Skip to content

Skip to table of contents

ਪਰਿਵਾਰ ਦੀ ਮਦਦ ਲਈ | ਮਾਪੇ

ਬੱਚਿਆਂ ਨੂੰ ਸੰਜਮ ਰੱਖਣਾ ਸਿਖਾਓ

ਬੱਚਿਆਂ ਨੂੰ ਸੰਜਮ ਰੱਖਣਾ ਸਿਖਾਓ

ਚੁਣੌਤੀ

ਲੱਗਦਾ ਹੈ ਕਿ ਤੁਹਾਡੇ ਛੇ ਸਾਲ ਦੇ ਬੱਚੇ ਨੂੰ ਪਤਾ ਨਹੀਂ ਹੈ ਕਿ ਸੰਜਮ ਹੁੰਦਾ ਕੀ ਹੈ? ਕੋਈ ਵੀ ਚੀਜ਼ ਪਸੰਦ ਆਉਣ ਤੇ ਉਹ ਚੀਜ਼ ਉਸ ਨੂੰ ਉਸੇ ਵੇਲੇ ਚਾਹੀਦੀ ਹੈ! ਜੇ ਉਹ ਗੁੱਸੇ ਹੋ ਜਾਂਦਾ ਹੈ, ਤਾਂ ਹੱਥ-ਪੈਰ ਮਾਰਨ ਲੱਗ ਪੈਂਦਾ ਹੈ। ਤੁਸੀਂ ਸੋਚਦੇ ਹੋ: ‘ਕੀ ਬੱਚੇ ਦਾ ਇਸ ਤਰ੍ਹਾਂ ਕਰਨਾ ਸਹੀ ਹੈ?’ ‘ਚਲੋ ਕੋਈ ਨਹੀਂ, ਇਸ ਤਰ੍ਹਾਂ ਕਰਨ ਦੀ ਉਸ ਦੀ ਉਮਰ ਹੈ’ ਜਾਂ ‘ਕੀ ਇਸ ਸਮੇਂ ਮੈਨੂੰ ਉਸ ਨੂੰ ਸੰਜਮ ਰੱਖਣਾ ਸਿਖਾਉਣ ਦੀ ਲੋੜ ਹੈ?’ *

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?

ਅੱਜ ਦੇ ਸਭਿਆਚਾਰ ਵਿਚ ਸੰਜਮ ਰੱਖਣਾ ਅਹਿਮ ਨਹੀਂ ਸਮਝਿਆ ਜਾਂਦਾ।

ਡਾਕਟਰ ਡੇਵਿਡ ਵੌਲਸ਼ ਲਿਖਦਾ ਹੈ: “ਸਾਡੇ ਖੁੱਲ੍ਹ ਦੇਣ ਵਾਲੇ ਸਭਿਆਚਾਰ ਵਿਚ ਬੱਚੇ ਅਤੇ ਵੱਡੇ ਲਗਾਤਾਰ ਇਹ ਗੱਲਾਂ ਸੁਣਦੇ ਹਨ ਕਿ ਸਾਨੂੰ ਉਹ ਸਭ ਕਰਨਾ ਚਾਹੀਦਾ ਹੈ ਜੋ ਅਸੀਂ ਕਰਨਾ ਚਾਹੁੰਦੇ ਹਾਂ। ਦੂਜਿਆਂ ਦਾ ਭਲਾ ਚਾਹੁਣ ਵਾਲੇ ਸਲਾਹਕਾਰਾਂ ਤੋਂ ਲੈ ਕੇ ਘਟੀਆ ਸਲਾਹ ਦੇ ਕੇ ਪੈਸੇ ਹੜੱਪਣ ਵਾਲਿਆਂ ਤਕ ਇਹੀ ਕਹਿੰਦੇ ਹਨ ਕਿ ਸਾਨੂੰ ਆਪਣੇ ਦਿਲ ਦੀ ਸੁਣਨੀ ਚਾਹੀਦੀ ਹੈ।” *

ਛੋਟੀ ਉਮਰ ਤੋਂ ਹੀ ਸੰਜਮ ਬਾਰੇ ਸਿਖਾਉਣਾ ਜ਼ਰੂਰੀ। ਇਕ ਲੰਬੇ ਸਮੇਂ ਤੋਂ ਕੀਤੇ ਅਧਿਐਨ ਵਿਚ ਖੋਜਕਾਰਾਂ ਨੇ ਚਾਰ ਸਾਲ ਦੇ ਬੱਚਿਆਂ ਦੇ ਇਕ ਗਰੁੱਪ ਵਿਚ ਹਰ ਬੱਚੇ ਨੂੰ ਇਕ-ਇਕ ਟੌਫ਼ੀ ਦਿੱਤੀ ਅਤੇ ਕਿਹਾ ਕਿ ਜਾਂ ਤਾਂ ਉਹ ਟੌਫ਼ੀ ਉਸੇ ਵੇਲੇ ਖਾ ਸਕਦੇ ਹਨ ਜਾਂ ਥੋੜ੍ਹੀ ਦੇਰ ਬਾਅਦ। ਫਿਰ ਸੰਜਮ ਰੱਖਣ ਕਰਕੇ ਉਨ੍ਹਾਂ ਨੂੰ ਇਕ ਹੋਰ ਟੌਫ਼ੀ ਇਨਾਮ ਵਜੋਂ ਮਿਲੇਗੀ। ਬਾਅਦ ਵਿਚ ਵੱਡੇ ਹੋ ਕੇ ਜਦੋਂ ਉਨ੍ਹਾਂ ਬੱਚਿਆਂ ਨੇ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ, ਤਾਂ ਦੇਖਿਆ ਗਿਆ ਕਿ ਜਿਨ੍ਹਾਂ ਬੱਚਿਆਂ ਨੇ ਚਾਰ ਸਾਲ ਦੀ ਉਮਰ ਵਿਚ ਸੰਜਮ ਦਿਖਾਇਆ ਸੀ, ਉਹ ਭਾਵਾਤਮਕ ਤੌਰ ਤੇ, ਸਮਾਜ ਅਤੇ ਪੜ੍ਹਾਈ ਵਿਚ ਦੂਸਰੇ ਬੱਚਿਆਂ ਦੀ ਤੁਲਨਾ ਵਿਚ ਵਧੀਆ ਕਰ ਰਹੇ ਸਨ।

ਸੰਜਮ ਨਾ ਸਿਖਾਉਣ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਖੋਜਕਾਰ ਮੰਨਦੇ ਹਨ ਕਿ ਤਜਰਬੇ ਨਾਲ ਬੱਚੇ ਦੇ ਦਿਮਾਗ਼ ਦੇ ਤੰਤੂਆਂ ਵਿਚ ਸੁਧਾਰ ਆਉਂਦਾ ਹੈ। ਡਾਕਟਰ ਡਾਨ ਕਿੰਡਲਨ ਇਸ ਦਾ ਮਤਲਬ ਸਮਝਾਉਂਦਾ ਹੈ: “ਜੇ ਅਸੀਂ ਆਪਣੇ ਬੱਚੇ ਨੂੰ ਭੂਹੇ ਚੜ੍ਹਾਇਆ ਹੈ, ਜੇ ਅਸੀਂ ਉਸ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ, ਫਟਾਫਟ ਚੀਜ਼ਾਂ ਪਾਉਣ ਦੀ ਖ਼ਾਹਸ਼ ਨੂੰ ਮਾਰਨਾ ਅਤੇ ਲਾਲਚ ਤੋਂ ਦੂਰ ਰਹਿਣਾ ਨਹੀਂ ਸਿਖਾਉਂਦੇ, ਤਾਂ ਸ਼ਾਇਦ ਬੱਚੇ ਦੇ ਦਿਮਾਗ਼ ਵਿਚ ਉਹ ਬਦਲਾਅ ਨਾ ਆਉਣ ਜੋ ਸਮਝਦਾਰ ਬੱਚਿਆਂ ਦੇ ਦਿਮਾਗ਼ ਵਿਚ ਆਉਂਦੇ ਹਨ।” *

ਤੁਸੀਂ ਕੀ ਕਰ ਸਕਦੇ ਹੋ?

ਚੰਗੀ ਮਿਸਾਲ ਬਣੋ। ਤੁਸੀਂ ਕਿੰਨਾ ਕੁ ਸੰਜਮ ਦਿਖਾਉਂਦੇ ਹੋ? ਕੀ ਤੁਹਾਡਾ ਬੱਚਾ ਟ੍ਰੈਫਿਕ ਜਾਮ ਹੋਣ ਤੇ ਤੁਹਾਨੂੰ ਗੁੱਸੇ ਵਿਚ ਭੜਕੇ ਹੋਏ, ਦੁਕਾਨ ’ਤੇ ਲਾਈਨ ਤੋੜਦੇ ਹੋਏ ਅਤੇ ਦੂਸਰਿਆਂ ਦੀ ਗੱਲ ਨੂੰ ਵਿੱਚੇ ਟੋਕਦੇ ਹੋਏ ਦੇਖਦਾ ਹੈ? ਕਿੰਡਲਨ ਲਿਖਦਾ ਹੈ: “ਆਪਣੇ ਬੱਚਿਆਂ ਨੂੰ ਸੰਜਮ ਰੱਖਣਾ ਸਿਖਾਉਣ ਦਾ ਸਿੱਧਾ-ਸਾਧਾ ਤਰੀਕਾ ਹੈ ਕਿ ਅਸੀਂ ਉਨ੍ਹਾਂ ਲਈ ਇਕ ਚੰਗੀ ਮਿਸਾਲ ਬਣੀਏ।”ਬਾਈਬਲ ਦਾ ਅਸੂਲ: ਰੋਮੀਆਂ 12:9.

ਸੰਜਮ ਨਾ ਰੱਖਣ ਦੇ ਅੰਜਾਮ ਬਾਰੇ ਸਿਖਾਓ। ਬੱਚੇ ਦੀ ਉਮਰ ਦੇ ਹਿਸਾਬ ਨਾਲ ਉਸ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਆਪਣੀਆਂ ਖ਼ਾਹਸ਼ਾਂ ਨੂੰ ਮਾਰਨ ਦਾ ਉਸ ਨੂੰ ਹੀ ਫ਼ਾਇਦਾ ਹੋਵੇਗਾ ਅਤੇ ਇਸ ਤਰ੍ਹਾਂ ਕਰ ਕੇ ਉਸ ਨੂੰ ਕੋਈ ਭਾਰੀ ਕੀਮਤ ਨਹੀਂ ਚੁਕਾਉਣੀ ਪਵੇਗੀ। ਮਿਸਾਲ ਲਈ, ਜੇ ਕਿਸੇ ਦੇ ਗ਼ਲਤ ਵਿਵਹਾਰ ਕਰਕੇ ਤੁਹਾਡੇ ਬੱਚੇ ਨੂੰ ਗੁੱਸਾ ਚੜ੍ਹ ਗਿਆ ਹੈ, ਤਾਂ ਉਸ ਦੀ ਮਦਦ ਕਰੋ ਕਿ ਉਸ ਦਾ ਗੁੱਸਾ ਠੰਢਾ ਹੋਵੇ ਅਤੇ ਉਹ ਆਪਣੇ ਆਪ ਨੂੰ ਪੁੱਛੇ: ‘ਕੀ ਬਦਲਾ ਲੈਣ ਨਾਲ ਉਸ ਦੀ ਮਦਦ ਹੋਵੇਗੀ ਜਾਂ ਨੁਕਸਾਨ? ਕੀ ਇਸ ਮਾਮਲੇ ਨਾਲ ਨਜਿੱਠਣ ਦਾ ਕੋਈ ਵਧੀਆ ਤਰੀਕਾ ਹੈ—ਸ਼ਾਇਦ ਦਸ ਤਕ ਗਿਣਤੀ ਕਰ ਕੇ ਉਸ ਦਾ ਗੁੱਸਾ ਠੰਢਾ ਹੋ ਜਾਵੇ? ਕੀ ਉੱਥੋਂ ਚਲੇ ਜਾਣਾ ਵਧੀਆ ਹੋਵੇਗਾ?’—ਬਾਈਬਲ ਦਾ ਅਸੂਲ: ਗਲਾਤੀਆਂ 6:7.

ਬੱਚੇ ਨੂੰ ਹੱਲਾਸ਼ੇਰੀ ਦਿਓ। ਜਦੋਂ ਬੱਚਾ ਸੰਜਮ ਦਿਖਾਉਂਦਾ ਹੈ, ਤਾਂ ਉਸ ਦੀ ਤਾਰੀਫ਼ ਕਰੋ। ਉਸ ਨੂੰ ਕਹੋ ਕਿ ਸ਼ਾਇਦ ਉਸ ਲਈ ਆਪਣੀਆਂ ਖ਼ਾਹਸ਼ਾਂ ’ਤੇ ਕਾਬੂ ਪਾਉਣਾ ਹਮੇਸ਼ਾ ਆਸਾਨ ਨਾ ਹੋਵੇ, ਪਰ ਇਸ ਤਰ੍ਹਾਂ ਕਰ ਕੇ ਉਹ ਦਲੇਰੀ ਦਿਖਾ ਰਿਹਾ ਹੈ! ਬਾਈਬਲ ਕਹਿੰਦੀ ਹੈ: “ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।” (ਕਹਾਉਤਾਂ 25:28) ਇਸ ਦੇ ਉਲਟ, ‘ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ ਚੰਗਾ ਹੈ।’ਕਹਾਉਤਾਂ 16:32.

ਅਭਿਆਸ। ਕੋਈ ਗੇਮ ਖੇਡੋ ਜਿਵੇਂ, “ਤੁਸੀਂ ਕੀ ਕਰੋਗੇ?” ਜਾਂ “ਚੰਗੀ ਪਸੰਦ, ਮਾੜੀ ਪਸੰਦ” ਜਾਂ ਇਸ ਤਰ੍ਹਾਂ ਦੀ ਕੋਈ ਹੋਰ ਗੇਮ। ਇਸ ਬਾਰੇ ਗੱਲਬਾਤ ਕਰੋ ਕਿ ਕਿਸੇ ਵੇਲੇ ਕਿਹੜੇ ਹਾਲਾਤ ਪੈਦਾ ਹੋ ਸਕਦੇ ਹਨ ਅਤੇ ਫਿਰ ਇਨ੍ਹਾਂ ਹਾਲਾਤਾਂ ਮੁਤਾਬਕ ਐਕਟਿੰਗ ਕਰੋ। ਤੁਸੀਂ ਜੋ ਵੀ ਕਿਰਦਾਰ ਨਿਭਾਓਗੇ ਉਸ ਨੂੰ “ਚੰਗਾ” ਤੇ “ਮਾੜਾ” ਲੇਬਲ ਦਿਓ। ਮਜ਼ੇਦਾਰ ਬਣਾਓ: ਜੇ ਤੁਸੀਂ ਚਾਹੋ ਤਾਂ ਤਸਵੀਰਾਂ, ਕਠਪੁਤਲੀਆਂ ਜਾਂ ਹੋਰ ਕੋਈ ਤਰੀਕਾ ਵਰਤ ਕੇ ਗੇਮ ਨੂੰ ਮਜ਼ੇਦਾਰ ਬਣਾ ਸਕਦੇ ਹੋ ਜਿਸ ਤੋਂ ਬੱਚੇ ਨੂੰ ਕੁਝ ਸਿੱਖਣ ਨੂੰ ਮਿਲੇ। ਤੁਹਾਡਾ ਮੁੱਖ ਟੀਚਾ ਬੱਚੇ ਨੂੰ ਇਹ ਅਹਿਸਾਸ ਕਰਾਉਣਾ ਹੋਣਾ ਚਾਹੀਦਾ ਹੈ ਕਿ ਗੁੱਸਾ ਕਰਨ ਨਾਲੋਂ ਸੰਜਮ ਰੱਖਣਾ ਜ਼ਿਆਦਾ ਵਧੀਆ ਹੈ।—ਬਾਈਬਲ ਦਾ ਅਸੂਲ: ਕਹਾਉਤਾਂ 29:11.

ਧੀਰਜ ਰੱਖੋ। ਬਾਈਬਲ ਕਹਿੰਦੀ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” (ਕਹਾਉਤਾਂ 22:15) ਇਸ ਲਈ ਇਹ ਆਸ ਨਾ ਰੱਖੋ ਕਿ ਤੁਹਾਡੇ ਬੱਚੇ ਵਿਚ ਰਾਤੋ-ਰਾਤ ਸੰਜਮ ਪੈਦਾ ਹੋ ਜਾਵੇਗਾ। ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾਓ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: ‘ਸੰਜਮ ਦਾ ਗੁਣ ਹੌਲੀ-ਹੌਲੀ ਪੈਦਾ ਹੁੰਦਾ ਹੈ।’ ਪਰ ਕੋਸ਼ਿਸ਼ ਕਰਦੇ ਰਹਿਣਾ ਫ਼ਾਇਦੇਮੰਦ ਹੈ। ਕਿਤਾਬ ਅੱਗੇ ਦੱਸਦੀ ਹੈ: “ਜਿਹੜੇ ਬੱਚੇ ਆਪਣੇ ’ਤੇ ਕਾਬੂ ਰੱਖਦੇ ਹਨ, ਉਹ 12 ਸਾਲ ਦੀ ਉਮਰ ਵਿਚ ਨਸ਼ਿਆਂ ਤੋਂ ਅਤੇ 14 ਸਾਲ ਦੀ ਉਮਰ ਵਿਚ ਸੈਕਸ ਕਰਨ ਤੋਂ ਦੂਰ ਰਹਿ ਸਕਦੇ ਹਨ।” (g15-E 08)

^ ਪੈਰਾ 4 ਇਸ ਲੇਖ ਵਿਚ ਦੱਸੀਆਂ ਗੱਲਾਂ ਮੁੰਡੇ-ਕੁੜੀਆਂ ਦੋਵਾਂ ’ਤੇ ਲਾਗੂ ਹੁੰਦੀਆਂ ਹਨ।

^ ਪੈਰਾ 7 ਇਹ ਗੱਲ ਅੰਗ੍ਰੇਜ਼ੀ ਦੀ ਕਿਤਾਬ ਹਰ ਉਮਰ ਦੇ ਬੱਚਿਆਂ ਨੂੰ ਨਾਂਹ ਸੁਣਨ ਦੀ ਲੋੜ ਹੈ ਅਤੇ ਮਾਪੇ ਕਿਹੜੇ ਤਰੀਕਿਆਂ ਨਾਲ ਨਾਂਹ ਕਹਿ ਸਕਦੇ ਹਨ ਵਿੱਚੋਂ ਲਈ ਗਈ ਹੈ।

^ ਪੈਰਾ 9 ਇਹ ਗੱਲ ਅੰਗ੍ਰੇਜ਼ੀ ਦੀ ਕਿਤਾਬ ਹੱਦੋਂ ਵੱਧ ਚੀਜ਼ਾਂ ਦੇਣੀਆਂ—ਐਸ਼ੋ ਆਰਾਮ ਦੇ ਜ਼ਮਾਨੇ ਵਿਚ ਬੱਚਿਆਂ ਨੂੰ ਸਮਝਦਾਰ ਬਣਾਉਣਾ ਵਿੱਚੋਂ ਲਈ ਗਈ ਹੈ।