Skip to content

ਨੌਜਵਾਨ ਪੁੱਛਦੇ ਹਨ

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 1: ਰੱਬ ʼਤੇ ਵਿਸ਼ਵਾਸ ਕਿਉਂ ਕਰੀਏ?

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 1: ਰੱਬ ʼਤੇ ਵਿਸ਼ਵਾਸ ਕਿਉਂ ਕਰੀਏ?

 ਸ੍ਰਿਸ਼ਟੀ ਜਾਂ ਵਿਕਾਸਵਾਦ?

 ਕੀ ਤੁਸੀਂ ਮੰਨਦੇ ਹੋ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ? ਜੇ ਹਾਂ, ਤਾਂ ਤੁਸੀਂ ਇਕੱਲੇ ਹੀ ਇਹ ਗੱਲ ਨਹੀਂ ਮੰਨਦੇ। ਬਹੁਤ ਸਾਰੇ ਜਵਾਨ (ਅਤੇ ਵੱਡੇ) ਵੀ ਇਹ ਗੱਲ ਮੰਨਦੇ ਹਨ। ਪਰ ਕੁਝ ਲੋਕ ਮੰਨਦੇ ਹਨ ਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਹੋ ਗਈ ਅਤੇ ਬ੍ਰਹਿਮੰਡ ਆਪਣੇ ਆਪ ਬਣ ਗਿਆ। ਇਸ ਨੂੰ “ਰੱਬ” ਨੇ ਨਹੀਂ ਬਣਾਇਆ।

 ਕੀ ਤੁਹਾਨੂੰ ਪਤਾ ਹੈ? ਲੋਕ ਝੱਟ ਦੱਸ ਦਿੰਦੇ ਹਨ ਕਿ ਉਹ ਕਿਸ ʼਤੇ ਵਿਸ਼ਵਾਸ ਕਰਦੇ ਹਨ: ਵਿਕਾਸਵਾਦ ʼਤੇ ਜਾਂ ਰੱਬ ʼਤੇ। ਪਰ ਅਕਸਰ ਉਹ ਇਹ ਨਹੀਂ ਜਾਣਦੇ ਹੁੰਦੇ ਕਿ ਉਹ ਵਿਕਾਸਵਾਦ ਜਾਂ ਰੱਬ ʼਤੇ ਵਿਸ਼ਵਾਸ ਕਿਉਂ ਕਰਦੇ ਹਨ।

  •   ਕੁਝ ਲੋਕ ਇਸ ਲਈ ਰੱਬ ʼਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਧਰਮਾਂ ਵਿਚ ਰੱਬ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ।

  •   ਕੁਝ ਲੋਕ ਇਸ ਲਈ ਵਿਕਾਸਵਾਦ ਦੀ ਸਿੱਖਿਆ ਨੂੰ ਮੰਨਦੇ ਹਨ ਕਿਉਂਕਿ ਉਨ੍ਹਾਂ ਨੂੰ ਸਕੂਲਾਂ ਵਿਚ ਇਸ ਬਾਰੇ ਪੜ੍ਹਾਇਆ ਜਾਂਦਾ ਹੈ।

 ਇਨ੍ਹਾਂ ਲੜੀਵਾਰ ਲੇਖਾਂ ਦੀ ਮਦਦ ਨਾਲ ਤੁਸੀਂ ਇਸ ਗੱਲ ʼਤੇ ਆਪਣਾ ਵਿਸ਼ਵਾਸ ਮਜ਼ਬੂਤ ਕਰ ਸਕੋਗੇ ਕਿ ਰੱਬ ਨੇ ਹੀ ਸਾਰਾ ਕੁਝ ਬਣਾਇਆ ਹੈ। ਫਿਰ ਤੁਸੀਂ ਦੂਸਰਿਆਂ ਨੂੰ ਵੀ ਆਪਣੇ ਵਿਸ਼ਵਾਸ ਚੰਗੀ ਤਰ੍ਹਾਂ ਦੱਸ ਸਕੋਗੇ। ਪਰ ਪਹਿਲਾਂ ਤੁਹਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ:

 ਮੈਂ ਰੱਬ ʼਤੇ ਵਿਸ਼ਵਾਸ ਕਿਉਂ ਕਰਦਾ ਹਾਂ?

 ਬਾਈਬਲ ਤੁਹਾਨੂੰ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਵਰਤਣ ਲਈ ਕਹਿੰਦੀ ਹੈ। (ਰੋਮੀਆਂ 12:1) ਇਸ ਦਾ ਮਤਲਬ ਹੈ ਕਿ ਤੁਸੀਂ ਰੱਬ ʼਤੇ ਵਿਸ਼ਵਾਸ ਸਿਰਫ਼ ਇਸ ਕਰਕੇ ਨਾ ਕਰੋ ਕਿਉਂਕਿ

  •  ਤੁਹਾਡਾ ਦਿਲ ਕਰਦਾ (ਮੈਨੂੰ ਲੱਗਦਾ ਕਿ ਇਸ ਦੁਨੀਆਂ ਨੂੰ ਚਲਾਉਣ ਵਾਲੀ ਕੋਈ ਤਾਂ ਤਾਕਤ ਹੈ)

  •  ਦੂਜੇ ਤੁਹਾਨੂੰ ਕਹਿੰਦੇ ਹਨ (ਸਾਡੇ ਸਮਾਜ ਵਿਚ ਸਾਰੇ ਰੱਬ ਨੂੰ ਮੰਨਦੇ ਹਨ)

  •  ਦੂਜੇ ਤੁਹਾਡੇ ʼਤੇ ਦਬਾਅ ਪਾਉਂਦੇ ਹਨ (ਮੇਰੇ ਮਾਪਿਆਂ ਜਾਂ ਦੂਜਿਆਂ ਨੇ ਬਚਪਨ ਤੋਂ ਮੈਨੂੰ ਰੱਬ ਨੂੰ ਮੰਨਣਾ ਸਿਖਾਇਆ)

 ਇਸ ਦੀ ਬਜਾਇ ਤੁਹਾਨੂੰ ਖ਼ੁਦ ਇਸ ਗੱਲ ʼਤੇ ਯਕੀਨ ਹੋਣਾ ਚਾਹੀਦਾ ਕਿ ਰੱਬ ਹੈ ਅਤੇ ਇਸ ਗੱਲ ʼਤੇ ਵਿਸ਼ਵਾਸ ਕਰਨ ਦੇ ਤੁਹਾਡੇ ਕੋਲ ਪੱਕੇ ਸਬੂਤ ਹੋਣੇ ਚਾਹੀਦੇ ਹਨ।

 ਸੋਚੋ ਕਿ ਕਿਹੜੀ ਗੱਲ ਕਰਕੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਰੱਬ ਹੈ? “ਮੈਂ ਰੱਬ ʼਤੇ ਵਿਸ਼ਵਾਸ ਕਿਉਂ ਕਰਾਂ?” ਨਾਂ ਦੇ ਅਭਿਆਸ ਰਾਹੀਂ ਰੱਬ ਦੀ ਹੋਂਦ ʼਤੇ ਤੁਹਾਡਾ ਭਰੋਸਾ ਹੋਰ ਵਧੇਗਾ। ਨਾਲੇ ਜਦੋਂ ਤੁਸੀਂ ਦੇਖੋਗੇ ਕਿ ਦੂਸਰੇ ਨੌਜਵਾਨ ਇਸ ਸਵਾਲ ਦਾ ਜਵਾਬ ਕਿਵੇਂ ਦਿੰਦੇ ਹਨ, ਤਾਂ ਤੁਹਾਡੀ ਮਦਦ ਹੋਵੇਗੀ।

 “ਜਦ ਕਲਾਸ ਵਿਚ ਮੇਰੀ ਟੀਚਰ ਇਹ ਸਮਝਾਉਂਦੀ ਹੈ ਕਿ ਸਾਡਾ ਸਰੀਰ ਕਿਵੇਂ ਕੰਮ ਕਰਦਾ ਹੈ, ਤਾਂ ਰੱਬ ਦੀ ਹੋਂਦ ʼਤੇ ਮੇਰਾ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਂਦਾ ਹੈ। ਸਾਡੇ ਸਰੀਰ ਦੇ ਸਾਰੇ ਅੰਗ ਆਪੋ-ਆਪਣਾ ਕੰਮ ਕਰਦੇ ਹਨ ਅਤੇ ਅਕਸਰ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ। ਆਪਣੇ ਸਰੀਰ ਦੀ ਬਣਾਵਟ ਦੇਖ ਕੇ ਸਾਡਾ ਦਿਮਾਗ਼ ਚਕਰਾ ਜਾਂਦਾ ਹੈ।”​—ਟੇਰੇਸਾ

 “ਜਦ ਮੈਂ ਆਸਮਾਨ ਨੂੰ ਛੂਹੰਦੀਆਂ ਇਮਾਰਤਾਂ, ਵੱਡੇ-ਵੱਡੇ ਜਹਾਜ਼ਾਂ ਜਾਂ ਕਾਰਾਂ ਨੂੰ ਦੇਖਦਾ ਹਾਂ, ਤਾਂ ਮੈਂ ਖ਼ੁਦ ਨੂੰ ਪੁੱਛਦਾ ਹਾਂ: ‘ਇਹ ਸਾਰੀਆਂ ਚੀਜ਼ਾਂ ਕਿਸ ਨੇ ਬਣਾਈਆਂ?’ ਕਾਰ ਦੀ ਮਿਸਾਲ ਲਓ। ਕਿਸੇ ਇਨਸਾਨ ਨੇ ਦਿਮਾਗ਼ ਵਰਤ ਕੇ ਇਸ ਨੂੰ ਬਣਾਇਆ ਹੈ ਅਤੇ ਇਸ ਦੇ ਛੋਟੇ-ਛੋਟੇ ਪੁਰਜੇ ਵੀ ਸੋਚ-ਸਮਝ ਕੇ ਲਗਾਏ ਹਨ। ਜੇ ਕਾਰ ਨੂੰ ਕਿਸੇ ਨੇ ਬਣਾਇਆ ਹੈ, ਤਾਂ ਇਸ ਦਾ ਮਤਲਬ ਸਾਨੂੰ ਇਨਸਾਨਾਂ ਨੂੰ ਵੀ ਕਿਸੇ ਨੇ ਬਣਾਇਆ ਹੈ।”​—ਰਿਚਰਡ

 “ਇਸ ਬ੍ਰਹਿਮੰਡ ਦੀ ਛੋਟੀ ਤੋਂ ਛੋਟੀ ਚੀਜ਼ ਨੂੰ ਸਮਝਣ ਲਈ ਦੁਨੀਆਂ ਦੇ ਵੱਡੇ-ਵੱਡੇ ਬੁੱਧੀਮਾਨ ਲੋਕਾਂ ਨੂੰ ਸੈਂਕੜੇ ਹੀ ਸਾਲ ਲੱਗੇ, ਤਾਂ ਸੋਚੋ ਕਿ ਇਹ ਬ੍ਰਹਿਮੰਡ ਬਿਨਾਂ ਕਿਸੇ ਬੁੱਧੀਮਾਨ ਸ਼ਖ਼ਸ ਦੇ ਹੋਂਦ ਵਿਚ ਕਿਵੇਂ ਆ ਗਿਆ। ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ!”​—ਕੈਰਨ

 “ਮੈਂ ਵਿਗਿਆਨ ਦਾ ਜਿੰਨਾ ਜ਼ਿਆਦਾ ਅਧਿਐਨ ਕੀਤਾ, ਮੈਨੂੰ ਵਿਕਾਸਵਾਦ ਦੀ ਸਿੱਖਿਆ ਉੱਨੀ ਜ਼ਿਆਦਾ ਬੇਤੁਕੀ ਲੱਗੀ। ਮਿਸਾਲ ਲਈ, ਮੈਂ ਸੋਚਿਆ ਕਿ ਕੁਦਰਤ ਦੀ ਹਰ ਚੀਜ਼ ਕਿੰਨੇ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਤੇ ਇਨਸਾਨ ਦੀ ਬਣਤਰ ਕਿੰਨੀ ਕਮਾਲ ਦੀ ਹੈ। ਸਿਰਫ਼ ਇਨਸਾਨਾਂ ਵਿਚ ਹੀ ਇਹ ਜਾਣਨ ਦੀ ਕਾਬਲੀਅਤ ਹੈ ਕਿ ਅਸੀਂ ਕੌਣ ਹਾਂ, ਸਾਨੂੰ ਕਿਸ ਨੇ ਬਣਾਇਆ ਅਤੇ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਵਿਕਾਸਵਾਦ ਨੂੰ ਮੰਨਣ ਵਾਲੇ ਕਹਿੰਦੇ ਹਨ ਕਿ ਇਨ੍ਹਾਂ ਗੱਲਾਂ ਨੂੰ ਜਾਨਵਰਾਂ ਦੀ ਰਹਿਣੀ-ਸਹਿਣੀ ʼਤੇ ਗੌਰ ਕਰ ਕੇ ਸਮਝਿਆ ਜਾ ਸਕਦਾ ਹੈ। ਪਰ ਉਹ ਇਸ ਸਵਾਲ ਦਾ ਜਵਾਬ ਨਹੀਂ ਦੇ ਸਕੇ ਕਿ ਇਨਸਾਨ ਜਾਨਵਰਾਂ ਨਾਲੋਂ ਅਨੋਖਾ ਕਿਉਂ ਹੈ। ਮੇਰੇ ਲਈ ਰੱਬ ਨਾਲੋਂ ਵਿਕਾਸਵਾਦ ਦੀ ਸਿੱਖਿਆ ʼਤੇ ਯਕੀਨ ਕਰਨਾ ਜ਼ਿਆਦਾ ਔਖਾ ਹੈ।​—ਐਂਟੋਨੀ

 ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸਣਾ

 ਉਦੋਂ ਕੀ, ਜਦੋਂ ਤੁਹਾਡੇ ਨਾਲ ਪੜ੍ਹਨ ਵਾਲੇ ਤੁਹਾਡਾ ਇਸ ਗੱਲ ਲਈ ਮਜ਼ਾਕ ਉਡਾਉਣ ਕਿ ਤੁਸੀਂ ਜਿਸ ਰੱਬ ʼਤੇ ਵਿਸ਼ਵਾਸ ਕਰਦੇ ਹੋ, ਉਸ ਨੂੰ ਤਾਂ ਦੇਖਿਆ ਨਹੀਂ ਜਾ ਸਕਦਾ? ਉਦੋਂ ਕੀ, ਜੇ ਉਹ ਕਹਿਣ ਕਿ ਵਿਕਾਸਵਾਦ ʼਤੇ ਵਿਸ਼ਵਾਸ ਕਰਨ ਦੇ “ਸਬੂਤ” ਹਨ?

 ਪਹਿਲਾ, ਭਰੋਸਾ ਰੱਖੋ ਕਿ ਤੁਸੀਂ ਜੋ ਮੰਨਦੇ ਹੋ ਉਹ ਸਹੀ ਹੈ। ਦੂਸਰਿਆਂ ਤੋਂ ਨਾ ਤਾਂ ਡਰੋ ਤੇ ਨਾ ਹੀ ਸ਼ਰਮਿੰਦਗੀ ਮਹਿਸੂਸ ਕਰੋ। (ਰੋਮੀਆਂ 1:16) ਯਾਦ ਰੱਖੋ:

  1.  1. ਤੁਸੀਂ ਇਕੱਲੇ ਨਹੀਂ ਹੋ; ਬਹੁਤ ਸਾਰੇ ਲੋਕ ਮੰਨਦੇ ਹਨ ਕਿ ਰੱਬ ਹੈ। ਇਨ੍ਹਾਂ ਵਿਚ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਹਨ। ਮਿਸਾਲ ਲਈ, ਕਈ ਵਿਗਿਆਨੀ ਵੀ ਮੰਨਦੇ ਹਨ ਕਿ ਰੱਬ ਹੈ।

  2.  2. ਜਦੋਂ ਲੋਕ ਕਹਿੰਦੇ ਹਨ ਕਿ ਉਹ ਰੱਬ ʼਤੇ ਵਿਸ਼ਵਾਸ ਨਹੀਂ ਕਰਦੇ, ਤਾਂ ਕਦੇ-ਕਦੇ ਉਨ੍ਹਾਂ ਦੇ ਕਹਿਣ ਦਾ ਮਤਲਬ ਹੁੰਦਾ ਕਿ ਰੱਬ ਨੂੰ ਸਮਝਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ। ਉਹ ਇਹ ਨਹੀਂ ਦੱਸਦੇ ਕਿ ਉਹ ਰੱਬ ʼਤੇ ਵਿਸ਼ਵਾਸ ਕਿਉਂ ਨਹੀਂ ਕਰਦੇ। ਇਸ ਦੀ ਬਜਾਇ, ਉਹ ਅਜਿਹੇ ਸਵਾਲ ਪੁੱਛਦੇ ਹਨ ਕਿ “ਜੇ ਰੱਬ ਹੈ, ਤਾਂ ਉਹ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਲਿਆਉਂਦਾ ਹੈ?” ਇਹ ਦੱਸਣ ਦੀ ਬਜਾਇ ਕਿ ਉਹ ਰੱਬ ʼਤੇ ਵਿਸ਼ਵਾਸ ਕਿਉਂ ਨਹੀਂ ਕਰਦੇ, ਉਹ ਅਜਿਹੇ ਸਵਾਲ ਪੁੱਛਣ ਲੱਗ ਪੈਂਦੇ ਹਨ ਕਿ “ਜੇ ਰੱਬ ਹੈ, ਤਾਂ ਉਹ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਲਿਆਉਂਦਾ ਹੈ?” ਇਸ ਤਰ੍ਹਾਂ ਗੱਲ ਨੂੰ ਦੁੱਖ-ਤਕਲੀਫ਼ਾਂ ਨਾਲ ਜੋੜ ਕੇ ਉਹ ਗੰਭੀਰ ਵਿਸ਼ੇ ਨੂੰ ਜਜ਼ਬਾਤੀ ਵਿਸ਼ਾ ਬਣਾ ਦਿੰਦੇ ਹਨ।

  3.  3. ਇਨਸਾਨਾਂ ਨੂੰ ਰੱਬ ਦੀ “ਅਗਵਾਈ” ਦੀ ਲੋੜ ਹੈ। (ਮੱਤੀ 5:3) ਰੱਬ ਦੀ ਅਗਵਾਈ ਭਾਲਣ ਵਿਚ ਉਸ ʼਤੇ ਵਿਸ਼ਵਾਸ ਕਰਨਾ ਵੀ ਸ਼ਾਮਲ ਹੈ। ਇਸ ਲਈ ਜਿਹੜਾ ਵਿਅਕਤੀ ਕਹਿੰਦਾ ਹੈ ਕਿ ਰੱਬ ਨਹੀਂ ਹੈ, ਤਾਂ ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਦੱਸੇ ਕਿ ਉਹ ਇੱਦਾਂ ਕਿਉਂ ਸੋਚਦਾ ਹੈ।​—ਰੋਮੀਆਂ 1:18-20.

  4.  4. ਰੱਬ ਦੀ ਹੋਂਦ ʼਤੇ ਵਿਸ਼ਵਾਸ ਕਰਨ ਦੇ ਸਬੂਤ ਹਨ। ਇਸ ਗੱਲ ਦੇ ਸਬੂਤ ਹਨ ਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਨਹੀਂ ਹੋਈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜੀਵਨ ਦੀ ਸ਼ੁਰੂਆਤ ਆਪਣੇ ਆਪ ਬੇਜਾਨ ਚੀਜ਼ਾਂ ਤੋਂ ਹੋਈ ਹੈ।

 ਫਿਰ ਜੇ ਕੋਈ ਤੁਹਾਨੂੰ ਪੁੱਛਦਾ ਹੈ ਕਿ ਤੁਸੀਂ ਰੱਬ ʼਤੇ ਕਿਉਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਕੀ ਜਵਾਬ ਦੇ ਸਕਦੇ ਹੋ? ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ।

 ਜੇ ਕੋਈ ਕਹਿੰਦਾ ਹੈ: “ਸਿਰਫ਼ ਅਨਪੜ੍ਹ ਲੋਕ ਹੀ ਰੱਬ ʼਤੇ ਵਿਸ਼ਵਾਸ ਕਰਦੇ ਹਨ।”

 ਤੁਸੀਂ ਕਹਿ ਸਕਦੇ ਹੋ: “ਕੀ ਤੁਸੀਂ ਇਸ ਸੁਣੀ-ਸੁਣਾਈ ਗੱਲ ʼਤੇ ਯਕੀਨ ਕਰਦੇ ਹੋ? ਮੈਂ ਨਹੀਂ ਕਰਦਾ। ਇਕ ਸਰਵੇ ਵਿਚ 1,600 ਤੋਂ ਜ਼ਿਆਦਾ ਵਿਗਿਆਨ ਦੇ ਪ੍ਰੋਫ਼ੈਸਰਾਂ ਨੇ ਹਿੱਸਾ ਲਿਆ ਜੋ ਕਈ ਨਾਮੀ ਯੂਨੀਵਰਸਿਟੀਆਂ ਤੋਂ ਸਨ। ਇਨ੍ਹਾਂ ਵਿੱਚੋਂ ਇਕ-ਤਿਆਹੀ ਪ੍ਰੋਫ਼ੈਸਰਾਂ ਨੇ ਕਿਹਾ ਕਿ ਉਹ ਨਾ ਤਾਂ ਨਾਸਤਿਕ ਹਨ ਤੇ ਨਾ ਹੀ ਰੱਬ ਦੀ ਹੋਂਦ ʼਤੇ ਸ਼ੱਕ ਕਰਦੇ ਹਨ। a ਕੀ ਤੁਸੀਂ ਇਹ ਕਹੋਗੇ ਕਿ ਇਹ ਪ੍ਰੋਫ਼ੈਸਰ ਬੁੱਧੀਮਾਨ ਨਹੀਂ ਹਨ ਕਿਉਂਕਿ ਉਹ ਰੱਬ ʼਤੇ ਵਿਸ਼ਵਾਸ ਕਰਦੇ ਹਨ।”

 ਜੇ ਕੋਈ ਕਹਿੰਦਾ ਹੈ: “ਜੇ ਰੱਬ ਹੈ, ਤਾਂ ਦੁਨੀਆਂ ʼਤੇ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ?”

 ਤੁਸੀਂ ਕਹਿ ਸਕਦੇ ਹੋ: “ਸ਼ਾਇਦ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਰੱਬ ਕੁਝ ਕਰਦਾ ਕਿਉਂ ਨਹੀਂ। ਹੈਨਾ? [ਜਵਾਬ ਲਈ ਰੁਕੋ।] ਮੈਂ ਇਸ ਗੱਲ ਦਾ ਸਹੀ ਜਵਾਬ ਜਾਣਿਆ ਹੈ ਕਿ ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ। ਪਰ ਇਸ ਦਾ ਜਵਾਬ ਜਾਣਨ ਲਈ ਸਾਨੂੰ ਬਾਈਬਲ ਦੀਆਂ ਕਈ ਸਿੱਖਿਆਵਾਂ ਬਾਰੇ ਸਿੱਖਣਾ ਪਵੇਗਾ। ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?”

 ਇਸ ਲੜੀਵਾਰ ਦੇ ਅਗਲੇ ਲੇਖ ਵਿਚ ਸਮਝਾਇਆ ਜਾਵੇਗਾ ਕਿ ਵਿਕਾਸਵਾਦ ਦੀ ਸਿੱਖਿਆ ਸਾਡੀ ਹੋਂਦ ਨਾਲ ਜੁੜੇ ਸਵਾਲਾਂ ਦਾ ਸਹੀ-ਸਹੀ ਜਵਾਬ ਕਿਉਂ ਨਹੀਂ ਦਿੰਦੀ।

a ਜਾਣਕਾਰੀ ਦਾ ਸ੍ਰੋਤ: Social Science Research Council, “Religion and Spirituality Among University Scientists,” by Elaine Howard Ecklund, February 5, 2007.