Skip to content

Skip to table of contents

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਮਾਫ਼ੀ ਕਿਵੇਂ ਮੰਗੀਏ?

ਮਾਫ਼ੀ ਕਿਵੇਂ ਮੰਗੀਏ?

ਚੁਣੌਤੀ

ਤੁਹਾਡਾ ਤੇ ਤੁਹਾਡੇ ਜੀਵਨ-ਸਾਥੀ ਦਾ ਹੁਣੇ-ਹੁਣੇ ਝਗੜਾ ਹੋਇਆ ਹੈ। ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ, ‘ਮੈਨੂੰ ਮਾਫ਼ੀ ਮੰਗਣ ਦੀ ਕੋਈ ਲੋੜ ਨਹੀਂ,’ ‘ਲੜਾਈ ਮੈਂ ਨਹੀਂ ਸ਼ੁਰੂ ਕੀਤੀ!’

ਤੁਸੀਂ ਗੱਲ ਛੱਡ ਦਿੰਦੇ ਹੋ ਪਰ ਤਣਾਅ ਬਣਿਆ ਰਹਿੰਦਾ ਹੈ। ਤੁਸੀਂ ਮਾਫ਼ੀ ਮੰਗਣ ਬਾਰੇ ਦੁਬਾਰਾ ਸੋਚਦੇ ਹੋ, ਪਰ ਤੁਹਾਡੇ ਕੋਲ ਇਹ ਸੌਖੇ ਜਿਹੇ ਸ਼ਬਦ ਕਹਿ ਨਹੀਂ ਹੁੰਦੇ, “ਮੈਨੂੰ ਮਾਫ਼ ਕਰ ਦਿਓ।”

ਇੱਦਾਂ ਕਿਉਂ ਹੁੰਦਾ ਹੈ?

ਘਮੰਡ। ਚਾਰਲਜ਼ * ਨਾਂ ਦਾ ਪਤੀ ਮੰਨਦਾ ਹੈ: “ਘਮੰਡ ਕਰਕੇ ਕਦੇ-ਕਦੇ ਇਸ ਤਰ੍ਹਾਂ ਕਹਿਣਾ ਔਖਾ ਹੁੰਦਾ ਹੈ ਕਿ ਮੈਨੂੰ ਮਾਫ਼ ਕਰ ਦਿਓ।” ਜ਼ਿਆਦਾ ਘਮੰਡੀ ਹੋਣ ਕਰਕੇ ਤੁਸੀਂ ਮੰਨਦੇ ਹੋ ਕਿ ਆਪਣਾ ਕਸੂਰ ਮੰਨਣ ਨਾਲ ਤੁਹਾਨੂੰ ਕਾਫ਼ੀ ਸ਼ਰਮਿੰਦਾ ਹੋਣਾ ਪੈ ਸਕਦਾ ਹੈ।

ਨਜ਼ਰੀਆ। ਤੁਸੀਂ ਸ਼ਾਇਦ ਸੋਚੋ ਕਿ ਮਾਫ਼ੀ ਤਾਂ ਹੀ ਮੰਗੀ ਜਾ ਸਕਦੀ ਹੈ ਜੇ ਤੁਸੀਂ ਕਸੂਰਵਾਰ ਹੋ। ਜਿਲ ਨਾਂ ਦੀ ਇਕ ਪਤਨੀ ਕਹਿੰਦੀ ਹੈ: “ਜਦੋਂ ਮੈਨੂੰ ਪਤਾ ਹੁੰਦਾ ਹੈ ਕਿ ਸਾਰੀ ਗ਼ਲਤੀ ਮੇਰੀ ਹੈ, ਤਾਂ ‘ਮਾਫ਼ੀ ਮੰਗਣੀ’ ਸੌਖੀ ਹੁੰਦੀ ਹੈ। ਪਰ ਜਦ ਅਸੀਂ ਦੋਵੇਂ ਅਜਿਹੀਆਂ ਗੱਲਾਂ ਕਹਿ ਦਿੰਦੇ ਹਾਂ ਜਿਨ੍ਹਾਂ ’ਤੇ ਬਾਅਦ ਵਿਚ ਸਾਨੂੰ ਪਛਤਾਵਾ ਹੁੰਦਾ ਹੈ, ਤਾਂ ਇਸ ਤਰ੍ਹਾਂ ਕਰਨਾ ਔਖਾ ਹੁੰਦਾ ਹੈ। ਮੇਰਾ ਮਤਲਬ ਕਿ ਜੇ ਗ਼ਲਤੀ ਸਾਡੀ ਦੋਵਾਂ ਦੀ ਹੈ, ਤਾਂ ਮੈਂ ਇਕੱਲੀ ਮਾਫ਼ੀ ਕਿਉਂ ਮੰਗਾਂ?”

ਤੁਸੀਂ ਸ਼ਾਇਦ ਉਦੋਂ ਆਪਣੇ ਆਪ ਨੂੰ ਸਹੀ ਠਹਿਰਾਓ ਜਦੋਂ ਤੁਹਾਨੂੰ ਲੱਗਦਾ ਹੈ ਕਿ ਜੋ ਕੁਝ ਵੀ ਹੋਇਆ, ਸਾਰੇ ਦਾ ਸਾਰਾ ਕਸੂਰ ਤੁਹਾਡੇ ਜੀਵਨ-ਸਾਥੀ ਦਾ ਹੈ। ਜੌਸਫ਼ ਨਾਂ ਦਾ ਪਤੀ ਕਹਿੰਦਾ ਹੈ, “ਜਦੋਂ ਤੁਹਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਤੁਸੀਂ ਕੁਝ ਗ਼ਲਤ ਨਹੀਂ ਕੀਤਾ, ਤਾਂ ਮਾਫ਼ੀ ਨਾ ਮੰਗ ਕੇ ਤੁਸੀਂ ਸਾਬਤ ਕਰਦੇ ਹੋ ਕਿ ਤੁਸੀਂ ਬੇਕਸੂਰ ਹੋ।”

ਪਾਲਣ-ਪੋਸ਼ਣ। ਤੁਸੀਂ ਸ਼ਾਇਦ ਅਜਿਹੇ ਪਰਿਵਾਰ ਵਿਚ ਵੱਡੇ ਹੋਏ ਹੋ ਜਿੱਥੇ ਕੋਈ ਮਾਫ਼ੀ ਨਹੀਂ ਮੰਗਦਾ ਸੀ। ਜੇ ਇਹ ਗੱਲ ਹੈ, ਤਾਂ ਤੁਸੀਂ ਸ਼ਾਇਦ ਆਪਣੀਆਂ ਗ਼ਲਤੀਆਂ ਨੂੰ ਮੰਨਣਾ ਨਹੀਂ ਸਿੱਖਿਆ। ਬਚਪਨ ਵਿਚ ਮਾਫ਼ੀ ਮੰਗਣ ਦੀ ਆਦਤ ਨਾ ਹੋਣ ਕਰਕੇ ਸ਼ਾਇਦ ਤੁਹਾਡੀ ਵੱਡੇ ਹੋ ਕੇ ਦਿਲੋਂ ਮਾਫ਼ੀ ਮੰਗਣ ਦੀ ਆਦਤ ਬਣੀ ਹੀ ਨਹੀਂ।

ਤੁਸੀਂ ਕੀ ਕਰ ਸਕਦੇ ਹੋ?

ਮਾਫ਼ੀ ਬਲ਼ਦੀ ’ਤੇ ਪਾਣੀ ਪਾਉਣ ਦਾ ਕੰਮ ਕਰਦੀ ਹੈ

ਆਪਣੇ ਸਾਥੀ ਵੱਲ ਧਿਆਨ ਦਿਓ। ਉਸ ਸਮੇਂ ਬਾਰੇ ਸੋਚਣ ਦੀ ਕੋਸ਼ਿਸ਼ ਕਰੋ ਜਦੋਂ ਕਿਸੇ ਨੇ ਤੁਹਾਡੇ ਕੋਲੋਂ ਮਾਫ਼ੀ ਮੰਗੀ ਸੀ ਅਤੇ ਤੁਹਾਨੂੰ ਕਿੰਨਾ ਚੰਗਾ ਲੱਗਾ ਸੀ। ਕਿਉਂ ਨਾ ਆਪਣੇ ਪਤੀ ਜਾਂ ਪਤਨੀ ਨੂੰ ਇੱਦਾਂ ਹੀ ਮਹਿਸੂਸ ਕਰਾਓ? ਜੇ ਤੁਹਾਨੂੰ ਨਹੀਂ ਵੀ ਲੱਗਦਾ ਕਿ ਤੁਸੀਂ ਗ਼ਲਤ ਹੋ, ਫਿਰ ਵੀ ਤੁਸੀਂ ਆਪਣੇ ਜੀਵਨ-ਸਾਥੀ ਤੋਂ ਮਾਫ਼ੀ ਮੰਗ ਸਕਦੇ ਹੋ ਕਿ ਤੁਸੀਂ ਉਸ ਨੂੰ ਠੇਸ ਪਹੁੰਚਾਈ ਜਾਂ ਜਾਣੇ-ਅਣਜਾਣੇ ਵਿਚ ਜੋ ਵੀ ਕੀਤਾ, ਉਹ ਉਸ ਨੂੰ ਬੁਰਾ ਲੱਗਾ। ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਤੁਹਾਡੇ ਜੀਵਨ-ਸਾਥੀ ਨੂੰ ਚੰਗਾ ਲੱਗੇਗਾ।ਬਾਈਬਲ ਦਾ ਅਸੂਲ: ਲੂਕਾ 6:31.

ਵਿਆਹੁਤਾ ਰਿਸ਼ਤੇ ਵੱਲ ਧਿਆਨ ਦਿਓ। ਮਾਫ਼ੀ ਨੂੰ ਇੱਦਾਂ ਨਾ ਸਮਝੋ ਕਿ ਤੁਸੀਂ ਗੋਡੇ ਟੇਕ ਦਿੱਤੇ, ਪਰ ਇਸ ਨੂੰ ਆਪਣੇ ਵਿਆਹੁਤਾ ਰਿਸ਼ਤੇ ਵਿਚ ਹੋਈ ਜਿੱਤ ਸਮਝੋ। ਕਹਾਉਤਾਂ 18:19 ਦੱਸਦਾ ਹੈ ਕਿ ਜਿਹੜਾ ਇਨਸਾਨ ਰੁੱਸਿਆ ਰਹਿੰਦਾ ਹੈ ਉਸ ਨੂੰ ਮਨਾਉਣਾ “ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ।” ਇਹ ਸੱਚ ਹੈ ਕਿ ਇਸ ਤਰ੍ਹਾਂ ਦੇ ਮਾਹੌਲ ਵਿਚ ਸ਼ਾਂਤੀ ਬਣਾਉਣੀ ਔਖੀ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ। ਦੂਜੇ ਪਾਸੇ, ਜੇ ਤੁਸੀਂ ਮਾਫ਼ੀ ਮੰਗ ਲੈਂਦੇ ਹੋ, ਤਾਂ ਗੱਲ ਰਾਈ ਦਾ ਪਹਾੜ ਬਣਨ ਤੋਂ ਬਚ ਸਕਦੀ ਹੈ। ਕਹਿਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਨਾਲੋਂ ਜ਼ਿਆਦਾ ਆਪਣੇ ਵਿਆਹੁਤਾ ਰਿਸ਼ਤੇ ਨੂੰ ਅਹਿਮੀਅਤ ਦਿੰਦੇ ਹੋ।ਬਾਈਬਲ ਦਾ ਅਸੂਲ: ਫ਼ਿਲਿੱਪੀਆਂ 2:3.

ਫਟਾਫਟ ਮਾਫ਼ੀ ਮੰਗੋ। ਇਹ ਸੱਚ ਹੈ ਕਿ ਮਾਫ਼ੀ ਮੰਗਣੀ ਔਖੀ ਹੋ ਸਕਦੀ ਹੈ ਜੇ ਸਾਰਾ ਕਸੂਰ ਤੁਹਾਡਾ ਨਹੀਂ ਹੈ। ਪਰ ਜੀਵਨ-ਸਾਥੀ ਦੇ ਕਸੂਰਵਾਰ ਹੋਣ ਨਾਲ ਵੀ ਤੁਹਾਨੂੰ ਉਸ ਨਾਲ ਮਾੜਾ ਸਲੂਕ ਕਰਨ ਦਾ ਬਹਾਨਾ ਨਹੀਂ ਮਿਲ ਜਾਂਦਾ। ਇਸ ਲਈ ਇਹ ਸੋਚ ਕੇ ਮਾਫ਼ੀ ਮੰਗਣ ਤੋਂ ਨਾ ਝਿਜਕੋ ਕਿ ਸਮੇਂ ਦੇ ਬੀਤਣ ਨਾਲ ਸਭ ਕੁਝ ਠੀਕ ਹੋ ਜਾਵੇਗਾ। ਤੁਹਾਡੇ ਮਾਫ਼ੀ ਮੰਗਣ ਨਾਲ ਤੁਹਾਡੇ ਜੀਵਨ-ਸਾਥੀ ਲਈ ਵੀ ਮਾਫ਼ੀ ਮੰਗਣੀ ਸੌਖੀ ਹੋ ਜਾਵੇਗੀ। ਤੁਸੀਂ ਜਿੰਨੀ ਜ਼ਿਆਦਾ ਮਾਫ਼ੀ ਮੰਗੋਗੇ, ਉੱਨਾ ਜ਼ਿਆਦਾ ਤੁਹਾਡੇ ਲਈ ਇਸ ਤਰ੍ਹਾਂ ਕਰਨਾ ਸੌਖਾ ਹੋਵੇਗਾ।ਬਾਈਬਲ ਦਾ ਅਸੂਲ: ਮੱਤੀ 5:25.

ਦਿਲੋਂ ਮਾਫ਼ੀ ਮੰਗੋ। ਆਪਣੇ ਰਵੱਈਏ ਨੂੰ ਸਹੀ ਠਹਿਰਾਉਣ ਲਈ ਬਹਾਨੇ ਬਣਾਉਣ ਅਤੇ ਦਿਲੋਂ ਮਾਫ਼ੀ ਮੰਗਣ ਵਿਚ ਫ਼ਰਕ ਹੈ। ਨਾਲੇ ਚੁਭਵੇਂ ਅੰਦਾਜ਼ ਵਿਚ ਇਸ ਤਰ੍ਹਾਂ ਕਹਿਣਾ ਕਿ “ਸੌਰੀ, ਮੈਨੂੰ ਨਹੀਂ ਸੀ ਪਤਾ ਕਿ ਤੁਹਾਨੂੰ ਇੰਨੀ ਛੇਤੀ ਗੱਲ ਲੱਗ ਜਾਂਦੀ ਹੈ!” ਤੁਸੀਂ ਮਾਫ਼ੀ ਨਹੀਂ ਮੰਗ ਰਹੇ ਹੋਵੋਗੇ। ਮੰਨੋ ਕਿ ਤੁਸੀਂ ਜੋ ਕੀਤਾ ਉਸ ਲਈ ਤੁਸੀਂ ਕਸੂਰਵਾਰ ਹੋ ਅਤੇ ਤੁਸੀਂ ਆਪਣੇ ਜੀਵਨ-ਸਾਥੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਭਾਵੇਂ ਤੁਹਾਨੂੰ ਯਕੀਨ ਨਹੀਂ ਹੁੰਦਾ ਕਿ ਤੁਸੀਂ ਗ਼ਲਤੀ ਕੀਤੀ ਹੈ ਜਾਂ ਨਹੀਂ।

ਸੱਚਾਈ ਦਾ ਸਾਮ੍ਹਣਾ ਕਰੋ। ਨਿਮਰਤਾ ਨਾਲ ਮੰਨੋ ਕਿ ਤੁਹਾਡੇ ਤੋਂ ਗ਼ਲਤੀਆਂ ਹੋ ਸਕਦੀਆਂ ਹਨ। ਹਰ ਕੋਈ ਗ਼ਲਤੀਆਂ ਦਾ ਪੁਤਲਾ ਹੈ! ਜੇ ਤੁਸੀਂ ਸੋਚਦੇ ਵੀ ਹੋ ਕਿ ਤੁਸੀਂ ਬੇਕਸੂਰ ਹੋ, ਤਾਂ ਵੀ ਮੰਨੋ ਕਿ ਤੁਸੀਂ ਬਿਲਕੁਲ ਸਹੀ ਨਹੀਂ ਹੋ ਸਕਦੇ। ਬਾਈਬਲ ਕਹਿੰਦੀ ਹੈ: “ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਓਹੋ ਸੱਚਾ ਜਾਪਦਾ ਹੈ, ਪਰ ਫੇਰ ਉਹ ਦਾ ਗੁਆਂਢੀ ਆਣ ਕੇ ਉਹ ਦੀ ਕਲੀ ਖੋਲ੍ਹਦਾ ਹੈ।” (ਕਹਾਉਤਾਂ 18:17) ਤੁਹਾਡੇ ਲਈ ਮਾਫ਼ੀ ਮੰਗਣੀ ਆਸਾਨ ਹੋਵੇਗੀ ਜੇ ਤੁਹਾਡਾ ਆਪਣੇ ਅਤੇ ਆਪਣੀਆਂ ਕਮੀਆਂ ਬਾਰੇ ਸਹੀ ਨਜ਼ਰੀਆ ਹੈ। (g15-E 09)

^ ਪੈਰਾ 7 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।