Skip to content

Skip to table of contents

ਪਾਠ 21

ਉਹ ਡਰ ਤੇ ਸ਼ੱਕ ਦੇ ਖ਼ਿਲਾਫ਼ ਲੜਿਆ

ਉਹ ਡਰ ਤੇ ਸ਼ੱਕ ਦੇ ਖ਼ਿਲਾਫ਼ ਲੜਿਆ

1-3. ਉਸ ਦਿਨ ਪਤਰਸ ਨੇ ਕੀ ਦੇਖਿਆ ਸੀ ਅਤੇ ਰਾਤ ਨੂੰ ਉਸ ਦੀ ਕੀ ਹਾਲਤ ਸੀ?

ਪਤਰਸ ਬੜੀ ਮੁਸ਼ਕਲ ਨਾਲ ਚੱਪੂ ਚਲਾ ਰਿਹਾ ਹੈ। ਰਾਤ ਦੇ ਹਨੇਰੇ ਵਿਚ ਉਸ ਨੂੰ ਪੂਰਬ ਵੱਲ ਬਦਲਾਂ ਵਿਚ ਹਲਕੀ ਜਿਹੀ ਚਮਕ ਦਿਖਾਈ ਦੇ ਰਹੀ ਹੈ। ਸ਼ਾਇਦ ਦਿਨ ਚੜ੍ਹਨ ਵਾਲਾ ਹੈ। ਕਈ ਘੰਟੇ ਕਿਸ਼ਤੀ ਚਲਾ-ਚਲਾ ਕੇ ਉਸ ਦਾ ਸਰੀਰ ਥੱਕ ਕੇ ਚੂਰ ਹੋ ਚੁੱਕਾ ਹੈ। ਤੇਜ਼ ਹਨੇਰੀ ਕਰਕੇ ਗਲੀਲ ਦੀ ਝੀਲ ਵਿਚ ਹਲਚਲ ਮਚੀ ਹੋਈ ਹੈ। ਪਾਣੀ ਦੀਆਂ ਲਹਿਰਾਂ ਲਗਾਤਾਰ ਕਿਸ਼ਤੀ ਦੇ ਅਗਲੇ ਹਿੱਸੇ ਨਾਲ ਟਕਰਾ ਰਹੀਆਂ ਹਨ ਤੇ ਠੰਢੇ ਪਾਣੀ ਦੇ ਛਿੱਟਿਆਂ ਨਾਲ ਉਹ ਭਿੱਜ ਗਿਆ ਹੈ। ਉਹ ਕਿਸ਼ਤੀ ਚਲਾਉਣੀ ਜਾਰੀ ਰੱਖਦਾ ਹੈ।

2 ਪਤਰਸ ਤੇ ਉਸ ਦੇ ਸਾਥੀ ਯਿਸੂ ਨੂੰ ਕੰਢੇ ’ਤੇ ਇਕੱਲਾ ਛੱਡ ਕੇ ਆਏ ਹਨ। ਉਸ ਦਿਨ ਉਨ੍ਹਾਂ ਨੇ ਦੇਖਿਆ ਸੀ ਕਿ ਯਿਸੂ ਨੇ ਥੋੜ੍ਹੀਆਂ ਜਿਹੀਆਂ ਮੱਛੀਆਂ ਤੇ ਰੋਟੀਆਂ ਨਾਲ ਹਜ਼ਾਰਾਂ ਲੋਕਾਂ ਨੂੰ ਖਾਣਾ ਖਿਲਾਇਆ ਸੀ। ਇਸ ਕਰਕੇ ਲੋਕ ਉਸ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਸਨ, ਪਰ ਉਸ ਨੇ ਰਾਜਨੀਤੀ ਵਿਚ ਹਿੱਸਾ ਨਾ ਲੈਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਉਹ ਆਪਣੇ ਚੇਲਿਆਂ ਨੂੰ ਵੀ ਸਿਖਾਉਣਾ ਚਾਹੁੰਦਾ ਸੀ ਕਿ ਉਹ ਰਾਜਨੀਤੀ ਵਿਚ ਹਿੱਸਾ ਨਾ ਲੈਣ। ਭੀੜ ਤੋਂ ਖਹਿੜਾ ਛੁਡਾਉਣ ਲਈ ਉਸ ਨੇ ਆਪਣੇ ਚੇਲਿਆਂ ’ਤੇ ਜ਼ੋਰ ਪਾਇਆ ਕਿ ਉਹ ਝੀਲ ਦੇ ਦੂਸਰੇ ਪਾਸੇ ਚਲੇ ਜਾਣ ਅਤੇ ਉਹ ਆਪ ਪ੍ਰਾਰਥਨਾ ਕਰਨ ਲਈ ਇਕੱਲਾ ਪਹਾੜ ਉੱਤੇ ਚਲਾ ਗਿਆ।​—ਮਰ. 6:35-45; ਯੂਹੰਨਾ 6:14-17 ਪੜ੍ਹੋ।

3 ਜਦੋਂ ਚੇਲੇ ਉੱਥੋਂ ਤੁਰੇ ਸਨ, ਉਦੋਂ ਪੂਰਾ ਚੰਦਰਮਾ ਉੱਪਰ ਆਸਮਾਨ ਵਿਚ ਨਜ਼ਰ ਆ ਰਿਹਾ ਸੀ, ਪਰ ਹੁਣ ਹੌਲੀ-ਹੌਲੀ ਪੱਛਮ ਵੱਲ ਨੂੰ ਚਲਾ ਗਿਆ ਹੈ। ਇੰਨੇ ਸਮੇਂ ਵਿਚ ਉਹ ਕੁਝ ਕਿਲੋਮੀਟਰ ਹੀ ਸਫ਼ਰ ਤੈਅ ਕਰ ਪਾਏ ਹਨ। ਤੇਜ਼ ਹਵਾਵਾਂ ਅਤੇ ਲਹਿਰਾਂ ਦੇ ਸ਼ੋਰ-ਸ਼ਰਾਬੇ ਅਤੇ ਥਕਾਵਟ ਕਰਕੇ ਉਹ ਆਪਸ ਵਿਚ ਗੱਲ ਵੀ ਨਹੀਂ ਕਰ ਪਾ ਰਹੇ। ਕਿਸ਼ਤੀ ਚਲਾਉਂਦੇ ਵੇਲੇ ਪਤਰਸ ਆਪਣੇ ਖ਼ਿਆਲਾਂ ਵਿਚ ਗੁਆਚਿਆ ਹੋਇਆ ਹੈ।

ਦੋ ਸਾਲਾਂ ਦੌਰਾਨ ਪਤਰਸ ਨੇ ਯਿਸੂ ਕੋਲੋਂ ਬਹੁਤ ਕੁਝ ਸਿੱਖਿਆ, ਪਰ ਅਜੇ ਵੀ ਕਾਫ਼ੀ ਕੁਝ ਸਿੱਖਣਾ ਬਾਕੀ ਸੀ

4. ਪਤਰਸ ਸਾਡੇ ਲਈ ਇਕ ਵਧੀਆ ਮਿਸਾਲ ਕਿਉਂ ਹੈ?

4 ਕਿੰਨੀਆਂ ਹੀ ਗੱਲਾਂ ਉਸ ਦੇ ਮਨ ਵਿਚ ਚੱਲ ਰਹੀਆਂ ਹੋਣੀਆਂ। ਉਹ ਦੋ ਸਾਲ ਪਹਿਲਾਂ ਨਾਸਰਤ ਦੇ ਯਿਸੂ ਨੂੰ ਮਿਲਿਆ ਸੀ। ਉਸ ਨੇ ਉਸ ਤੋਂ ਬਹੁਤ ਕੁਝ ਸਿੱਖਿਆ ਸੀ, ਪਰ ਅਜੇ ਵੀ ਉਸ ਲਈ ਕਾਫ਼ੀ ਕੁਝ ਸਿੱਖਣਾ ਬਾਕੀ ਸੀ। ਭਾਵੇਂ ਉਹ ਸ਼ੱਕ ਤੇ ਡਰ ਖ਼ਿਲਾਫ਼ ਲੜ ਰਿਹਾ ਸੀ, ਫਿਰ ਵੀ ਉਹ ਯਹੋਵਾਹ ਅਤੇ ਯਿਸੂ ਬਾਰੇ ਸਿੱਖਦਾ ਰਿਹਾ। ਉਸ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਆਓ ਦੇਖੀਏ ਕਿ ਸਾਨੂੰ ਉਸ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ।

“ਸਾਨੂੰ ਮਸੀਹ ਮਿਲ ਗਿਆ ਹੈ”!

5, 6. ਪਤਰਸ ਦੀ ਜ਼ਿੰਦਗੀ ਕਿਹੋ ਜਿਹੀ ਸੀ?

5 ਪਤਰਸ ਉਸ ਦਿਨ ਨੂੰ ਕਦੇ ਨਹੀਂ ਭੁੱਲ ਸਕਦਾ ਜਦੋਂ ਉਹ ਯਿਸੂ ਨੂੰ ਮਿਲਿਆ ਸੀ। ਉਸ ਦੇ ਭਰਾ ਅੰਦ੍ਰਿਆਸ ਨੇ ਪਹਿਲਾਂ ਉਸ ਨੂੰ ਇਹ ਹੈਰਾਨੀ ਵਾਲੀ ਖ਼ਬਰ ਦੇ ਦਿੱਤੀ ਸੀ: “ਸਾਨੂੰ ਮਸੀਹ ਮਿਲ ਗਿਆ ਹੈ।” ਇਨ੍ਹਾਂ ਸ਼ਬਦਾਂ ਨੇ ਪਤਰਸ ਦੀ ਜ਼ਿੰਦਗੀ ਦਾ ਮਕਸਦ ਬਦਲ ਕੇ ਰੱਖ ਦਿੱਤਾ। ਹੁਣ ਉਸ ਦੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੀ।​—ਯੂਹੰ. 1:41.

6 ਪਤਰਸ ਗਲੀਲ ਦੀ ਝੀਲ ਦੇ ਉੱਤਰੀ ਕਿਨਾਰੇ ’ਤੇ ਵੱਸੇ ਕਫ਼ਰਨਾਹੂਮ ਸ਼ਹਿਰ ਦਾ ਰਹਿਣ ਵਾਲਾ ਸੀ। ਉਹ ਤੇ ਅੰਦ੍ਰਿਆਸ, ਜ਼ਬਦੀ ਦੇ ਪੁੱਤਰਾਂ ਯਾਕੂਬ ਅਤੇ ਯੂਹੰਨਾ ਨਾਲ ਮਿਲ ਕੇ ਮੱਛੀਆਂ ਦਾ ਕਾਰੋਬਾਰ ਕਰਦੇ ਸਨ। ਪਤਰਸ ਆਪਣੀ ਪਤਨੀ, ਆਪਣੀ ਸੱਸ ਅਤੇ ਅੰਦ੍ਰਿਆਸ ਨਾਲ ਰਹਿੰਦਾ ਸੀ। ਉਸ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਆਪਣੇ ਕੰਮ ਵਿਚ ਪੂਰੀ ਜਾਨ ਲਾ ਕੇ ਮਿਹਨਤ ਕਰਨੀ ਪੈਂਦੀ ਸੀ ਅਤੇ ਇਸ ਕੰਮ ਵਿਚ ਹੁਨਰ ਦੀ ਵੀ ਲੋੜ ਸੀ। ਉਸ ਨੂੰ ਪੂਰੀ-ਪੂਰੀ ਰਾਤ ਕੰਮ ਕਰਨਾ ਪੈਂਦਾ ਹੋਣਾ। ਉਹ ਤੇ ਹੋਰ ਮਛੇਰੇ ਰਲ਼ ਕੇ ਦੋ ਕਿਸ਼ਤੀਆਂ ਦੇ ਵਿਚਕਾਰ ਜਾਲ਼ ਪਾਣੀ ਵਿਚ ਸੁੱਟਦੇ ਹੋਣੇ ਅਤੇ ਫਿਰ ਮੱਛੀਆਂ ਨਾਲ ਭਰੇ ਜਾਲ਼ ਨੂੰ ਉੱਪਰ ਖਿੱਚਦੇ ਹੋਣੇ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਉਹ ਦਿਨੇ ਮੱਛੀਆਂ ਛਾਂਟ ਕੇ ਵੇਚਦਾ ਹੋਣਾ, ਫਿਰ ਆਪਣੇ ਜਾਲ਼ਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਨੂੰ ਸਾਫ਼ ਕਰਦਾ ਹੋਣਾ। ਅੰਦਾਜ਼ਾ ਲਾਓ ਕਿ ਇੰਨਾ ਕੰਮ ਕਰ ਕੇ ਉਸ ਦੀ ਕੀ ਹਾਲਤ ਹੋ ਜਾਂਦੀ ਹੋਣੀ।

7. ਪਤਰਸ ਨੇ ਯਿਸੂ ਬਾਰੇ ਕੀ ਸੁਣਿਆ ਅਤੇ ਇਹ ਖ਼ੁਸ਼ੀ ਦੀ ਖ਼ਬਰ ਕਿਉਂ ਸੀ?

7 ਬਾਈਬਲ ਦੱਸਦੀ ਹੈ ਕਿ ਅੰਦ੍ਰਿਆਸ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਚੇਲਾ ਸੀ। ਯਕੀਨਨ ਪਤਰਸ ਆਪਣੇ ਭਰਾ ਕੋਲੋਂ ਯੂਹੰਨਾ ਦੇ ਸੰਦੇਸ਼ ਦੀਆਂ ਗੱਲਾਂ ਬੜੀ ਦਿਲਚਸਪੀ ਨਾਲ ਸੁਣਦਾ ਹੋਣਾ। ਇਕ ਦਿਨ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਨਾਸਰੀ ਵੱਲ ਇਸ਼ਾਰਾ ਕਰਦਿਆਂ ਅੰਦ੍ਰਿਆਸ ਨੂੰ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ!” ਅੰਦ੍ਰਿਆਸ ਇਕਦਮ ਯਿਸੂ ਦਾ ਚੇਲਾ ਬਣ ਗਿਆ ਅਤੇ ਉਸ ਨੇ ਪਤਰਸ ਨੂੰ ਮਸੀਹ ਦੇ ਆਉਣ ਦੀ ਖ਼ੁਸ਼ ਖ਼ਬਰੀ ਸੁਣਾਈ। (ਯੂਹੰ. 1:35-40) ਉਸ ਸਮੇਂ ਤੋਂ ਲਗਭਗ 4,000 ਸਾਲ ਪਹਿਲਾਂ ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਇਕ ਵਿਅਕਤੀ ਆਵੇਗਾ ਜੋ ਇਨਸਾਨਾਂ ਦਾ ਮੁਕਤੀਦਾਤਾ ਸਾਬਤ ਹੋਵੇਗਾ। (ਉਤ. 3:15) ਅੰਦ੍ਰਿਆਸ ਉਸੇ ਮੁਕਤੀਦਾਤੇ ਨੂੰ ਮਿਲਿਆ ਸੀ! ਪਤਰਸ ਵੀ ਉਸੇ ਵੇਲੇ ਯਿਸੂ ਨੂੰ ਮਿਲਣ ਲਈ ਨਿਕਲ ਤੁਰਿਆ।

8. ਯਿਸੂ ਨੇ ਪਤਰਸ ਨੂੰ ਜੋ ਨਾਂ ਦਿੱਤਾ, ਉਸ ਦਾ ਕੀ ਮਤਲਬ ਸੀ ਅਤੇ ਕੁਝ ਲੋਕਾਂ ਨੂੰ ਕਿਉਂ ਇਸ ਨਾਂ ’ਤੇ ਇਤਰਾਜ਼ ਹੈ?

8 ਉਸ ਦਿਨ ਤਕ ਪਤਰਸ ਨੂੰ ਸ਼ਮਊਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਰ ਯਿਸੂ ਨੇ ਉਸ ਵੱਲ ਦੇਖ ਕੇ ਕਿਹਾ: “ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ; ਹੁਣ ਤੋਂ ਤੇਰਾ ਨਾਂ ਕੇਫ਼ਾਸ (ਯੂਨਾਨੀ ਵਿਚ ਪਤਰਸ) ਹੋਵੇਗਾ।” (ਯੂਹੰ. 1:42) “ਕੇਫ਼ਾਸ” ਦਾ ਮਤਲਬ ਹੈ “ਪੱਥਰ” ਜਾਂ “ਚਟਾਨ।” ਯਿਸੂ ਨੂੰ ਪਹਿਲਾਂ ਹੀ ਪਤਾ ਸੀ ਕਿ ਭਵਿੱਖ ਵਿਚ ਪਤਰਸ ਆਪਣੇ ਇਸ ਨਵੇਂ ਨਾਂ ਤੇ ਪੂਰਾ ਉਤਰੇਗਾ ਅਤੇ ਇਕ ਚਟਾਨ ਵਾਂਗ ਮਜ਼ਬੂਤ ਹੋ ਕੇ ਮਸੀਹ ਦੇ ਚੇਲਿਆਂ ਨੂੰ ਵੀ ਤਕੜਾ ਕਰੇਗਾ। ਕੀ ਪਤਰਸ ਆਪਣੇ ਬਾਰੇ ਇਸ ਤਰ੍ਹਾਂ ਸੋਚਦਾ ਸੀ? ਸ਼ਾਇਦ ਨਹੀਂ। ਅੱਜ ਵੀ ਜਦੋਂ ਕੁਝ ਲੋਕ ਬਾਈਬਲ ਵਿਚ ਪਤਰਸ ਬਾਰੇ ਪੜ੍ਹਦੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੀ ਨਹੀਂ ਕਿ ਪਤਰਸ ਚਟਾਨ ਵਾਂਗ ਮਜ਼ਬੂਤ ਤੇ ਅਡੋਲ ਸੀ। ਕੁਝ ਕਹਿੰਦੇ ਹਨ ਕਿ ਉਸ ਬਾਰੇ ਪੜ੍ਹ ਕੇ ਲੱਗਦਾ ਹੈ ਕਿ ਉਹ ਬਹੁਤ ਛੇਤੀ ਡਾਂਵਾਡੋਲ ਹੋ ਜਾਂਦਾ ਸੀ।

9. ਯਹੋਵਾਹ ਅਤੇ ਉਸ ਦਾ ਬੇਟਾ ਸਾਡੇ ਵਿਚ ਕੀ ਦੇਖਦੇ ਹਨ ਅਤੇ ਸਾਨੂੰ ਉਨ੍ਹਾਂ ਦਾ ਨਜ਼ਰੀਆ ਕਿਉਂ ਅਪਣਾਉਣਾ ਚਾਹੀਦਾ ਹੈ?

9 ਇਹ ਸੱਚ ਹੈ ਕਿ ਪਤਰਸ ਵਿਚ ਕਮੀਆਂ-ਕਮਜ਼ੋਰੀਆਂ ਸਨ ਅਤੇ ਯਿਸੂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਪਰ ਉਹ ਆਪਣੇ ਪਿਤਾ ਵਾਂਗ ਲੋਕਾਂ ਵਿਚ ਚੰਗੇ ਗੁਣ ਲੱਭਦਾ ਸੀ। ਉਸ ਨੇ ਪਤਰਸ ਵਿਚ ਚੰਗੇ ਗੁਣ ਦੇਖੇ ਸਨ ਅਤੇ ਉਹ ਉਸ ਦੀ ਮਦਦ ਕਰ ਕੇ ਉਨ੍ਹਾਂ ਗੁਣਾਂ ਨੂੰ ਹੋਰ ਨਿਖਾਰਨਾ ਚਾਹੁੰਦਾ ਸੀ। ਯਹੋਵਾਹ ਤੇ ਉਸ ਦਾ ਬੇਟਾ ਅੱਜ ਸਾਡੇ ਵਿਚ ਵੀ ਖੂਬੀਆਂ ਦੇਖਦੇ ਹਨ। ਸ਼ਾਇਦ ਸਾਨੂੰ ਲੱਗੇ ਕਿ ਅਸੀਂ ਕਿਸੇ ਕਾਬਲ ਨਹੀਂ ਹਾਂ। ਪਰ ਸਾਨੂੰ ਖ਼ੁਦ ਨੂੰ ਯਹੋਵਾਹ ਤੇ ਯਿਸੂ ਦੇ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ। ਨਾਲੇ ਸਾਨੂੰ ਪਤਰਸ ਵਾਂਗ ਸਿੱਖਣ ਅਤੇ ਆਪਣੇ ਆਪ ਨੂੰ ਬਦਲਣ ਲਈ ਤਿਆਰ ਰਹਿਣਾ ਚਾਹੀਦਾ ਹੈ।​—1 ਯੂਹੰਨਾ 3:19, 20 ਪੜ੍ਹੋ।

“ਡਰ ਨਾ”

10. ਪਤਰਸ ਨੇ ਆਪਣੀ ਅੱਖੀਂ ਕੀ-ਕੀ ਦੇਖਿਆ ਸੀ ਅਤੇ ਫਿਰ ਵੀ ਉਸ ਨੇ ਕੀ ਕੀਤਾ?

10 ਪਤਰਸ ਸ਼ਾਇਦ ਯਿਸੂ ਦੇ ਨਾਲ ਅਲੱਗ-ਅਲੱਗ ਇਲਾਕਿਆਂ ਵਿਚ ਪ੍ਰਚਾਰ ਕਰਨ ਗਿਆ ਸੀ। ਉਸ ਨੇ ਸ਼ਾਇਦ ਯਿਸੂ ਨੂੰ ਪਹਿਲਾ ਚਮਤਕਾਰ ਕਰਦੇ ਦੇਖਿਆ ਹੋਣਾ ਜਦੋਂ ਉਸ ਨੇ ਕਾਨਾ ਵਿਚ ਇਕ ਵਿਆਹ ਦੀ ਦਾਅਵਤ ਵਿਚ ਪਾਣੀ ਤੋਂ ਦਾਖਰਸ ਬਣਾਇਆ ਸੀ। ਇਸ ਤੋਂ ਵੀ ਵਧੀਆ ਗੱਲ ਇਹ ਸੀ ਕਿ ਉਸ ਨੇ ਯਿਸੂ ਨੂੰ ਪਰਮੇਸ਼ੁਰ ਦੇ ਰਾਜ ਦਾ ਸ਼ਾਨਦਾਰ ਸੰਦੇਸ਼ ਦਿੰਦੇ ਹੋਏ ਸੁਣਿਆ ਸੀ। ਇਸ ਦੇ ਬਾਵਜੂਦ ਉਹ ਯਿਸੂ ਨੂੰ ਛੱਡ ਕੇ ਫਿਰ ਤੋਂ ਆਪਣੇ ਮੱਛੀਆਂ ਦੇ ਕਾਰੋਬਾਰ ਵਿਚ ਰੁੱਝ ਗਿਆ। ਕੁਝ ਮਹੀਨਿਆਂ ਬਾਅਦ ਪਤਰਸ ਦੀ ਯਿਸੂ ਨਾਲ ਦੁਬਾਰਾ ਮੁਲਾਕਾਤ ਹੋਈ। ਇਸ ਵਾਰ ਯਿਸੂ ਨੇ ਉਸ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਪੂਰਾ ਸਮਾਂ ਉਸ ਦੇ ਨਾਲ ਪ੍ਰਚਾਰ ਕਰਨ ਵਿਚ ਲਾਵੇ।

ਪਤਰਸ ਯਿਸੂ ਦੇ ਪ੍ਰਚਾਰ ਦੇ ਮੁੱਖ ਮੁੱਦੇ, ਪਰਮੇਸ਼ੁਰ ਦੇ ਰਾਜ ਬਾਰੇ ਵਾਰ-ਵਾਰ ਸੁਣ ਕੇ ਕਦੇ ਅੱਕਿਆ ਨਹੀਂ

11, 12. (ੳ) ਪਤਰਸ ਦੁਆਰਾ ਸਾਰੀ ਰਾਤ ਕੀਤੀ ਮਿਹਨਤ ਦਾ ਕੀ ਨਤੀਜਾ ਨਿਕਲਿਆ? (ਅ) ਯਿਸੂ ਦੀ ਗੱਲ ਸੁਣਦੇ ਹੋਏ ਪਤਰਸ ਦੇ ਮਨ ਵਿਚ ਸ਼ਾਇਦ ਕਿਹੜੇ ਸਵਾਲ ਖੜ੍ਹੇ ਹੋਏ ਹੋਣੇ?

11 ਪਤਰਸ ਸਾਰੀ ਰਾਤ ਮਿਹਨਤ ਕਰ ਕੇ ਥੱਕ ਚੁੱਕਾ ਸੀ। ਵਾਰ-ਵਾਰ ਆਪਣੇ ਜਾਲ਼ ਪਾਣੀ ਵਿਚ ਸੁੱਟਣ ਦੇ ਬਾਵਜੂਦ ਮਛੇਰਿਆਂ ਦੇ ਹੱਥ ਕੁਝ ਵੀ ਨਹੀਂ ਲੱਗਾ ਸੀ। ਯਕੀਨਨ ਪਤਰਸ ਨੇ ਥਾਂ-ਥਾਂ ਪਾਣੀ ਵਿਚ ਆਪਣਾ ਜਾਲ਼ ਸੁੱਟ ਕੇ ਮੱਛੀਆਂ ਫੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੋਣੀ। ਬੇਸ਼ੱਕ, ਬਾਕੀ ਮਛੇਰਿਆਂ ਵਾਂਗ ਪਤਰਸ ਵੀ ਸੋਚਦਾ ਹੋਣਾ ਕਿ ਕਾਸ਼ ਉਹ ਦੇਖ ਸਕਦਾ ਕਿ ਪਾਣੀ ਵਿਚ ਮੱਛੀਆਂ ਕਿੱਥੇ ਸਨ ਜਾਂ ਕਿਸੇ-ਨਾ-ਕਿਸੇ ਤਰ੍ਹਾਂ ਮੱਛੀਆਂ ਨੂੰ ਆਪਣੇ ਜਾਲ਼ ਵਿਚ ਲੈ ਆਵੇ। ਪਰ ਇਹ ਸਭ ਸੋਚਣ ਦਾ ਕੋਈ ਫ਼ਾਇਦਾ ਨਹੀਂ ਸੀ। ਪਤਰਸ ਆਪਣੇ ਸ਼ੌਂਕ ਲਈ ਨਹੀਂ, ਸਗੋਂ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਮੱਛੀਆਂ ਫੜਨ ਦਾ ਕੰਮ ਕਰਦਾ ਸੀ। ਆਖ਼ਰ ਉਹ ਖਾਲੀ ਹੱਥ ਕੰਡੇ ’ਤੇ ਆ ਗਿਆ। ਪਰ ਉਸ ਨੂੰ ਜਾਲ਼ ਤਾਂ ਸਾਫ਼ ਕਰਨੇ ਪੈਣੇ ਸਨ। ਜਦ ਯਿਸੂ ਉਸ ਕੋਲ ਆਇਆ, ਉਦੋਂ ਉਹ ਇਸੇ ਕੰਮ ਵਿਚ ਲੱਗਾ ਹੋਇਆ ਸੀ।

12 ਉਸ ਵੇਲੇ ਲੋਕਾਂ ਦੀ ਭੀੜ ਯਿਸੂ ’ਤੇ ਚੜ੍ਹੀ ਜਾਂਦੀ ਸੀ ਅਤੇ ਸਾਰੇ ਜਣੇ ਉਸ ਦੀ ਹਰ ਗੱਲ ਬੜੀ ਉਤਸੁਕਤਾ ਨਾਲ ਸੁਣ ਰਹੇ ਸਨ। ਭੀੜ ਕਾਰਨ ਯਿਸੂ ਪਤਰਸ ਦੀ ਕਿਸ਼ਤੀ ਵਿਚ ਚੜ੍ਹ ਗਿਆ ਅਤੇ ਉਸ ਨੂੰ ਕਿਹਾ ਕਿ ਉਹ ਕਿਸ਼ਤੀ ਨੂੰ ਕਿਨਾਰੇ ਤੋਂ ਥੋੜ੍ਹਾ ਜਿਹਾ ਦੂਰ ਲੈ ਜਾਵੇ। ਹੁਣ ਯਿਸੂ ਦੀ ਆਵਾਜ਼ ਸਾਫ਼-ਸਾਫ਼ ਸੁਣਾਈ ਦੇ ਰਹੀ ਸੀ। ਉਨ੍ਹਾਂ ਲੋਕਾਂ ਵਾਂਗ ਪਤਰਸ ਵੀ ਯਿਸੂ ਦੀਆਂ ਗੱਲਾਂ ਵਿਚ ਮਗਨ ਹੋ ਗਿਆ। ਉਹ ਯਿਸੂ ਦੇ ਪ੍ਰਚਾਰ ਦੇ ਮੁੱਖ ਮੁੱਦੇ, ਪਰਮੇਸ਼ੁਰ ਦੇ ਰਾਜ ਬਾਰੇ ਵਾਰ-ਵਾਰ ਸੁਣ ਕੇ ਅੱਕਿਆ ਨਹੀਂ ਸੀ। ਉਸ ਨੇ ਸੋਚਿਆ ਹੋਣਾ ਕਿ ਰਾਜ ਦਾ ਸੰਦੇਸ਼ ਦੂਰ-ਦੂਰ ਤਕ ਪਹੁੰਚਾਉਣ ਵਿਚ ਮਸੀਹ ਦਾ ਸਾਥ ਦੇਣਾ ਕਿੰਨੇ ਸਨਮਾਨ ਦੀ ਗੱਲ ਹੋਵੇਗੀ! ਪਰ ਕੀ ਉਹ ਇੱਦਾਂ ਕਰ ਸਕੇਗਾ? ਉਹ ਆਪਣੇ ਪਰਿਵਾਰ ਦਾ ਢਿੱਡ ਕਿਵੇਂ ਭਰੇਗਾ? ਇਸ ਕਰਕੇ ਉਸ ਨੇ ਸੋਚਿਆ ਹੋਣਾ ਕਿ ਆਪਣੇ ਕੰਮ-ਧੰਦੇ ਦੇ ਨਾਲ-ਨਾਲ ਯਿਸੂ ਦੇ ਨਾਲ ਪ੍ਰਚਾਰ ਦਾ ਕੰਮ ਕਰਨਾ ਆਸਾਨ ਨਹੀਂ ਸੀ।—ਲੂਕਾ 5:1-3.

13, 14. ਯਿਸੂ ਨੇ ਕਿਹੜਾ ਚਮਤਕਾਰ ਕੀਤਾ ਅਤੇ ਪਤਰਸ ’ਤੇ ਇਸ ਦਾ ਕੀ ਅਸਰ ਪਿਆ?

13 ਜਦ ਯਿਸੂ ਨੇ ਆਪਣੀ ਗੱਲ ਖ਼ਤਮ ਕੀਤੀ, ਤਾਂ ਉਸ ਨੇ ਪਤਰਸ ਨੂੰ ਕਿਹਾ: “ਕਿਸ਼ਤੀ ਨੂੰ ਡੂੰਘੇ ਪਾਣੀ ਵਿਚ ਲੈ ਚੱਲ ਅਤੇ ਮੱਛੀਆਂ ਫੜਨ ਲਈ ਤੁਸੀਂ ਆਪਣੇ ਜਾਲ਼ ਪਾਣੀ ਵਿਚ ਪਾਓ।” ਪਰ ਪਤਰਸ ਨੇ ਆਪਣੇ ਮਨ ਦਾ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ: “ਗੁਰੂ ਜੀ, ਅਸੀਂ ਸਾਰੀ ਰਾਤ ਮੱਛੀਆਂ ਫੜਨ ਵਿਚ ਲੱਗੇ ਰਹੇ ਪਰ ਸਾਡੇ ਹੱਥ ਕੁਝ ਨਹੀਂ ਆਇਆ, ਫਿਰ ਵੀ ਤੇਰੇ ਕਹਿਣ ਤੇ ਮੈਂ ਜਾਲ਼ ਪਾ ਦਿੰਦਾ ਹਾਂ।” ਉਹ ਹੁਣੇ ਤਾਂ ਜਾਲ਼ ਧੋ ਕੇ ਹਟਿਆ ਸੀ। ਨਾਲੇ ਉਸ ਦਾ ਪਾਣੀ ਵਿਚ ਜਾਲ਼ ਪਾਉਣ ਦਾ ਬਿਲਕੁਲ ਵੀ ਦਿਲ ਨਹੀਂ ਸੀ ਕਿਉਂਕਿ ਹੁਣ ਮੱਛੀਆਂ ਦੇ ਚਾਰਾ ਖਾਣ ਦਾ ਵੇਲਾ ਨਹੀਂ ਸੀ। ਫਿਰ ਵੀ ਉਸ ਨੇ ਯਿਸੂ ਦੀ ਗੱਲ ਮੰਨਦੇ ਹੋਏ ਆਪਣੇ ਸਾਥੀਆਂ ਨੂੰ ਦੂਜੀ ਕਿਸ਼ਤੀ ਵੀ ਲੈ ਕੇ ਆਉਣ ਦਾ ਇਸ਼ਾਰਾ ਕੀਤਾ।​—ਲੂਕਾ 5:4, 5.

14 ਜਾਲ਼ ਖਿੱਚਦੇ ਹੋਏ ਪਤਰਸ ਨੂੰ ਉਮੀਦ ਨਹੀਂ ਸੀ ਕਿ ਜਾਲ਼ ਇੰਨਾ ਭਾਰਾ ਹੋਵੇਗਾ। ਜਦੋਂ ਉਸ ਨੇ ਹੋਰ ਜ਼ੋਰ ਲਾ ਕੇ ਜਾਲ਼ ਖਿੱਚਿਆ, ਤਾਂ ਉਸ ਨੇ ਦੇਖਿਆ ਕਿ ਜਾਲ਼ ਮੱਛੀਆਂ ਨਾਲ ਭਰਿਆ ਹੋਇਆ ਸੀ। ਉਸ ਨੇ ਕਾਹਲੀ ਨਾਲ ਦੂਜੀ ਕਿਸ਼ਤੀ ਵਿਚ ਬੈਠੇ ਬੰਦਿਆਂ ਨੂੰ ਮਦਦ ਲਈ ਇਸ਼ਾਰਾ ਕੀਤਾ। ਜਦੋਂ ਉਹ ਆ ਗਏ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਕ ਕਿਸ਼ਤੀ ਵਿਚ ਸਾਰੀਆਂ ਮੱਛੀਆਂ ਨਹੀਂ ਆਉਣੀਆਂ ਸਨ। ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਈਆਂ। ਮੱਛੀਆਂ ਇੰਨੀਆਂ ਜ਼ਿਆਦਾ ਸਨ ਕਿ ਉਨ੍ਹਾਂ ਦੇ ਭਾਰ ਨਾਲ ਕਿਸ਼ਤੀਆਂ ਡੁੱਬਣ ਲੱਗੀਆਂ। ਪਤਰਸ ਹੈਰਾਨ-ਪਰੇਸ਼ਾਨ ਹੋ ਗਿਆ। ਉਸ ਨੇ ਪਹਿਲਾਂ ਵੀ ਯਿਸੂ ਦੇ ਚਮਤਕਾਰ ਦੇਖੇ ਸਨ, ਪਰ ਯਿਸੂ ਨੇ ਇਹ ਚਮਤਕਾਰ ਕਿਸੇ ਹੋਰ ਲਈ ਨਹੀਂ, ਸਗੋਂ ਪਤਰਸ ਤੇ ਉਸ ਦੇ ਪਰਿਵਾਰ ਲਈ ਕੀਤਾ ਸੀ। ਯਿਸੂ ਆਪਣੀ ਸ਼ਕਤੀ ਨਾਲ ਮੱਛੀਆਂ ਨੂੰ ਜਾਲ਼ ਵਿਚ ਲੈ ਜਾ ਸਕਦਾ ਸੀ। ਪਤਰਸ ਇੰਨਾ ਡਰ ਗਿਆ ਕਿ ਉਸ ਨੇ ਗੋਡਿਆਂ ਭਾਰ ਝੁਕ ਕੇ ਕਿਹਾ: “ਪ੍ਰਭੂ, ਮੇਰੇ ਕੋਲੋਂ ਚੱਲਿਆ ਜਾਹ ਕਿਉਂਕਿ ਮੈਂ ਪਾਪੀ ਇਨਸਾਨ ਹਾਂ।” ਉਹ ਆਪਣੇ ਆਪ ਨੂੰ ਯਿਸੂ ਦੇ ਨਾਲ ਸੰਗਤ ਕਰਨ ਦੇ ਲਾਇਕ ਨਹੀਂ ਸਮਝਦਾ ਸੀ ਜਿਸ ਨੂੰ ਪਰਮੇਸ਼ੁਰ ਕੋਲੋਂ ਇੰਨੀ ਸ਼ਕਤੀ ਮਿਲੀ ਸੀ।​—ਲੂਕਾ 5:6-9 ਪੜ੍ਹੋ।

‘ਪ੍ਰਭੂ, ਮੈਂ ਪਾਪੀ ਇਨਸਾਨ ਹਾਂ’

15. ਯਿਸੂ ਨੇ ਪਤਰਸ ਨੂੰ ਕਿਵੇਂ ਸਿਖਾਇਆ ਕਿ ਉਸ ਨੂੰ ਡਰਨ ਜਾਂ ਸ਼ੱਕ ਕਰਨ ਦੀ ਲੋੜ ਨਹੀਂ ਸੀ?

15 ਯਿਸੂ ਨੇ ਬੜੇ ਪਿਆਰ ਨਾਲ ਕਿਹਾ: “ਡਰ ਨਾ, ਹੁਣ ਤੋਂ ਤੂੰ ਇਨਸਾਨਾਂ ਨੂੰ ਫੜੇਂਗਾ, ਜਿਵੇਂ ਤੂੰ ਮੱਛੀਆਂ ਫੜਦਾ ਹੈਂ।” (ਲੂਕਾ 5:10, 11) ਇਹ ਡਰਨ ਜਾਂ ਸ਼ੱਕ ਕਰਨ ਦਾ ਸਮਾਂ ਨਹੀਂ ਸੀ। ਉਸ ਨੂੰ ਆਪਣੇ ਮੱਛੀਆਂ ਦੇ ਕਾਰੋਬਾਰ ਦਾ ਫ਼ਿਕਰ ਕਰਨ ਜਾਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਡਰਨ ਦੀ ਲੋੜ ਨਹੀਂ ਸੀ। ਯਿਸੂ ਜਾਣਦਾ ਸੀ ਕਿ ਪ੍ਰਚਾਰ ਦਾ ਕੰਮ ਕਿੰਨਾ ਅਹਿਮ ਸੀ ਕਿਉਂਕਿ ਇਸ ਨਾਲ ਇਨਸਾਨਜਾਤੀ ਦਾ ਭਵਿੱਖ ਬਦਲ ਜਾਣਾ ਸੀ। ਯਿਸੂ ‘ਅਪਰਾਧ ਦੇ ਬਖ਼ਸ਼ਣਹਾਰ’ ਪਰਮੇਸ਼ੁਰ ਦੀ ਭਗਤੀ ਕਰਦਾ ਸੀ। (ਗਿਣ. 14:18) ਪਤਰਸ ਯਕੀਨ ਰੱਖ ਸਕਦਾ ਸੀ ਕਿ ਯਹੋਵਾਹ ਉਸ ਦੇ ਪਰਿਵਾਰ ਦੀਆਂ ਲੋੜਾਂ ਦਾ ਖ਼ਿਆਲ ਰੱਖੇਗਾ ਅਤੇ ਉਸ ਨੂੰ ਪ੍ਰਚਾਰ ਕਰਨ ਦੇ ਕਾਬਲ ਬਣਾਏਗਾ।​​—ਮੱਤੀ 6:33.

16. ਪਤਰਸ, ਯਾਕੂਬ ਅਤੇ ਯੂਹੰਨਾ ਨੇ ਯਿਸੂ ਦਾ ਕਹਿਣਾ ਕਿਵੇਂ ਮੰਨਿਆ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਕਿਉਂ ਸੀ?

16 ਪਤਰਸ, ਯਾਕੂਬ ਤੇ ਯੂਹੰਨਾ ਨੇ ਝੱਟ ਯਿਸੂ ਦਾ ਕਹਿਣਾ ਮੰਨਿਆ। “ਉਹ ਆਪਣੀਆਂ ਕਿਸ਼ਤੀਆਂ ਵਾਪਸ ਕੰਢੇ ’ਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।” (ਲੂਕਾ 5:11) ਇਸ ਤਰ੍ਹਾਂ ਪਤਰਸ ਨੇ ਦਿਖਾਇਆ ਕਿ ਉਹ ਯਿਸੂ ਅਤੇ ਉਸ ਦੇ ਭੇਜਣ ਵਾਲੇ ’ਤੇ ਨਿਹਚਾ ਰੱਖਦਾ ਸੀ। ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ। ਅੱਜ ਜਿਹੜੇ ਮਸੀਹੀ ਆਪਣੇ ਡਰ ਅਤੇ ਸ਼ੱਕ ’ਤੇ ਕਾਬੂ ਪਾ ਕੇ ਯਹੋਵਾਹ ਦੀ ਸੇਵਾ ਕਰਦੇ ਹਨ, ਉਹ ਵੀ ਪਤਰਸ ਵਾਂਗ ਨਿਹਚਾ ਦਾ ਸਬੂਤ ਦਿੰਦੇ ਹਨ। ਯਹੋਵਾਹ ਆਪਣੇ ਉਨ੍ਹਾਂ ਸੇਵਕਾਂ ਨੂੰ ਕਦੇ ਨਹੀਂ ਛੱਡਦਾ ਜੋ ਉਸ ਉੱਤੇ ਭਰੋਸਾ ਰੱਖਦੇ ਹਨ।​​—ਜ਼ਬੂ. 22:4, 5.

“ਤੂੰ ਸ਼ੱਕ ਕਿਉਂ ਕੀਤਾ?”

17. ਯਿਸੂ ਨੂੰ ਪਹਿਲੀ ਵਾਰ ਮਿਲਣ ਤੋਂ ਬਾਅਦ ਦੇ ਦੋ ਸਾਲਾਂ ਦੌਰਾਨ ਪਤਰਸ ਨਾਲ ਕੀ-ਕੀ ਹੋਇਆ ਸੀ?

17 ਜਿਵੇਂ ਇਸ ਪਾਠ ਦੇ ਸ਼ੁਰੂ ਵਿਚ ਦੱਸਿਆ ਹੈ, ਯਿਸੂ ਨੂੰ ਮਿਲਣ ਤੋਂ ਲਗਭਗ ਦੋ ਸਾਲ ਬਾਅਦ ਪਤਰਸ ਇਕ ਤੂਫ਼ਾਨੀ ਰਾਤ ਨੂੰ ਗਲੀਲ ਦੀ ਝੀਲ ਵਿਚ ਕਿਸ਼ਤੀ ਚਲਾ ਰਿਹਾ ਸੀ। ਅਸੀਂ ਨਹੀਂ ਜਾਣਦੇ ਕਿ ਉਹ ਮਨ ਵਿਚ ਬੀਤੇ ਸਮੇਂ ਦੀਆਂ ਕਿਹੜੀਆਂ ਗੱਲਾਂ ਬਾਰੇ ਸੋਚ ਰਿਹਾ ਸੀ। ਇਸ ਸਮੇਂ ਦੌਰਾਨ ਬਹੁਤ ਕੁਝ ਹੋਇਆ ਸੀ। ਯਿਸੂ ਨੇ ਪਤਰਸ ਦੀ ਸੱਸ ਨੂੰ ਠੀਕ ਕੀਤਾ ਸੀ ਅਤੇ ਪਹਾੜ ’ਤੇ ਉਪਦੇਸ਼ ਦਿੱਤਾ ਸੀ। ਉਸ ਨੇ ਆਪਣੀਆਂ ਸਿੱਖਿਆਵਾਂ ਤੇ ਚਮਤਕਾਰਾਂ ਰਾਹੀਂ ਵਾਰ-ਵਾਰ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਯਹੋਵਾਹ ਦਾ ਚੁਣਿਆ ਹੋਇਆ ਮਸੀਹ ਸੀ। ਸਮੇਂ ਦੇ ਬੀਤਣ ਨਾਲ ਪਤਰਸ ਨੇ ਡਰ, ਸ਼ੱਕ ਤੇ ਆਪਣੀਆਂ ਹੋਰ ਕਮਜ਼ੋਰੀਆਂ ’ਤੇ ਕੁਝ ਹੱਦ ਤਕ ਕਾਬੂ ਪਾ ਲਿਆ ਸੀ। ਯਿਸੂ ਨੇ ਤਾਂ ਉਸ ਨੂੰ ਆਪਣੇ ਇਕ ਰਸੂਲ ਵਜੋਂ ਵੀ ਚੁਣਿਆ ਸੀ। ਪਰ ਧਿਆਨ ਦਿਓ ਕਿ ਅੱਗੇ ਕੀ ਹੋਇਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੇ ਡਰ ਤੇ ਸ਼ੱਕ ’ਤੇ ਕਾਬੂ ਪਾਉਣ ਲਈ ਅਜੇ ਹੋਰ ਕੋਸ਼ਿਸ਼ ਕਰਨ ਦੀ ਲੋੜ ਸੀ।

18, 19. (ੳ) ਦੱਸੋ ਕਿ ਪਤਰਸ ਨੇ ਗਲੀਲ ਦੀ ਝੀਲ ’ਤੇ ਕੀ ਦੇਖਿਆ। (ਅ) ਯਿਸੂ ਨੇ ਪਤਰਸ ਦੀ ਬੇਨਤੀ ਦਾ ਕੀ ਜਵਾਬ ਦਿੱਤਾ?

18 ਰਾਤ ਦੇ ਚੌਥੇ ਪਹਿਰ (ਸਵੇਰੇ ਤਿੰਨ ਵਜੇ ਤੋਂ ਲੈ ਕੇ ਛੇ ਵਜੇ ਤਕ ਦਾ ਸਮਾਂ) ਪਤਰਸ ਨੇ ਅਚਾਨਕ ਕਿਸ਼ਤੀ ਚਲਾਉਣੀ ਬੰਦ ਕਰ ਦਿੱਤੀ ਅਤੇ ਗੌਰ ਨਾਲ ਇਕ ਪਾਸੇ ਦੇਖਣ ਲੱਗਾ। ਲਹਿਰਾਂ ਦੇ ਉੱਪਰ ਕੋਈ ਚੀਜ਼ ਹਿਲਦੀ ਹੋਈ ਨਜ਼ਰ ਆ ਰਹੀ ਸੀ। ਕੀ ਚੰਦਰਮਾ ਦੀ ਰੌਸ਼ਨੀ ਲਹਿਰਾਂ ਉੱਤੇ ਲਿਸ਼ਕ ਰਹੀ ਸੀ? ਨਹੀਂ, ਇਹ ਕੋਈ ਇਨਸਾਨ ਸੀ ਜੋ ਪਾਣੀ ਉੱਤੇ ਚੱਲ ਰਿਹਾ ਸੀ। ਜਿੱਦਾਂ-ਜਿੱਦਾਂ ਉਹ ਵਿਅਕਤੀ ਨੇੜੇ ਆਉਂਦਾ ਗਿਆ, ਇੱਦਾਂ ਲੱਗਾ ਜਿਵੇਂ ਉਹ ਕਿਸ਼ਤੀ ਤੋਂ ਅੱਗੇ ਨਿਕਲ ਜਾਵੇਗਾ। ਇਸ ਕਰਕੇ ਸਾਰੇ ਚੇਲੇ ਡਰ ਨਾਲ ਸਹਿਮ ਗਏ। ਉਸ ਆਦਮੀ ਨੇ ਕਿਹਾ: “ਹੌਸਲਾ ਰੱਖੋ! ਮੈਂ ਹਾਂ, ਡਰੋ ਨਾ।” ਉਹ ਯਿਸੂ ਸੀ!​—ਮੱਤੀ 14:25-28.

19 ਪਤਰਸ ਨੇ ਜਵਾਬ ਦਿੱਤਾ: “ਪ੍ਰਭੂ, ਜੇ ਤੂੰ ਹੀ ਹੈਂ, ਤਾਂ ਮੈਨੂੰ ਵੀ ਪਾਣੀ ’ਤੇ ਤੁਰ ਕੇ ਆਪਣੇ ਵੱਲ ਆਉਣ ਦਾ ਹੁਕਮ ਦੇ।” ਇਸ ਚਮਤਕਾਰ ਨੂੰ ਦੇਖ ਕੇ ਪਤਰਸ ਜੋਸ਼ ਵਿਚ ਆ ਗਿਆ ਤੇ ਉਹ ਵੀ ਯਿਸੂ ਵਾਂਗ ਪਾਣੀ ’ਤੇ ਤੁਰਨਾ ਚਾਹੁੰਦਾ ਸੀ। ਉਹ ਯਿਸੂ ਦੀ ਸ਼ਕਤੀ ਨਾਲ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੁੰਦਾ ਸੀ। ਯਿਸੂ ਨੇ ਉਸ ਨੂੰ ਆਉਣ ਲਈ ਕਿਹਾ। ਉਸ ਨੇ ਹਿੰਮਤ ਦਿਖਾਉਂਦੇ ਹੋਏ ਝੱਟ ਕਿਸ਼ਤੀ ਵਿੱਚੋਂ ਛਾਲ ਮਾਰੀ। ਉਹ ਕਿੰਨਾ ਹੈਰਾਨ ਹੋਇਆ ਹੋਣਾ ਜਦੋਂ ਉਸ ਨੇ ਮਹਿਸੂਸ ਕੀਤਾ ਜਿਵੇਂ ਪਾਣੀ ਉਸ ਦੇ ਪੈਰਾਂ ਹੇਠ ਜੰਮ ਗਿਆ ਹੋਵੇ। ਫਿਰ ਉਹ ਹੌਲੀ-ਹੌਲੀ ਪਾਣੀ ਉੱਤੇ ਤੁਰਨ ਲੱਗਾ। ਉਹ ਹੱਕਾ-ਬੱਕਾ ਯਿਸੂ ਵੱਲ ਕਦਮ ਵਧਾਉਣ ਲੱਗਾ। ਪਰ ਫਿਰ ਅਚਾਨਕ ਉਸ ਦੇ ਕਦਮ ਰੁਕ ਗਏ!​—⁠ਮੱਤੀ 14:29 ਪੜ੍ਹੋ।

“ਤੂਫ਼ਾਨ ਨੂੰ ਦੇਖ ਕੇ ਪਤਰਸ ਡਰ ਗਿਆ”

20. (ੳ) ਪਤਰਸ ਦਾ ਧਿਆਨ ਕਿਵੇਂ ਭਟਕ ਗਿਆ ਅਤੇ ਇਸ ਦਾ ਨਤੀਜਾ ਕੀ ਨਿਕਲਿਆ? (ਅ) ਯਿਸੂ ਨੇ ਪਤਰਸ ਨੂੰ ਕਿਹੜਾ ਅਹਿਮ ਸਬਕ ਸਿਖਾਇਆ?

20 ਪਤਰਸ ਨੂੰ ਆਪਣਾ ਧਿਆਨ ਯਿਸੂ ਉੱਤੇ ਲਾਈ ਰੱਖਣ ਦੀ ਲੋੜ ਸੀ। ਯਿਸੂ, ਯਹੋਵਾਹ ਦੀ ਤਾਕਤ ਨਾਲ ਪਤਰਸ ਨੂੰ ਲਹਿਰਾਂ ਉੱਤੇ ਚਲਾ ਰਿਹਾ ਸੀ ਅਤੇ ਯਿਸੂ ਨੇ ਪਤਰਸ ਦੀ ਨਿਹਚਾ ਦੇਖ ਕੇ ਉਸ ਲਈ ਇਹ ਚਮਤਕਾਰ ਕੀਤਾ ਸੀ। ਪਰ ਪਤਰਸ ਦਾ ਧਿਆਨ ਭਟਕ ਗਿਆ। ਅਸੀਂ ਪੜ੍ਹਦੇ ਹਾਂ: “ਤੂਫ਼ਾਨ ਨੂੰ ਦੇਖ ਕੇ ਪਤਰਸ ਡਰ ਗਿਆ।” ਲਹਿਰਾਂ ਕਿਸ਼ਤੀ ਨਾਲ ਟਕਰਾ ਰਹੀਆਂ ਸਨ ਤੇ ਪਾਣੀ ਵਿਚ ਹਲਚਲ ਮਚੀ ਹੋਈ ਸੀ। ਇਹ ਖ਼ੌਫ਼ਨਾਕ ਨਜ਼ਾਰਾ ਦੇਖ ਕੇ ਪਤਰਸ ਅੰਦਰ ਤਕ ਕੰਬ ਗਿਆ ਤੇ ਉਸ ਦੀ ਨਿਹਚਾ ਡਾਂਵਾਡੋਲ ਹੋਣ ਲੱਗੀ। ਜਿਸ ਆਦਮੀ ਨੂੰ ਉਸ ਦੇ ਮਜ਼ਬੂਤ ਇਰਾਦੇ ਕਰਕੇ ਯਿਸੂ ਨੇ ਚਟਾਨ ਕਿਹਾ ਸੀ, ਉਹ ਹੁਣ ਆਪਣੀ ਨਿਹਚਾ ਡੋਲਣ ਕਰਕੇ ਡੁੱਬਣ ਲੱਗਾ। ਪਤਰਸ ਇਕ ਚੰਗਾ ਤੈਰਾਕ ਸੀ, ਪਰ ਹੁਣ ਉਸ ਨੇ ਆਪਣੀ ਇਸ ਕਾਬਲੀਅਤ ਉੱਤੇ ਭਰੋਸਾ ਨਹੀਂ ਕੀਤਾ। ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਪ੍ਰਭੂ, ਮੈਨੂੰ ਬਚਾ ਲੈ!” ਯਿਸੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਉੱਪਰ ਖਿੱਚਿਆ। ਫਿਰ ਪਾਣੀ ਉੱਤੇ ਖੜ੍ਹੇ ਯਿਸੂ ਨੇ ਉਸ ਨੂੰ ਇਕ ਅਹਿਮ ਸਬਕ ਸਿਖਾਇਆ: “ਹੇ ਥੋੜ੍ਹੀ ਨਿਹਚਾ ਰੱਖਣ ਵਾਲਿਆ, ਤੂੰ ਸ਼ੱਕ ਕਿਉਂ ਕੀਤਾ?”​—ਮੱਤੀ 14:30, 31.

21. ਸ਼ੱਕ ਕਰਨਾ ਖ਼ਤਰਨਾਕ ਕਿਉਂ ਹੋ ਸਕਦਾ ਹੈ ਅਤੇ ਅਸੀਂ ਇਸ ਨੂੰ ਦਿਲ ਵਿੱਚੋਂ ਕਿਵੇਂ ਕੱਢ ਸਕਦੇ ਹਾਂ?

21 ਯਿਸੂ ਨੇ ਬਿਲਕੁਲ ਸਹੀ ਗੱਲ ਕਹੀ। ਸ਼ੱਕ ਇਕ ਇਨਸਾਨ ਨੂੰ ਤਬਾਹ ਕਰ ਸਕਦਾ ਹੈ। ਜੇ ਅਸੀਂ ਆਪਣੇ ਮਨ ਵਿਚ ਸ਼ੱਕ ਨੂੰ ਪਲ਼ਣ ਦਿੰਦੇ ਹਾਂ, ਤਾਂ ਸਾਡੀ ਨਿਹਚਾ ਦੀ ਬੇੜੀ ਡੁੱਬ ਸਕਦੀ ਹੈ। ਸਾਨੂੰ ਸ਼ੱਕ ਕਰਨ ਦੀ ਆਪਣੀ ਆਦਤ ’ਤੇ ਕਾਬੂ ਪਾਉਣਾ ਚਾਹੀਦਾ ਹੈ। ਕਿਵੇਂ? ਆਪਣਾ ਧਿਆਨ ਸਹੀ ਗੱਲਾਂ ’ਤੇ ਟਿਕਾ ਕੇ। ਜੇ ਅਸੀਂ ਉਨ੍ਹਾਂ ਗੱਲਾਂ ਬਾਰੇ ਸੋਚਦੇ ਰਹੀਏ ਜੋ ਸਾਨੂੰ ਡਰਾਉਂਦੀਆਂ ਹਨ, ਨਿਰਾਸ਼ ਕਰਦੀਆਂ ਹਨ ਅਤੇ ਸਾਡਾ ਧਿਆਨ ਯਹੋਵਾਹ ਤੇ ਉਸ ਦੇ ਪੁੱਤਰ ਤੋਂ ਭਟਕਾਉਂਦੀਆਂ ਹਨ, ਤਾਂ ਅਸੀਂ ਸ਼ੱਕ ਦੇ ਸਮੁੰਦਰ ਵਿਚ ਡੁੱਬਦੇ ਜਾਵਾਂਗੇ। ਪਰ ਆਪਣੇ ਦਿਲ ਵਿੱਚੋਂ ਸ਼ੱਕ ਕੱਢਣ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਧਿਆਨ ਯਹੋਵਾਹ ਅਤੇ ਯਿਸੂ ’ਤੇ ਅਤੇ ਉਨ੍ਹਾਂ ਬਰਕਤਾਂ ਉੱਤੇ ਲਾਈਏ ਜੋ ਉਨ੍ਹਾਂ ਨੇ ਸਾਨੂੰ ਦਿੱਤੀਆਂ ਹਨ, ਅੱਜ ਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਦੇਣਗੇ।

22. ਸਾਨੂੰ ਪਤਰਸ ਦੀ ਨਿਹਚਾ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?

22 ਜਦ ਪਤਰਸ ਯਿਸੂ ਨਾਲ ਕਿਸ਼ਤੀ ਵੱਲ ਜਾ ਰਿਹਾ ਸੀ, ਤਾਂ ਉਸ ਨੇ ਤੂਫ਼ਾਨ ਨੂੰ ਸ਼ਾਂਤ ਹੁੰਦਿਆਂ ਦੇਖਿਆ। ਪਤਰਸ ਨੇ ਆਪਣੇ ਸਾਥੀਆਂ ਵਾਂਗ ਇਹ ਐਲਾਨ ਕੀਤਾ: “ਤੂੰ ਵਾਕਈ ਪਰਮੇਸ਼ੁਰ ਦਾ ਪੁੱਤਰ ਹੈਂ।” (ਮੱਤੀ 14:33) ਉਸ ਵੇਲੇ ਪਤਰਸ ਦਾ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਗਿਆ ਹੋਣਾ। ਉਸ ਨੇ ਸਿੱਖਿਆ ਕਿ ਉਹ ਨਾ ਤਾਂ ਡਰੇਗਾ ਅਤੇ ਨਾ ਹੀ ਯਹੋਵਾਹ ਅਤੇ ਯਿਸੂ ’ਤੇ ਸ਼ੱਕ ਕਰੇਗਾ। ਇਹ ਸੱਚ ਹੈ ਕਿ ਚਟਾਨ ਵਾਂਗ ਮਜ਼ਬੂਤ ਬਣਨ ਲਈ ਉਸ ਨੂੰ ਆਪਣੇ ਵਿਚ ਬਹੁਤ ਤਬਦੀਲੀਆਂ ਕਰਨੀਆਂ ਪੈਣੀਆਂ ਸਨ। ਪਰ ਉਸ ਨੇ ਪੱਕਾ ਇਰਾਦਾ ਕੀਤਾ ਕਿ ਉਹ ਕੋਸ਼ਿਸ਼ ਕਰਨੀ ਕਦੇ ਨਹੀਂ ਛੱਡੇਗਾ। ਕੀ ਤੁਸੀਂ ਅਜਿਹਾ ਪੱਕਾ ਇਰਾਦਾ ਕੀਤਾ ਹੈ? ਪਤਰਸ ਦੀ ਨਿਹਚਾ ਦੀ ਰੀਸ ਕਰ ਕੇ ਤੁਹਾਨੂੰ ਫ਼ਾਇਦਾ ਹੋਵੇਗਾ।