Skip to content

Skip to table of contents

ਪਾਠ 13

ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ

ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ

1, 2. (ੳ) ਯੂਨਾਹ ਦੀ ਗ਼ਲਤੀ ਕਰਕੇ ਜਹਾਜ਼ ਵਿਚ ਸਵਾਰ ਲੋਕਾਂ ’ਤੇ ਕਿਹੜੀ ਮੁਸੀਬਤ ਆਈ? (ਅ) ਯੂਨਾਹ ਦੀ ਕਹਾਣੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

ਯੂਨਾਹ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਇਹ ਭਿਆਨਕ ਸ਼ੋਰ ਉਸ ਨੂੰ ਸੁਣਾਈ ਨਾ ਦੇਵੇ। ਹਰ ਪਾਸੇ ਸ਼ੂਕਦੀ ਹਵਾ ਦਾ ਸ਼ੋਰ ਸੁਣਾਈ ਦੇ ਰਿਹਾ ਹੈ। ਸਮੁੰਦਰ ਦੀਆਂ ਉੱਛਲ਼ਦੀਆਂ ਲਹਿਰਾਂ ਜਹਾਜ਼ ਨਾਲ ਜ਼ੋਰ-ਜ਼ੋਰ ਨਾਲ ਟਕਰਾਉਣ ਕਰਕੇ ਲੱਕੜਾਂ ਦੀ ਖੜ-ਖੜ ਦੀ ਆਵਾਜ਼ ਆ ਰਹੀ ਹੈ। ਉਸ ਨੂੰ ਸਭ ਤੋਂ ਜ਼ਿਆਦਾ ਦੁੱਖ ਉਨ੍ਹਾਂ ਲੋਕਾਂ ਦਾ ਚੀਕ-ਚਿਹਾੜਾ ਸੁਣ ਕੇ ਲੱਗ ਰਿਹਾ ਹੈ ਜੋ ਜਹਾਜ਼ ਨੂੰ ਡੁੱਬਣ ਤੋਂ ਬਚਾਉਣ ਲਈ ਇੱਧਰ-ਉੱਧਰ ਨੱਠ-ਭੱਜ ਕਰ ਰਹੇ ਹਨ। ਉਨ੍ਹਾਂ ਵਿਚ ਜਹਾਜ਼ ਦਾ ਕਪਤਾਨ ਅਤੇ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ। ਯੂਨਾਹ ਜਾਣਦਾ ਹੈ ਕਿ ਉਸ ਦੀ ਗ਼ਲਤੀ ਕਰਕੇ ਇਹ ਸਾਰੇ ਆਦਮੀ ਆਪਣੀ ਜਾਨ ਤੋਂ ਹੱਥ ਧੋ ਬੈਠਣਗੇ!

2 ਯੂਨਾਹ ਇਸ ਮੁਸੀਬਤ ਵਿਚ ਕਿਵੇਂ ਫਸਿਆ? ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਨਾ ਮੰਨ ਕੇ ਬਹੁਤ ਵੱਡੀ ਗ਼ਲਤੀ ਕੀਤੀ ਹੈ। ਉਸ ਨੇ ਕਿਸ ਗੱਲ ਵਿਚ ਕਹਿਣਾ ਨਹੀਂ ਮੰਨਿਆ? ਕੀ ਉਸ ਦਾ ਰਿਸ਼ਤਾ ਯਹੋਵਾਹ ਪਰਮੇਸ਼ੁਰ ਨਾਲ ਹਮੇਸ਼ਾ ਲਈ ਟੁੱਟ ਗਿਆ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਮਿਸਾਲ ਲਈ, ਯੂਨਾਹ ਦੀ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੱਕੀ ਨਿਹਚਾ ਰੱਖਣ ਵਾਲਿਆਂ ਤੋਂ ਵੀ ਗ਼ਲਤੀਆਂ ਹੋ ਸਕਦੀਆਂ ਹਨ, ਪਰ ਉਹ ਆਪਣੀਆਂ ਗ਼ਲਤੀਆਂ ਸੁਧਾਰ ਸਕਦੇ ਹਨ।

ਗਲੀਲ ਤੋਂ ਇਕ ਨਬੀ

3-5. (ੳ) ਯੂਨਾਹ ਦਾ ਨਾਂ ਸੁਣਦੇ ਹੀ ਲੋਕਾਂ ਦਾ ਧਿਆਨ ਅਕਸਰ ਕਿਸ ਗੱਲ ਵੱਲ ਜਾਂਦਾ ਹੈ? (ਅ) ਅਸੀਂ ਯੂਨਾਹ ਬਾਰੇ ਕੀ ਜਾਣਦੇ ਹਾਂ? (ਫੁਟਨੋਟ ਵੀ ਦੇਖੋ।) (ੲ) ਇਕ ਨਬੀ ਵਜੋਂ ਸੇਵਾ ਕਰਨੀ ਯੂਨਾਹ ਲਈ ਆਸਾਨ ਕਿਉਂ ਨਹੀਂ ਸੀ?

3 ਯੂਨਾਹ ਦਾ ਨਾਂ ਸੁਣਦੇ ਹੀ ਲੋਕਾਂ ਦਾ ਧਿਆਨ ਅਕਸਰ ਉਸ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਜਾਂਦਾ ਹੈ ਜਿਵੇਂ ਕਿ ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਅਤੇ ਉਹ ਜ਼ਿੱਦੀ ਸੀ। ਪਰ ਯੂਨਾਹ ਵਿਚ ਬਹੁਤ ਸਾਰੀਆਂ ਖੂਬੀਆਂ ਵੀ ਸਨ। ਯਾਦ ਕਰੋ ਕਿ ਯਹੋਵਾਹ ਨੇ ਯੂਨਾਹ ਨੂੰ ਇਕ ਨਬੀ ਵਜੋਂ ਚੁਣਿਆ ਸੀ। ਜੇ ਯੂਨਾਹ ਵਫ਼ਾਦਾਰ ਅਤੇ ਧਰਮੀ ਨਾ ਹੁੰਦਾ, ਤਾਂ ਕੀ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਇਹ ਭਾਰੀ ਜ਼ਿੰਮੇਵਾਰੀ ਸੌਂਪਣੀ ਸੀ?

ਯੂਨਾਹ ਵਿਚ ਕਮੀਆਂ ਹੀ ਨਹੀਂ ਸਨ, ਸਗੋਂ ਬਹੁਤ ਸਾਰੀਆਂ ਖੂਬੀਆਂ ਵੀ ਸਨ

4 ਬਾਈਬਲ ਤੋਂ ਸਾਨੂੰ ਯੂਨਾਹ ਬਾਰੇ ਕੁਝ ਹੀ ਗੱਲਾਂ ਪਤਾ ਲੱਗਦੀਆਂ ਹਨ। (2 ਰਾਜਿਆਂ 14:25 ਪੜ੍ਹੋ।) ਉਹ ਗਥ ਹੇਫਰ ਸ਼ਹਿਰ ਦਾ ਰਹਿਣ ਵਾਲਾ ਸੀ ਜੋ ਨਾਸਰਤ ਤੋਂ ਸਿਰਫ਼ ਚਾਰ ਕਿਲੋਮੀਟਰ (2.5 ਮੀਲ) ਦੂਰ ਸੀ। ਨਾਸਰਤ ਵਿਚ ਹੀ ਲਗਭਗ 800 ਸਾਲ ਬਾਅਦ ਯਿਸੂ ਮਸੀਹ ਦਾ ਜਨਮ ਹੋਇਆ ਸੀ। * ਜਦ ਉੱਤਰੀ ਇਜ਼ਰਾਈਲ ਦੇ ਦਸ-ਗੋਤੀ ਰਾਜ ਦਾ ਰਾਜਾ ਯਾਰਾਬੁਆਮ ਦੂਜਾ ਸੀ, ਉਸ ਸਮੇਂ ਯੂਨਾਹ ਇਕ ਨਬੀ ਵਜੋਂ ਸੇਵਾ ਕਰਦਾ ਸੀ। ਏਲੀਯਾਹ ਨਬੀ ਦੀ ਕਾਫ਼ੀ ਚਿਰ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਅਲੀਸ਼ਾ ਨਬੀ ਦੀ ਵੀ ਯਾਰਾਬੁਆਮ ਦੇ ਪਿਤਾ ਦੇ ਰਾਜ ਦੌਰਾਨ ਮੌਤ ਹੋ ਚੁੱਕੀ ਸੀ। ਭਾਵੇਂ ਯਹੋਵਾਹ ਨੇ ਇਨ੍ਹਾਂ ਨਬੀਆਂ ਰਾਹੀਂ ਬਆਲ ਦੀ ਝੂਠੀ ਭਗਤੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਸੀ, ਪਰ ਇਜ਼ਰਾਈਲੀ ਇਕ ਵਾਰ ਫਿਰ ਜਾਣ-ਬੁੱਝ ਕੇ ਸੱਚੀ ਭਗਤੀ ਤੋਂ ਭਟਕ ਰਹੇ ਸਨ। ਹੁਣ ਇਜ਼ਰਾਈਲੀ ਯਾਰਾਬੁਆਮ ਦੇ ਮਗਰ ਲੱਗ ਗਏ ਸਨ ਜਿਸ ਨੇ “ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ।” (2 ਰਾਜ. 14:24) ਸੋ ਇਨ੍ਹਾਂ ਹਾਲਾਤਾਂ ਵਿਚ ਯੂਨਾਹ ਲਈ ਇਕ ਨਬੀ ਵਜੋਂ ਯਹੋਵਾਹ ਦੀ ਸੇਵਾ ਕਰਨੀ ਸੌਖੀ ਨਹੀਂ ਸੀ। ਫਿਰ ਵੀ ਉਸ ਨੇ ਵਫ਼ਾਦਾਰੀ ਨਾਲ ਆਪਣਾ ਕੰਮ ਪੂਰਾ ਕੀਤਾ।

5 ਪਰ ਇਕ ਦਿਨ ਯੂਨਾਹ ਦੀ ਜ਼ਿੰਦਗੀ ਦਾ ਰੁਖ ਬਦਲ ਗਿਆ। ਯਹੋਵਾਹ ਨੇ ਯੂਨਾਹ ਨੂੰ ਅਜਿਹੀ ਜ਼ਿੰਮੇਵਾਰੀ ਦਿੱਤੀ ਜਿਸ ਨੂੰ ਨਿਭਾਉਣਾ ਉਸ ਨੂੰ ਆਪਣੇ ਵੱਸ ਤੋਂ ਬਾਹਰ ਲੱਗਾ। ਉਹ ਕਿਹੜੀ ਜ਼ਿੰਮੇਵਾਰੀ ਸੀ?

‘ਉੱਠ! ਨੀਨਵਾਹ ਨੂੰ ਜਾਹ’

6. ਯਹੋਵਾਹ ਨੇ ਯੂਨਾਹ ਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ ਅਤੇ ਉਸ ਨੂੰ ਸ਼ਾਇਦ ਇਹ ਜ਼ਿੰਮੇਵਾਰੀ ਨਿਭਾਉਣੀ ਔਖੀ ਕਿਉਂ ਲੱਗੀ ਹੋਣੀ?

6 ਯਹੋਵਾਹ ਨੇ ਯੂਨਾਹ ਨੂੰ ਕਿਹਾ: “ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਓਹਨਾਂ ਦੀ ਬੁਰਿਆਈ ਮੇਰੇ ਸਨਮੁਖ ਉਤਾਹਾਂ ਆਈ ਹੈ!” (ਯੂਨਾ. 1:2) ਅਸੀਂ ਸਮਝ ਸਕਦੇ ਹਾਂ ਕਿ ਯੂਨਾਹ ਨੀਨਵਾਹ ਜਾਣ ਤੋਂ ਕਿਉਂ ਘਬਰਾ ਰਿਹਾ ਹੋਣਾ। ਨੀਨਵਾਹ ਉਸ ਦੇ ਸ਼ਹਿਰ ਤੋਂ ਪੂਰਬ ਵੱਲ ਲਗਭਗ 800 ਕਿਲੋਮੀਟਰ (ਲਗਭਗ 500 ਮੀਲ) ਦੂਰ ਸੀ। ਜੇ ਉਹ ਪੈਦਲ ਜਾਂਦਾ, ਤਾਂ ਉਸ ਨੂੰ ਤਕਰੀਬਨ ਇਕ ਮਹੀਨਾ ਲੱਗ ਜਾਣਾ ਸੀ। ਪਰ ਉਸ ਲਈ ਇਸ ਲੰਬੇ ਤੇ ਮੁਸ਼ਕਲ ਸਫ਼ਰ ਤੋਂ ਵੀ ਜ਼ਿਆਦਾ ਔਖੀ ਗੱਲ ਵਹਿਸ਼ੀ ਤੇ ਜ਼ਾਲਮ ਅੱਸ਼ੂਰੀ ਲੋਕਾਂ ਨੂੰ ਯਹੋਵਾਹ ਵੱਲੋਂ ਸਜ਼ਾ ਸੁਣਾਉਣੀ ਸੀ। ਜੇ ਪਰਮੇਸ਼ੁਰ ਦੇ ਆਪਣੇ ਲੋਕਾਂ ਨੇ ਉਸ ਦਾ ਸੁਨੇਹਾ ਨਹੀਂ ਸੁਣਿਆ ਸੀ, ਤਾਂ ਯੂਨਾਹ ਇਨ੍ਹਾਂ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕਾਂ ਤੋਂ ਕੀ ਉਮੀਦ ਰੱਖ ਸਕਦਾ ਸੀ? ਇਸ ਵੱਡੇ ਸ਼ਹਿਰ, ਜਿਸ ਨੂੰ ਬਾਅਦ ਵਿਚ “ਖੂਨੀ ਸ਼ਹਿਰ” ਵੀ ਕਿਹਾ ਗਿਆ ਹੈ, ਵਿਚ ਯਹੋਵਾਹ ਦੇ ਇੱਕੋ-ਇਕ ਸੇਵਕ ਦਾ ਕੀ ਹਸ਼ਰ ਹੁੰਦਾ?—ਨਹੂ. 3:1, 7.

7, 8. (ੳ) ਯੂਨਾਹ ਦਾ ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ਤੋਂ ਦੂਰ ਭੱਜਣ ਦਾ ਇਰਾਦਾ ਕਿੰਨਾ ਕੁ ਪੱਕਾ ਸੀ? (ਅ) ਸਾਨੂੰ ਯੂਨਾਹ ਨੂੰ ਡਰਪੋਕ ਕਿਉਂ ਨਹੀਂ ਸਮਝਣਾ ਚਾਹੀਦਾ?

7 ਸਾਨੂੰ ਨਹੀਂ ਪਤਾ ਕਿ ਇਹ ਗੱਲਾਂ ਯੂਨਾਹ ਦੇ ਮਨ ਵਿਚ ਆਈਆਂ ਸਨ ਜਾਂ ਨਹੀਂ। ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਯਹੋਵਾਹ ਨੇ ਉਸ ਨੂੰ ਪੂਰਬ ਵੱਲ ਜਾਣ ਲਈ ਕਿਹਾ ਸੀ, ਪਰ ਉਹ ਪੱਛਮ ਵੱਲ ਬਹੁਤ ਦੂਰ ਭੱਜ ਗਿਆ ਸੀ। ਉਹ ਸਮੁੰਦਰ ਦੇ ਕਿਨਾਰੇ ਵੱਸੇ ਯਾਫਾ ਸ਼ਹਿਰ ਨੂੰ ਗਿਆ ਅਤੇ ਇੱਥੋਂ ਦੀ ਬੰਦਰਗਾਹ ਤੋਂ ਤਰਸ਼ੀਸ਼ ਨੂੰ ਜਾਣ ਵਾਲੇ ਇਕ ਜਹਾਜ਼ ਉੱਤੇ ਚੜ੍ਹਿਆ। ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਤਰਸ਼ੀਸ਼ ਸਪੇਨ ਦੇਸ਼ ਵਿਚ ਸੀ। ਜੇ ਉਨ੍ਹਾਂ ਦੀ ਗੱਲ ਸਹੀ ਹੈ, ਤਾਂ ਯੂਨਾਹ ਨੀਨਵਾਹ ਤੋਂ ਤਕਰੀਬਨ 3,500 ਕਿਲੋਮੀਟਰ (ਲਗਭਗ 2,200 ਮੀਲ) ਦੂਰ ਜਾ ਰਿਹਾ ਸੀ। ਵੱਡੇ ਸਾਗਰ (ਅੱਜ ਭੂਮੱਧ ਸਾਗਰ) ਦੇ ਐਨ ਦੂਜੇ ਪਾਸੇ ਪਹੁੰਚਣ ਲਈ ਉਸ ਨੂੰ ਸ਼ਾਇਦ ਪੂਰਾ ਸਾਲ ਲੱਗ ਜਾਣਾ ਸੀ! ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ਤੋਂ ਭੱਜਣ ਲਈ ਯੂਨਾਹ ਇੰਨਾ ਲੰਬਾ ਸਫ਼ਰ ਕਰਨ ਲਈ ਤਿਆਰ ਸੀ!—ਯੂਨਾਹ 1:3 ਪੜ੍ਹੋ।

8 ਕੀ ਇਸ ਦਾ ਇਹ ਮਤਲਬ ਹੈ ਕਿ ਯੂਨਾਹ ਡਰਪੋਕ ਸੀ? ਸਾਨੂੰ ਜਲਦਬਾਜ਼ੀ ਵਿਚ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਅਸੀਂ ਅੱਗੇ ਦੇਖਾਂਗੇ ਕਿ ਉਸ ਨੇ ਕਈ ਬਹਾਦਰੀ ਵਾਲੇ ਕੰਮ ਵੀ ਕੀਤੇ। ਪਰ ਸਾਡੇ ਵਾਂਗ ਨਾਮੁਕੰਮਲ ਇਨਸਾਨ ਹੋਣ ਕਰਕੇ ਉਸ ਵਿਚ ਬਹੁਤ ਸਾਰੀਆਂ ਕਮੀਆਂ-ਕਮਜ਼ੋਰੀਆਂ ਸਨ। (ਜ਼ਬੂ. 51:5) ਸਾਡੇ ਵਿੱਚੋਂ ਹਰੇਕ ਨੂੰ ਕਦੀ-ਨਾ-ਕਦੀ ਡਰ ਨੇ ਆ ਘੇਰਿਆ ਹੋਣਾ।

9. ਕਦੇ-ਕਦੇ ਅਸੀਂ ਸ਼ਾਇਦ ਯਹੋਵਾਹ ਤੋਂ ਮਿਲੇ ਕੰਮ ਬਾਰੇ ਕਿਵੇਂ ਮਹਿਸੂਸ ਕਰੀਏ ਅਤੇ ਉਸ ਸਮੇਂ ਸਾਨੂੰ ਕਿਹੜੀ ਗੱਲ ਯਾਦ ਰੱਖਣ ਦੀ ਲੋੜ ਹੈ?

9 ਕਦੀ-ਕਦੀ ਸ਼ਾਇਦ ਸਾਨੂੰ ਲੱਗੇ ਕਿ ਪਰਮੇਸ਼ੁਰ ਸਾਨੂੰ ਉਹ ਕੰਮ ਕਰਨ ਲਈ ਕਹਿੰਦਾ ਹੈ ਜੋ ਸਾਡੇ ਲਈ ਬਹੁਤ ਮੁਸ਼ਕਲ ਹੈ ਜਾਂ ਅਸੀਂ ਕਰ ਹੀ ਨਹੀਂ ਸਕਦੇ। ਮਸੀਹੀਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਕੰਮ ਕਰਨ ਤੋਂ ਸਾਨੂੰ ਸ਼ਾਇਦ ਡਰ ਲੱਗੇ। (ਮੱਤੀ 24:14) ਅਸੀਂ ਕਈ ਵਾਰ ਯਿਸੂ ਦੀ ਇਹ ਗੱਲ ਭੁੱਲ ਜਾਂਦੇ ਹਾਂ ਕਿ ਪਰਮੇਸ਼ੁਰ “ਸਭ ਕੁਝ ਕਰ ਸਕਦਾ ਹੈ।” (ਮਰ. 10:27) ਜੇ ਸਾਡੇ ਨਾਲ ਇੱਦਾਂ ਹੋ ਸਕਦਾ ਹੈ, ਤਾਂ ਯੂਨਾਹ ਨਾਲ ਕਿਉਂ ਨਹੀਂ? ਪਰ ਯੂਨਾਹ ਦੇ ਭੱਜਣ ਦਾ ਅੰਜਾਮ ਕੀ ਨਿਕਲਿਆ?

ਯਹੋਵਾਹ ਨੇ ਆਪਣੇ ਅਣਆਗਿਆਕਾਰ ਨਬੀ ਨੂੰ ਤਾੜਿਆ

10, 11. (ੳ) ਜਦੋਂ ਬੰਦਰਗਾਹ ਤੋਂ ਜਹਾਜ਼ ਤੁਰਿਆ, ਤਾਂ ਯੂਨਾਹ ਦੇ ਮਨ ਵਿਚ ਸ਼ਾਇਦ ਕੀ ਆਇਆ ਹੋਣਾ? (ਅ) ਜਹਾਜ਼ ਅਤੇ ਇਸ ਵਿਚ ਸਵਾਰ ਲੋਕਾਂ ਨੂੰ ਕਿਹੜੇ ਖ਼ਤਰੇ ਦਾ ਸਾਮ੍ਹਣਾ ਕਰਨਾ ਪਿਆ?

10 ਅਸੀਂ ਮਨ ਦੀਆਂ ਅੱਖਾਂ ਨਾਲ ਯੂਨਾਹ ਨੂੰ ਜਹਾਜ਼ ਉੱਤੇ ਚੜ੍ਹਦਿਆਂ ਦੇਖ ਸਕਦੇ ਹਾਂ ਜੋ ਸ਼ਾਇਦ ਫੈਨੀਕੇ ਦਾ ਮਾਲ ਢੋਹਣ ਵਾਲਾ ਜਹਾਜ਼ ਸੀ। ਉਹ ਕਪਤਾਨ ਅਤੇ ਉਸ ਦੇ ਆਦਮੀਆਂ ਨੂੰ ਸਫ਼ਰ ਦੀ ਤਿਆਰੀ ਲਈ ਦੌੜ-ਭੱਜ ਕਰਦੇ ਦੇਖਦਾ ਹੈ। ਕਿਨਾਰੇ ਤੋਂ ਦੂਰ ਜਾਂਦਿਆਂ ਯੂਨਾਹ ਦੇ ਮਨ ਵਿਚ ਆਇਆ ਹੋਣਾ ਕਿ ਹੁਣ ਖ਼ਤਰਾ ਟਲ਼ ਗਿਆ ਸੀ। ਫਿਰ ਅਚਾਨਕ ਮੌਸਮ ਬਦਲ ਗਿਆ!

11 ਭਿਆਨਕ ਤੂਫ਼ਾਨ ਦੇ ਤੇਜ਼ ਥਪੇੜਿਆਂ ਨਾਲ ਪਾਣੀ ਵਿਚ ਖਲਬਲੀ ਮੱਚ ਗਈ। ਇਸ ਖ਼ੌਫ਼ਨਾਕ ਮੰਜ਼ਰ ਵਿਚ ਕਿਸੇ ਦਾ ਵੀ ਦਿਲ ਦਹਿਲ ਜਾਵੇ। ਪਹਾੜ ਜਿੱਡੀਆਂ ਉੱਚੀਆਂ-ਉੱਚੀਆਂ ਲਹਿਰਾਂ ਵਿਚ ਅੱਜ ਦੇ ਸਮੁੰਦਰੀ ਜਹਾਜ਼ ਵੀ ਚਕਨਾਚੂਰ ਹੋ ਜਾਣ। ਤਾਂ ਫਿਰ ਇਹ ਨਿੱਕਾ ਜਿਹਾ ਲੱਕੜੀ ਦਾ ਜਹਾਜ਼ ਕਿੰਨਾ ਕੁ ਚਿਰ ਇਨ੍ਹਾਂ ਲਹਿਰਾਂ ਦੀ ਮਾਰ ਨੂੰ ਸਹਾਰਦਾ। ਯੂਨਾਹ ਨੇ ਬਾਅਦ ਵਿਚ ਲਿਖਿਆ ਕਿ “ਯਹੋਵਾਹ ਨੇ ਸਮੁੰਦਰ ਉੱਤੇ ਇੱਕ ਵੱਡੀ ਅਨ੍ਹੇਰੀ ਵਗਾ ਦਿੱਤੀ।” ਕੀ ਉਸ ਨੂੰ ਉਸ ਸਮੇਂ ਇਹ ਗੱਲ ਪਤਾ ਸੀ? ਸਾਨੂੰ ਪੱਕਾ ਨਹੀਂ ਪਤਾ। ਪਰ ਉਸ ਨੇ ਦੇਖਿਆ ਕਿ ਸਾਰੇ ਆਪੋ-ਆਪਣੇ ਦੇਵੀ-ਦੇਵਤਿਆਂ ਨੂੰ ਮਦਦ ਲਈ ਪੁਕਾਰ ਰਹੇ ਸਨ। ਉਸ ਨੂੰ ਪਤਾ ਸੀ ਕਿ ਇਹ ਦੇਵੀ-ਦੇਵਤੇ ਉਨ੍ਹਾਂ ਨੂੰ ਬਚਾ ਨਹੀਂ ਸੀ ਸਕਦੇ। (ਲੇਵੀ. 19:4) ਬਾਈਬਲ ਵਿਚ ਲਿਖਿਆ ਹੈ: “ਸਮੁੰਦਰ ਵਿੱਚ ਵੱਡਾ ਤੁਫ਼ਾਨ ਸੀ, ਏਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ।” (ਯੂਨਾ. 1:4) ਯੂਨਾਹ ਆਪਣੇ ਰੱਬ ਨੂੰ ਕਿਹੜੇ ਮੂੰਹ ਨਾਲ ਪ੍ਰਾਰਥਨਾ ਕਰਦਾ ਜਿਸ ਤੋਂ ਉਹ ਭੱਜ ਰਿਹਾ ਸੀ?

12. (ੳ) ਸਾਨੂੰ ਇਸ ਬਾਰੇ ਜਲਦਬਾਜ਼ੀ ਵਿਚ ਕੋਈ ਰਾਇ ਕਿਉਂ ਨਹੀਂ ਕਾਇਮ ਕਰਨੀ ਚਾਹੀਦੀ ਕਿ ਤੇਜ਼ ਤੂਫ਼ਾਨ ਦੇ ਬਾਵਜੂਦ ਯੂਨਾਹ ਸੌਂ ਗਿਆ ਸੀ? (ਫੁਟਨੋਟ ਵੀ ਦੇਖੋ।) (ਅ) ਯਹੋਵਾਹ ਨੇ ਤੂਫ਼ਾਨ ਦਾ ਕਾਰਨ ਕਿਵੇਂ ਜ਼ਾਹਰ ਕੀਤਾ?

12 ਉਹ ਜਹਾਜ਼ ਦੇ ਚਾਲਕਾਂ ਦੀ ਮਦਦ ਨਹੀਂ ਕਰ ਸਕਦਾ ਸੀ, ਇਸ ਲਈ ਉਹ ਬੇਬੱਸ ਹੋ ਕੇ ਜਹਾਜ਼ ਦੇ ਅੰਦਰ ਜਾ ਕੇ ਗੂੜ੍ਹੀ ਨੀਂਦ ਸੌਂ ਗਿਆ। * ਕਪਤਾਨ ਨੇ ਸੁੱਤੇ ਪਏ ਯੂਨਾਹ ਨੂੰ ਦੇਖਿਆ ਅਤੇ ਉਸ ਨੂੰ ਉਠਾ ਕੇ ਕਿਹਾ ਕਿ ਉਹ ਵੀ ਬਾਕੀਆਂ ਵਾਂਗ ਆਪਣੇ ਰੱਬ ਨੂੰ ਪ੍ਰਾਰਥਨਾ ਕਰੇ। ਸਾਰਿਆਂ ਨੂੰ ਇਹ ਵਿਸ਼ਵਾਸ ਸੀ ਕਿ ਇਸ ਤੂਫ਼ਾਨ ਦੇ ਪਿੱਛੇ ਰੱਬ ਦਾ ਹੀ ਹੱਥ ਸੀ। ਇਸ ਲਈ ਆਦਮੀਆਂ ਨੇ ਸਾਰਿਆਂ ਦੇ ਨਾਂ ’ਤੇ ਗੁਣੇ ਪਾ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਬਿਪਤਾ ਕਿਸ ਦੇ ਕਾਰਨ ਆਈ ਸੀ। ਯੂਨਾਹ ਦਾ ਦਿਲ ਜ਼ਰੂਰ ਡੁੱਬ ਗਿਆ ਹੋਣਾ ਜਦ ਗੁਣਾ ਉਸ ਦੇ ਨਾਂ ’ਤੇ ਨਿਕਲਿਆ। ਇਸ ਤਰੀਕੇ ਨਾਲ ਯਹੋਵਾਹ ਨੇ ਦਿਖਾਇਆ ਕਿ ਉਹ ਯੂਨਾਹ ਦੀ ਅਣਆਗਿਆਕਾਰੀ ਕਰਕੇ ਇਹ ਤੂਫ਼ਾਨ ਲਿਆਇਆ ਸੀ!​—ਯੂਨਾਹ 1:5-7 ਪੜ੍ਹੋ।

13. (ੳ) ਯੂਨਾਹ ਨੇ ਆਦਮੀਆਂ ਨੂੰ ਕੀ ਦੱਸਿਆ? (ਅ) ਯੂਨਾਹ ਨੇ ਆਦਮੀਆਂ ਨੂੰ ਕੀ ਕਰਨ ਲਈ ਕਿਹਾ ਤੇ ਕਿਉਂ?

13 ਯੂਨਾਹ ਨੇ ਚਾਲਕਾਂ ਨੂੰ ਸਭ ਕੁਝ ਦੱਸ ਦਿੱਤਾ। ਉਸ ਨੇ ਦੱਸਿਆ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦਾ ਸੇਵਕ ਸੀ। ਉਸ ਨੇ ਆਪਣੇ ਪਰਮੇਸ਼ੁਰ ਨੂੰ ਨਾਰਾਜ਼ ਕੀਤਾ ਸੀ ਜਿਸ ਕਰਕੇ ਸਾਰਿਆਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਗਈਆਂ ਸਨ। ਯੂਨਾਹ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੇ ਚਿਹਰਿਆਂ ਦੇ ਰੰਗ ਉੱਡ ਗਏ ਅਤੇ ਉਹ ਡਰ ਦੇ ਮਾਰੇ ਕੰਬਣ ਲੱਗ ਪਏ। ਉਨ੍ਹਾਂ ਨੇ ਯੂਨਾਹ ਨੂੰ ਪੁੱਛਿਆ ਕਿ ਉਹ ਜਹਾਜ਼ ਅਤੇ ਆਪਣੀਆਂ ਜਾਨਾਂ ਬਚਾਉਣ ਲਈ ਉਸ ਨਾਲ ਕੀ ਕਰਨ। ਉਸ ਨੇ ਕੀ ਜਵਾਬ ਦਿੱਤਾ? ਉਸ ਤੂਫ਼ਾਨੀ ਸਮੁੰਦਰ ਦੇ ਠੰਢੇ ਪਾਣੀ ਦੀਆਂ ਗਹਿਰਾਈਆਂ ਵਿਚ ਡੁੱਬਣ ਦੇ ਖ਼ਿਆਲ ਨਾਲ ਹੀ ਉਸ ਨੂੰ ਕਾਂਬਾ ਛਿੜ ਗਿਆ ਹੋਣਾ। ਪਰ ਉਹ ਇਨ੍ਹਾਂ ਆਦਮੀਆਂ ਨੂੰ ਜਾਣ-ਬੁੱਝ ਕੇ ਮੌਤ ਦੇ ਮੂੰਹ ਵਿਚ ਕਿਵੇਂ ਧੱਕ ਸਕਦਾ ਸੀ? ਇਸ ਲਈ ਉਸ ਨੇ ਕਿਹਾ: “ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ, ਫੇਰ ਤੁਹਾਡੇ ਲਈ ਸਮੁੰਦਰ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਏਹ ਵੱਡਾ ਤੁਫ਼ਾਨ ਤੁਹਾਡੇ ਉੱਤੇ ਆਇਆ ਹੈ।”​—ਯੂਨਾ. 1:12.

14, 15. (ੳ  ਅਸੀਂ ਯੂਨਾਹ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅ) ਯੂਨਾਹ ਦੀ ਬੇਨਤੀ ਸੁਣ ਕੇ ਚਾਲਕਾਂ ਨੇ ਕੀ ਕੀਤਾ?

14 ਯੂਨਾਹ ਦੀ ਬਹਾਦਰੀ ਦਾ ਕਿੰਨਾ ਵੱਡਾ ਸਬੂਤ! ਇਹ ਦੇਖ ਕੇ ਯਹੋਵਾਹ ਦਾ ਜੀਅ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਯੂਨਾਹ ਇਸ ਔਖੀ ਘੜੀ ਵਿਚ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਤਕ ਦੇਣ ਲਈ ਤਿਆਰ ਸੀ! ਇਸ ਤੋਂ ਸਾਨੂੰ ਯੂਨਾਹ ਦੀ ਪੱਕੀ ਨਿਹਚਾ ਦਾ ਪਤਾ ਲੱਗਦਾ ਹੈ। ਜਦੋਂ ਅਸੀਂ ਆਪਣੇ ਬਾਰੇ ਸੋਚਣ ਦੀ ਬਜਾਇ ਦੂਜਿਆਂ ਦੇ ਭਲੇ ਬਾਰੇ ਸੋਚਦੇ ਹਾਂ, ਤਾਂ ਅਸੀਂ ਉਸ ਦੀ ਨਿਹਚਾ ਦੀ ਰੀਸ ਕਰ ਰਹੇ ਹੁੰਦੇ ਹਾਂ। (ਯੂਹੰ. 13:34, 35) ਜਦ ਅਸੀਂ ਦੇਖਦੇ ਹਾਂ ਕਿ ਕਿਸੇ ਲੋੜਵੰਦ ਭੈਣ-ਭਰਾ ਨੂੰ ਮਦਦ ਦੀ ਜਾਂ ਕਿਸੇ ਦੁਖੀ ਭੈਣ-ਭਰਾ ਨੂੰ ਸਾਡੇ ਸਹਾਰੇ ਜਾਂ ਬਾਈਬਲ ਤੋਂ ਹੌਸਲੇ ਦੀ ਲੋੜ ਹੈ, ਤਾਂ ਕੀ ਅਸੀਂ ਹਰ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੁੰਦੇ ਹਾਂ? ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਾਂ।

15 ਯੂਨਾਹ ਦੀ ਗੱਲ ਸੁਣ ਕੇ ਉਨ੍ਹਾਂ ਆਦਮੀਆਂ ਨੂੰ ਤਰਸ ਆਇਆ ਹੋਣਾ। ਉਨ੍ਹਾਂ ਨੇ ਉਸ ਨੂੰ ਸਮੁੰਦਰ ਵਿਚ ਸੁੱਟਣ ਦੀ ਬਜਾਇ ਤੂਫ਼ਾਨ ਤੋਂ ਬਚਣ ਲਈ ਸਭ ਕੁਝ ਕੀਤਾ। ਪਰ ਕੋਈ ਫ਼ਾਇਦਾ ਨਹੀਂ ਹੋਇਆ, ਸਗੋਂ ਤੂਫ਼ਾਨ ਹੋਰ ਤੇਜ਼ ਹੋ ਗਿਆ। ਅਖ਼ੀਰ ਵਿਚ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਾ ਰਿਹਾ। ਉਨ੍ਹਾਂ ਨੇ ਯੂਨਾਹ ਦੇ ਪਰਮੇਸ਼ੁਰ ਯਹੋਵਾਹ ਤੋਂ ਦਇਆ ਦੀ ਭੀਖ ਮੰਗੀ ਅਤੇ ਫਿਰ ਉਸ ਨੂੰ ਚੁੱਕ ਕੇ ਸਮੁੰਦਰ ਵਿਚ ਸੁੱਟ ਦਿੱਤਾ।—ਯੂਨਾ. 1:13-15.

ਯੂਨਾਹ ਦੇ ਕਹਿਣ ਤੇ ਜਹਾਜ਼ ਦੇ ਚਾਲਕਾਂ ਨੇ ਉਸ ਨੂੰ ਚੁੱਕ ਕੇ ਸਮੁੰਦਰ ਵਿਚ ਸੁੱਟ ਦਿੱਤਾ

ਯੂਨਾਹ ਨੂੰ ਦਇਆ ਅਤੇ ਛੁਟਕਾਰਾ ਮਿਲਿਆ

16, 17. ਦੱਸੋ ਕਿ ਸਮੁੰਦਰ ਵਿਚ ਸੁੱਟੇ ਜਾਣ ਤੋਂ ਬਾਅਦ ਯੂਨਾਹ ਨਾਲ ਕੀ ਹੋਇਆ। (ਤਸਵੀਰਾਂ ਵੀ ਦੇਖੋ।)

16 ਯੂਨਾਹ ਠਾਠਾਂ ਮਾਰਦੇ ਸਮੁੰਦਰ ਵਿਚ ਜਾ ਡਿੱਗਿਆ। ਉਸ ਨੇ ਸ਼ਾਇਦ ਪਹਿਲਾਂ-ਪਹਿਲਾਂ ਹੱਥ-ਪੈਰ ਮਾਰੇ ਹੋਣ ਅਤੇ ਜਹਾਜ਼ ਨੂੰ ਹੌਲੀ-ਹੌਲੀ ਆਪਣੇ ਤੋਂ ਦੂਰ ਜਾਂਦੇ ਦੇਖਿਆ ਹੋਣਾ। ਪਰ ਜ਼ੋਰਦਾਰ ਲਹਿਰਾਂ ਦੀ ਮਾਰ ਨਾਲ ਉਹ ਸਮੁੰਦਰ ਦੀਆਂ ਗਹਿਰਾਈਆਂ ਵਿਚ ਡੁੱਬਣ ਲੱਗਾ। ਉਸ ਨੂੰ ਆਪਣੀ ਮੌਤ ਨਜ਼ਰ ਆਉਣ ਲੱਗੀ।

17 ਬਾਅਦ ਵਿਚ ਉਸ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਉਸ ਸਮੇਂ ਉਸ ਉੱਤੇ ਕੀ ਬੀਤੀ ਸੀ। ਜ਼ਿੰਦਗੀ ਤੇ ਮੌਤ ਦੀ ਲੜਾਈ ਦੇ ਆਖ਼ਰੀ ਪਲਾਂ ਵਿਚ ਉਸ ਦੇ ਮਨ ਵਿਚ ਕਈ ਖ਼ਿਆਲ ਆਏ। ਉਸ ਨੇ ਦੁਖੀ ਮਨ ਨਾਲ ਸੋਚਿਆ ਕਿ ਕਹਿਣਾ ਨਾ ਮੰਨਣ ਕਰਕੇ ਉਸ ’ਤੇ ਯਹੋਵਾਹ ਦੀ ਮਿਹਰ ਨਹੀਂ ਰਹੀ ਸੀ। ਉਸ ਨੂੰ ਅਹਿਸਾਸ ਹੋਇਆ ਕਿ ਉਹ ਪਾਣੀ ਦੀਆਂ ਡੂੰਘਾਈਆਂ ਵਿਚ ਡੁੱਬਦਾ ਜਾ ਰਿਹਾ ਸੀ ਜਿੱਥੇ ਪਹਾੜਾਂ ਦੇ ਮੁੱਢ ਹੁੰਦੇ ਹਨ ਅਤੇ ਉੱਥੇ ਸਮੁੰਦਰੀ ਘਾਹ ਨੇ ਉਸ ਨੂੰ ਲਪੇਟ ਲਿਆ। ਯੂਨਾਹ ਨੂੰ ਲੱਗਾ ਕਿ ਸਮੁੰਦਰ ਹੀ ਉਸ ਦੀ ਕਬਰ ਬਣ ਜਾਵੇਗਾ।​—ਯੂਨਾਹ 2:2-6 ਪੜ੍ਹੋ।

18, 19. ਸਮੁੰਦਰ ਦੀਆਂ ਡੂੰਘਾਈਆਂ ਵਿਚ ਯੂਨਾਹ ਨਾਲ ਕੀ ਹੋਇਆ ਅਤੇ ਸਮੁੰਦਰ ਵਿਚ ਕਿਸ ਤਰ੍ਹਾਂ ਦਾ ਜੀਵ ਸੀ ? ਉਸ ਨਾਲ ਜੋ ਵੀ ਹੋਇਆ, ਉਸ ਪਿੱਛੇ ਕਿਸ ਦਾ ਹੱਥ ਸੀ? (ਫੁਟਨੋਟ ਵੀ ਦੇਖੋ।)

18 ਪਰ ਜ਼ਰਾ ਠਹਿਰੋ! ਕੋਈ ਵੱਡੀ ਸਾਰੀ ਕਾਲੀ ਚੀਜ਼ ਯੂਨਾਹ ਦੇ ਨੇੜੇ ਚੱਕਰ ਕੱਢ ਰਹੀ ਸੀ। ਇਹ ਚੀਜ਼ ਅਚਾਨਕ ਉਸ ਵੱਲ ਆਈ ਅਤੇ ਆਪਣਾ ਮੂੰਹ ਅੱਡ ਕੇ ਇਕਦਮ ਉਸ ਨੂੰ ਨਿਗਲ਼ ਗਈ!

ਯਹੋਵਾਹ ਨੇ ‘ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੂਨਾਹ ਨੂੰ ਨਿਗਲ ਗਈ’

19 ਯੂਨਾਹ ਨੇ ਸੋਚਿਆ ਹੋਣਾ ਕਿ ਉਸ ਦੀ ਮੌਤ ਆ ਗਈ ਸੀ। ਪਰ ਚਮਤਕਾਰ ਹੋ ਗਿਆ। ਉਹ ਅਜੇ ਵੀ ਜੀਉਂਦਾ ਸੀ! ਇਸ ਚੀਜ਼ ਨੇ ਨਾ ਤਾਂ ਉਸ ਨੂੰ ਚਬਾਇਆ, ਨਾ ਹਜ਼ਮ ਕੀਤਾ ਅਤੇ ਨਾ ਹੀ ਉਸ ਦਾ ਦਮ ਘੁੱਟ ਹੋਇਆ। ਉਸ ਦੇ ਸਾਹ ਅਜੇ ਵੀ ਚੱਲ ਰਹੇ ਸਨ! ਇਸ ਕਰਕੇ ਯੂਨਾਹ ਦਾ ਦਿਲ ਯਹੋਵਾਹ ਲਈ ਸ਼ਰਧਾ ਨਾਲ ਭਰ ਗਿਆ! ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਹੀ “ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੂਨਾਹ ਨੂੰ ਨਿਗਲ ਜਾਵੇ।” *​—ਯੂਨਾ. 1:17.

20. ਯੂਨਾਹ ਦੁਆਰਾ ਮੱਛੀ ਦੇ ਅੰਦਰ ਕੀਤੀ ਪ੍ਰਾਰਥਨਾ ਤੋਂ ਸਾਨੂੰ ਉਸ ਬਾਰੇ ਕੀ ਪਤਾ ਲੱਗਦਾ ਹੈ?

20 ਪਲ-ਪਲ ਸਮਾਂ ਬੀਤਦਾ ਗਿਆ। ਪਲ ਮਿੰਟਾਂ ਵਿਚ ਅਤੇ ਮਿੰਟ ਘੰਟਿਆਂ ਵਿਚ ਬਦਲ ਗਏ। ਇਸ ਘੁੱਪ ਹਨੇਰੀ ਜਗ੍ਹਾ ’ਤੇ ਯੂਨਾਹ ਨੂੰ ਸੋਚਣ ਦਾ ਸਮਾਂ ਮਿਲਿਆ ਅਤੇ ਫਿਰ ਉਸ ਨੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਉਸ ਦੀ ਪ੍ਰਾਰਥਨਾ ਯੂਨਾਹ ਦੇ ਦੂਜੇ ਅਧਿਆਇ ਵਿਚ ਦਰਜ ਕੀਤੀ ਗਈ ਹੈ ਜਿਸ ਤੋਂ ਸਾਨੂੰ ਯੂਨਾਹ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। ਉਸ ਨੇ ਆਪਣੀ ਪ੍ਰਾਰਥਨਾ ਵਿਚ ਜ਼ਬੂਰਾਂ ਦੀ ਪੋਥੀ ਦੀਆਂ ਕਈ ਆਇਤਾਂ ਦਾ ਜ਼ਿਕਰ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਪਰਮੇਸ਼ੁਰ ਦੇ ਬਚਨ ਦਾ ਕਾਫ਼ੀ ਗਿਆਨ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦਾ ਕਿੰਨਾ ਸ਼ੁਕਰਗੁਜ਼ਾਰ ਸੀ। ਅਖ਼ੀਰ ਉਸ ਨੇ ਕਿਹਾ: “ਮੈਂ ਧੰਨ ਧੰਨ ਦੀ ਅਵਾਜ਼ [“ਧੰਨਵਾਦੀ ਰਾਗਾਂ,” CL] ਨਾਲ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਸੋ ਪੂਰੀ ਕਰਾਂਗਾ, ਬਚਾਉ ਯਹੋਵਾਹ ਵੱਲੋਂ ਹੀ ਹੈ!”​—ਯੂਨਾ. 2:9.

21. ਯੂਨਾਹ ਨੇ ਮੱਛੀ ਦੇ ਢਿੱਡ ਵਿਚ ਕੀ ਸਿੱਖਿਆ ਅਤੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

21 ਯੂਨਾਹ ਨੇ “ਮੱਛੀ ਦੇ ਢਿੱਡ ਵਿੱਚ” ਹੁੰਦਿਆਂ ਸਿੱਖਿਆ ਕਿ ਯਹੋਵਾਹ ਕਿਸੇ ਨੂੰ, ਕਿਤੇ ਵੀ ਅਤੇ ਕਿਸੇ ਵੀ ਸਮੇਂ ਬਚਾ ਸਕਦਾ ਹੈ। ਯਹੋਵਾਹ ਦੀ ਮਿਹਰ ਸਦਕਾ ਉਹ ਮੱਛੀ ਦੇ ਢਿੱਡ ਵਿਚ ਤਿੰਨ ਦਿਨ ਅਤੇ ਤਿੰਨ ਰਾਤ ਸੁਰੱਖਿਅਤ ਰਿਹਾ। (ਯੂਨਾ. 1:17) ਸਿਰਫ਼ ਯਹੋਵਾਹ ਹੀ ਇਸ ਤਰ੍ਹਾਂ ਕਰ ਸਕਦਾ ਸੀ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਯਹੋਵਾਹ ਦੇ ‘ਹੱਥ ਵਿੱਚ ਸਾਡਾ ਦਮ’ ਯਾਨੀ ਸਾਡਾ ਸਾਹ ਹੈ। (ਦਾਨੀ. 5:23) ਸਾਨੂੰ ਆਪਣੇ ਹਰੇਕ ਸਾਹ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ। ਕੀ ਅਸੀਂ ਉਸ ਦਾ ਕਹਿਣਾ ਮੰਨ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਧੰਨਵਾਦੀ ਹਾਂ?

22, 23. (ੳ  ਜਲਦੀ ਹੀ ਯੂਨਾਹ ਦੀ ਕਿਵੇਂ ਪਰਖ ਹੋਈ? (ਅ) ਅਸੀਂ ਯੂਨਾਹ ਤੋਂ ਕੀ ਸਿੱਖ ਸਕਦੇ ਹਾਂ ਜਦੋਂ ਅਸੀਂ ਗ਼ਲਤੀਆਂ ਕਰਦੇ ਹਾਂ?

22 ਕੀ ਯੂਨਾਹ ਨੇ ਯਹੋਵਾਹ ਦਾ ਕਹਿਣਾ ਮੰਨ ਕੇ ਆਪਣੀ ਸ਼ੁਕਰਗੁਜ਼ਾਰੀ ਦਾ ਸਬੂਤ ਦਿੱਤਾ ਸੀ? ਜੀ ਹਾਂ। ਤਿੰਨ ਦਿਨਾਂ ਅਤੇ ਤਿੰਨ ਰਾਤਾਂ ਬਾਅਦ ਮੱਛੀ ਨੇ ਸਮੁੰਦਰ ਦੇ ਕਿਨਾਰੇ ’ਤੇ ਜਾ ਕੇ “ਯੂਨਾਹ ਨੂੰ ਥਲ ਉੱਤੇ ਉਗਲੱਛ ਦਿੱਤਾ।” (ਯੂਨਾ. 2:10) ਉਸ ਨੂੰ ਤਾਂ ਕਿਨਾਰੇ ਤਕ ਆਉਣ ਲਈ ਤੈਰਨਾ ਵੀ ਨਹੀਂ ਪਿਆ! ਪਰ ਉਸ ਨੂੰ ਵਾਪਸ ਜਾਣ ਦਾ ਰਸਤਾ ਆਪ ਲੱਭਣਾ ਪਿਆ। ਫਿਰ ਛੇਤੀ ਹੀ ਉਸ ਦੀ ਪਰਖ ਹੋਈ ਕਿ ਉਹ ਯਹੋਵਾਹ ਦਾ ਸ਼ੁਕਰਗੁਜ਼ਾਰ ਸੀ ਜਾਂ ਨਹੀਂ। ਯੂਨਾਹ 3:1, 2 ਵਿਚ ਲਿਖਿਆ ਹੈ: “ਯਹੋਵਾਹ ਦੀ ਬਾਣੀ ਦੂਜੀ ਵਾਰ ਯੂਨਾਹ ਨੂੰ ਆਈ ਕਿ ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਨੂੰ ਇਸ ਗੱਲ ਦਾ ਪਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ!” ਯੂਨਾਹ ਨੇ ਇਸ ਵਾਰ ਕੀ ਕੀਤਾ?

23 ਯੂਨਾਹ ਜ਼ਰਾ ਵੀ ਨਹੀਂ ਹਿਚਕਿਚਾਇਆ। ਅਸੀਂ ਪੜ੍ਹਦੇ ਹਾਂ: “ਯੂਨਾਹ ਯਹੋਵਾਹ ਦੇ ਆਖੇ ਅਨੁਸਾਰ ਉੱਠ ਕੇ ਨੀਨਵਾਹ ਨੂੰ ਗਿਆ।” (ਯੂਨਾ. 3:3) ਜੀ ਹਾਂ, ਉਸ ਨੇ ਯਹੋਵਾਹ ਦਾ ਕਹਿਣਾ ਮੰਨ ਕੇ ਦਿਖਾਇਆ ਕਿ ਉਸ ਨੇ ਆਪਣੀ ਗ਼ਲਤੀ ਤੋਂ ਸਬਕ ਸਿੱਖ ਲਿਆ ਸੀ। ਇਸ ਮਾਮਲੇ ਵਿਚ ਵੀ ਸਾਨੂੰ ਯੂਨਾਹ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ। ਅਸੀਂ ਸਾਰੇ ਹੀ ਪਾਪੀ ਹਾਂ ਅਤੇ ਗ਼ਲਤੀਆਂ ਕਰਦੇ ਹਾਂ। (ਰੋਮੀ. 3:23) ਪਰ ਕੀ ਗ਼ਲਤੀ ਹੋਣ ਤੇ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੰਦੇ ਹਾਂ ਜਾਂ ਇਸ ਤੋਂ ਸਬਕ ਸਿੱਖ ਕੇ ਉਸ ਦੀ ਸੇਵਾ ਜਾਰੀ ਰੱਖਦੇ ਹਾਂ?

24, 25. (ੳ) ਜੀਉਂਦੇ-ਜੀ ਯੂਨਾਹ ਨੂੰ ਕਿਹੜਾ ਇਨਾਮ ਮਿਲਿਆ? (ਅ) ਭਵਿੱਖ ਵਿਚ ਉਸ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

24 ਕੀ ਯਹੋਵਾਹ ਨੇ ਯੂਨਾਹ ਨੂੰ ਉਸ ਦੀ ਆਗਿਆਕਾਰੀ ਦਾ ਕੋਈ ਇਨਾਮ ਦਿੱਤਾ ਸੀ? ਜ਼ਰੂਰ। ਯੂਨਾਹ ਨੂੰ ਇਹ ਜਾਣ ਕੇ ਤਸੱਲੀ ਮਿਲੀ ਹੋਣੀ ਕਿ ਜਹਾਜ਼ ਉੱਤੇ ਸਾਰੇ ਆਦਮੀ ਬਚ ਗਏ ਸਨ ਕਿਉਂਕਿ ਯੂਨਾਹ ਨੂੰ ਜਦੋਂ ਸਮੁੰਦਰ ਵਿਚ ਸੁੱਟਿਆ ਗਿਆ, ਉਦੋਂ ਤੂਫ਼ਾਨ ਇਕਦਮ ਸ਼ਾਂਤ ਹੋ ਗਿਆ ਸੀ। ਫਿਰ ਉਨ੍ਹਾਂ ਆਦਮੀਆਂ ਨੇ “ਯਹੋਵਾਹ ਦਾ ਡਾਢਾ ਹੀ ਭੈ ਮੰਨਿਆ” ਅਤੇ ਆਪਣੇ ਝੂਠੇ ਦੇਵੀ-ਦੇਵਤਿਆਂ ਦੀ ਬਜਾਇ ਯਹੋਵਾਹ ਨੂੰ ਚੜ੍ਹਾਵੇ ਚੜ੍ਹਾਏ ਸਨ।—ਯੂਨਾ. 1:15, 16.

25 ਕਈ ਸਦੀਆਂ ਬਾਅਦ ਯੂਨਾਹ ਲਈ ਇਕ ਹੋਰ ਗੱਲ ਵੱਡੀ ਬਰਕਤ ਸਾਬਤ ਹੋਈ। ਯਿਸੂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਲਈ ਮੱਛੀ ਦੇ ਢਿੱਡ ਵਿੱਚ ਸੀ, ਉਸੇ ਤਰ੍ਹਾਂ ਉਹ ਤਿੰਨ ਦਿਨ ਅਤੇ ਤਿੰਨ ਰਾਤਾਂ ਕਬਰ ਵਿਚ ਰਹੇਗਾ। (ਮੱਤੀ 12:38-40 ਪੜ੍ਹੋ।) ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਯੂਨਾਹ ਇਸ ਬਰਕਤ ਬਾਰੇ ਜਾਣ ਕੇ ਕਿੰਨਾ ਖ਼ੁਸ਼ ਹੋਵੇਗਾ! (ਯੂਹੰ. 5:28, 29) ਯਹੋਵਾਹ ਤੁਹਾਨੂੰ ਵੀ ਬਰਕਤਾਂ ਦੇਣੀਆਂ ਚਾਹੁੰਦਾ ਹੈ। ਕੀ ਤੁਸੀਂ ਵੀ ਯੂਨਾਹ ਵਾਂਗ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖੋਗੇ, ਪਰਮੇਸ਼ੁਰ ਦਾ ਕਹਿਣਾ ਮੰਨੋਗੇ ਅਤੇ ਦੂਜਿਆਂ ਲਈ ਪਿਆਰ ਦਿਖਾਓਗੇ?

^ ਪੈਰਾ 4 ਧਿਆਨ ਦੇਣ ਵਾਲੀ ਗੱਲ ਹੈ ਕਿ ਯੂਨਾਹ ਗਲੀਲ ਦੇ ਇਕ ਸ਼ਹਿਰ ਤੋਂ ਸੀ। ਪਰ ਫ਼ਰੀਸੀਆਂ ਨੇ ਘਮੰਡ ਨਾਲ ਯਿਸੂ ਬਾਰੇ ਕਿਹਾ ਸੀ: “ਧਰਮ-ਗ੍ਰੰਥ ਨੂੰ ਧਿਆਨ ਨਾਲ ਪੜ੍ਹ ਕੇ ਦੇਖ ਕੋਈ ਵੀ ਨਬੀ ਗਲੀਲ ਵਿੱਚੋਂ ਨਹੀਂ ਆਵੇਗਾ।” (ਯੂਹੰ. 7:52) ਕਈ ਅਨੁਵਾਦਕ ਅਤੇ ਖੋਜਕਾਰ ਕਹਿੰਦੇ ਹਨ ਕਿ ਫ਼ਰੀਸੀਆਂ ਨੇ ਬਿਨਾਂ ਸੋਚੇ-ਸਮਝੇ ਇਹ ਗੱਲ ਕਹੀ ਸੀ ਕਿ ਗਲੀਲ ਵਿੱਚੋਂ ਨਾ ਕਦੇ ਕੋਈ ਨਬੀ ਆਇਆ ਹੈ ਤੇ ਨਾ ਹੀ ਕਦੇ ਕੋਈ ਆਵੇਗਾ। ਜੇ ਉਹ ਇੱਦਾਂ ਸੋਚਦੇ ਸਨ, ਤਾਂ ਉਹ ਇਤਿਹਾਸ ਅਤੇ ਭਵਿੱਖਬਾਣੀਆਂ ਦੋਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਸਨ।—ਯਸਾ. 9:1, 2

^ ਪੈਰਾ 12 ਸੈਪਟੁਜਿੰਟ ਤਰਜਮੇ ਅਨੁਸਾਰ ਯੂਨਾਹ ਗੂੜ੍ਹੀ ਨੀਂਦ ਸੁੱਤਾ ਘੁਰਾੜੇ ਮਾਰ ਰਿਹਾ ਸੀ। ਪਰ ਇਹ ਸੋਚਣ ਤੋਂ ਪਹਿਲਾਂ ਕਿ ਯੂਨਾਹ ਨੂੰ ਕੋਈ ਪਰਵਾਹ ਨਹੀਂ ਸੀ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਈ ਵਾਰ ਨਿਰਾਸ਼ ਜਾਂ ਉਦਾਸ ਇਨਸਾਨ ਨੂੰ ਗੂੜ੍ਹੀ ਨੀਂਦ ਆ ਹੀ ਜਾਂਦੀ ਹੈ। ਜਦ ਯਿਸੂ ਗਥਸਮਨੀ ਦੇ ਬਾਗ਼ ਵਿਚ ਦੁਖਦਾਈ ਘੜੀਆਂ ਵਿੱਚੋਂ ਲੰਘ ਰਿਹਾ ਸੀ, ਤਾਂ ਪਤਰਸ, ਯਾਕੂਬ ਅਤੇ ਯੂਹੰਨਾ “ਗਮ ਦੇ ਮਾਰੇ ਚੂਰ ਹੋ ਕੇ ਸੁੱਤੇ ਪਏ ਸਨ।”—ਲੂਕਾ 22:45.

^ ਪੈਰਾ 19 ਇਬਰਾਨੀ ਸ਼ਬਦ “ਮੱਛੀ” ਦਾ ਤਰਜਮਾ ਯੂਨਾਨੀ ਭਾਸ਼ਾ ਵਿਚ “ਵੱਡਾ ਜਲ-ਜੰਤੂ” ਜਾਂ “ਵੱਡੀ ਮੱਛੀ” ਕੀਤਾ ਗਿਆ ਹੈ। ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਉਹ ਕਿਹੋ ਜਿਹਾ ਜੀਵ ਸੀ, ਪਰ ਭੂਮੱਧ ਸਾਗਰ ਵਿਚ ਪਾਈਆਂ ਜਾਂਦੀਆਂ ਵੱਡੀਆਂ ਸ਼ਾਰਕ ਮੱਛੀਆਂ ਆਦਮੀ ਨੂੰ ਪੂਰਾ ਨਿਗਲ਼ ਸਕਦੀਆਂ ਹਨ। ਦੂਸਰੇ ਸਾਗਰਾਂ ਵਿਚ ਇਸ ਤੋਂ ਵੀ ਵੱਡੀਆਂ ਸ਼ਾਰਕ ਮੱਛੀਆਂ ਹੁੰਦੀਆਂ ਹਨ। ਮਿਸਾਲ ਲਈ, ਵ੍ਹੇਲ ਸ਼ਾਰਕ ਮੱਛੀ 45 ਫੁੱਟ ਜਾਂ ਇਸ ਤੋਂ ਵੀ ਜ਼ਿਆਦਾ ਲੰਬੀ ਹੁੰਦੀ ਹੈ!