Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਮਗਰਮੱਛ ਦਾ ਜਬਾੜ੍ਹਾ

ਮਗਰਮੱਛ ਦਾ ਜਬਾੜ੍ਹਾ

ਮਗਰਮੱਛ ਜਿੰਨੇ ਜ਼ਬਰਦਸਤ ਤਰੀਕੇ ਨਾਲ ਕੱਟਦਾ ਹੈ, ਉੱਨਾ ਹੋਰ ਕੋਈ ਵੀ ਜਾਨਵਰ ਨਹੀਂ ਕੱਟਦਾ। ਮਿਸਾਲ ਲਈ, ਆਸਟ੍ਰੇਲੀਆ ਦੇ ਨੇੜੇ ਮਿਲਿਆ ਖਾਰੇ ਪਾਣੀ ਵਿਚ ਰਹਿਣ ਵਾਲਾ ਮਗਰਮੱਛ ਸ਼ੇਰ ਜਾਂ ਚੀਤੇ ਨਾਲੋਂ ਲਗਭਗ ਤਿੰਨ ਗੁਣਾ ਜ਼ਿਆਦਾ ਜ਼ੋਰ ਨਾਲ ਕੱਟ ਸਕਦਾ ਹੈ। ਪਰ ਮਗਰਮੱਛ ਦੇ ਜਬਾੜ੍ਹੇ ਵਿਚ ਛੋਹ ਨੂੰ ਮਹਿਸੂਸ ਕਰਨ ਦੀ ਵੀ ਜ਼ਬਰਦਸਤ ਸਮਰਥਾ ਹੁੰਦੀ ਹੈ, ਇੱਥੋਂ ਤਕ ਕਿ ਇਨਸਾਨਾਂ ਦੀਆਂ ਉਂਗਲਾਂ ਦੇ ਪੋਟਿਆਂ ਤੋਂ ਵੀ ਕਿਤੇ ਜ਼ਿਆਦਾ। ਮਗਰਮੱਛ ਦੀ ਸਖ਼ਤ ਚਮੜੀ ਦੇ ਬਾਵਜੂਦ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ?

ਮਗਰਮੱਛ ਦੇ ਜਬਾੜ੍ਹੇ ਵਿਚ ਹਜ਼ਾਰਾਂ ਹੀ ਮਹਿਸੂਸ ਕਰਨ ਵਾਲੀਆਂ ਇੰਦਰੀਆਂ ਹੁੰਦੀਆਂ ਹਨ। ਇਨ੍ਹਾਂ ਇੰਦਰੀਆਂ ਦਾ ਅਧਿਐਨ ਕਰਨ ਤੋਂ ਬਾਅਦ ਖੋਜਕਾਰ ਡੰਕਨ ਲੀਚ ਨੇ ਕਿਹਾ: “ਹਰ ਨਸ ਦਾ ਸਿਰਾ ਖੋਪੜੀ ਵਿਚ ਇਕ ਸੁਰਾਖ਼ ਨਾਲ ਜੁੜਿਆ ਹੁੰਦਾ ਹੈ।” ਇਸ ਕਾਰਨ ਜਬਾੜ੍ਹੇ ਵਿਚਲੀਆਂ ਨਸਾਂ ਦੇ ਰੇਸ਼ਿਆਂ ਦੀ ਰਾਖੀ ਹੁੰਦੀ ਹੈ ਅਤੇ ਜਬਾੜ੍ਹੇ ਦੇ ਕੁਝ ਹਿੱਸਿਆਂ ਵਿਚ ਛੋਹ ਨੂੰ ਮਹਿਸੂਸ ਕਰਨ ਦੀ ਇੰਨੀ ਜ਼ਿਆਦਾ ਸਮਰਥਾ ਆ ਜਾਂਦੀ ਹੈ ਕਿ ਇਸ ਨੂੰ ਕੋਈ ਵੀ ਯੰਤਰ ਮਾਪ ਨਹੀਂ ਸਕਦਾ। ਨਤੀਜੇ ਵਜੋਂ, ਮਗਰਮੱਛ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮੂੰਹ ਵਿਚ ਖਾਣਾ ਹੈ ਜਾਂ ਗੰਦ-ਮੰਦ। ਨਾਲੇ ਮਾਦਾ ਮਗਰਮੱਛ ਆਪਣੇ ਬੱਚਿਆਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਮੂੰਹ ਵਿਚ ਪਾ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾ ਸਕਦੀ ਹੈ। ਮਗਰਮੱਛ ਦੇ ਜਬਾੜ੍ਹੇ ਵਿਚ ਕਮਾਲ ਦੀ ਤਾਕਤ ਅਤੇ ਛੋਹ ਨੂੰ ਮਹਿਸੂਸ ਕਰਨ ਦੀ ਜ਼ਬਰਦਸਤ ਸਮਰਥਾ ਹੁੰਦੀ ਹੈ।

ਤੁਹਾਡਾ ਕੀ ਖ਼ਿਆਲ ਹੈ? ਕੀ ਮਗਰਮੱਛ ਦੇ ਜਬਾੜ੍ਹੇ ਦੀ ਬਣਤਰ ਵਿਕਾਸਵਾਦ ਦਾ ਨਤੀਜਾ ਹੈ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g15-E 07)