦੇਖ ਕੇ ਸਾਨੂੰ ਤਨ-ਮਨ ਨਾਲ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ

14 ਹਰ ਨਿਸ਼ਾਨੀ ਸਾਡੇ ਲਈ ਜ਼ਬਰਦਸਤ ਤੇ ਪੱਕਾ ਸਬੂਤ ਹੈ। ਕੀ ਇਹ ਸਬੂਤ ਦੇਖ ਕੇ ਸਾਨੂੰ ਯਹੋਵਾਹ ਦੀ ਸੇਵਾ ਪੂਰੇ ਤਨ-ਮਨ ਨਾਲ ਕਰਨ ਦੀ ਪ੍ਰੇਰਣਾ ਨਹੀਂ ਮਿਲਦੀ? ਦੂਰ ਇਕ ਛੋਟਾ ਜਿਹਾ ਬੱਦਲ ਏਲੀਯਾਹ ਨੂੰ ਭਰੋਸਾ ਦਿਵਾਉਣ ਲਈ ਕਾਫ਼ੀ ਸੀ ਕਿ ਯਹੋਵਾਹ ਕਦਮ ਉਠਾਉਣ ਵਾਲਾ ਸੀ। ਕੀ ਯਹੋਵਾਹ ਨੇ ਆਪਣੇ ਵਫ਼ਾਦਾਰ ਨਬੀ ਨੂੰ ਨਿਰਾਸ਼ ਕੀਤਾ?

ਯਹੋਵਾਹ ਰਾਹਤ ਤੇ ਬਰਕਤਾਂ ਦਿੰਦਾ ਹੈ

15, 16. ਜਲਦੀ ਹੀ ਕੀ ਹੋਇਆ ਅਤੇ ਏਲੀਯਾਹ ਨੇ ਸ਼ਾਇਦ ਅਹਾਬ ਬਾਰੇ ਕੀ ਸੋਚਿਆ ਹੋਣਾ?

15 ਬਾਈਬਲ ਸਾਨੂੰ ਦੱਸਦੀ ਹੈ: “ਐਨੇ ਵਿੱਚ ਐਉਂ ਹੋਇਆ ਕਿ ਅਕਾਸ਼ ਘਟਾਂ ਅਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰ੍ਹਿਆ ਤਾਂ ਅਹਾਬ ਚੜ੍ਹ ਕੇ ਯਿਜ਼ਰਾਏਲ ਨੂੰ ਗਿਆ।” (1 ਰਾਜ. 18:45) ਸਭ ਕੁਝ ਬੜੀ ਤੇਜ਼ੀ ਨਾਲ ਹੋਇਆ। ਏਲੀਯਾਹ ਦਾ ਸੇਵਕ ਅਹਾਬ ਨੂੰ ਅਜੇ ਸੰਦੇਸ਼ ਦੇ ਹੀ ਰਿਹਾ ਸੀ ਕਿ ਉਹ ਛੋਟਾ ਜਿਹਾ ਬੱਦਲ ਵੱਡਾ ਹੋ ਗਿਆ ਤੇ ਆਕਾਸ਼ ਵਿਚ ਕਾਲੀਆਂ ਘਟਾਵਾਂ ਛਾ ਗਈਆਂ। ਤੇਜ਼ ਹਨੇਰੀ ਚੱਲਣ ਲੱਗ ਪਈ। ਅਖ਼ੀਰ ਸਾਢੇ ਤਿੰਨ ਸਾਲਾਂ ਬਾਅਦ ਇਜ਼ਰਾਈਲ ਵਿਚ ਮੀਂਹ ਪੈਣ ਲੱਗ ਪਿਆ। ਸੋਕੇ ਕਾਰਨ ਝੁਲਸੀ ਜ਼ਮੀਨ ਨੇ ਕਣੀਆਂ ਸੋਖ ਲਈਆਂ। ਭਾਰੀ ਵਰਖਾ ਪੈਣ ਨਾਲ ਕੀਸ਼ੋਨ ਨਦੀ ਨੱਕੋ-ਨੱਕ ਭਰ ਗਈ ਤੇ ਇਸ ਨੇ ਬਆਲ ਦੇ ਮਾਰੇ ਗਏ ਨਬੀਆਂ ਦੇ ਲਹੂ ਨੂੰ ਜ਼ਮੀਨ ਤੋਂ ਧੋ ਦਿੱਤਾ। ਭਟਕੇ ਹੋਏ ਇਜ਼ਰਾਈਲੀਆਂ ਕੋਲ ਹੁਣ ਇਹ ਮੌਕਾ ਸੀ ਕਿ ਉਹ ਦੇਸ਼ ਵਿਚ ਹੋ ਰਹੀ ਬਆਲ ਦੀ ਭਗਤੀ ਦਾ ਨਾਮੋ-ਨਿਸ਼ਾਨ ਮਿਟਾ ਦੇਣ।

“ਡਾਢਾ ਮੀਂਹ ਵਰ੍ਹਿਆ”

16 ਯਕੀਨਨ ਏਲੀਯਾਹ ਨੇ ਇਹੀ ਉਮੀਦ ਕੀਤੀ ਹੋਣੀ! ਨਾਲੇ ਉਸ ਨੇ ਸੋਚਿਆ ਹੋਣਾ ਕਿ ਇਹ ਸਭ ਕੁਝ ਦੇਖ ਕੇ ਅਹਾਬ ਕਿਸ ਤਰ੍ਹਾਂ ਦਾ ਰਵੱਈਆ ਦਿਖਾਵੇਗਾ। ਕੀ ਅਹਾਬ ਤੋਬਾ ਕਰ ਕੇ ਬਆਲ ਦੀ ਮਲੀਨ ਭਗਤੀ ਕਰਨੀ ਛੱਡੇਗਾ? ਹਾਂ, ਉਹ ਸਾਰੇ ਚਮਤਕਾਰ ਦੇਖ ਕੇ ਉਸ ਕੋਲ ਆਪਣੇ ਆਪ ਨੂੰ ਨਾ ਬਦਲਣ ਦਾ ਕੋਈ ਬਹਾਨਾ ਨਹੀਂ ਸੀ। ਪਰ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਚਮਤਕਾਰਾਂ ਨੂੰ ਦੇਖ ਕੇ ਅਹਾਬ ਦੇ ਦਿਮਾਗ਼ ਵਿਚ ਕੀ ਚੱਲ ਰਿਹਾ ਸੀ। ਬਾਈਬਲ ਵਿਚ ਸਿਰਫ਼ ਇਹੀ ਦੱਸਿਆ ਗਿਆ ਹੈ ਕਿ ਰਾਜਾ “ਚੜ੍ਹ ਕੇ ਯਿਜ਼ਰਾਏਲ ਨੂੰ ਗਿਆ।” ਕੀ ਉਸ ਨੇ ਕੁਝ ਸਿੱਖਿਆ? ਕੀ ਉਸ ਨੇ ਆਪਣੇ ਵਿਚ ਤਬਦੀਲੀਆਂ ਕਰਨ ਦਾ ਫ਼ੈਸਲਾ ਕੀਤਾ ਸੀ? ਬਾਅਦ ਵਿਚ ਹੋਈਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਹੁਣ ਧਿਆਨ ਦਿਓ ਕਿ ਅਹਾਬ ਤੇ ਏਲੀਯਾਹ ਨਾਲ ਅੱਗੇ ਕੀ ਹੋਇਆ।

17, 18. (ੳ) ਯਿਜ਼ਰਏਲ ਨੂੰ ਜਾਂਦੇ ਰਾਹ ’ਤੇ ਏਲੀਯਾਹ ਨਾਲ ਕੀ ਹੋਇਆ? (ਅ) ਕਰਮਲ ਪਰਬਤ ਤੋਂ ਯਿਜ਼ਰਏਲ ਤਕ ਏਲੀਯਾਹ ਦਾ ਦੌੜਨਾ ਕਮਾਲ ਦੀ ਗੱਲ ਕਿਉਂ ਸੀ? (ਫੁਟਨੋਟ ਵੀ ਦੇਖੋ।)

17 ਯਹੋਵਾਹ ਦਾ ਨਬੀ ਵੀ ਉਸੇ ਰਾਹ ਪੈ ਗਿਆ ਜਿਸ ਰਾਹ ਅਹਾਬ ਗਿਆ ਸੀ। ਸਫ਼ਰ ਲੰਬਾ ਸੀ, ਸ਼ਾਮ ਪੈਣ ਅਤੇ ਕਾਲੇ ਬੱਦਲਾਂ ਕਰਕੇ ਹਨੇਰਾ ਹੋ ਚੁੱਕਾ ਸੀ ਤੇ ਰਾਹ ਵਿਚ ਚਿੱਕੜ ਸੀ। ਫਿਰ ਇਕ ਅਨੋਖੀ ਗੱਲ ਹੋਈ।

18 “ਯਹੋਵਾਹ ਦਾ ਹੱਥ ਏਲੀਯਾਹ ਦੇ ਉੱਤੇ ਸੀ ਸੋ ਉਹ ਆਪਣਾ ਲੱਕ ਬਨ੍ਹ ਕੇ ਅਹਾਬ ਦੇ ਅੱਗੇ ਯਿਜ਼ਰਏਲ ਦੇ ਲਾਂਘੇ ਤੀਕ ਭੱਜਿਆ ਗਿਆ।” (1 ਰਾਜ. 18:46) ਯਿਜ਼ਰਏਲ 30 ਕਿਲੋਮੀਟਰ (19 ਮੀਲ) ਦੂਰ ਸੀ ਅਤੇ ਏਲੀਯਾਹ ਉਸ ਵੇਲੇ ਜਵਾਨ ਨਹੀਂ ਸੀ। * ਕਲਪਨਾ ਕਰੋ ਕਿ ਨਬੀ ਆਪਣੇ ਲੰਬੇ ਕੱਪੜਿਆਂ ਨੂੰ ਮੋੜ ਕੇ ਆਪਣੇ ਲੱਕ ’ਤੇ ਬੰਨ੍ਹ ਰਿਹਾ ਹੈ ਤਾਂਕਿ ਕੱਪੜੇ ਉਸ ਦੀਆਂ ਲੱਤਾਂ ਵਿਚ ਨਾ ਫਸਣ। ਫਿਰ ਉਹ ਪਾਣੀ ਨਾਲ ਭਰੇ ਰਾਹ ਉੱਤੇ ਇੰਨੀ ਤੇਜ਼ ਦੌੜਦਾ ਹੈ ਕਿ ਉਹ ਸ਼ਾਹੀ ਰਥ ਨਾਲ ਰਲ਼ ਜਾਂਦਾ ਹੈ ਤੇ ਫਿਰ ਰਥ ਤੋਂ ਵੀ ਅੱਗੇ ਨਿਕਲ ਜਾਂਦਾ ਹੈ! ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਏਲੀਯਾਹ ਦੇ ਇੰਨੀ ਤੇਜ਼ ਦੌੜਨ ਪਿੱਛੇ “ਯਹੋਵਾਹ ਦਾ ਹੱਥ” ਸੀ।

19. (ੳ) ਏਲੀਯਾਹ ਨੂੰ ਯਹੋਵਾਹ ਤੋਂ ਮਿਲਿਆ ਬਲ ਸ਼ਾਇਦ ਸਾਨੂੰ ਕਿਹੜੀਆਂ ਭਵਿੱਖਬਾਣੀਆਂ ਯਾਦ ਕਰਾਵੇ? (ਅ) ਯਿਜ਼ਰਏਲ ਨੂੰ ਦੌੜਦੇ ਸਮੇਂ ਏਲੀਯਾਹ ਕਿਹੜੀ ਗੱਲ ਚੰਗੀ ਤਰ੍ਹਾਂ ਜਾਣਦਾ ਸੀ?

19 ਇਹ ਏਲੀਯਾਹ ਲਈ ਕਿੰਨੀ ਵੱਡੀ ਬਰਕਤ ਸੀ! ਇਸ ਉਮਰੇ ਉਸ ਨੂੰ ਆਪਣੇ ਸਰੀਰ ਵਿਚ ਇੰਨਾ ਬਲ ਤੇ ਦਮ ਮਹਿਸੂਸ ਕਰ ਕੇ ਕਿੰਨਾ ਚੰਗਾ ਲੱਗਾ ਹੋਣਾ! ਉਸ ਵਿਚ ਇੰਨਾ ਬਲ ਤਾਂ ਸ਼ਾਇਦ ਜਵਾਨੀ ਵਿਚ ਵੀ ਨਹੀਂ ਹੋਣਾ। ਇਹ ਪੜ੍ਹ ਕੇ ਸਾਨੂੰ ਸ਼ਾਇਦ ਉਹ ਭਵਿੱਖਬਾਣੀਆਂ ਯਾਦ ਆਉਣ ਜਿਨ੍ਹਾਂ ਵਿਚ ਪੱਕਾ ਵਾਅਦਾ ਕੀਤਾ ਗਿਆ ਹੈ ਕਿ ਨਵੀਂ ਦੁਨੀਆਂ ਵਿਚ ਵਫ਼ਾਦਾਰ ਲੋਕਾਂ ਦੀ ਚੰਗੀ ਸਿਹਤ ਹੋਵੇਗੀ ਤੇ ਉਨ੍ਹਾਂ ਵਿਚ ਤਾਕਤ ਹੋਵੇਗੀ। (ਯਸਾਯਾਹ 35:6 ਪੜ੍ਹੋ; ਲੂਕਾ 23:43) ਜਦੋਂ ਏਲੀਯਾਹ ਚਿੱਕੜ ਭਰੇ ਰਾਹ ’ਤੇ ਦੌੜ ਰਿਹਾ ਸੀ, ਤਾਂ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਉੱਤੇ ਯਹੋਵਾਹ ਆਪਣੇ ਪਿਤਾ ਅਤੇ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਮਿਹਰ ਸੀ!

20. ਅਸੀਂ ਯਹੋਵਾਹ ਤੋਂ ਬਰਕਤਾਂ ਕਿਵੇਂ ਪਾ ਸਕਦੇ ਹਾਂ?

20 ਯਹੋਵਾਹ ਸਾਨੂੰ ਬਰਕਤਾਂ ਦੇਣ ਲਈ ਉਤਾਵਲਾ ਹੈ। ਆਓ ਆਪਾਂ ਉਸ ਤੋਂ ਬਰਕਤਾਂ ਪਾਉਣ ਲਈ ਜੀ-ਜਾਨ ਨਾਲ ਸੇਵਾ ਕਰੀਏ। ਏਲੀਯਾਹ ਦੀ ਤਰ੍ਹਾਂ ਸਾਨੂੰ ਉਨ੍ਹਾਂ ਸਬੂਤਾਂ ਪ੍ਰਤੀ ਚੁਕੰਨੇ ਰਹਿਣ ਦੀ ਲੋੜ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਜਲਦੀ ਇਸ ਖ਼ਤਰਨਾਕ ਤੇ ਅਹਿਮ ਸਮੇਂ ਵਿਚ ਕਦਮ ਚੁੱਕਣ ਵਾਲਾ ਹੈ। ਏਲੀਯਾਹ ਵਾਂਗ ਸਾਡੇ ਕੋਲ ਪੱਕੇ ਸਬੂਤ ਹਨ ਜਿਨ੍ਹਾਂ ਕਰਕੇ ਅਸੀਂ “ਸਚਿਆਈ ਦੇ ਪਰਮੇਸ਼ੁਰ” ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਰੱਖ ਸਕਦੇ ਹਾਂ।​—ਜ਼ਬੂ. 31:5.

^ ਪੈਰਾ 18 ਇਸ ਤਰ੍ਹਾਂ ਲੱਗਦਾ ਹੈ ਕਿ ਉਸ ਵੇਲੇ ਏਲੀਯਾਹ ਬੁੱਢਾ ਹੋ ਚੁੱਕਾ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਇਸ ਘਟਨਾ ਤੋਂ ਜਲਦੀ ਬਾਅਦ ਯਹੋਵਾਹ ਨੇ ਏਲੀਯਾਹ ਨੂੰ ਅਲੀਸ਼ਾ ਨੂੰ ਸਿਖਲਾਈ ਦੇਣ ਦਾ ਕੰਮ ਦਿੱਤਾ। ਅਲੀਸ਼ਾ “ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ।” (2 ਰਾਜ. 3:11) ਇਸ ਤੋਂ ਪਤਾ ਲੱਗਦਾ ਹੈ ਕਿ ਅਲੀਸ਼ਾ ਬਜ਼ੁਰਗ ਏਲੀਯਾਹ ਦਾ ਸੇਵਕ ਸੀ ਅਤੇ ਹਰ ਕੰਮ ਵਿਚ ਉਸ ਦੀ ਮਦਦ ਕਰਦਾ ਸੀ।