Skip to content

Skip to table of contents

ਪਾਠ 20

“ਮੈਨੂੰ ਵਿਸ਼ਵਾਸ ਹੈ”

“ਮੈਨੂੰ ਵਿਸ਼ਵਾਸ ਹੈ”

1. ਦੱਸੋ ਕਿ ਮਾਰਥਾ ਦੇ ਦਿਲ ’ਤੇ ਕੀ ਬੀਤ ਰਹੀ ਸੀ ਤੇ ਕਿਉਂ।

ਮਾਰਥਾ ਆਪਣੇ ਮਨ ਦੀਆਂ ਅੱਖਾਂ ਨਾਲ ਆਪਣੇ ਵੀਰ ਦੀ ਕਬਰ ਦੇਖ ਰਹੀ ਹੈ। ਇਹ ਕਬਰ ਅਸਲ ਵਿਚ ਇਕ ਗੁਫਾ ਹੈ ਜਿਸ ਦੇ ਮੂੰਹ ’ਤੇ ਇਕ ਪੱਥਰ ਰੱਖਿਆ ਹੋਇਆ ਹੈ। ਉਸ ਦੇ ਹੰਝੂ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ। ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਸ ਦਾ ਪਿਆਰਾ ਵੀਰ ਲਾਜ਼ਰ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। ਲਾਜ਼ਰ ਨੂੰ ਗੁਜ਼ਰੇ ਚਾਰ ਦਿਨ ਹੋ ਗਏ ਹਨ। ਉਨ੍ਹਾਂ ਦੇ ਘਰ ਵਿਚ ਮਾਤਮ ਦਾ ਮਾਹੌਲ ਹੈ ਅਤੇ ਸੋਗ ਕਰਨ ਵਾਲਿਆਂ ਦਾ ਆਉਣਾ-ਜਾਣਾ ਲੱਗਾ ਹੋਇਆ ਹੈ!

2, 3. (ੳ) ਯਿਸੂ ਨੂੰ ਦੇਖ ਕੇ ਮਾਰਥਾ ’ਤੇ ਕੀ ਅਸਰ ਪਿਆ ਹੋਣਾ? (ਅ) ਮਾਰਥਾ ਦੀ ਕਹੀ ਖ਼ਾਸ ਗੱਲ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ?

2 ਹੁਣ ਮਾਰਥਾ ਦੇ ਸਾਮ੍ਹਣੇ ਉਸ ਦੇ ਭਰਾ ਦਾ ਜਿਗਰੀ ਦੋਸਤ ਯਿਸੂ ਖੜ੍ਹਾ ਹੈ। ਉਸ ਨੂੰ ਦੇਖ ਕੇ ਉਹ ਉੱਚੀ-ਉੱਚੀ ਰੋਣ ਲੱਗ ਪੈਂਦੀ ਹੈ ਕਿਉਂਕਿ ਸਿਰਫ਼ ਯਿਸੂ ਹੀ ਉਸ ਦੇ ਵੀਰ ਨੂੰ ਮਰਨ ਤੋਂ ਬਚਾ ਸਕਦਾ ਸੀ। ਫਿਰ ਵੀ ਯਿਸੂ ਨੂੰ ਆਪਣੇ ਪਿੰਡ ਬੈਥਨੀਆ ਦੇਖ ਕੇ ਉਸ ਨੂੰ ਬਹੁਤ ਹੌਸਲਾ ਮਿਲਦਾ ਹੈ। ਯਿਸੂ ਦੀਆਂ ਅੱਖਾਂ ਵਿਚ ਹਮਦਰਦੀ ਤੇ ਦਇਆ ਝਲਕਦੀ ਹੈ ਜਿਸ ਕਰਕੇ ਮਾਰਥਾ ਦਾ ਦਿਲ ਹੌਲਾ ਹੁੰਦਾ ਹੈ। ਯਿਸੂ ਮਾਰਥਾ ਨੂੰ ਕੁਝ ਸਵਾਲ ਪੁੱਛ ਕੇ ਉਸ ਦੀ ਨਿਹਚਾ ਮਜ਼ਬੂਤ ਕਰਦਾ ਹੈ ਤੇ ਮਰੇ ਲੋਕਾਂ ਨੂੰ ਜੀਉਂਦੇ ਕੀਤੇ ਜਾਣ ਦੀ ਉਮੀਦ ਵੱਲ ਉਸ ਦਾ ਧਿਆਨ ਖਿੱਚਦਾ ਹੈ। ਇਸ ਗੱਲਬਾਤ ਦੌਰਾਨ ਮਾਰਥਾ ਇਕ ਖ਼ਾਸ ਗੱਲ ਕਹਿੰਦੀ ਹੈ: “ਮੈਨੂੰ ਵਿਸ਼ਵਾਸ ਹੈ ਕਿ ਤੂੰ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈਂ ਜਿਸ ਦੇ ਦੁਨੀਆਂ ਵਿਚ ਆਉਣ ਬਾਰੇ ਧਰਮ-ਗ੍ਰੰਥ ਵਿਚ ਲਿਖਿਆ ਗਿਆ ਸੀ।”​—ਯੂਹੰ. 11:27.

3 ਇਸ ਗੱਲ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮਾਰਥਾ ਦੀ ਨਿਹਚਾ ਕਿੰਨੀ ਪੱਕੀ ਸੀ! ਚਾਹੇ ਬਾਈਬਲ ਸਾਨੂੰ ਮਾਰਥਾ ਬਾਰੇ ਬਹੁਤਾ ਕੁਝ ਨਹੀਂ ਦੱਸਦੀ, ਫਿਰ ਵੀ ਉਸ ਦੀ ਮਿਸਾਲ ’ਤੇ ਗੌਰ ਕਰਨ ਨਾਲ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋ ਸਕਦੀ ਹੈ। ਆਓ ਆਪਾਂ ਉਸ ਬਿਰਤਾਂਤ ਬਾਰੇ ਗੱਲ ਕਰੀਏ ਜਿੱਥੇ ਬਾਈਬਲ ਵਿਚ ਪਹਿਲੀ ਵਾਰ ਮਾਰਥਾ ਦਾ ਜ਼ਿਕਰ ਆਉਂਦਾ ਹੈ।

‘ਚਿੰਤਾ ਕਰਦੀ ਹੈ’

4. ਮਾਰਥਾ ਦੇ ਪਰਿਵਾਰ ਬਾਰੇ ਦੱਸੋ। ਉਨ੍ਹਾਂ ਦਾ ਯਿਸੂ ਨਾਲ ਕਿਹੋ ਜਿਹਾ ਰਿਸ਼ਤਾ ਸੀ?

4 ਕੁਝ ਮਹੀਨੇ ਪਹਿਲਾਂ ਜਦ ਲਾਜ਼ਰ ਜੀਉਂਦਾ ਤੇ ਸਿਹਤਮੰਦ ਸੀ, ਤਾਂ ਬੈਥਨੀਆ ਵਿਚ ਉਸ ਦੇ ਘਰ ਇਕ ਬਹੁਤ ਹੀ ਖ਼ਾਸ ਮਹਿਮਾਨ ਯਿਸੂ ਮਸੀਹ ਆਉਣ ਵਾਲਾ ਸੀ। ਲਾਜ਼ਰ ਆਪਣੀਆਂ ਦੋ ਭੈਣਾਂ ਮਾਰਥਾ ਤੇ ਮਰੀਅਮ ਨਾਲ ਰਹਿੰਦਾ ਸੀ। ਕੁਝ ਖੋਜਕਾਰ ਮੰਨਦੇ ਹਨ ਕਿ ਮਾਰਥਾ ਸ਼ਾਇਦ ਤਿੰਨਾਂ ਵਿੱਚੋਂ ਵੱਡੀ ਸੀ ਕਿਉਂਕਿ ਉਸ ਨੇ ਪਰਾਹੁਣਚਾਰੀ ਦਿਖਾਉਣ ਵਿਚ ਪਹਿਲ ਕੀਤੀ ਸੀ। ਨਾਲੇ ਬਾਈਬਲ ਵਿਚ ਜਦ ਵੀ ਇਨ੍ਹਾਂ ਤਿੰਨਾਂ ਦਾ ਜ਼ਿਕਰ ਆਉਂਦਾ ਹੈ, ਤਾਂ ਮਾਰਥਾ ਦਾ ਨਾਂ ਕਈ ਵਾਰ ਪਹਿਲਾਂ ਆਉਂਦਾ ਹੈ। (ਯੂਹੰ. 11:5) ਸਾਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਵਿੱਚੋਂ ਕਿਸੇ ਦਾ ਵਿਆਹ ਹੋਇਆ ਸੀ ਜਾਂ ਨਹੀਂ। ਪਰ ਉਹ ਯਿਸੂ ਨੂੰ ਆਪਣਾ ਭਰਾ ਸਮਝਦੇ ਸਨ। ਯਹੂਦੀਆ ਵਿਚ ਸੇਵਕਾਈ ਦੌਰਾਨ ਯਿਸੂ ਨੇ ਬਹੁਤ ਵਿਰੋਧ ਦਾ ਸਾਮ੍ਹਣਾ ਕੀਤਾ, ਪਰ ਇਸ ਦੌਰਾਨ ਉਹ ਉਨ੍ਹਾਂ ਦੇ ਘਰ ਠਹਿਰਦਾ ਹੁੰਦਾ ਸੀ ਜਿੱਥੇ ਉਸ ਨੂੰ ਸ਼ਾਂਤੀ ਤੇ ਸਕੂਨ ਮਿਲਦਾ ਸੀ। ਇਸ ਕਰਕੇ ਯਿਸੂ ਉਨ੍ਹਾਂ ਦਾ ਬਹੁਤ ਸ਼ੁਕਰਗੁਜ਼ਾਰ ਸੀ।

5, 6. (ੳ) ਯਿਸੂ ਦੇ ਘਰ ਆਉਣ ਤੇ ਮਾਰਥਾ ਕਿਉਂ ਇੰਨੀ ਰੁੱਝ ਗਈ ਸੀ? (ਅ) ਯਿਸੂ ਦੇ ਆਉਣ ਤੇ ਮਰੀਅਮ ਨੇ ਕੀ ਕੀਤਾ?

5 ਮਾਰਥਾ ਘਰ ਦੀ ਦੇਖ-ਰੇਖ ਅਤੇ ਪਰਾਹੁਣਚਾਰੀ ਕਰਦੀ ਹੁੰਦੀ ਸੀ। ਮਿਹਨਤੀ ਹੋਣ ਕਰਕੇ ਉਹ ਅਕਸਰ ਘਰ ਦੇ ਕੰਮਾਂ ਵਿਚ ਲੱਗੀ ਰਹਿੰਦੀ ਸੀ। ਅੱਜ ਉਨ੍ਹਾਂ ਦੇ ਘਰ ਇਕ ਖ਼ਾਸ ਮਹਿਮਾਨ ਯਿਸੂ ਨੇ ਆਉਣਾ ਸੀ। ਇਸ ਲਈ ਉਸ ਨੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਯਿਸੂ ਦੇ ਨਾਲ ਸ਼ਾਇਦ ਹੋਰ ਵੀ ਕਈ ਜਣਿਆਂ ਨੇ ਆਉਣਾ ਸੀ। ਉਸ ਜ਼ਮਾਨੇ ਵਿਚ ਪਰਾਹੁਣਚਾਰੀ ਕਰਨੀ ਬਹੁਤ ਅਹਿਮ ਗੱਲ ਮੰਨੀ ਜਾਂਦੀ ਸੀ। ਜਦ ਕੋਈ ਪਰਾਹੁਣਾ ਆਉਂਦਾ ਸੀ, ਤਾਂ ਚੁੰਮ ਕੇ ਉਸ ਦਾ ਸੁਆਗਤ ਕੀਤਾ ਜਾਂਦਾ ਸੀ, ਉਸ ਦੀਆਂ ਜੁੱਤੀਆਂ ਲਾਹ ਕੇ ਪੈਰ ਧੋਤੇ ਜਾਂਦੇ ਸਨ ਅਤੇ ਸਿਰ ’ਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਜਾਂਦਾ ਸੀ। (ਲੂਕਾ 7:44-47 ਪੜ੍ਹੋ।) ਉਸ ਦੇ ਰਹਿਣ ਤੇ ਖਾਣ-ਪੀਣ ਦਾ ਹਰ ਇੰਤਜ਼ਾਮ ਕੀਤਾ ਜਾਂਦਾ ਸੀ।

6 ਉਸ ਦਿਨ ਮਾਰਥਾ ਅਤੇ ਮਰੀਅਮ ਕੋਲ ਬਿਲਕੁਲ ਵੀ ਵਿਹਲ ਨਹੀਂ ਸੀ। ਲੱਗਦਾ ਹੈ ਕਿ ਇਨ੍ਹਾਂ ਦੋਹਾਂ ਭੈਣਾਂ ਵਿੱਚੋਂ ਮਰੀਅਮ ਸਿੱਖਣ ਵਿਚ ਜ਼ਿਆਦਾ ਦਿਲਚਸਪੀ ਰੱਖਦੀ ਸੀ। ਉਸ ਨੇ ਪਹਿਲਾਂ ਤਾਂ ਕੰਮ ਵਿਚ ਆਪਣੀ ਭੈਣ ਦਾ ਹੱਥ ਵਟਾਇਆ ਹੋਣਾ। ਪਰ ਯਿਸੂ ਦੇ ਆਉਣ ਤੇ ਮਰੀਅਮ ਨੇ ਕੀ ਕੀਤਾ? ਉਸ ਮੌਕੇ ਤੇ ਯਿਸੂ ਘਰ ਵਿਚ ਮੌਜੂਦ ਲੋਕਾਂ ਨੂੰ ਸਿੱਖਿਆ ਦੇਣ ਲੱਗਾ। ਉਸ ਸਮੇਂ ਦੇ ਧਾਰਮਿਕ ਆਗੂਆਂ ਤੋਂ ਉਲਟ ਯਿਸੂ ਔਰਤਾਂ ਦਾ ਆਦਰ ਕਰਦਾ ਸੀ ਅਤੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਂਦਾ ਸੀ। ਇਸ ਮੌਕੇ ਦਾ ਲਾਹਾ ਲੈਂਦਿਆਂ ਮਰੀਅਮ ਯਿਸੂ ਦੀਆਂ ਗੱਲਾਂ ਸੁਣਨ ਲਈ ਉਸ ਦੇ ਚਰਨੀਂ ਬੈਠ ਗਈ।

7, 8. ਮਾਰਥਾ ਨੂੰ ਗੁੱਸਾ ਕਿਉਂ ਆਇਆ ਅਤੇ ਉਸ ਨੇ ਆਪਣਾ ਗੁੱਸਾ ਕਿਵੇਂ ਜ਼ਾਹਰ ਕੀਤਾ?

7 ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਮਾਰਥਾ ਦੇ ਮਨ ਵਿਚ ਕਿੰਨੀ ਉਥਲ-ਪੁਥਲ ਮਚੀ ਹੋਣੀ। ਉਸ ਨੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕਰਨ ਦੇ ਨਾਲ-ਨਾਲ ਮਹਿਮਾਨਾਂ ਦੀ ਦੇਖ-ਭਾਲ ਵੀ ਕਰਨੀ ਸੀ। ਇਸ ਬਾਰੇ ਸੋਚ-ਸੋਚ ਕੇ ਉਹ ਬਹੁਤ ਪਰੇਸ਼ਾਨ ਤੇ ਫ਼ਿਕਰਮੰਦ ਹੋ ਗਈ ਸੀ। ਉਹ ਆਉਂਦੀ-ਜਾਂਦੀ ਦੇਖਦੀ ਹੋਣੀ ਕਿ ਉਸ ਦੀ ਭੈਣ ਕੰਮ ਕਰਾਉਣ ਦੀ ਬਜਾਇ ਆਰਾਮ ਨਾਲ ਬੈਠੀ ਯਿਸੂ ਦੀਆਂ ਗੱਲਾਂ ਸੁਣ ਰਹੀ ਸੀ। ਕੀ ਇਹ ਦੇਖ ਕੇ ਮਾਰਥਾ ਨੂੰ ਗੁੱਸਾ ਆਇਆ ਜਾਂ ਉਹ ਬੁੜਬੁੜਾਉਣ ਲੱਗੀ ਜਾਂ ਉਸ ਨੇ ਮੱਥੇ ਵੱਟ ਪਾਇਆ? ਜੇ ਉਸ ਨੇ ਇੱਦਾਂ ਕੀਤਾ ਵੀ, ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਉਹ ਸਾਰਾ ਕੰਮ ਇਕੱਲੀ ਨਹੀਂ ਕਰ ਸਕਦੀ ਸੀ!

8 ਅਖ਼ੀਰ ਉਸ ਦੇ ਸਬਰ ਦਾ ਬੰਨ੍ਹ ਟੁੱਟ ਹੀ ਗਿਆ। ਉਸ ਨੇ ਯਿਸੂ ਦੀ ਗੱਲ ਨੂੰ ਟੋਕ ਕੇ ਕਿਹਾ: “ਪ੍ਰਭੂ, ਤੈਨੂੰ ਜ਼ਰਾ ਵੀ ਖ਼ਿਆਲ ਨਹੀਂ ਆਇਆ ਕਿ ਮੇਰੀ ਭੈਣ ਨੇ ਸਾਰਾ ਕੰਮ ਮੇਰੇ ਸਿਰ ’ਤੇ ਛੱਡਿਆ ਹੋਇਆ ਹੈ? ਇਹ ਨੂੰ ਕਹਿ, ਆ ਕੇ ਮੇਰੀ ਮਦਦ ਕਰੇ।” (ਲੂਕਾ 10:40) ਇਨ੍ਹਾਂ ਸ਼ਬਦਾਂ ਤੋਂ ਉਸ ਦਾ ਗੁੱਸਾ ਝਲਕਦਾ ਹੈ। ਉਹ ਚਾਹੁੰਦੀ ਸੀ ਕਿ ਯਿਸੂ ਮਰੀਅਮ ਨੂੰ ਸਮਝਾਵੇ ਕਿ ਉਹ ਕੰਮ ਵਿਚ ਉਸ ਦਾ ਹੱਥ ਵਟਾਏ।

9, 10. (ੳ) ਯਿਸੂ ਨੇ ਮਾਰਥਾ ਨੂੰ ਕੀ ਜਵਾਬ ਦਿੱਤਾ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਮਾਰਥਾ ਦੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕਰ ਰਿਹਾ ਸੀ?

9 ਯਿਸੂ ਦਾ ਜਵਾਬ ਸੁਣ ਕੇ ਮਾਰਥਾ ਸ਼ਾਇਦ ਹੈਰਾਨ ਰਹਿ ਗਈ ਹੋਣੀ, ਜਿਵੇਂ ਅੱਜ ਬਹੁਤ ਸਾਰੇ ਲੋਕਾਂ ਨੂੰ ਉਸ ਦੇ ਜਵਾਬ ਤੋਂ ਹੈਰਾਨੀ ਹੁੰਦੀ ਹੈ। ਉਸ ਨੇ ਬੜੇ ਪਿਆਰ ਨਾਲ ਕਿਹਾ: “ਮਾਰਥਾ, ਮਾਰਥਾ, ਤੂੰ ਇੰਨੀਆਂ ਚੀਜ਼ਾਂ ਦੀ ਚਿੰਤਾ ਕਿਉਂ ਕਰ ਰਹੀ ਹੈਂ? ਥੋੜ੍ਹੀਆਂ ਚੀਜ਼ਾਂ ਨਾਲ ਹੀ ਸਰ ਜਾਣਾ, ਸਗੋਂ ਇੱਕੋ ਬਥੇਰੀ ਹੈ। ਮਰੀਅਮ ਨੇ ਤਾਂ ਆਪਣੇ ਲਈ ਚੰਗਾ ਹਿੱਸਾ ਚੁਣਿਆ ਹੈ ਜੋ ਉਸ ਤੋਂ ਖੋਹਿਆ ਨਹੀਂ ਜਾਵੇਗਾ।” (ਲੂਕਾ 10:41, 42) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ? ਕੀ ਉਹ ਇਹ ਕਹਿ ਰਿਹਾ ਸੀ ਕਿ ਮਾਰਥਾ ਪਰਮੇਸ਼ੁਰ ਨਾਲੋਂ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਦੀ ਸੀ? ਕੀ ਉਹ ਮਾਰਥਾ ਦੀ ਮਿਹਨਤ ਨੂੰ ਨਜ਼ਰਅੰਦਾਜ਼ ਕਰ ਰਿਹਾ ਸੀ?

ਭਾਵੇਂ ਮਾਰਥਾ “ਇੰਨੀਆਂ ਚੀਜ਼ਾਂ ਦੀ ਚਿੰਤਾ” ਕਰਦੀ ਸੀ, ਫਿਰ ਵੀ ਉਸ ਨੇ ਨਿਮਰਤਾ ਨਾਲ ਸਲਾਹ ਕਬੂਲ ਕੀਤੀ

10 ਨਹੀਂ। ਯਿਸੂ ਨੇ ਦੇਖਿਆ ਕਿ ਮਾਰਥਾ ਦੇ ਇਰਾਦੇ ਨੇਕ ਸਨ। ਨਾਲੇ ਉਸ ਨੂੰ ਪਤਾ ਸੀ ਕਿ ਵੰਨ-ਸੁਵੰਨੇ ਪਕਵਾਨ ਬਣਾਉਣੇ ਗ਼ਲਤ ਨਹੀਂ ਸਨ। ਕੁਝ ਸਮਾਂ ਪਹਿਲਾਂ ਯਿਸੂ ਮੱਤੀ ਦੇ ਘਰ ਇਕ “ਵੱਡੀ ਦਾਅਵਤ” ਵਿਚ ਸ਼ਰੀਕ ਹੋਇਆ ਸੀ। (ਲੂਕਾ 5:29) ਯਿਸੂ ਉਸ ਵਿਚ ਨੁਕਸ ਨਹੀਂ ਕੱਢ ਰਿਹਾ ਸੀ ਕਿ ਇੰਨੀਆਂ ਸਾਰੀਆਂ ਚੀਜ਼ਾਂ ਬਣਾਉਣੀਆਂ ਗ਼ਲਤ ਸਨ, ਸਗੋਂ ਉਸ ਨੂੰ ਸਮਝਾ ਰਿਹਾ ਸੀ ਕਿ ਉਹ ਕਿਸ ਚੀਜ਼ ਨੂੰ ਪਹਿਲ ਦੇ ਰਹੀ ਸੀ। ਉਹ ਰਸੋਈ ਦੇ ਕੰਮ ਵਿਚ ਇੰਨੀ ਖੁੱਭ ਗਈ ਕਿ ਉਹ ਸਭ ਤੋਂ ਜ਼ਰੂਰੀ ਗੱਲ ਭੁੱਲ ਗਈ। ਕਿਹੜੀ ਗੱਲ?

ਯਿਸੂ ਨੇ ਮਾਰਥਾ ਦੀ ਮਹਿਮਾਨਨਿਵਾਜ਼ੀ ਲਈ ਕਦਰ ਦਿਖਾਈ ਤੇ ਉਹ ਜਾਣਦਾ ਸੀ ਕਿ ਉਸ ਦੇ ਇਰਾਦੇ ਨੇਕ ਸਨ

11, 12. ਯਿਸੂ ਨੇ ਪਿਆਰ ਨਾਲ ਮਾਰਥਾ ਨੂੰ ਕਿਵੇਂ ਸੁਧਾਰਿਆ?

11 ਯਹੋਵਾਹ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਯਿਸੂ ਮਾਰਥਾ ਦੇ ਘਰ ਸੱਚਾਈ ਸਿਖਾ ਰਿਹਾ ਸੀ। ਸੋ ਯਿਸੂ ਦੀਆਂ ਗੱਲਾਂ ਨਾਲੋਂ ਹੋਰ ਕੋਈ ਵੀ ਚੀਜ਼ ਜ਼ਿਆਦਾ ਮਾਅਨੇ ਨਹੀਂ ਰੱਖਦੀ ਸੀ, ਚਾਹੇ ਉਹ ਮਾਰਥਾ ਦੁਆਰਾ ਬਣਾਇਆ ਵਧੀਆ ਖਾਣਾ ਹੋਵੇ। ਬੇਸ਼ੱਕ ਯਿਸੂ ਨੂੰ ਦੁੱਖ ਹੋਇਆ ਕਿ ਮਾਰਥਾ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦਾ ਵਧੀਆ ਮੌਕਾ ਗੁਆ ਰਹੀ ਸੀ, ਫਿਰ ਵੀ ਯਿਸੂ ਨੇ ਇਹ ਫ਼ੈਸਲਾ ਮਾਰਥਾ ’ਤੇ ਛੱਡ ਦਿੱਤਾ। * ਪਰ ਮਾਰਥਾ ਨੂੰ ਆਪਣੀ ਭੈਣ ਮਰੀਅਮ ਲਈ ਇਹ ਫ਼ੈਸਲਾ ਕਰਨ ਦਾ ਹੱਕ ਨਹੀਂ ਸੀ ਕਿ ਉਹ ਯਿਸੂ ਦੀਆਂ ਗੱਲਾਂ ਸੁਣਨ ਦੀ ਬਜਾਇ ਉਸ ਨਾਲ ਆ ਕੇ ਕੰਮ ਕਰਾਵੇ।

12 ਸੋ ਯਿਸੂ ਨੇ ਬੜੇ ਪਿਆਰ ਨਾਲ ਮਾਰਥਾ ਨੂੰ ਸੁਧਾਰਿਆ। ਉਸ ਨੇ ਦੋ ਵਾਰੀ ਮਾਰਥਾ ਦਾ ਨਾਂ ਲੈ ਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਯਕੀਨ ਦਿਵਾਇਆ ਕਿ ਉਸ ਨੂੰ “ਇੰਨੀਆਂ ਚੀਜ਼ਾਂ ਦੀ ਚਿੰਤਾ” ਕਰਨ ਦੀ ਕੋਈ ਲੋੜ ਨਹੀਂ ਸੀ। ਸਾਦਾ ਖਾਣਾ ਯਾਨੀ ਇਕ-ਦੋ ਚੀਜ਼ਾਂ ਹੀ ਕਾਫ਼ੀ ਸਨ, ਖ਼ਾਸ ਕਰਕੇ ਉਦੋਂ ਜਦੋਂ ਉਸ ਨੂੰ ਪਰਮੇਸ਼ੁਰ ਬਾਰੇ ਸਿੱਖਣ ਦਾ ਇੰਨਾ ਵਧੀਆ ਮੌਕਾ ਮਿਲ ਰਿਹਾ ਸੀ। ਮਰੀਅਮ ਨੇ “ਚੰਗਾ ਹਿੱਸਾ” ਯਾਨੀ ਯਿਸੂ ਤੋਂ ਸਿੱਖਣ ਦਾ ਮੌਕਾ ਚੁਣਿਆ ਸੀ ਜੋ ਉਸ ਤੋਂ ਕੋਈ ਨਹੀਂ ਖੋਹ ਸਕਦਾ ਸੀ!

13. ਮਾਰਥਾ ਨੂੰ ਕਹੀ ਯਿਸੂ ਦੀ ਗੱਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

13 ਇਸ ਘਟਨਾ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ। ਕਿਸੇ ਵੀ ਚੀਜ਼ ਕਰਕੇ ਸਾਡਾ ਧਿਆਨ ਪਰਮੇਸ਼ੁਰ ਬਾਰੇ ਸਿੱਖਿਆ ਲੈਣ ਤੋਂ ਭਟਕਣਾ ਨਹੀਂ ਚਾਹੀਦਾ। (ਮੱਤੀ 5:3) ਭਾਵੇਂ ਕਿ ਅਸੀਂ ਮਾਰਥਾ ਵਾਂਗ ਦਰਿਆ-ਦਿਲ ਅਤੇ ਮਿਹਨਤੀ ਬਣਨਾ ਚਾਹੁੰਦੇ ਹਾਂ, ਪਰ ਸਾਨੂੰ ਮਹਿਮਾਨਨਿਵਾਜ਼ੀ ਦਿਖਾਉਣ ਦੇ ਚੱਕਰ ਵਿਚ “ਇੰਨੀਆਂ ਚੀਜ਼ਾਂ ਦੀ ਚਿੰਤਾ” ਨਹੀਂ ਕਰਨੀ ਚਾਹੀਦੀ ਕਿ ਅਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਭੁੱਲ ਜਾਈਏ। ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸਿਰਫ਼ ਤਰ੍ਹਾਂ-ਤਰ੍ਹਾਂ ਦੇ ਖਾਣੇ ਖਾਣ ਲਈ ਨਹੀਂ, ਸਗੋਂ ਅਸੀਂ ਆਪਸ ਵਿਚ ਅਤੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਅਤੇ ਇਕ-ਦੂਜੇ ਦਾ ਹੌਸਲਾ ਵਧਾਉਣ ਲਈ ਇਕੱਠੇ ਹੁੰਦੇ ਹਾਂ। (ਰੋਮੀਆਂ 1:11, 12 ਪੜ੍ਹੋ।) ਸਾਦੇ ਖਾਣੇ ਤੇ ਬੁਲਾ ਕੇ ਵੀ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰ ਸਕਦੇ ਹਾਂ।

ਪਿਆਰੇ ਭਰਾ ਨੂੰ ਦੁਬਾਰਾ ਮਿਲਣਾ

14. ਯਿਸੂ ਦੁਆਰਾ ਸੁਧਾਰੇ ਜਾਣ ਤੋਂ ਬਾਅਦ ਮਾਰਥਾ ਨੇ ਕਿਵੇਂ ਵਧੀਆ ਮਿਸਾਲ ਕਾਇਮ ਕੀਤੀ?

14 ਜਦ ਯਿਸੂ ਨੇ ਪਿਆਰ ਨਾਲ ਮਾਰਥਾ ਨੂੰ ਸੁਧਾਰਿਆ, ਤਾਂ ਕੀ ਉਸ ਨੇ ਯਿਸੂ ਦੀ ਗੱਲ ਮੰਨੀ ਅਤੇ ਕੀ ਉਸ ਨੇ ਇਸ ਤੋਂ ਸਬਕ ਸਿੱਖਿਆ? ਬਿਲਕੁਲ। ਯੂਹੰਨਾ ਰਸੂਲ ਮਾਰਥਾ ਦੇ ਭਰਾ ਬਾਰੇ ਦਿਲਚਸਪ ਘਟਨਾ ਦੱਸਣ ਤੋਂ ਪਹਿਲਾਂ ਸਾਨੂੰ ਯਾਦ ਕਰਾਉਂਦਾ ਹੈ: “ਯਿਸੂ ਮਾਰਥਾ, ਉਸ ਦੀ ਭੈਣ ਮਰੀਅਮ ਅਤੇ ਲਾਜ਼ਰ ਨਾਲ ਪਿਆਰ ਕਰਦਾ ਸੀ।” (ਯੂਹੰ. 11:5) ਬੈਥਨੀਆ ਵਿਚ ਇਸ ਘਟਨਾ ਨੂੰ ਵਾਪਰੇ ਕਈ ਮਹੀਨੇ ਹੋ ਚੁੱਕੇ ਸਨ। ਯਿਸੂ ਦੀ ਪਿਆਰ ਭਰੀ ਝਿੜਕ ਕਾਰਨ ਨਾ ਤਾਂ ਮਾਰਥਾ ਨੇ ਮੂੰਹ ਫੁਲਾਇਆ ਸੀ ਤੇ ਨਾ ਹੀ ਆਪਣੇ ਮਨ ਵਿਚ ਕੋਈ ਗੁੱਸਾ ਪਾਲ਼ਿਆ ਸੀ। ਉਸ ਨੇ ਦਿਲੋਂ ਯਿਸੂ ਦੀ ਸਲਾਹ ਮੰਨੀ। ਇਸ ਮਾਮਲੇ ਵਿਚ ਸਾਨੂੰ ਮਾਰਥਾ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਪੈਂਦੀ ਹੈ।

15, 16. (ੳ) ਲਾਜ਼ਰ ਦੇ ਬੀਮਾਰ ਪੈਣ ਤੇ ਮਾਰਥਾ ਨੇ ਸ਼ਾਇਦ ਕੀ ਕੀਤਾ ਹੋਣਾ? (ਅ) ਮਾਰਥਾ ਤੇ ਮਰੀਅਮ ਦੀ ਆਸ ਕਿਉਂ ਟੁੱਟ ਗਈ?

15 ਲਾਜ਼ਰ ਦੇ ਬੀਮਾਰ ਪੈਣ ਤੇ ਮਾਰਥਾ ਨੇ ਉਸ ਦਾ ਇਲਾਜ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਹ ਦਿਨ-ਰਾਤ ਆਪਣੇ ਭਰਾ ਦੀ ਸੇਵਾ ਕਰਨ ਵਿਚ ਲੱਗੀ ਰਹੀ। ਪਰ ਇਸ ਦੇ ਬਾਵਜੂਦ ਲਾਜ਼ਰ ਦੀ ਸਿਹਤ ਵਿਗੜਦੀ ਗਈ। ਉਸ ਦੀਆਂ ਭੈਣਾਂ ਨੇ ਚੌਵੀ ਘੰਟੇ ਉਸ ਦਾ ਖ਼ਿਆਲ ਰੱਖਿਆ। ਪਤਾ ਨਹੀਂ ਕਿੰਨੀ ਵਾਰ ਮਾਰਥਾ ਨੇ ਆਪਣੇ ਵੀਰ ਦੇ ਮੁਰਝਾਏ ਹੋਏ ਚਿਹਰੇ ਨੂੰ ਦੇਖ ਕੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਹੋਣਾ ਜਦੋਂ ਉਨ੍ਹਾਂ ਨੇ ਦੁੱਖ-ਸੁੱਖ ਵਿਚ ਇਕ-ਦੂਜੇ ਦਾ ਸਾਥ ਨਿਭਾਇਆ ਸੀ!

16 ਜਦ ਮਾਰਥਾ ਤੇ ਮਰੀਅਮ ਨੂੰ ਲੱਗਾ ਕਿ ਲਾਜ਼ਰ ਦੇ ਬਚਣ ਦੀ ਕੋਈ ਉਮੀਦ ਨਹੀਂ ਰਹੀ, ਤਾਂ ਉਨ੍ਹਾਂ ਨੇ ਯਿਸੂ ਨੂੰ ਸੁਨੇਹਾ ਭੇਜਿਆ। ਯਿਸੂ ਜਿਸ ਜਗ੍ਹਾ ਪ੍ਰਚਾਰ ਕਰ ਰਿਹਾ ਸੀ, ਉੱਥੋਂ ਬੈਥਨੀਆ ਆਉਣ ਨੂੰ ਦੋ ਦਿਨ ਲੱਗ ਜਾਣੇ ਸਨ। ਉਨ੍ਹਾਂ ਨੇ ਇਹ ਸੁਨੇਹਾ ਭੇਜਿਆ: “ਪ੍ਰਭੂ, ਦੇਖ! ਤੇਰਾ ਪਿਆਰਾ ਦੋਸਤ ਬੀਮਾਰ ਹੈ।” (ਯੂਹੰ. 11:1, 3) ਉਹ ਜਾਣਦੀਆਂ ਸਨ ਕਿ ਯਿਸੂ ਉਨ੍ਹਾਂ ਦੇ ਵੀਰ ਨੂੰ ਕਿੰਨਾ ਪਿਆਰ ਕਰਦਾ ਸੀ ਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਯਿਸੂ ਆਪਣੇ ਦੋਸਤ ਨੂੰ ਬਚਾਉਣ ਲਈ ਕੁਝ ਵੀ ਕਰ ਸਕਦਾ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਯਿਸੂ ਆ ਕੇ ਲਾਜ਼ਰ ਨੂੰ ਠੀਕ ਕਰ ਦੇਵੇਗਾ। ਪਰ ਉਨ੍ਹਾਂ ਦੀ ਉਮੀਦ ਲਾਜ਼ਰ ਦੇ ਆਖ਼ਰੀ ਸਾਹਾਂ ਨਾਲ ਹੀ ਖ਼ਤਮ ਹੋ ਗਈ।

17. ਮਾਰਥਾ ਉਲਝਣ ਵਿਚ ਕਿਉਂ ਸੀ ਅਤੇ ਯਿਸੂ ਦੇ ਬੈਥਨੀਆ ਆਉਣ ਦੀ ਖ਼ਬਰ ਸੁਣ ਕੇ ਉਸ ਨੇ ਕੀ ਕੀਤਾ?

17 ਦੋਵੇਂ ਭੈਣਾਂ ਆਪਣੇ ਵੀਰ ਦੀ ਮੌਤ ਦੇ ਗਮ ਵਿਚ ਡੁੱਬੀਆਂ ਹੋਈਆਂ ਸਨ ਅਤੇ ਉਸ ਨੂੰ ਦਫ਼ਨਾਉਣ ਦੀਆਂ ਤਿਆਰੀਆਂ ਵਿਚ ਲੱਗੀਆਂ ਹੋਈਆਂ ਸਨ। ਬੈਥਨੀਆ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਤੋਂ ਕਈ ਲੋਕ ਅਫ਼ਸੋਸ ਕਰਨ ਆਏ। ਪਰ ਯਿਸੂ ਦੀ ਕੋਈ ਖ਼ਬਰ ਨਹੀਂ ਸੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਮਾਰਥਾ ਦੀ ਉਲਝਣ ਵਧਦੀ ਗਈ ਕਿ ਯਿਸੂ ਅਜੇ ਤਕ ਆਇਆ ਕਿਉਂ ਨਹੀਂ ਸੀ। ਅਖ਼ੀਰ ਲਾਜ਼ਰ ਦੀ ਮੌਤ ਤੋਂ ਚਾਰ ਦਿਨਾਂ ਬਾਅਦ ਮਾਰਥਾ ਨੇ ਸੁਣਿਆ ਕਿ ਯਿਸੂ ਬੈਥਨੀਆ ਦੇ ਕੋਲ ਪਹੁੰਚ ਗਿਆ ਸੀ। ਆਪਣੇ ਭਰਾ ਦੇ ਵਿਛੋੜੇ ਵਿਚ ਤੜਫ਼ਦੀ ਮਾਰਥਾ, ਮਰੀਅਮ ਨੂੰ ਦੱਸੇ ਬਿਨਾਂ ਯਿਸੂ ਨੂੰ ਮਿਲਣ ਲਈ ਦੌੜੀ ਚਲੀ ਗਈ।​—⁠ਯੂਹੰਨਾ 11:18-20 ਪੜ੍ਹੋ।

18, 19. ਮਾਰਥਾ ਨੇ ਕਿਹੜੀ ਉਮੀਦ ਜ਼ਾਹਰ ਕੀਤੀ ਸੀ ਅਤੇ ਉਸ ਦੀ ਨਿਹਚਾ ਪੱਕੀ ਕਿਉਂ ਸੀ?

18 ਯਿਸੂ ਨੂੰ ਦੇਖਦਿਆਂ ਹੀ ਮਾਰਥਾ ਦੇ ਦਿਲ ਦੀ ਗੱਲ ਉਸ ਦੀ ਜ਼ਬਾਨ ’ਤੇ ਆ ਗਈ ਜੋ ਦੋਵਾਂ ਭੈਣਾਂ ਨੂੰ ਕਈ ਦਿਨਾਂ ਤੋਂ ਅੰਦਰ ਹੀ ਅੰਦਰ ਖਾਈ ਜਾ ਰਹੀ ਸੀ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।” ਪਰ ਮਾਰਥਾ ਦੀ ਨਿਹਚਾ ਪੱਕੀ ਸੀ ਤੇ ਉਸ ਨੇ ਉਮੀਦ ਦਾ ਪੱਲਾ ਅਜੇ ਛੱਡਿਆ ਨਹੀਂ ਸੀ। ਉਸ ਨੇ ਕਿਹਾ: “ਮੈਨੂੰ ਹਾਲੇ ਵੀ ਭਰੋਸਾ ਹੈ ਕਿ ਤੂੰ ਪਰਮੇਸ਼ੁਰ ਤੋਂ ਜੋ ਵੀ ਮੰਗੇਂਗਾ, ਪਰਮੇਸ਼ੁਰ ਤੈਨੂੰ ਦੇ ਦੇਵੇਗਾ।” ਯਿਸੂ ਨੇ ਉਸ ਦੀ ਨਿਹਚਾ ਪੱਕੀ ਕਰਨ ਲਈ ਇਕਦਮ ਕਿਹਾ: “ਤੇਰਾ ਭਰਾ ਦੁਬਾਰਾ ਜੀਉਂਦਾ ਹੋ ਜਾਵੇਗਾ।”​—ਯੂਹੰ. 11:21-23.

19 ਮਾਰਥਾ ਨੂੰ ਲੱਗਾ ਕਿ ਯਿਸੂ ਭਵਿੱਖ ਵਿਚ ਮਰੇ ਹੋਏ ਲੋਕਾਂ ਦੇ ਜੀ ਉੱਠਣ ਬਾਰੇ ਗੱਲ ਕਰ ਰਿਹਾ ਸੀ। ਇਸ ਲਈ ਉਸ ਨੇ ਜਵਾਬ ਦਿੱਤਾ: “ਮੈਨੂੰ ਪਤਾ ਉਹ ਆਖ਼ਰੀ ਦਿਨ ’ਤੇ ਦੁਬਾਰਾ ਜੀਉਂਦਾ ਹੋਵੇਗਾ।” (ਯੂਹੰ. 11:24) ਵਾਕਈ, ਇਸ ਗੱਲ ’ਤੇ ਉਸ ਦੀ ਨਿਹਚਾ ਕਿੰਨੀ ਪੱਕੀ ਸੀ! ਪਰਮੇਸ਼ੁਰ ਦੇ ਬਚਨ ਵਿਚ ਇਹ ਸਾਫ਼ ਦੱਸਿਆ ਗਿਆ ਸੀ ਕਿ ਮਰੇ ਹੋਇਆਂ ਨੂੰ ਮੁੜ ਜੀਉਂਦਾ ਕੀਤਾ ਜਾਵੇਗਾ, ਜਦਕਿ ਸਦੂਕੀ ਨਾਂ ਦੇ ਯਹੂਦੀ ਧਾਰਮਿਕ ਆਗੂ ਇਸ ਗੱਲ ਤੋਂ ਬਿਲਕੁਲ ਇਨਕਾਰ ਕਰਦੇ ਸਨ। (ਦਾਨੀ. 12:13; ਮਰ. 12:18) ਪਰ ਮਾਰਥਾ ਜਾਣਦੀ ਸੀ ਕਿ ਯਿਸੂ ਨੇ ਮਰੇ ਹੋਇਆਂ ਦੇ ਦੁਬਾਰਾ ਜੀ ਉੱਠਣ ਦੀ ਸਿੱਖਿਆ ਦੇਣ ਦੇ ਨਾਲ-ਨਾਲ ਖ਼ੁਦ ਕਈ ਮਰੇ ਹੋਇਆਂ ਨੂੰ ਜੀਉਂਦਾ ਵੀ ਕੀਤਾ ਸੀ। ਪਰ ਅਜੇ ਤਕ ਯਿਸੂ ਨੇ ਕਿਸੇ ਅਜਿਹੇ ਬੰਦੇ ਨੂੰ ਜੀਉਂਦਾ ਨਹੀਂ ਕੀਤਾ ਸੀ ਜੋ ਲਾਜ਼ਰ ਵਾਂਗ ਚਾਰ ਦਿਨਾਂ ਤੋਂ ਮੌਤ ਦੀ ਨੀਂਦ ਸੁੱਤਾ ਹੋਵੇ। ਮਾਰਥਾ ਨੂੰ ਰਤਾ ਵੀ ਅੰਦਾਜ਼ਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਸੀ।

20. ਯੂਹੰਨਾ 11:25-27 ਵਿਚ ਦਰਜ ਯਿਸੂ ਦੀ ਜ਼ਬਰਦਸਤ ਗੱਲ ਅਤੇ ਮਾਰਥਾ ਦੇ ਜਵਾਬ ਦਾ ਮਤਲਬ ਸਮਝਾਓ।

20 ਫਿਰ ਯਿਸੂ ਨੇ ਜ਼ਬਰਦਸਤ ਗੱਲ ਕਹੀ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।” ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਭਵਿੱਖ ਵਿਚ ਅਣਗਿਣਤ ਲੋਕਾਂ ਨੂੰ ਜੀਉਂਦਾ ਕਰਨ ਦਾ ਅਧਿਕਾਰ ਦਿੱਤਾ ਹੈ। ਯਿਸੂ ਨੇ ਮਾਰਥਾ ਨੂੰ ਪੁੱਛਿਆ: “ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈਂ?” ਮਾਰਥਾ ਦਾ ਜਵਾਬ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਹੈ। ਉਸ ਨੂੰ ਪੱਕਾ ਵਿਸ਼ਵਾਸ ਸੀ ਕਿ ਯਿਸੂ, ਯਹੋਵਾਹ ਪਰਮੇਸ਼ੁਰ ਦਾ ਪੁੱਤਰ ਸੀ ਤੇ ਉਹੀ ਮਸੀਹ ਸੀ ਜਿਸ ਦੇ ਆਉਣ ਬਾਰੇ ਨਬੀਆਂ ਨੇ ਪਹਿਲਾਂ ਹੀ ਭਵਿੱਖਬਾਣੀਆਂ ਕੀਤੀਆਂ ਸਨ।​—ਯੂਹੰ. 5:28, 29; ਯੂਹੰਨਾ 11:25-27 ਪੜ੍ਹੋ।

21, 22. (ੳ) ਯਿਸੂ ਸੋਗ ਮਨਾਉਣ ਵਾਲਿਆਂ ਦੇ ਗਮ ਵਿਚ ਕਿਵੇਂ ਸ਼ਰੀਕ ਹੋਇਆ? (ਅ) ਲਾਜ਼ਰ ਦੇ ਦੁਬਾਰਾ ਜੀਉਂਦੇ ਹੋਣ ਦੀ ਘਟਨਾ ਬਾਰੇ ਦੱਸੋ।

21 ਕੀ ਯਹੋਵਾਹ ਪਰਮੇਸ਼ੁਰ ਤੇ ਉਸ ਦਾ ਪੁੱਤਰ ਯਿਸੂ ਮਸੀਹ ਮਾਰਥਾ ਵਰਗੇ ਨਿਹਚਾ ਰੱਖਣ ਵਾਲੇ ਲੋਕਾਂ ਦੀ ਕਦਰ ਕਰਦੇ ਹਨ? ਅੱਗੇ ਜੋ ਵਾਪਰਿਆ, ਉਸ ਤੋਂ ਸਾਨੂੰ ਇਸ ਸਵਾਲ ਦਾ ਸਾਫ਼ ਜਵਾਬ ਮਿਲਦਾ ਹੈ। ਉਸ ਵੇਲੇ ਮਾਰਥਾ ਆਪਣੀ ਭੈਣ ਨੂੰ ਜਾ ਕੇ ਲੈ ਆਈ। ਫਿਰ ਉਸ ਨੇ ਦੇਖਿਆ ਕਿ ਮਰੀਅਮ ਤੇ ਬਾਕੀ ਲੋਕਾਂ ਨਾਲ ਗੱਲ ਕਰਦੇ-ਕਰਦੇ ਯਿਸੂ ਦਾ ਦਿਲ ਭਰ ਆਇਆ। ਉਸ ਨੇ ਯਿਸੂ ਦੀਆਂ ਅੱਖਾਂ ਤੋਂ ਵਗਦੇ ਹੰਝੂਆਂ ਨੂੰ ਵੀ ਦੇਖਿਆ। ਯਿਸੂ ਨੇ ਇਹ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਸੇ ਦੀ ਮੌਤ ਤੇ ਕਿੰਨਾ ਦਰਦ ਹੁੰਦਾ ਹੈ। ਉਸ ਨੇ ਯਿਸੂ ਨੂੰ ਇਹ ਕਹਿੰਦਿਆਂ ਸੁਣਿਆ ਕਿ ਉਸ ਦੇ ਵੀਰ ਦੀ ਕਬਰ ਦੇ ਅੱਗਿਓਂ ਪੱਥਰ ਹਟਾਇਆ ਜਾਵੇ।​—ਯੂਹੰ. 11:28-39.

22 ਮਾਰਥਾ ਜਜ਼ਬਾਤਾਂ ਵਿਚ ਵਹਿ ਜਾਣ ਵਾਲੀ ਔਰਤ ਨਹੀਂ ਸੀ ਅਤੇ ਉਸ ਨੇ ਕਿਹਾ ਕਿ ਲਾਜ਼ਰ ਦੀ ਮੌਤ ਨੂੰ ਚਾਰ ਦਿਨ ਹੋ ਗਏ ਸਨ ਜਿਸ ਕਰਕੇ ਲਾਸ਼ ਵਿੱਚੋਂ ਬੋ ਆਉਂਦੀ ਹੋਣੀ। ਯਿਸੂ ਨੇ ਉਸ ਨੂੰ ਯਾਦ ਕਰਾਇਆ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂਗੀ, ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਦੇਖੇਂਗੀ?” ਮਾਰਥਾ ਨੂੰ ਯਿਸੂ ਦੀ ਗੱਲ ’ਤੇ ਵਿਸ਼ਵਾਸ ਸੀ ਅਤੇ ਉਸ ਨੇ ਵਾਕਈ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਦੇਖੀ। ਉਸੇ ਪਲ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਤਾਕਤ ਬਖ਼ਸ਼ੀ ਕਿ ਉਹ ਲਾਜ਼ਰ ਨੂੰ ਜੀਉਂਦਾ ਕਰ ਦੇਵੇ! ਮਾਰਥਾ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਮਰਦੇ ਦਮ ਤਕ ਨਹੀਂ ਭੁੱਲੀ ਹੋਣੀ: “ਲਾਜ਼ਰ, ਬਾਹਰ ਆ ਜਾ!” ਜ਼ਰਾ ਕਲਪਨਾ ਕਰੋ: ਪਹਿਲਾਂ ਕਬਰ ਵਿੱਚੋਂ ਲਾਜ਼ਰ ਦੇ ਉੱਠਣ ਦਾ ਖੜਕਾ ਸੁਣਿਆ ਹੋਣਾ; ਫਿਰ ਲਾਜ਼ਰ ਪੱਟੀਆਂ ਵਿਚ ਬੱਝਾ ਹੌਲੀ-ਹੌਲੀ ਕਬਰ ਤੋਂ ਬਾਹਰ ਆਇਆ ਹੋਣਾ; ਇਸ ਤੋਂ ਬਾਅਦ ਯਿਸੂ ਨੇ ਕਿਹਾ: “ਉਸ ਦੀਆਂ ਪੱਟੀਆਂ ਖੋਲ੍ਹ ਦਿਓ ਅਤੇ ਉਸ ਨੂੰ ਜਾਣ ਦਿਓ।” ਜਦੋਂ ਮਾਰਥਾ ਤੇ ਮਰੀਅਮ ਨੇ ਆਪਣੇ ਵੀਰ ਨੂੰ ਜੀਉਂਦਾ-ਜਾਗਦਾ ਦੇਖਿਆ, ਤਾਂ ਉਹ ਖ਼ੁਸ਼ੀ ਦੇ ਮਾਰੇ ਦੌੜ ਕੇ ਲਾਜ਼ਰ ਦੇ ਗਲੇ ਲੱਗ ਗਈਆਂ। (ਯੂਹੰਨਾ 11:40-44 ਪੜ੍ਹੋ।) ਮਾਰਥਾ ਦੇ ਦੁੱਖ ਦੇ ਹੰਝੂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਗਏ!

ਮਾਰਥਾ ਨੂੰ ਯਿਸੂ ’ਤੇ ਨਿਹਚਾ ਰੱਖਣ ਦਾ ਇਨਾਮ ਮਿਲਿਆ ਜਦੋਂ ਉਸ ਨੇ ਅਤੇ ਮਰੀਅਮ ਨੇ ਆਪਣੇ ਭਰਾ ਨੂੰ ਦੁਬਾਰਾ ਜੀਉਂਦਾ ਦੇਖਿਆ

23. ਯਹੋਵਾਹ ਤੇ ਯਿਸੂ ਤੁਹਾਡੇ ਲਈ ਕੀ ਕਰਨਾ ਚਾਹੁੰਦੇ ਹਨ ਅਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ?

23 ਇਹ ਘਟਨਾ ਦਿਖਾਉਂਦੀ ਹੈ ਕਿ ਮਰੇ ਹੋਇਆਂ ਦਾ ਜੀ ਉੱਠਣਾ ਕੋਈ ਸੁਪਨਾ ਨਹੀਂ ਹੈ। ਇਹ ਬਾਈਬਲ ਦੀ ਇਕ ਅਹਿਮ ਸਿੱਖਿਆ ਹੈ ਜੋ ਪੁਰਾਣੇ ਜ਼ਮਾਨੇ ਵਿਚ ਸੱਚ ਸਾਬਤ ਹੋ ਚੁੱਕੀ ਹੈ। (ਅੱਯੂ. 14:14, 15) ਯਹੋਵਾਹ ਤੇ ਉਸ ਦਾ ਪੁੱਤਰ ਨਿਹਚਾ ਰੱਖਣ ਵਾਲਿਆਂ ਨੂੰ ਜ਼ਰੂਰ ਇਨਾਮ ਦਿੰਦੇ ਹਨ, ਜਿੱਦਾਂ ਉਨ੍ਹਾਂ ਨੇ ਮਾਰਥਾ, ਮਰੀਅਮ ਤੇ ਲਾਜ਼ਰ ਨੂੰ ਦਿੱਤਾ ਸੀ। ਉਹ ਤੁਹਾਡੀ ਝੋਲ਼ੀ ਵੀ ਬਰਕਤਾਂ ਨਾਲ ਭਰ ਦੇਣਗੇ ਜੇ ਤੁਸੀਂ ਵੀ ਪੱਕੀ ਨਿਹਚਾ ਪੈਦਾ ਕਰੋਗੇ।

“ਮਾਰਥਾ ਸੇਵਾ ਕਰ ਰਹੀ ਸੀ”

24. ਮਾਰਥਾ ਦਾ ਬਾਈਬਲ ਵਿਚ ਆਖ਼ਰੀ ਵਾਰ ਜ਼ਿਕਰ ਕਦੋਂ ਆਉਂਦਾ ਹੈ?

24 ਬਾਈਬਲ ਵਿਚ ਸਿਰਫ਼ ਇਕ ਵਾਰ ਹੋਰ ਮਾਰਥਾ ਦਾ ਜ਼ਿਕਰ ਆਉਂਦਾ ਹੈ। ਯਿਸੂ ਦਾ ਧਰਤੀ ਉੱਤੇ ਇਕ ਹਫ਼ਤਾ ਰਹਿ ਗਿਆ ਸੀ। ਉਸ ਨੂੰ ਪਤਾ ਸੀ ਕਿ ਆਉਣ ਵਾਲੇ ਦਿਨਾਂ ਵਿਚ ਉਸ ਨੇ ਕਈ ਦੁੱਖ ਝੱਲਣੇ ਸਨ, ਇਸ ਲਈ ਉਸ ਨੇ ਬੈਥਨੀਆ ਵਿਚ ਆਪਣੇ ਦੋਸਤ ਲਾਜ਼ਰ ਦੇ ਘਰ ਜਾਣ ਦਾ ਫ਼ੈਸਲਾ ਕੀਤਾ। ਉੱਥੋਂ ਉਹ ਤਿੰਨ ਕਿਲੋਮੀਟਰ (ਦੋ ਮੀਲ) ਪੈਦਲ ਤੁਰ ਕੇ ਯਰੂਸ਼ਲਮ ਜਾ ਸਕਦਾ ਸੀ। ਬੈਥਨੀਆ ਵਿਚ ਇਕ ਦਿਨ ਸ਼ਾਮ ਨੂੰ ਯਿਸੂ ਅਤੇ ਲਾਜ਼ਰ, ਸ਼ਮਊਨ ਦੇ ਘਰ ਖਾਣਾ ਖਾ ਰਹੇ ਸਨ ਜੋ ਪਹਿਲਾਂ ਕੋੜ੍ਹੀ ਹੁੰਦਾ ਸੀ। ਬਾਈਬਲ ਵਿਚ ਇੱਥੇ ਆਖ਼ਰੀ ਵਾਰ ਮਾਰਥਾ ਦਾ ਜ਼ਿਕਰ ਆਉਂਦਾ ਹੈ ਕਿ ਉਹ ਉੱਥੇ “ਸੇਵਾ ਕਰ ਰਹੀ ਸੀ।”​—ਯੂਹੰ. 12:2.

25. ਅੱਜ ਮੰਡਲੀਆਂ ਵਿਚ ਮਾਰਥਾ ਵਰਗੀਆਂ ਭੈਣਾਂ ਦਾ ਹੋਣਾ ਖ਼ੁਸ਼ੀ ਦੀ ਗੱਲ ਕਿਉਂ ਹੈ?

25 ਕਿੰਨੀ ਮਿਹਨਤੀ ਔਰਤ! ਜਦੋਂ ਅਸੀਂ ਬਾਈਬਲ ਵਿਚ ਪਹਿਲੀ ਵਾਰ ਉਸ ਬਾਰੇ ਪੜ੍ਹਦੇ ਹਾਂ, ਤਾਂ ਉਹ ਕੰਮ ਕਰ ਰਹੀ ਸੀ ਤੇ ਹੁਣ ਜਦ ਆਖ਼ਰੀ ਵਾਰ ਉਸ ਦਾ ਜ਼ਿਕਰ ਆਉਂਦਾ ਹੈ, ਤਾਂ ਉਸ ਵੇਲੇ ਵੀ ਉਹ ਲੋਕਾਂ ਦੀ ਸੇਵਾ ਕਰਨ ਵਿਚ ਲੱਗੀ ਹੋਈ ਸੀ। ਸਾਡੇ ਲਈ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਮਸੀਹੀ ਮੰਡਲੀਆਂ ਵਿਚ ਮਾਰਥਾ ਵਰਗੀਆਂ ਕਈ ਦਰਿਆ-ਦਿਲ ਭੈਣਾਂ ਹਨ। ਉਹ ਯਹੋਵਾਹ ਦੀ ਸੇਵਾ ਬੜੇ ਜਿਗਰੇ ਤੇ ਮਿਹਨਤ ਨਾਲ ਕਰਦੀਆਂ ਹਨ ਅਤੇ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਰਥਾ ਵੀ ਇੱਦਾਂ ਕਰਦੀ ਰਹੀ ਹੋਣੀ। ਆਪਣੀ ਮਜ਼ਬੂਤ ਨਿਹਚਾ ਕਰਕੇ ਹੀ ਉਹ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀ।

26. ਪੱਕੀ ਨਿਹਚਾ ਹੋਣ ਕਰਕੇ ਮਾਰਥਾ ਕੀ ਕਰ ਸਕੀ?

26 ਕੁਝ ਹੀ ਦਿਨਾਂ ਬਾਅਦ ਮਾਰਥਾ ਨੂੰ ਆਪਣੇ ਪਿਆਰੇ ਪ੍ਰਭੂ ਯਿਸੂ ਦੀ ਮੌਤ ਦਾ ਗਮ ਸਹਿਣਾ ਪਿਆ। ਨਾਲੇ ਯਿਸੂ ਦੇ ਕਾਤਲ ਲਾਜ਼ਰ ਨੂੰ ਵੀ ਜਾਨੋਂ ਮਾਰਨਾ ਚਾਹੁੰਦੇ ਸਨ ਕਿਉਂਕਿ ਲਾਜ਼ਰ ਦੇ ਜੀ ਉਠਾਏ ਜਾਣ ਤੋਂ ਬਾਅਦ ਬਹੁਤ ਸਾਰੇ ਲੋਕ ਯਿਸੂ ’ਤੇ ਨਿਹਚਾ ਕਰਨ ਲੱਗ ਪਏ ਸਨ। (ਯੂਹੰਨਾ 12:9-11 ਪੜ੍ਹੋ।) ਆਖ਼ਰਕਾਰ ਇਕ ਦਿਨ ਮੌਤ ਨੇ ਮਾਰਥਾ ਨੂੰ ਆਪਣੇ ਭੈਣ-ਭਰਾ ਤੋਂ ਜੁਦਾ ਕਰ ਦਿੱਤਾ। ਅਸੀਂ ਇਹ ਨਹੀਂ ਜਾਣਦੇ ਕਿ ਇਹ ਕਦੋਂ ਤੇ ਕਿੱਦਾਂ ਹੋਇਆ, ਪਰ ਅਸੀਂ ਇਹ ਯਕੀਨ ਰੱਖ ਸਕਦੇ ਹਾਂ: ਮਾਰਥਾ ਦੀ ਪੱਕੀ ਨਿਹਚਾ ਨੇ ਉਸ ਨੂੰ ਮੌਤ ਤਕ ਧੀਰਜ ਰੱਖਣ ਦੀ ਤਾਕਤ ਬਖ਼ਸ਼ੀ। ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ ਮਾਰਥਾ ਦੀ ਨਿਹਚਾ ਦੀ ਰੀਸ ਕਰੀਏ।

^ ਪੈਰਾ 11 ਪਹਿਲੀ ਸਦੀ ਦੇ ਯਹੂਦੀ ਸਮਾਜ ਵਿਚ ਧਾਰਮਿਕ ਗੁਰੂ ਆਮ ਤੌਰ ਤੇ ਔਰਤਾਂ ਨੂੰ ਪਰਮੇਸ਼ੁਰ ਦੇ ਬਚਨ ਦਾ ਗਿਆਨ ਨਹੀਂ ਦਿੰਦੇ ਸਨ। ਔਰਤਾਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਉਹ ਘਰ ਦੇ ਕੰਮ-ਕਾਰ ਕਰਨ। ਇਸ ਲਈ ਮਾਰਥਾ ਨੂੰ ਇਹ ਅਜੀਬ ਲੱਗਾ ਹੋਣਾ ਕਿ ਮਰੀਅਮ ਯਿਸੂ ਦੇ ਚਰਨੀਂ ਬੈਠ ਕੇ ਉਸ ਦੀਆਂ ਗੱਲਾਂ ਸੁਣ ਰਹੀ ਸੀ।