Skip to content

Skip to table of contents

ਪਾਠ 14

ਉਸ ਨੇ ਦਇਆ ਕਰਨੀ ਸਿੱਖੀ

ਉਸ ਨੇ ਦਇਆ ਕਰਨੀ ਸਿੱਖੀ

1. ਯੂਨਾਹ ਦਾ ਨੀਨਵਾਹ ਤਕ ਦਾ ਸਫ਼ਰ ਕਿਸ ਤਰ੍ਹਾਂ ਦਾ ਸੀ? ਨੀਨਵਾਹ ਬਾਰੇ ਸੋਚ-ਸੋਚ ਕੇ ਉਸ ਨੂੰ ਕਿਸ ਤਰ੍ਹਾਂ ਲੱਗ ਰਿਹਾ ਸੀ?

ਯੂਨਾਹ ਕੋਲ ਸੋਚਣ ਲਈ ਕਾਫ਼ੀ ਸਮਾਂ ਹੈ। ਉਸ ਨੂੰ 800 ਕਿਲੋਮੀਟਰ (500 ਮੀਲ) ਤੋਂ ਜ਼ਿਆਦਾ ਸਫ਼ਰ ਕਰਨ ਲਈ ਘੱਟੋ-ਘੱਟ ਇਕ ਮਹੀਨਾ ਲੱਗ ਜਾਣਾ ਹੈ। ਪਹਿਲਾਂ ਉਸ ਨੇ ਤੈਅ ਕਰਨਾ ਹੈ ਕਿ ਉਹ ਕਿਸ ਰਸਤਿਓਂ ਜਾਵੇਗਾ। ਉਹ ਜਾਂ ਤਾਂ ਛੋਟਾ ਰਸਤਾ ਚੁਣ ਸਕਦਾ ਹੈ ਜਾਂ ਫਿਰ ਲੰਬਾ ਤੇ ਸੁਰੱਖਿਅਤ ਰਸਤਾ। ਉਸ ਨੂੰ ਕਈ ਵਾਦੀਆਂ ਅਤੇ ਪਹਾੜੀ ਇਲਾਕਿਆਂ ਵਿੱਚੋਂ ਦੀ ਲੰਘਣਾ ਪੈਣਾ ਹੈ। ਉਸ ਨੂੰ ਸ਼ਾਇਦ ਸੀਰੀਆ ਦੇ ਬੰਜਰ ਇਲਾਕੇ ਉੱਪਰੋਂ ਦੀ ਘੁੰਮ ਕੇ ਜਾਣਾ ਪੈਣਾ ਹੈ ਅਤੇ ਫ਼ਰਾਤ ਵਰਗੇ ਵੱਡੇ-ਵੱਡੇ ਦਰਿਆ ਪਾਰ ਕਰਨੇ ਪੈਣੇ ਹਨ। ਨਾਲੇ ਉਸ ਨੇ ਸੀਰੀਆ, ਮਸੋਪੋਤਾਮੀਆ ਤੇ ਅੱਸ਼ੂਰ ਦੇਸ਼ਾਂ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਪਰਦੇਸੀਆਂ ਨਾਲ ਰਾਤਾਂ ਕੱਟਣੀਆਂ ਹਨ। ਜਿਉਂ-ਜਿਉਂ ਦਿਨ ਲੰਘਦੇ ਜਾ ਰਹੇ ਹਨ, ਉਸ ਦੀ ਮੰਜ਼ਲ ਨੀਨਵਾਹ ਨੇੜੇ ਆਉਂਦੀ ਜਾ ਰਹੀ ਹੈ। ਉਹ ਨੀਨਵਾਹ ਬਾਰੇ ਸੋਚ ਰਿਹਾ ਹੈ ਜਿਸ ਦਾ ਖ਼ਿਆਲ ਆਉਣ ਤੇ ਵੀ ਉਸ ਦਾ ਸਾਹ ਸੁੱਕ ਜਾਂਦਾ ਸੀ।

2. ਯਹੋਵਾਹ ਨੇ ਯੂਨਾਹ ਨੂੰ ਇਹ ਸਬਕ ਕਿਵੇਂ ਸਿਖਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਸੀ?

2 ਪਰ ਹੁਣ ਯੂਨਾਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ: ਉਹ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਸੀ। ਉਹ ਪਹਿਲਾਂ ਭੱਜਣ ਦੀ ਕੋਸ਼ਿਸ਼ ਕਰ ਚੁੱਕਾ ਸੀ। ਜਿਵੇਂ ਕਿ ਅਸੀਂ ਪਿਛਲੇ ਪਾਠ ਵਿਚ ਦੇਖਿਆ ਸੀ, ਯਹੋਵਾਹ ਨੇ ਸਮੁੰਦਰੀ ਤੂਫ਼ਾਨ ਲਿਆਂਦਾ ਅਤੇ ਇਕ ਵੱਡੀ ਮੱਛੀ ਯੂਨਾਹ ਨੂੰ ਨਿਗਲ਼ ਗਈ। ਇਸ ਤਰ੍ਹਾਂ ਉਸ ਨੇ ਯੂਨਾਹ ਨੂੰ ਬੜੇ ਧੀਰਜ ਨਾਲ ਸਬਕ ਸਿਖਾਇਆ ਸੀ। ਉਸ ਮੱਛੀ ਨੇ ਉਸ ਨੂੰ ਤਿੰਨ ਦਿਨਾਂ ਬਾਅਦ ਸਹੀ-ਸਲਾਮਤ ਕਿਨਾਰੇ ’ਤੇ ਉਗਲੱਛ ਦਿੱਤਾ। ਇਹ ਸਬਕ ਸਿੱਖ ਕੇ ਉਹ ਨਿਮਰ ਤੇ ਆਗਿਆਕਾਰ ਬਣਿਆ।​—ਯੂਨਾਹ, ਅਧਿ. 1, 2.

3. ਯਹੋਵਾਹ ਯੂਨਾਹ ਨਾਲ ਕਿਵੇਂ ਪੇਸ਼ ਆਇਆ ਅਤੇ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?

3 ਜਦ ਯਹੋਵਾਹ ਨੇ ਯੂਨਾਹ ਨੂੰ ਦੂਜੀ ਵਾਰ ਨੀਨਵਾਹ ਜਾਣ ਲਈ ਕਿਹਾ, ਤਾਂ ਇਸ ਨਬੀ ਨੇ ਉਸ ਦਾ ਕਹਿਣਾ ਮੰਨ ਕੇ ਪੂਰਬ ਵੱਲ ਲੰਬਾ ਸਫ਼ਰ ਸ਼ੁਰੂ ਕੀਤਾ। (ਯੂਨਾਹ 3:1-3 ਪੜ੍ਹੋ।) ਪਰ ਕੀ ਉਸ ਨੇ ਯਹੋਵਾਹ ਦੀ ਤਾੜਨਾ ਕਬੂਲ ਕਰ ਕੇ ਆਪਣੇ ਸੁਭਾਅ ਵਿਚ ਪੂਰੀ ਤਰ੍ਹਾਂ ਤਬਦੀਲੀ ਲਿਆਂਦੀ? ਜ਼ਰਾ ਸੋਚੋ ਕਿ ਯਹੋਵਾਹ ਨੇ ਉਸ ਉੱਤੇ ਕਿਵੇਂ ਦਇਆ ਕੀਤੀ ਸੀ। ਯਹੋਵਾਹ ਨੇ ਯੂਨਾਹ ਨੂੰ ਸਮੁੰਦਰ ਵਿਚ ਡੁੱਬਣ ਤੋਂ ਬਚਾਇਆ ਅਤੇ ਉਸ ਨੂੰ ਗ਼ਲਤੀ ਦੀ ਸਜ਼ਾ ਦੇਣ ਦੀ ਬਜਾਇ ਆਪਣਾ ਕੰਮ ਪੂਰਾ ਕਰਨ ਦਾ ਦੂਜਾ ਮੌਕਾ ਦਿੱਤਾ। ਇਸ ਸਭ ਦੇ ਬਾਵਜੂਦ, ਕੀ ਯੂਨਾਹ ਨੇ ਦੂਜਿਆਂ ’ਤੇ ਦਇਆ ਕਰਨੀ ਸਿੱਖੀ? ਪਾਪੀ ਇਨਸਾਨਾਂ ਲਈ ਦੂਜਿਆਂ ’ਤੇ ਦਇਆ ਕਰਨੀ ਅਕਸਰ ਔਖੀ ਹੁੰਦੀ ਹੈ। ਯੂਨਾਹ ਲਈ ਵੀ ਇੱਦਾਂ ਕਰਨਾ ਔਖਾ ਸੀ। ਆਓ ਆਪਾਂ ਦੇਖੀਏ ਕਿ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।

ਨਿਆਂ ਦਾ ਸੰਦੇਸ਼ ਅਤੇ ਲੋਕਾਂ ਦੀ ਤੋਬਾ

4, 5. ਯਹੋਵਾਹ ਲਈ ਨੀਨਵਾਹ ਇੰਨੀ ਅਹਿਮੀਅਤ ਕਿਉਂ ਰੱਖਦਾ ਸੀ ਅਤੇ ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ?

4 ਨੀਨਵਾਹ ਬਾਰੇ ਯੂਨਾਹ ਅਤੇ ਯਹੋਵਾਹ ਦੀ ਸੋਚ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਸੀ। ਯੂਨਾਹ ਤੋਂ ਉਲਟ ਯਹੋਵਾਹ ਦੀਆਂ ਨਜ਼ਰਾਂ ਵਿਚ ਨੀਨਵਾਹ ਇਕ ਬਹੁਤ ਹੀ ਅਹਿਮ ਸ਼ਹਿਰ ਸੀ। ਯੂਨਾਹ ਦੀ ਕਿਤਾਬ ਵਿਚ ਯਹੋਵਾਹ ਨੇ ਤਿੰਨ ਵਾਰ “ਵੱਡੇ ਸ਼ਹਿਰ ਨੀਨਵਾਹ” ਦਾ ਜ਼ਿਕਰ ਕੀਤਾ ਸੀ। (ਯੂਨਾ. 1:2; 3:2; 4:11) ਯਹੋਵਾਹ ਲਈ ਇਹ ਵੱਡਾ ਸ਼ਹਿਰ ਇੰਨੀ ਅਹਿਮੀਅਤ ਕਿਉਂ ਰੱਖਦਾ ਸੀ?

5 ਨੀਨਵਾਹ ਬਹੁਤ ਪੁਰਾਣਾ ਸ਼ਹਿਰ ਸੀ। ਇਹ ਉਨ੍ਹਾਂ ਸ਼ਹਿਰਾਂ ਵਿੱਚੋਂ ਇਕ ਸੀ ਜੋ ਨਿਮਰੋਦ ਨੇ ਜਲ-ਪਰਲੋ ਤੋਂ ਬਾਅਦ ਬਣਾਏ ਸਨ। ਨੀਨਵਾਹ ਬਹੁਤ ਵੱਡਾ ਸ਼ਹਿਰ ਸੀ ਜਿਸ ਦੇ ਇਲਾਕੇ ਵਿਚ ਕੁਝ ਹੋਰ ਸ਼ਹਿਰ ਵੀ ਸਨ। ਇਸ ਦੇ ਇਕ ਪਾਸੇ ਤੋਂ ਦੂਜੇ ਪਾਸੇ ਤਕ ਤੁਰ ਕੇ ਜਾਣ ਲਈ ਤਿੰਨ ਦਿਨ ਲੱਗ ਜਾਂਦੇ ਸਨ। (ਉਤ. 10:11; ਯੂਨਾ. 3:3) ਨੀਨਵਾਹ ਦੀਆਂ ਕੰਧਾਂ ਬੜੀਆਂ ਮਜ਼ਬੂਤ ਸਨ ਅਤੇ ਇਸ ਵਿਚ ਆਲੀਸ਼ਾਨ ਮੰਦਰ ਅਤੇ ਸ਼ਾਨਦਾਰ ਇਮਾਰਤਾਂ ਸਨ। ਪਰ ਇਨ੍ਹਾਂ ਚੀਜ਼ਾਂ ਕਰਕੇ ਨਹੀਂ, ਸਗੋਂ ਉੱਥੇ ਦੇ ਲੋਕਾਂ ਕਰਕੇ ਯਹੋਵਾਹ ਪਰਮੇਸ਼ੁਰ ਲਈ ਇਹ ਸ਼ਹਿਰ ਅਹਿਮੀਅਤ ਰੱਖਦਾ ਸੀ। ਉਸ ਸਮੇਂ ਨੀਨਵਾਹ ਦੀ ਆਬਾਦੀ ਬਹੁਤ ਸੀ। ਭਾਵੇਂ ਨੀਨਵਾਹ ਦੇ ਵਾਸੀ ਬੁਰੇ ਕੰਮ ਕਰਦੇ ਸਨ, ਫਿਰ ਵੀ ਯਹੋਵਾਹ ਨੂੰ ਉਨ੍ਹਾਂ ਦਾ ਫ਼ਿਕਰ ਸੀ। ਯਹੋਵਾਹ ਲਈ ਹਰ ਇਕ ਇਨਸਾਨ ਦੀ ਜਾਨ ਕੀਮਤੀ ਹੈ ਅਤੇ ਉਹ ਚਾਹੁੰਦਾ ਹੈ ਕਿ ਹਰ ਕੋਈ ਤੋਬਾ ਕਰ ਕੇ ਸਹੀ ਕੰਮ ਕਰਨੇ ਸਿੱਖੇ।

ਯੂਨਾਹ ਨੇ ਦੇਖਿਆ ਕਿ ਨੀਨਵਾਹ ਸ਼ਹਿਰ ਬੁਰਾਈ ਨਾਲ ਭਰਿਆ ਹੋਇਆ ਸੀ

6. (ੳ) ਯੂਨਾਹ ਨੀਨਵਾਹ ਜਾ ਕੇ ਸ਼ਾਇਦ ਕਿਉਂ ਡਰ ਗਿਆ ਸੀ? (ਫੁਟਨੋਟ ਵੀ ਦੇਖੋ।) (ਅ) ਨੀਨਵਾਹ ਵਿਚ ਯੂਨਾਹ ਦੇ ਪ੍ਰਚਾਰ ਦੇ ਕੰਮ ਤੋਂ ਸਾਨੂੰ ਉਸ ਬਾਰੇ ਕੀ ਪਤਾ ਲੱਗਦਾ ਹੈ?

6 ਯੂਨਾਹ ਨੀਨਵਾਹ ਵਿਚ ਇੰਨੇ ਸਾਰੇ ਲੋਕਾਂ ਨੂੰ ਦੇਖ ਕੇ ਹੋਰ ਵੀ ਡਰ ਗਿਆ ਹੋਣਾ ਕਿਉਂਕਿ ਸ਼ਹਿਰ ਦੀ ਆਬਾਦੀ 1,20,000 ਤੋਂ ਵੀ ਜ਼ਿਆਦਾ ਸੀ। * ਸ਼ਹਿਰ ਵਿਚ ਇਕ ਦਿਨ ਤੁਰ ਕੇ ਉਹ ਜ਼ਿਆਦਾ ਭੀੜ-ਭੜੱਕੇ ਵਾਲੀ ਜਗ੍ਹਾ ਪਹੁੰਚਿਆ। ਸ਼ਾਇਦ ਉਸ ਨੇ ਅਜਿਹੀ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਜਿੱਥੋਂ ਉਹ ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਸੁਣਾਉਣਾ ਸ਼ੁਰੂ ਕਰ ਸਕੇ। ਪਰ ਉਹ ਲੋਕਾਂ ਨੂੰ ਆਪਣੀ ਗੱਲ ਕਿੱਦਾਂ ਸਮਝਾ ਸਕਦਾ ਸੀ? ਕੀ ਉਸ ਨੇ ਅੱਸ਼ੂਰੀ ਭਾਸ਼ਾ ਬੋਲਣੀ ਸਿੱਖੀ ਸੀ ਜਾਂ ਉਹ ਯਹੋਵਾਹ ਦੇ ਚਮਤਕਾਰ ਨਾਲ ਇਹ ਭਾਸ਼ਾ ਬੋਲਣ ਲੱਗ ਪਿਆ ਸੀ? ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਸ਼ਾਇਦ ਉਸ ਨੇ ਇਬਰਾਨੀ ਭਾਸ਼ਾ ਵਿਚ ਪ੍ਰਚਾਰ ਕੀਤਾ ਹੋਣਾ ਅਤੇ ਕਿਸੇ ਅੱਸ਼ੂਰੀ ਬੰਦੇ ਨੇ ਉਸ ਦੇ ਸੰਦੇਸ਼ ਦਾ ਅਨੁਵਾਦ ਕੀਤਾ ਹੋਣਾ। ਜੋ ਵੀ ਸੀ, ਉਸ ਦਾ ਸੰਦੇਸ਼ ਸਾਫ਼ ਸੀ, ਪਰ ਉਸ ਦਾ ਸੰਦੇਸ਼ ਸੁਣ ਕੇ ਲੋਕਾਂ ਨੂੰ ਖ਼ੁਸ਼ੀ ਨਹੀਂ ਹੋਣੀ ਸੀ। ਉਸ ਨੇ ਲੋਕਾਂ ਨੂੰ ਦੱਸਿਆ: “ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ!” (ਯੂਨਾ. 3:4) ਯੂਨਾਹ ਦਲੇਰੀ ਨਾਲ ਇਹ ਸੰਦੇਸ਼ ਲੋਕਾਂ ਨੂੰ ਸੁਣਾਉਂਦਾ ਰਿਹਾ। ਇਸ ਤਰ੍ਹਾਂ ਕਰ ਕੇ ਉਸ ਨੇ ਆਪਣੀ ਬਹਾਦਰੀ ਅਤੇ ਪੱਕੀ ਨਿਹਚਾ ਦਾ ਸਬੂਤ ਦਿੱਤਾ। ਅੱਜ ਮਸੀਹੀਆਂ ਵਿਚ ਇਹ ਗੁਣ ਹੋਣੇ ਹੋਰ ਵੀ ਜ਼ਰੂਰੀ ਹਨ।

ਯੂਨਾਹ ਦਾ ਸੰਦੇਸ਼ ਸਾਫ਼ ਸੀ, ਪਰ ਉਸ ਦਾ ਸੰਦੇਸ਼ ਸੁਣ ਕੇ ਲੋਕਾਂ ਨੂੰ ਖ਼ੁਸ਼ੀ ਨਹੀਂ ਹੋਣੀ ਸੀ

7, 8. (ੳ) ਯੂਨਾਹ ਦਾ ਸੰਦੇਸ਼ ਸੁਣ ਕੇ ਨੀਨਵਾਹ ਦੇ ਲੋਕਾਂ ਨੇ ਕੀ ਕੀਤਾ? (ਅ) ਯੂਨਾਹ ਦਾ ਸੰਦੇਸ਼ ਸੁਣ ਕੇ ਨੀਨਵਾਹ ਦੇ ਰਾਜੇ ਨੇ ਕੀ ਕੀਤਾ?

7 ਨੀਨਵਾਹ ਦੇ ਲੋਕਾਂ ਨੇ ਯੂਨਾਹ ਦਾ ਸੰਦੇਸ਼ ਸੁਣਿਆ। ਉਸ ਨੇ ਸੋਚਿਆ ਹੋਣਾ ਕਿ ਲੋਕ ਉਸ ਦਾ ਸੰਦੇਸ਼ ਸੁਣ ਕੇ ਜ਼ਰੂਰ ਉਸ ਨੂੰ ਮਾਰਨ-ਕੁੱਟਣਗੇ, ਪਰ ਹੋਇਆ ਇਸ ਦੇ ਉਲਟ। ਲੋਕਾਂ ਨੇ ਉਸ ਦੇ ਸੰਦੇਸ਼ ਵੱਲ ਧਿਆਨ ਦਿੱਤਾ! ਉਸ ਦਾ ਸੰਦੇਸ਼ ਸਾਰੇ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਿਆ। ਥੋੜ੍ਹੇ ਹੀ ਸਮੇਂ ਵਿਚ ਪੂਰਾ ਸ਼ਹਿਰ ਯੂਨਾਹ ਦੀ ਭਵਿੱਖਬਾਣੀ ਬਾਰੇ ਗੱਲਾਂ ਕਰਨ ਲੱਗ ਪਿਆ। (ਯੂਨਾਹ 3:5 ਪੜ੍ਹੋ।) ਅਮੀਰ ਤੇ ਗ਼ਰੀਬ, ਤਕੜੇ ਤੇ ਕਮਜ਼ੋਰ, ਨਿਆਣੇ ਤੇ ਸਿਆਣੇ, ਸਾਰਿਆਂ ਨੇ ਤੋਬਾ ਕੀਤੀ ਅਤੇ ਵਰਤ ਰੱਖਿਆ। ਇਹ ਖ਼ਬਰ ਜਲਦੀ ਹੀ ਰਾਜੇ ਤਕ ਵੀ ਪਹੁੰਚ ਗਈ।

ਯੂਨਾਹ ਨੂੰ ਨੀਨਵਾਹ ਵਿਚ ਪ੍ਰਚਾਰ ਕਰਨ ਲਈ ਬਹਾਦਰੀ ਤੇ ਨਿਹਚਾ ਦੀ ਲੋੜ ਸੀ

8 ਇਸ ਦਾ ਰਾਜੇ ’ਤੇ ਕੀ ਅਸਰ ਪਿਆ? ਉਸ ਦੇ ਦਿਲ ਵਿਚ ਵੀ ਰੱਬ ਦਾ ਡਰ ਪੈਦਾ ਹੋ ਗਿਆ। ਉਹ ਤੋਬਾ ਕਰਨ ਲਈ ਆਪਣੀ ਰਾਜ-ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਚੋਗਾ ਲਾਹਿਆ ਅਤੇ ਲੋਕਾਂ ਵਾਂਗ ਤੱਪੜ ਪਾ “ਰਾਖ ਵਿੱਚ ਬੈਠ ਗਿਆ।” ਉਸ ਨੇ ਆਪਣੇ “ਸਰਦਾਰਾਂ” ਨਾਲ ਮਿਲ ਕੇ ਸਾਰੇ ਲੋਕਾਂ ਨੂੰ ਵਰਤ ਰੱਖਣ ਦਾ ਫ਼ਰਮਾਨ ਜਾਰੀ ਕੀਤਾ। ਉਸ ਦਾ ਹੁਕਮ ਸੀ ਕਿ ਸਾਰੇ ਤੱਪੜ ਪਾਉਣ, ਇੱਥੋਂ ਤਕ ਕਿ ਜਾਨਵਰਾਂ ਦੇ ਵੀ। * ਉਸ ਨੇ ਨਿਮਰਤਾ ਨਾਲ ਕਬੂਲ ਕੀਤਾ ਕਿ ਉਸ ਦੇ ਲੋਕ ਭੈੜੇ ਕੰਮ ਅਤੇ ਜ਼ੁਲਮ ਕਰ ਰਹੇ ਸਨ। ਉਸ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਪਛਤਾਵਾ ਦੇਖ ਕੇ ਸੱਚਾ ਪਰਮੇਸ਼ੁਰ ਉਨ੍ਹਾਂ ’ਤੇ ਦਇਆ ਕਰੇਗਾ। ਉਸ ਨੇ ਕਿਹਾ: “ਕੀ ਜਾਣੀਏ ਜੋ ਪਰਮੇਸ਼ੁਰ ਮੁੜੇ . . . ਅਤੇ ਆਪਣੇ ਤੱਤੇ ਕ੍ਰੋਧ ਤੋਂ ਹਟੇ ਭਈ ਅਸੀਂ ਨਾਸ ਨਾ ਹੋਈਏ?”​—ਯੂਨਾ. 3:6-9.

9. ਆਲੋਚਕਾਂ ਨੇ ਨੀਨਵਾਹ ਦੇ ਲੋਕਾਂ ’ਤੇ ਕੀ ਸ਼ੱਕ ਕੀਤਾ, ਪਰ ਸਾਨੂੰ ਕਿਵੇਂ ਪਤਾ ਹੈ ਕਿ ਉਨ੍ਹਾਂ ਦੇ ਸ਼ੱਕ ਦਾ ਕੋਈ ਆਧਾਰ ਨਹੀਂ ਹੈ?

9 ਕਈ ਆਲੋਚਕਾਂ ਨੂੰ ਸ਼ੱਕ ਹੈ ਕਿ ਨੀਨਵਾਹ ਦੇ ਵਾਸੀਆਂ ਨੇ ਇੰਨੀ ਛੇਤੀ ਤੋਬਾ ਕਿਵੇਂ ਕਰ ਲਈ। ਪਰ ਬਾਈਬਲ ਦੇ ਵਿਦਵਾਨ ਦੱਸਦੇ ਹਨ ਕਿ ਪੁਰਾਣੇ ਜ਼ਮਾਨੇ ਦੇ ਕਈ ਸਭਿਆਚਾਰਾਂ ਦੇ ਲੋਕ ਵਹਿਮੀ ਹੁੰਦੇ ਸਨ ਤੇ ਝੱਟ ਗੱਲਾਂ ’ਤੇ ਵਿਸ਼ਵਾਸ ਕਰ ਲੈਂਦੇ ਸਨ। ਪਰ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੇ ਸ਼ੱਕ ਦਾ ਕੋਈ ਆਧਾਰ ਨਹੀਂ ਹੈ ਕਿਉਂਕਿ ਯਿਸੂ ਮਸੀਹ ਨੇ ਖ਼ੁਦ ਬਾਅਦ ਵਿਚ ਨੀਨਵਾਹ ਦੇ ਵਾਸੀਆਂ ਦੀ ਤੋਬਾ ਬਾਰੇ ਗੱਲ ਕੀਤੀ ਸੀ। (ਮੱਤੀ 12:41 ਪੜ੍ਹੋ।) ਯਿਸੂ ਇਹ ਗੱਲ ਇਸ ਲਈ ਕਹਿ ਸਕਿਆ ਕਿਉਂਕਿ ਉਸ ਨੇ ਸਵਰਗੋਂ ਆਪਣੀ ਅੱਖੀਂ ਇਹ ਘਟਨਾਵਾਂ ਵਾਪਰਦੀਆਂ ਦੇਖੀਆਂ ਸਨ। (ਯੂਹੰ. 8:57, 58) ਇਸ ਲਈ ਸਾਨੂੰ ਕਦੇ ਵੀ ਸੋਚਣਾ ਨਹੀਂ ਚਾਹੀਦਾ ਕਿ ਲੋਕ ਬਦਲ ਹੀ ਨਹੀਂ ਸਕਦੇ, ਭਾਵੇਂ ਉਹ ਕਿੰਨੇ ਹੀ ਜ਼ਾਲਮ ਕਿਉਂ ਨਾ ਹੋਣ। ਸਿਰਫ਼ ਯਹੋਵਾਹ ਹੀ ਦੇਖ ਸਕਦਾ ਹੈ ਕਿ ਇਨਸਾਨ ਦੇ ਦਿਲ ਵਿਚ ਕੀ ਹੈ।

ਰੱਬ ਦੀ ਦਇਆ ਅਤੇ ਇਨਸਾਨਾਂ ਦੀ ਸਖ਼ਤੀ ਵਿਚ ਵੱਡਾ ਫ਼ਰਕ

10, 11. (ੳ) ਨੀਨਵਾਹ ਦੇ ਲੋਕਾਂ ਦਾ ਪਛਤਾਵਾ ਦੇਖ ਕੇ ਯਹੋਵਾਹ ਨੇ ਕੀ ਕੀਤਾ? (ਅ) ਸਾਨੂੰ ਕਿਉਂ ਯਕੀਨ ਹੈ ਕਿ ਸਜ਼ਾ ਦੇਣ ਦਾ ਯਹੋਵਾਹ ਦਾ ਫ਼ੈਸਲਾ ਗ਼ਲਤ ਨਹੀਂ ਸੀ?

10 ਨੀਨਵਾਹ ਦੇ ਲੋਕਾਂ ਦਾ ਪਛਤਾਵਾ ਦੇਖ ਕੇ ਯਹੋਵਾਹ ਨੇ ਕੀ ਕੀਤਾ? ਯੂਨਾਹ ਨੇ ਲਿਖਿਆ: “ਜਦ ਪਰਮੇਸ਼ੁਰ ਨੇ ਓਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਓਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਓਹਨਾਂ ਨਾਲ ਕਰੇਗਾ ਅਤੇ ਉਸ ਨੇ ਉਹ ਨਹੀਂ ਕੀਤੀ।”​—ਯੂਨਾ. 3:10.

11 ਪਰ ਕੀ ਇਸ ਦਾ ਇਹ ਮਤਲਬ ਹੈ ਕਿ ਨੀਨਵਾਹ ਨੂੰ ਸਜ਼ਾ ਦੇਣ ਦਾ ਯਹੋਵਾਹ ਦਾ ਫ਼ੈਸਲਾ ਗ਼ਲਤ ਸੀ? ਨਹੀਂ। ਬਾਈਬਲ ਦੱਸਦੀ ਹੈ ਕਿ ਯਹੋਵਾਹ ਹਮੇਸ਼ਾ ਸਹੀ ਨਿਆਂ ਕਰਦਾ ਹੈ। (ਬਿਵਸਥਾ ਸਾਰ 32:4 ਪੜ੍ਹੋ।) ਨੀਨਵਾਹ ਦੇ ਲੋਕਾਂ ਦਾ ਰਵੱਈਆ ਦੇਖ ਕੇ ਯਹੋਵਾਹ ਦਾ ਗੁੱਸਾ ਇਕਦਮ ਠੰਢਾ ਹੋ ਗਿਆ। ਇਸ ਕਰਕੇ ਹੁਣ ਉਨ੍ਹਾਂ ਨੂੰ ਸਜ਼ਾ ਦੇਣ ਦੀ ਲੋੜ ਨਹੀਂ ਸੀ ਅਤੇ ਉਸ ਨੇ ਉਨ੍ਹਾਂ ’ਤੇ ਦਇਆ ਕਰਨ ਦਾ ਫ਼ੈਸਲਾ ਕੀਤਾ।

12, 13. (ੳ) ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਦਇਆਵਾਨ ਪਰਮੇਸ਼ੁਰ ਹੈ ਅਤੇ ਆਪਣੀ ਗੱਲ ’ਤੇ ਅੜਿਆ ਰਹਿਣ ਦੀ ਬਜਾਇ ਬਦਲਣ ਲਈ ਤਿਆਰ ਰਹਿੰਦਾ ਹੈ? (ਅ) ਯੂਨਾਹ ਦੀ ਭਵਿੱਖਬਾਣੀ ਝੂਠੀ ਕਿਉਂ ਨਹੀਂ ਸੀ?

12 ਕਈ ਧਾਰਮਿਕ ਆਗੂ ਸਿਖਾਉਂਦੇ ਹਨ ਕਿ ਰੱਬ ਸਖ਼ਤ, ਬੇਪਰਵਾਹ ਅਤੇ ਬੇਰਹਿਮ ਹੈ। ਪਰ ਇਸ ਦੇ ਉਲਟ, ਯਹੋਵਾਹ ਦਇਆਵਾਨ ਪਰਮੇਸ਼ੁਰ ਹੈ ਅਤੇ ਆਪਣੀ ਗੱਲ ’ਤੇ ਅੜਿਆ ਰਹਿਣ ਦੀ ਬਜਾਇ ਬਦਲਣ ਲਈ ਤਿਆਰ ਰਹਿੰਦਾ ਹੈ। ਦੁਸ਼ਟ ਲੋਕਾਂ ਨੂੰ ਸਜ਼ਾ ਦੇਣ ਤੋਂ ਪਹਿਲਾਂ ਉਹ ਆਪਣੇ ਸੇਵਕਾਂ ਰਾਹੀਂ ਚੇਤਾਵਨੀ ਦਿੰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਨੀਨਵਾਹ ਦੇ ਲੋਕਾਂ ਵਾਂਗ ਉਹ ਤੋਬਾ ਕਰ ਕੇ ਗ਼ਲਤ ਰਾਹ ਛੱਡ ਦੇਣ। (ਹਿਜ਼. 33:11) ਯਹੋਵਾਹ ਨੇ ਆਪਣੇ ਨਬੀ ਯਿਰਮਿਯਾਹ ਨੂੰ ਦੱਸਿਆ: “ਜਿਸ ਵੇਲੇ ਮੈਂ ਕਿਸੇ ਕੌਮ ਯਾ ਕਿਸੇ ਪਾਤਸ਼ਾਹੀ ਦੇ ਵਿਖੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ ਜੇ ਉਹ ਕੌਮ ਜਿਹ ਦੇ ਵਿਖੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਵੀ ਉਸ ਬਦੀ ਤੋਂ ਪੱਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ।”​—ਯਿਰ. 18:7, 8.

ਪਰਮੇਸ਼ੁਰ ਚਾਹੁੰਦਾ ਹੈ ਕਿ ਨੀਨਵਾਹ ਦੇ ਲੋਕਾਂ ਵਾਂਗ ਦੁਸ਼ਟ ਲੋਕ ਤੋਬਾ ਕਰ ਕੇ ਗ਼ਲਤ ਰਾਹ ਛੱਡ ਦੇਣ

13 ਸੋ ਕੀ ਯੂਨਾਹ ਦੀ ਭਵਿੱਖਬਾਣੀ ਝੂਠੀ ਸੀ? ਨਹੀਂ ਕਿਉਂਕਿ ਇਸ ਭਵਿੱਖਬਾਣੀ ਦਾ ਮਕਸਦ ਲੋਕਾਂ ਨੂੰ ਚੇਤਾਵਨੀ ਦੇਣਾ ਸੀ। ਇਹ ਚੇਤਾਵਨੀ ਦੇ ਕੇ ਯੂਨਾਹ ਨੇ ਲੋਕਾਂ ਨੂੰ ਉਨ੍ਹਾਂ ਦੇ ਮਾੜੇ ਕੰਮਾਂ ਤੋਂ ਖ਼ਬਰਦਾਰ ਕੀਤਾ ਸੀ ਜਿਸ ਕਰਕੇ ਉਨ੍ਹਾਂ ਨੇ ਤੋਬਾ ਕੀਤੀ। ਜਦੋਂ ਉਹ ਅੱਗੇ ਚੱਲ ਕੇ ਦੁਬਾਰਾ ਮਾੜੇ ਕੰਮ ਕਰਨ ਲੱਗ ਪਏ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ।​—ਸਫ਼. 2:13-15.

14. ਜਦੋਂ ਯਹੋਵਾਹ ਨੇ ਨੀਨਵਾਹ ’ਤੇ ਦਇਆ ਕੀਤੀ, ਤਾਂ ਯੂਨਾਹ ਨੇ ਕਿਹੋ ਜਿਹਾ ਰਵੱਈਆ ਦਿਖਾਇਆ?

14 ਯੂਨਾਹ ਨੂੰ ਕਿੱਦਾਂ ਲੱਗਾ ਜਦ ਉਸ ਦੀ ਭਵਿੱਖਬਾਣੀ ਅਨੁਸਾਰ ਨੀਨਵਾਹ ਨੂੰ ਤਬਾਹ ਨਹੀਂ ਕੀਤਾ ਗਿਆ? ਅਸੀਂ ਪੜ੍ਹਦੇ ਹਾਂ: “ਏਹ ਯੂਨਾਹ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ।” (ਯੂਨਾ. 4:1) ਇਸ ਬਾਰੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਪਰ ਉਸ ਦੀ ਪ੍ਰਾਰਥਨਾ ਸੁਣ ਕੇ ਇੱਦਾਂ ਲੱਗਦਾ ਜਿੱਦਾਂ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਝਿੜਕ ਰਿਹਾ ਸੀ! ਯੂਨਾਹ ਨੇ ਕਿਹਾ ਕਿ ਉਸ ਨੂੰ ਆਪਣਾ ਦੇਸ਼ ਛੱਡ ਕੇ ਇੱਥੇ ਆਉਣਾ ਹੀ ਨਹੀਂ ਚਾਹੀਦਾ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਜਾਣਦਾ ਸੀ ਕਿ ਯਹੋਵਾਹ ਨੀਨਵਾਹ ਨੂੰ ਸਜ਼ਾ ਨਹੀਂ ਦੇਵੇਗਾ, ਇਸੇ ਲਈ ਉਹ ਤਰਸ਼ੀਸ਼ ਨੂੰ ਭੱਜ ਗਿਆ ਸੀ। ਫਿਰ ਉਸ ਨੇ ਕਿਹਾ ਕਿ ਹੁਣ ਉਸ ਦਾ ਮਰ ਜਾਣਾ ਹੀ ਚੰਗਾ ਹੈ।​—⁠ਯੂਨਾਹ 4:2, 3 ਪੜ੍ਹੋ।

15. (ੳ) ਯੂਨਾਹ ਸ਼ਾਇਦ ਕਿਸ ਗੱਲ ਕਰਕੇ ਪਰੇਸ਼ਾਨ ਸੀ? (ਅ) ਯਹੋਵਾਹ ਨਿਰਾਸ਼ ਯੂਨਾਹ ਨਾਲ ਕਿਵੇਂ ਪੇਸ਼ ਆਇਆ?

15 ਯੂਨਾਹ ਇੰਨਾ ਪਰੇਸ਼ਾਨ ਕਿਉਂ ਸੀ? ਅਸੀਂ ਇਹ ਤਾਂ ਨਹੀਂ ਜਾਣਦੇ ਕਿ ਉਸ ਦੇ ਮਨ ਵਿਚ ਕੀ ਸੀ, ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਸ ਨੇ ਸਾਰੇ ਲੋਕਾਂ ਸਾਮ੍ਹਣੇ ਨੀਨਵਾਹ ਦੇ ਨਾਸ਼ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਯੂਨਾਹ ਦੀ ਗੱਲ ਉੱਤੇ ਯਕੀਨ ਕੀਤਾ। ਪਰ ਹੁਣ ਨੀਨਵਾਹ ਦਾ ਨਾਸ਼ ਨਹੀਂ ਹੋਣਾ ਸੀ। ਕੀ ਉਸ ਨੂੰ ਇਹ ਡਰ ਸੀ ਕਿ ਲੋਕ ਉਸ ਦਾ ਮਜ਼ਾਕ ਉਡਾਉਣਗੇ ਤੇ ਉਸ ਨੂੰ ਝੂਠਾ ਨਬੀ ਕਹਿਣਗੇ? ਜੋ ਵੀ ਸੀ, ਯੂਨਾਹ ਇਸ ਗੱਲੋਂ ਖ਼ੁਸ਼ ਨਹੀਂ ਸੀ ਕਿ ਲੋਕਾਂ ਨੇ ਤੋਬਾ ਕੀਤੀ ਸੀ ਅਤੇ ਪਰਮੇਸ਼ੁਰ ਨੇ ਉਨ੍ਹਾਂ ’ਤੇ ਦਇਆ ਕੀਤੀ। ਇਸ ਦੀ ਬਜਾਇ, ਉਹ ਕੁੜੱਤਣ ਨਾਲ ਭਰ ਗਿਆ ਤੇ ਉਹ ਆਪਣੇ ’ਤੇ ਤਰਸ ਖਾਣ ਲੱਗਾ। ਨਾਲੇ ਉਸ ਨੂੰ ਇਹ ਵੀ ਲੱਗਾ ਕਿ ਲੋਕਾਂ ਸਾਮ੍ਹਣੇ ਉਸ ਦੀ ਬਦਨਾਮੀ ਹੋਈ ਸੀ। ਪਰ ਦਿਆਲੂ ਪਰਮੇਸ਼ੁਰ ਯਹੋਵਾਹ ਨੇ ਨਿਰਾਸ਼ ਯੂਨਾਹ ਵਿਚ ਕੁਝ ਚੰਗਾ ਦੇਖਿਆ। ਯੂਨਾਹ ਨੂੰ ਗੁਸਤਾਖ਼ੀ ਦੀ ਸਜ਼ਾ ਦੇਣ ਦੀ ਬਜਾਇ ਯਹੋਵਾਹ ਨੇ ਪਿਆਰ ਨਾਲ ਉਸ ਨੂੰ ਇਕ ਸਵਾਲ ਪੁੱਛਿਆ: “ਕੀ ਤੇਰਾ ਗੁੱਸਾ ਚੰਗਾ ਹੈ?” (ਯੂਨਾ. 4:4) ਕੀ ਯੂਨਾਹ ਨੇ ਇਸ ਸਵਾਲ ਦਾ ਜਵਾਬ ਦਿੱਤਾ? ਬਾਈਬਲ ਸਾਨੂੰ ਨਹੀਂ ਦੱਸਦੀ।

16. ਕੁਝ ਲੋਕ ਕਿਹੜੀਆਂ ਗੱਲਾਂ ਵਿਚ ਰੱਬ ਨਾਲ ਸਹਿਮਤ ਨਹੀਂ ਹੁੰਦੇ ਅਤੇ ਅਸੀਂ ਯੂਨਾਹ ਦੀ ਮਿਸਾਲ ਤੋਂ ਕੀ ਸਬਕ ਸਿੱਖ ਸਕਦੇ ਹਾਂ?

16 ਇਸ ਗੱਲ ਕਰਕੇ ਸਾਡੇ ਲਈ ਯੂਨਾਹ ’ਤੇ ਉਂਗਲ ਉਠਾਉਣੀ ਬਹੁਤ ਸੌਖੀ ਹੈ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨਾਮੁਕੰਮਲ ਇਨਸਾਨ ਅਕਸਰ ਰੱਬ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ। ਕਈ ਸ਼ਾਇਦ ਸੋਚਦੇ ਹਨ ਕਿ ਯਹੋਵਾਹ ਨੂੰ ਕਿਸੇ ਬੁਰੀ ਘਟਨਾ ਨੂੰ ਵਾਪਰਨ ਤੋਂ ਰੋਕਣਾ ਚਾਹੀਦਾ ਸੀ ਜਾਂ ਤੁਰੰਤ ਦੁਸ਼ਟਾਂ ਦਾ ਨਾਸ਼ ਕਰ ਦੇਣਾ ਚਾਹੀਦਾ ਸੀ ਜਾਂ ਉਸ ਨੂੰ ਬਹੁਤ ਚਿਰ ਪਹਿਲਾਂ ਇਸ ਦੁਨੀਆਂ ਦਾ ਅੰਤ ਕਰ ਦੇਣਾ ਚਾਹੀਦਾ ਸੀ। ਯੂਨਾਹ ਦੀ ਮਿਸਾਲ ਤੋਂ ਅਸੀਂ ਇਹ ਗੱਲ ਸਿੱਖ ਸਕਦੇ ਹਾਂ ਕਿ ਜਦੋਂ ਅਸੀਂ ਯਹੋਵਾਹ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ, ਤਾਂ ਸਾਨੂੰ ਆਪਣੇ ਨਜ਼ਰੀਏ ਨੂੰ ਬਦਲਣ ਦੀ ਲੋੜ ਹੁੰਦੀ ਹੈ, ਨਾ ਕਿ ਯਹੋਵਾਹ ਨੂੰ।

ਯਹੋਵਾਹ ਨੇ ਯੂਨਾਹ ਨੂੰ ਸਬਕ ਸਿਖਾਇਆ

17, 18. (ੳ) ਨੀਨਵਾਹ ਛੱਡਣ ਤੋਂ ਬਾਅਦ ਯੂਨਾਹ ਨੇ ਕੀ ਕੀਤਾ? (ਅ) ਯਹੋਵਾਹ ਵੱਲੋਂ ਚਮਤਕਾਰੀ ਢੰਗ ਨਾਲ ਇਕ ਬੂਟੇ ਨੂੰ ਉਗਾਉਣ ਤੇ ਫਿਰ ਸੁਕਾਉਣ ਦਾ ਯੂਨਾਹ ਉੱਤੇ ਕੀ ਅਸਰ ਪਿਆ?

17 ਨਿਰਾਸ਼ ਹੋ ਕੇ ਯੂਨਾਹ ਨੀਨਵਾਹ ਛੱਡ ਕੇ ਆਪਣੇ ਘਰ ਨਹੀਂ, ਸਗੋਂ ਪੂਰਬ ਵੱਲ ਗਿਆ ਜਿੱਥੇ ਪਹਾੜਾਂ ਤੋਂ ਸ਼ਹਿਰ ਦਿੱਸਦਾ ਸੀ। ਉਸ ਨੇ ਇਕ ਛੋਟੀ ਜਿਹੀ ਛਪਰੀ ਪਾ ਲਈ ਤੇ ਬੈਠ ਕੇ ਦੇਖਣ ਲੱਗਾ ਕਿ ਨੀਨਵਾਹ ਦਾ ਕੀ ਬਣੇਗਾ। ਸ਼ਾਇਦ ਉਸ ਨੂੰ ਅਜੇ ਵੀ ਉਮੀਦ ਸੀ ਕਿ ਸ਼ਹਿਰ ਤਬਾਹ ਹੋ ਜਾਵੇਗਾ। ਯਹੋਵਾਹ ਨੇ ਇਸ ਕਠੋਰ ਦਿਲ ਆਦਮੀ ਨੂੰ ਦਇਆ ਕਰਨੀ ਕਿਵੇਂ ਸਿਖਾਈ?

18 ਰਾਤੋ-ਰਾਤ ਯਹੋਵਾਹ ਨੇ ਇਕ ਬੂਟਾ ਉਗਾਇਆ। ਸਵੇਰੇ ਯੂਨਾਹ ਉਸ ਬੂਟੇ ਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ ਕਿਉਂਕਿ ਉਸ ਦੇ ਵੱਡੇ-ਵੱਡੇ ਪੱਤਿਆਂ ਦੀ ਛਾਂ ਨੇ ਉਸ ਨੂੰ ਧੁੱਪ ਤੋਂ ਬਚਾਇਆ। “ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਨਿਹਾਲ ਹੋਇਆ।” ਸ਼ਾਇਦ ਉਸ ਨੇ ਸੋਚਿਆ ਹੋਣਾ ਕਿ ਚਮਤਕਾਰੀ ਢੰਗ ਨਾਲ ਉੱਗਿਆ ਇਹ ਬੂਟਾ ਉਸ ਉੱਤੇ ਪਰਮੇਸ਼ੁਰ ਦੀ ਬਰਕਤ ਤੇ ਮਿਹਰ ਦਾ ਸਬੂਤ ਸੀ। ਪਰ ਯਹੋਵਾਹ ਨੇ ਉਸ ਨੂੰ ਧੁੱਪ ਤੋਂ ਬਚਾਉਣ ਜਾਂ ਉਸ ਦਾ ਗੁੱਸਾ ਠੰਢਾ ਕਰਨ ਲਈ ਇਹ ਬੂਟਾ ਨਹੀਂ ਉਗਾਇਆ ਸੀ, ਸਗੋਂ ਉਹ ਉਸ ਦੇ ਦਿਲ ਤਕ ਪਹੁੰਚਣਾ ਚਾਹੁੰਦਾ ਸੀ। ਇਸ ਲਈ ਪਰਮੇਸ਼ੁਰ ਨੇ ਹੋਰ ਚਮਤਕਾਰ ਕੀਤੇ। ਪਰਮੇਸ਼ੁਰ ਨੇ ਇਕ ਕੀੜੇ ਰਾਹੀਂ ਬੂਟੇ ਨੂੰ ਸੁਕਾ ਦਿੱਤਾ। ਫਿਰ ਉਸ ਨੇ ਪੂਰਬ ਵੱਲੋਂ ਗਰਮ ਹਵਾ ਵਗਾਈ ਅਤੇ ਤੇਜ਼ ਧੁੱਪ ਕਾਰਨ ਯੂਨਾਹ ਬੇਹੋਸ਼ ਹੋ ਗਿਆ। ਉਹ ਫਿਰ ਤੋਂ ਨਿਰਾਸ਼ਾ ਵਿਚ ਡੁੱਬ ਗਿਆ ਤੇ ਉਸ ਨੇ ਕਿਹਾ ਕਿ ਉਸ ਦਾ ਮਰਨਾ ਹੀ ਚੰਗਾ ਹੈ।​—ਯੂਨਾ. 4:6-8.

19, 20. ਯਹੋਵਾਹ ਨੇ ਬੂਟੇ ਬਾਰੇ ਗੱਲ ਕਰ ਕੇ ਯੂਨਾਹ ਨੂੰ ਕੀ ਸਮਝਾਇਆ?

19 ਫਿਰ ਯਹੋਵਾਹ ਨੇ ਯੂਨਾਹ ਨੂੰ ਪੁੱਛਿਆ: ਕੀ ਉਸ ਬੂਟੇ ਦੇ ਸੁੱਕ ਜਾਣ ਕਰਕੇ ਉਸ ਦਾ ਗੁੱਸੇ ਹੋਣਾ ਸਹੀ ਸੀ? ਆਪਣੀ ਗ਼ਲਤੀ ਮੰਨਣ ਦੀ ਬਜਾਇ ਯੂਨਾਹ ਨੇ ਕਿਹਾ: “ਮੇਰਾ ਗੁੱਸਾ ਮੌਤ ਤੀਕ ਚੰਗਾ ਹੈ!” ਯੂਨਾਹ ਨੂੰ ਦਇਆ ਦਾ ਸਬਕ ਸਿਖਾਉਣ ਦਾ ਇਹ ਵਧੀਆ ਮੌਕਾ ਸੀ।​—ਯੂਨਾ. 4:9.

ਯਹੋਵਾਹ ਨੇ ਇਕ ਬੂਟਾ ਵਰਤ ਕੇ ਯੂਨਾਹ ਨੂੰ ਦਇਆ ਕਰਨੀ ਸਿਖਾਈ

20 ਯੂਨਾਹ ਨਾਲ ਤਰਕ ਕਰਦੇ ਹੋਏ ਪਰਮੇਸ਼ੁਰ ਨੇ ਕਿਹਾ ਕਿ ਉਹ ਇੱਕੋ ਰਾਤ ਵਿਚ ਉੱਗੇ ਇਸ ਮਾਮੂਲੀ ਜਿਹੇ ਬੂਟੇ ਦੇ ਸੁੱਕ ਜਾਣ ’ਤੇ ਇੰਨਾ ਨਿਰਾਸ਼ ਹੋ ਗਿਆ ਸੀ ਜਿਸ ਨੂੰ ਨਾ ਉਸ ਨੇ ਬੀਜਿਆ ਸੀ ਤੇ ਨਾ ਹੀ ਵਧਾਇਆ ਸੀ। ਫਿਰ ਪਰਮੇਸ਼ੁਰ ਨੇ ਸਮਝਾਇਆ: “ਕੀ ਏਸ ਵੱਡੇ ਸ਼ਹਿਰ ਨੀਨਵਾਹ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਜਣਿਆਂ ਨਾਲੋਂ ਵੀ ਵਧੀਕ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਅਤੇ ਡੰਗਰ ਵੀ ਬਹੁਤ ਹਨ?”​—ਯੂਨਾ. 4:10, 11. *

21. (ੳ) ਯਹੋਵਾਹ ਨੇ ਯੂਨਾਹ ਨੂੰ ਕਿਹੜਾ ਜ਼ਰੂਰੀ ਸਬਕ ਸਿਖਾਇਆ? (ਅ) ਯੂਨਾਹ ਦੀ ਕਹਾਣੀ ਆਪਣੀ ਜਾਂਚ ਕਰਨ ਵਿਚ ਕਿਵੇਂ ਸਾਡੀ ਮਦਦ ਕਰ ਸਕਦੀ ਹੈ?

21 ਕੀ ਤੁਸੀਂ ਦੇਖ ਸਕਦੇ ਹੋ ਕਿ ਯਹੋਵਾਹ ਨੇ ਯੂਨਾਹ ਨੂੰ ਕਿਹੜਾ ਜ਼ਰੂਰੀ ਸਬਕ ਸਿਖਾਇਆ? ਯੂਨਾਹ ਨੇ ਉਸ ਬੂਟੇ ਦੀ ਦੇਖ-ਭਾਲ ਕਰਨ ਲਈ ਕੁਝ ਵੀ ਨਹੀਂ ਕੀਤਾ ਸੀ। ਦੂਜੇ ਪਾਸੇ, ਯਹੋਵਾਹ ਨੀਨਵਾਹ ਦੇ ਲੋਕਾਂ ਦਾ ਜੀਵਨਦਾਤਾ ਸੀ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦਾ ਸੀ, ਜਿਵੇਂ ਉਹ ਧਰਤੀ ਉੱਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਦੀ ਦੇਖ-ਭਾਲ ਕਰਦਾ ਹੈ। ਯੂਨਾਹ 1,20,000 ਇਨਸਾਨਾਂ ਅਤੇ ਉਨ੍ਹਾਂ ਦੇ ਜਾਨਵਰਾਂ ਦੀਆਂ ਜਾਨਾਂ ਨਾਲੋਂ ਇਕ ਬੂਟੇ ਨੂੰ ਜ਼ਿਆਦਾ ਕੀਮਤੀ ਸਮਝਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯੂਨਾਹ ਦੀ ਸੋਚਣੀ ਗ਼ਲਤ ਸੀ ਅਤੇ ਉਹ ਸੁਆਰਥੀ ਬਣ ਗਿਆ ਸੀ। ਦੇਖਿਆ ਜਾਵੇ ਤਾਂ ਇਕੱਲੇ ਯੂਨਾਹ ਨੂੰ ਹੀ ਉਸ ਬੂਟੇ ਤੋਂ ਫ਼ਾਇਦਾ ਹੋਇਆ ਸੀ ਜਿਸ ਕਾਰਨ ਉਸ ਨੂੰ ਬੂਟੇ ਦੇ ਸੁੱਕ ਜਾਣ ਦਾ ਇੰਨਾ ਅਫ਼ਸੋਸ ਹੋਇਆ ਸੀ। ਇਸੇ ਤਰ੍ਹਾਂ ਉਹ ਨੀਨਵਾਹ ਦੇ ਲੋਕਾਂ ਬਾਰੇ ਸੋਚਣ ਦੀ ਬਜਾਇ ਆਪਣੇ ਬਾਰੇ ਸੋਚ ਰਿਹਾ ਸੀ ਜਿਸ ਕਾਰਨ ਉਸ ਦਾ ਗੁੱਸਾ ਭੜਕਿਆ ਸੀ। ਹਾਂ, ਯੂਨਾਹ ਨੂੰ ਆਪਣੀ ਬਦਨਾਮੀ ਦਾ ਜ਼ਿਆਦਾ ਫ਼ਿਕਰ ਸੀ। ਅਸੀਂ ਸਾਰੇ ਕਦੇ-ਨਾ-ਕਦੇ ਖ਼ੁਦਗਰਜ਼ੀ ਦਿਖਾਉਂਦੇ ਹਾਂ। ਸਾਨੂੰ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਧੀਰਜ ਨਾਲ ਸਿਖਾਉਂਦਾ ਹੈ ਕਿ ਉਸ ਵਾਂਗ ਅਸੀਂ ਦੂਜਿਆਂ ਬਾਰੇ ਸੋਚੀਏ ਅਤੇ ਖ਼ੁਦਗਰਜ਼ ਨਾ ਬਣੀਏ, ਸਗੋਂ ਹਮਦਰਦ ਬਣ ਕੇ ਉਨ੍ਹਾਂ ’ਤੇ ਦਇਆ ਕਰੀਏ।

22. (ੳ) ਯਹੋਵਾਹ ਵੱਲੋਂ ਦਿੱਤੇ ਦਇਆ ਦੇ ਸਬਕ ਦਾ ਯੂਨਾਹ ’ਤੇ ਕੀ ਅਸਰ ਪਿਆ? (ਅ) ਸਾਨੂੰ ਸਾਰਿਆਂ ਨੂੰ ਕਿਹੜਾ ਸਬਕ ਸਿੱਖਣ ਦੀ ਲੋੜ ਹੈ?

22 ਪਰ ਸਵਾਲ ਇਹ ਪੈਦਾ ਹੁੰਦਾ ਹੈ: ਕੀ ਯੂਨਾਹ ਨੇ ਸਬਕ ਸਿੱਖ ਲਿਆ ਸੀ? ਯੂਨਾਹ ਦੀ ਕਿਤਾਬ ਯਹੋਵਾਹ ਵੱਲੋਂ ਪੁੱਛੇ ਸਵਾਲ ਨਾਲ ਖ਼ਤਮ ਹੁੰਦੀ ਹੈ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਯੂਨਾਹ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੀ ਨਹੀਂ। ਪਰ ਅਸਲ ਵਿਚ ਯੂਨਾਹ ਦੀ ਕਿਤਾਬ ਹੀ ਇਸ ਸਵਾਲ ਦਾ ਜਵਾਬ ਹੈ। ਸਬੂਤ ਦਿਖਾਉਂਦੇ ਹਨ ਕਿ ਯੂਨਾਹ ਨੇ ਹੀ ਇਹ ਕਿਤਾਬ ਲਿਖੀ ਸੀ। ਕਲਪਨਾ ਕਰੋ ਕਿ ਇਹ ਨਬੀ ਆਪਣੇ ਦੇਸ਼ ਵਿਚ ਬੈਠਾ ਇਹ ਗੱਲਾਂ ਲਿਖ ਰਿਹਾ ਹੈ। ਉਹ ਹੁਣ ਉਮਰ ਵਿਚ ਸਿਆਣਾ ਹੋ ਚੁੱਕਾ ਹੈ ਅਤੇ ਪਹਿਲਾਂ ਨਾਲੋਂ ਜ਼ਿਆਦਾ ਨਿਮਰ ਤੇ ਸਮਝਦਾਰ ਹੋ ਗਿਆ ਹੈ। ਉਹ ਪਛਤਾਵੇ ਵਿਚ ਆਪਣਾ ਸਿਰ ਹਿਲਾਉਂਦਾ ਹੈ ਕਿ ਉਸ ਨੇ ਕਿੰਨੀਆਂ ਗ਼ਲਤੀਆਂ ਕੀਤੀਆਂ, ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਅਤੇ ਅੜਬ ਹੋ ਕੇ ਦੂਜਿਆਂ ’ਤੇ ਦਇਆ ਕਰਨ ਤੋਂ ਇਨਕਾਰ ਕੀਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯੂਨਾਹ ਨੇ ਦਇਆ ਦਾ ਸਬਕ ਸਿੱਖਿਆ। ਕੀ ਅਸੀਂ ਇਹ ਸਬਕ ਸਿੱਖਣਾ ਚਾਹੁੰਦੇ ਹਾਂ?​—ਮੱਤੀ 5:7 ਪੜ੍ਹੋ।

^ ਪੈਰਾ 6 ਅੰਦਾਜ਼ਾ ਲਾਇਆ ਗਿਆ ਹੈ ਕਿ ਯੂਨਾਹ ਦੇ ਜ਼ਮਾਨੇ ਵਿਚ ਇਜ਼ਰਾਈਲ ਦੇ ਦਸ-ਗੋਤੀ ਰਾਜ ਦੀ ਰਾਜਧਾਨੀ ਸਾਮਰੀਆ ਦੀ ਆਬਾਦੀ ਲਗਭਗ 20,000 ਤੋਂ 30,000 ਸੀ। ਇਹ ਤਾਂ ਨੀਨਵਾਹ ਦੀ ਆਬਾਦੀ ਦਾ ਚੌਥਾ ਹਿੱਸਾ ਵੀ ਨਹੀਂ ਸੀ! ਜਦੋਂ ਨੀਨਵਾਹ ਸ਼ਹਿਰ ਬੁਲੰਦੀਆਂ ’ਤੇ ਸੀ, ਤਾਂ ਸ਼ਾਇਦ ਉਸ ਸਮੇਂ ਇਹ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਸੀ।

^ ਪੈਰਾ 8 ਇਹ ਗੱਲ ਸ਼ਾਇਦ ਅਜੀਬ ਲੱਗੇ, ਪਰ ਪੁਰਾਣੇ ਜ਼ਮਾਨੇ ਵਿਚ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਾ ਸੀ। ਯੂਨਾਨੀ ਇਤਿਹਾਸਕਾਰ ਹੈਰੋਡੋਟਸ ਨੇ ਕਿਹਾ ਕਿ ਪੁਰਾਣੇ ਜ਼ਮਾਨੇ ਵਿਚ ਫ਼ਾਰਸੀ ਲੋਕਾਂ ਨੇ ਇਕ ਮਸ਼ਹੂਰ ਫ਼ਾਰਸੀ ਜਰਨੈਲ ਦਾ ਸੋਗ ਕਰਨ ਵੇਲੇ ਜਾਨਵਰਾਂ ਨੂੰ ਵੀ ਸ਼ਾਮਲ ਕੀਤਾ ਸੀ।

^ ਪੈਰਾ 20 ਜਦ ਪਰਮੇਸ਼ੁਰ ਨੇ ਕਿਹਾ ਕਿ ਉਹ ਲੋਕ ਆਪਣੇ ਸੱਜੇ-ਖੱਬੇ ਹੱਥ ਨੂੰ ਨਹੀਂ ਪਛਾਣ ਸਕਦੇ, ਤਾਂ ਇਸ ਦਾ ਮਤਲਬ ਸੀ ਕਿ ਉਹ ਪਰਮੇਸ਼ੁਰ ਦੇ ਅਸੂਲਾਂ ਤੋਂ ਬਿਲਕੁਲ ਅਣਜਾਣ ਸਨ।