Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਸਹਿਣਸ਼ੀਲਤਾ

ਸਹਿਣਸ਼ੀਲਤਾ

ਰਜ਼ਾਮੰਦੀ, ਮਾਫ਼ ਕਰਨ ਅਤੇ ਸਹਿਣਸ਼ੀਲਤਾ ਦਿਖਾਉਣ ਨਾਲ ਸ਼ਾਂਤੀ ਭਰੇ ਰਿਸ਼ਤੇ ਬਣਦੇ ਹਨ। ਪਰ ਕੀ ਸਹਿਣਸ਼ੀਲਤਾ ਦੀ ਹੱਦ ਹੋਣੀ ਚਾਹੀਦੀ ਹੈ?

ਜ਼ਿਆਦਾ ਸਹਿਣਸ਼ੀਲ ਬਣਨ ਦਾ ਰਾਜ਼ ਕੀ ਹੈ?

ਅੱਜ ਦੀ ਅਸਲੀਅਤ

ਦੁਨੀਆਂ ਭਰ ਵਿਚ ਜਾਤੀ ਤੇ ਨਸਲੀ ਪੱਖਪਾਤ, ਕਬੀਲਾ, ਕੌਮਪਰਸਤੀ ਅਤੇ ਧਾਰਮਿਕ ਕੱਟੜਤਾ ਕਰਕੇ ਅਸਹਿਣਸ਼ੀਲਤਾ ਫੈਲੀ ਹੋਈ ਹੈ।

ਬਾਈਬਲ ਕੀ ਕਹਿੰਦੀ ਹੈ

ਜਦੋਂ ਯਿਸੂ ਧਰਤੀ ਉੱਤੇ ਪ੍ਰਚਾਰ ਕਰ ਰਿਹਾ ਸੀ, ਉਦੋਂ ਹਰ ਪਾਸੇ ਅਸਹਿਣਸ਼ੀਲਤਾ ਦਾ ਬੋਲਬਾਲਾ ਸੀ। ਉਸ ਵੇਲੇ ਯਹੂਦੀ ਅਤੇ ਸਾਮਰੀ ਲੋਕ ਇਕ-ਦੂਜੇ ਨਾਲ ਨਫ਼ਰਤ ਕਰਦੇ ਸਨ। (ਯੂਹੰਨਾ 4:9) ਤੀਵੀਆਂ ਨੂੰ ਆਦਮੀਆਂ ਨਾਲੋਂ ਨੀਵਾਂ ਸਮਝਿਆ ਜਾਂਦਾ ਸੀ। ਨਾਲੇ ਯਹੂਦੀ ਧਾਰਮਿਕ ਆਗੂ ਆਮ ਲੋਕਾਂ ਨਾਲ ਘਿਰਣਾ ਕਰਦੇ ਸਨ। (ਯੂਹੰਨਾ 7:49) ਯਿਸੂ ਮਸੀਹ ਉਨ੍ਹਾਂ ਤੋਂ ਬਿਲਕੁਲ ਵੱਖਰਾ ਸੀ। ਉਸ ਦੇ ਵਿਰੋਧੀਆਂ ਨੇ ਕਿਹਾ: “ਇਹ ਬੰਦਾ ਪਾਪੀਆਂ ਨਾਲ ਮਿਲਦਾ-ਗਿਲ਼ਦਾ ਤੇ ਖਾਂਦਾ-ਪੀਂਦਾ ਹੈ।” (ਲੂਕਾ 15:2) ਯਿਸੂ ਦਿਆਲੂ, ਧੀਰਜਵਾਨ ਅਤੇ ਸਹਿਣਸ਼ੀਲ ਸੀ ਕਿਉਂਕਿ ਉਹ ਲੋਕਾਂ ਦਾ ਨਿਆਂ ਕਰਨ ਨਹੀਂ, ਸਗੋਂ ਕਮਜ਼ੋਰ ਨਿਹਚਾ ਵਾਲਿਆਂ ਨੂੰ ਮਜ਼ਬੂਤ ਕਰਨ ਆਇਆ ਸੀ। ਇਹ ਸਭ ਉਹ ਪਿਆਰ ਦੀ ਖ਼ਾਤਰ ਕਰ ਰਿਹਾ ਸੀ।ਯੂਹੰਨਾ 3:17; 13:34.

ਸਹਿਣਸ਼ੀਲਤਾ ਦੀ ਮੂਰਤ ਯਿਸੂ ਲੋਕਾਂ ਦਾ ਨਿਆਂ ਕਰਨ ਲਈ ਨਹੀਂ, ਸਗੋਂ ਕਮਜ਼ੋਰ ਨਿਹਚਾ ਵਾਲਿਆਂ ਨੂੰ ਮਜ਼ਬੂਤ ਕਰਨ ਆਇਆ ਸੀ

ਜ਼ਿਆਦਾ ਸਹਿਣਸ਼ੀਲ ਬਣਨ ਦਾ ਰਾਜ਼ ਹੈ ਪਿਆਰ। ਇਸ ਕਰਕੇ ਅਸੀਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਅਤੇ ਚਿੜਾਉਣ ਵਾਲੀਆਂ ਆਦਤਾਂ ਦੇ ਬਾਵਜੂਦ ਉਨ੍ਹਾਂ ਲਈ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹਦੇ ਹਾਂ। ਕੁਲੁੱਸੀਆਂ 3:13 ਕਹਿੰਦਾ ਹੈ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”

“ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਦਿਲੋਂ ਪਿਆਰ ਕਰੋ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।”1 ਪਤਰਸ 4:8.

ਸਹਿਣਸ਼ੀਲਤਾ ਦੀ ਹੱਦ ਕਿਉਂ ਹੋਣੀ ਚਾਹੀਦੀ ਹੈ?

ਅਸਲੀਅਤ

ਜ਼ਿਆਦਾਤਰ ਸਮਾਜਾਂ ਵਿਚ ਕਾਇਦੇ-ਕਾਨੂੰਨ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨਤੀਜੇ ਵਜੋਂ, ਉਹ ਆਮ ਤੌਰ ਤੇ ਹੱਦਾਂ ਵਿਚ ਰਹਿੰਦੇ ਹਨ ਕਿ ਉਨ੍ਹਾਂ ਲਈ ਕੀ ਸਹੀ ਹੈ ਤੇ ਕੀ ਗ਼ਲਤ।

ਬਾਈਬਲ ਕੀ ਕਹਿੰਦੀ ਹੈ

“[ਪਿਆਰ] ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ।” (1 ਕੁਰਿੰਥੀਆਂ 13:5) ਭਾਵੇਂ ਯਿਸੂ ਸਹਿਣਸ਼ੀਲਤਾ ਦੀ ਮੂਰਤ ਸੀ, ਪਰ ਉਸ ਨੇ ਕਦੇ ਵੀ ਬਦਤਮੀਜ਼ੀ, ਪਖੰਡ ਅਤੇ ਹੋਰ ਕਿਸੇ ਤਰ੍ਹਾਂ ਦੀ ਬੁਰਾਈ ਨੂੰ ਬਰਦਾਸ਼ਤ ਨਹੀਂ ਕੀਤਾ। ਇਸ ਦੀ ਬਜਾਇ, ਉਸ ਨੇ ਇਨ੍ਹਾਂ ਗੱਲਾਂ ਦੀ ਦਲੇਰੀ ਨਾਲ ਨਿੰਦਿਆ ਕੀਤੀ। (ਮੱਤੀ 23:13) ਯਿਸੂ ਨੇ ਕਿਹਾ: “ਜਿਹੜਾ ਨੀਚ ਕੰਮ ਕਰਦਾ ਰਹਿੰਦਾ ਹੈ ਉਹ [ਸੱਚਾਈ ਦੇ] ਚਾਨਣ ਨਾਲ ਨਫ਼ਰਤ ਕਰਦਾ ਹੈ।”ਯੂਹੰਨਾ 3:20.

ਇਕ ਮਸੀਹੀ ਪੌਲੁਸ ਰਸੂਲ ਨੇ ਲਿਖਿਆ: “ਬੁਰਾਈ ਨਾਲ ਨਫ਼ਰਤ ਕਰੋ, ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖੋ।” (ਰੋਮੀਆਂ 12:9) ਉਹ ਇਨ੍ਹਾਂ ਸ਼ਬਦਾਂ ’ਤੇ ਖਰਾ ਉੱਤਰਿਆ। ਮਿਸਾਲ ਲਈ, ਕੁਝ ਯਹੂਦੀ ਮਸੀਹੀਆਂ ਨੇ ਗ਼ੈਰ-ਯਹੂਦੀ ਮਸੀਹੀਆਂ ਤੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਸੀ। ਪੌਲੁਸ, ਜੋ ਖ਼ੁਦ ਇਕ ਯਹੂਦੀ ਸੀ, ਨੇ ਸਖ਼ਤੀ ਪਰ ਪਿਆਰ ਨਾਲ ਉਨ੍ਹਾਂ ਨੂੰ ਸਮਝਾਇਆ। (ਗਲਾਤੀਆਂ 2:11-14) ਉਹ ਜਾਣਦਾ ਸੀ ਕਿ ਰੱਬ ਕਿਸੇ ਨਾਲ “ਪੱਖਪਾਤ ਨਹੀਂ ਕਰਦਾ,” ਇਸ ਲਈ ਉਹ ਆਪਣੇ ਲੋਕਾਂ ਵਿਚ ਨਸਲੀ ਪੱਖਪਾਤ ਨੂੰ ਬਰਦਾਸ਼ਤ ਨਹੀਂ ਕਰੇਗਾ।ਰਸੂਲਾਂ ਦੇ ਕੰਮ 10:34.

ਯਹੋਵਾਹ ਦੇ ਗਵਾਹ ਮਸੀਹੀ ਹੋਣ ਕਰਕੇ ਬਾਈਬਲ ਤੋਂ ਸੇਧ ਲੈਂਦੇ ਹਨ ਕਿ ਨੈਤਿਕ ਤੌਰ ਤੇ ਕੀ ਸਹੀ ਹੈ ਤੇ ਕੀ ਗ਼ਲਤ। (ਯਸਾਯਾਹ 33:22) ਇਸ ਲਈ ਉਹ ਆਪਣੇ ਵਿਚ ਬੁਰਾਈ ਨੂੰ ਬਰਦਾਸ਼ਤ ਨਹੀਂ ਕਰਦੇ। ਮਸੀਹੀ ਮੰਡਲੀ ਵਿਚ ਇਸ ਤਰ੍ਹਾਂ ਦੇ ਲੋਕ ਨਹੀਂ ਹੋਣੇ ਚਾਹੀਦੇ ਜੋ ਰੱਬ ਦੇ ਮਿਆਰਾਂ ’ਤੇ ਨਹੀਂ ਚੱਲਦੇ। ਇਸ ਲਈ ਯਹੋਵਾਹ ਦੇ ਗਵਾਹ ਬਾਈਬਲ ਦੀ ਇਸ ਹਿਦਾਇਤ ਨੂੰ ਮੰਨਦੇ ਹਨ: “ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢ ਦਿਓ।”1 ਕੁਰਿੰਥੀਆਂ 5:11-13.

“ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!”ਜ਼ਬੂਰਾਂ ਦੀ ਪੋਥੀ 97:10.

ਕੀ ਰੱਬ ਹਮੇਸ਼ਾ ਲਈ ਬੁਰਾਈ ਨੂੰ ਬਰਦਾਸ਼ਤ ਕਰੇਗਾ?

ਕਈ ਲੋਕ ਕੀ ਵਿਸ਼ਵਾਸ ਕਰਦੇ ਹਨ

ਇਨਸਾਨਾਂ ਦੇ ਸੁਭਾਅ ਕਰਕੇ ਬੁਰਾਈ ਹਮੇਸ਼ਾ ਸਾਡੇ ਵਿਚ ਰਹੇਗੀ।

ਬਾਈਬਲ ਕੀ ਕਹਿੰਦੀ ਹੈ

ਹਬੱਕੂਕ ਨਬੀ ਨੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਸੀ: ‘ਤੂੰ ਕਿਉਂ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਖਾਧ ਉੱਠਦੀ ਹੈ।’ (ਹਬੱਕੂਕ 1:3) ਬਿਨਾਂ ਸ਼ੱਕ ਰੱਬ ਨੇ ਆਪਣੇ ਪਰੇਸ਼ਾਨ ਨਬੀ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਬੁਰੇ ਲੋਕਾਂ ਤੋਂ ਲੇਖਾ ਲਵੇਗਾ। ਇਸ ਵਾਅਦੇ ਬਾਰੇ ਰੱਬ ਨੇ ਕਿਹਾ ਕਿ ਇਹ “ਜ਼ਰੂਰ ਆਪਣੇ ਸਮੇਂ ਤੇ ਪੂਰਾ ਹੋਵੇਗਾ, ਇਹ ਰੁਕਿਆ ਨਹੀਂ ਰਹੇਗਾ।”ਹੱਬਕੂਕ 2:3CL.

ਜਦ ਤਕ ਇਹ ਵਾਅਦਾ ਪੂਰਾ ਨਹੀਂ ਹੁੰਦਾ, ਤਦ ਤਕ ਬੁਰੇ ਲੋਕਾਂ ਕੋਲ ਆਪਣੇ ਆਪ ਨੂੰ ਬਦਲਣ ਦਾ ਮੌਕਾ ਹੋਵੇਗਾ। “ਪ੍ਰਭੁ ਯਹੋਵਾਹ ਦਾ ਵਾਕ ਹੈ, ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖ਼ੁਸ਼ੀ ਹੈ, ਅਤੇ ਏਸ ਵਿੱਚ ਨਹੀਂ ਕਿ ਉਹ ਆਪਣੇ ਮਾਰਗ ਤੋਂ ਮੁੜੇ ਅਤੇ ਜੀਉਂਦਾ ਰਹੇ?” (ਹਿਜ਼ਕੀਏਲ 18:23) ਜਿਹੜੇ ਲੋਕ ਆਪਣੇ ਬੁਰੇ ਰਾਹਾਂ ਨੂੰ ਛੱਡ ਕੇ ਯਹੋਵਾਹ ਨੂੰ ਭਾਲਦੇ ਹਨ, ਉਹ ਭਰੋਸੇ ਨਾਲ ਸੁਨਹਿਰੇ ਭਵਿੱਖ ਦੀ ਉਡੀਕ ਕਰ ਸਕਦੇ ਹਨ। ਕਹਾਉਤਾਂ 1:33 ਕਹਿੰਦਾ ਹੈ: “ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।” (g15-E 08)

“ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”ਜ਼ਬੂਰਾਂ ਦੀ ਪੋਥੀ 37:10, 11.