ਰਸੂਲਾਂ ਦੇ ਕੰਮ 4:1-37

  • ਪਤਰਸ ਅਤੇ ਯੂਹੰਨਾ ਗਿਰਫ਼ਤਾਰ (1-4)

    • ਵਿਸ਼ਵਾਸ ਕਰਨ ਵਾਲੇ ਆਦਮੀਆਂ ਦੀ ਗਿਣਤੀ 5,000 ਹੋ ਗਈ (4)

  • ਮਹਾਸਭਾ ਸਾਮ੍ਹਣੇ ਮੁਕੱਦਮਾ (5-22)

    • ‘ਅਸੀਂ ਗੱਲ ਕਰਨੋਂ ਹਟ ਨਹੀਂ ਸਕਦੇ’ (20)

  • ਦਲੇਰੀ ਲਈ ਪ੍ਰਾਰਥਨਾ (23-31)

  • ਚੇਲਿਆਂ ਨੇ ਚੀਜ਼ਾਂ ਸਾਂਝੀਆਂ ਕੀਤੀਆਂ (32-37)

4  ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ, ਤਾਂ ਅਚਾਨਕ ਪੁਜਾਰੀ, ਮੰਦਰ ਦੇ ਪਹਿਰੇਦਾਰਾਂ ਦਾ ਮੁਖੀ ਅਤੇ ਸਦੂਕੀ+ ਉੱਥੇ ਆ ਧਮਕੇ।  ਉਹ ਇਸ ਗੱਲੋਂ ਚਿੜ੍ਹੇ ਹੋਏ ਸਨ ਕਿ ਇਹ ਰਸੂਲ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ ਅਤੇ ਖੁੱਲ੍ਹੇ-ਆਮ ਦੱਸ ਰਹੇ ਸਨ ਕਿ ਯਿਸੂ ਮਰੇ ਹੋਇਆਂ ਵਿੱਚੋਂ ਜੀਉਂਦਾ ਹੋ ਗਿਆ ਸੀ।*+  ਇਸ ਕਰਕੇ ਉਨ੍ਹਾਂ ਨੇ ਦੋਹਾਂ ਨੂੰ ਫੜ ਕੇ* ਅਗਲੇ ਦਿਨ ਤਕ ਹਿਰਾਸਤ ਵਿਚ ਰੱਖ ਲਿਆ+ ਕਿਉਂਕਿ ਸ਼ਾਮ ਪੈ ਗਈ ਸੀ।  ਪਰ ਜਿਨ੍ਹਾਂ ਨੇ ਉਨ੍ਹਾਂ ਦੋਵਾਂ ਦੀਆਂ ਗੱਲਾਂ ਸੁਣੀਆਂ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਚੇਲਿਆਂ ਵਿਚ ਆਦਮੀਆਂ ਦੀ ਗਿਣਤੀ ਲਗਭਗ 5,000 ਹੋ ਗਈ।+  ਅਗਲੇ ਦਿਨ ਯਰੂਸ਼ਲਮ ਵਿਚ ਯਹੂਦੀਆਂ ਦੇ ਧਾਰਮਿਕ ਆਗੂ, ਬਜ਼ੁਰਗ ਅਤੇ ਗ੍ਰੰਥੀ ਇਕੱਠੇ ਹੋਏ  ਉਨ੍ਹਾਂ ਵਿਚ ਮੁੱਖ ਪੁਜਾਰੀ ਅੰਨਾਸ,+ ਕਾਇਫ਼ਾ,+ ਯੂਹੰਨਾ, ਸਿਕੰਦਰ ਅਤੇ ਮੁੱਖ ਪੁਜਾਰੀ ਦੇ ਬਹੁਤ ਸਾਰੇ ਰਿਸ਼ਤੇਦਾਰ ਵੀ ਸਨ।  ਉਹ ਪਤਰਸ ਤੇ ਯੂਹੰਨਾ ਨੂੰ ਆਪਣੇ ਵਿਚਕਾਰ ਖੜ੍ਹੇ ਕਰ ਕੇ ਪੁੱਛਣ ਲੱਗੇ: “ਤੁਸੀਂ ਇਹ ਕੰਮ ਕਿਸ ਦੇ ਅਧਿਕਾਰ ਨਾਲ ਜਾਂ ਕਿਸ ਦੇ ਨਾਂ ’ਤੇ ਕਰਦੇ ਹੋ?”  ਫਿਰ ਪਤਰਸ ਪਵਿੱਤਰ ਸ਼ਕਤੀ ਨਾਲ ਭਰ ਗਿਆ+ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਕੌਮ ਦੇ ਆਗੂਓ ਅਤੇ ਬਜ਼ੁਰਗੋ,  ਜੇ ਇਸ ਲੰਗੜੇ ਦਾ ਭਲਾ ਕਰਨ ਕਰਕੇ ਅੱਜ ਸਾਡੇ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ+ ਅਤੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਸ ਨੇ ਇਸ ਨੂੰ ਚੰਗਾ ਕੀਤਾ ਹੈ, 10  ਤਾਂ ਤੁਹਾਨੂੰ ਅਤੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਜਾਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਂ ’ਤੇ,+ ਹਾਂ, ਉਸੇ ਰਾਹੀਂ ਇਹ ਆਦਮੀ ਇੱਥੇ ਤੁਹਾਡੇ ਸਾਮ੍ਹਣੇ ਤੰਦਰੁਸਤ ਖੜ੍ਹਾ ਹੈ। ਤੁਸੀਂ ਉਸੇ ਯਿਸੂ ਨੂੰ ਸੂਲ਼ੀ ’ਤੇ ਟੰਗ ਦਿੱਤਾ ਸੀ,+ ਪਰ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ।+ 11  ਉਹੀ ਯਿਸੂ ‘ਉਹ ਪੱਥਰ ਹੈ ਜਿਸ ਨੂੰ ਰਾਜ ਮਿਸਤਰੀਆਂ ਨੇ ਯਾਨੀ ਤੁਸੀਂ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।’+ 12  ਨਾਲੇ ਹੋਰ ਕਿਸੇ ਰਾਹੀਂ ਮੁਕਤੀ ਨਹੀਂ ਮਿਲੇਗੀ ਕਿਉਂਕਿ ਪਰਮੇਸ਼ੁਰ ਨੇ ਧਰਤੀ ਉੱਤੇ ਹੋਰ ਕਿਸੇ ਨੂੰ ਨਹੀਂ ਚੁਣਿਆ+ ਜਿਸ ਦੇ ਨਾਂ ’ਤੇ ਸਾਨੂੰ ਬਚਾਇਆ ਜਾਵੇਗਾ।”+ 13  ਜਦੋਂ ਉਨ੍ਹਾਂ ਨੇ ਗੱਲ ਕਰਨ ਵਿਚ ਪਤਰਸ ਤੇ ਯੂਹੰਨਾ ਦੀ ਦਲੇਰੀ ਦੇਖੀ ਅਤੇ ਜਾਣ ਲਿਆ ਕਿ ਉਹ ਦੋਵੇਂ ਘੱਟ ਪੜ੍ਹੇ-ਲਿਖੇ* ਅਤੇ ਆਮ ਆਦਮੀ ਸਨ,+ ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ। ਉਨ੍ਹਾਂ ਨੇ ਪਛਾਣ ਲਿਆ ਕਿ ਉਹ ਦੋਵੇਂ ਯਿਸੂ ਨਾਲ ਹੁੰਦੇ ਸਨ।+ 14  ਉਨ੍ਹਾਂ ਨੇ ਉਸ ਆਦਮੀ ਨੂੰ ਵੀ ਉਨ੍ਹਾਂ ਦੋਵਾਂ ਨਾਲ ਖੜ੍ਹਾ ਦੇਖਿਆ ਜਿਸ ਨੂੰ ਚੰਗਾ ਕੀਤਾ ਗਿਆ ਸੀ+ ਜਿਸ ਕਰਕੇ ਉਨ੍ਹਾਂ ਨੂੰ ਕੋਈ ਜਵਾਬ ਨਾ ਸੁੱਝਿਆ।+ 15  ਇਸ ਕਰਕੇ ਉਨ੍ਹਾਂ ਨੇ ਤਿੰਨਾਂ ਨੂੰ ਮਹਾਸਭਾ ਦੇ ਹਾਲ ਤੋਂ ਬਾਹਰ ਜਾਣ ਦਾ ਹੁਕਮ ਦਿੱਤਾ ਅਤੇ ਉਹ ਆਪਸ ਵਿਚ ਸਲਾਹ-ਮਸ਼ਵਰਾ ਕਰਦੇ ਹੋਏ 16  ਕਹਿਣ ਲੱਗੇ: “ਆਪਾਂ ਇਨ੍ਹਾਂ ਦੋਵਾਂ ਦਾ ਕੀ ਕਰੀਏ?+ ਵਾਕਈ, ਇਨ੍ਹਾਂ ਨੇ ਇਕ ਅਨੋਖਾ ਕੰਮ ਕੀਤਾ ਹੈ ਅਤੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਹੈ+ ਤੇ ਅਸੀਂ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ। 17  ਪਰ ਆਪਾਂ ਇਨ੍ਹਾਂ ਨੂੰ ਡਰਾ-ਧਮਕਾ ਕੇ ਕਹਿ ਦਿੰਦੇ ਹਾਂ ਕਿ ਇਹ ਕਿਸੇ ਨਾਲ ਵੀ ਇਸ ਨਾਂ* ’ਤੇ ਬਿਲਕੁਲ ਗੱਲ ਨਾ ਕਰਨ ਤਾਂਕਿ ਇਹ ਗੱਲ ਦੂਰ-ਦੂਰ ਰਹਿਣ ਵਾਲੇ ਲੋਕਾਂ ਵਿਚ ਨਾ ਫੈਲੇ।”+ 18  ਫਿਰ ਉਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਉਹ ਯਿਸੂ ਦੇ ਨਾਂ ਬਾਰੇ ਨਾ ਤਾਂ ਗੱਲ ਕਰਨ ਅਤੇ ਨਾ ਹੀ ਸਿੱਖਿਆ ਦੇਣ। 19  ਪਰ ਪਤਰਸ ਤੇ ਯੂਹੰਨਾ ਨੇ ਜਵਾਬ ਦਿੱਤਾ: “ਤੁਸੀਂ ਆਪ ਸੋਚੋ, ਕੀ ਪਰਮੇਸ਼ੁਰ ਦੀ ਨਜ਼ਰ ਵਿਚ ਇਹ ਸਹੀ ਹੋਵੇਗਾ ਕਿ ਅਸੀਂ ਉਸ ਦੀ ਗੱਲ ਸੁਣਨ ਦੀ ਬਜਾਇ ਤੁਹਾਡੀ ਗੱਲ ਸੁਣੀਏ? 20  ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।”+ 21  ਇਸ ਲਈ, ਉਨ੍ਹਾਂ ਨੇ ਦੋਵਾਂ ਨੂੰ ਡਰਾ-ਧਮਕਾ ਕੇ ਛੱਡ ਦਿੱਤਾ ਕਿਉਂਕਿ ਉਨ੍ਹਾਂ ਕੋਲ ਉਨ੍ਹਾਂ ਦੋਹਾਂ ਨੂੰ ਸਜ਼ਾ ਦੇਣ ਦਾ ਕੋਈ ਕਾਰਨ ਨਹੀਂ ਸੀ ਅਤੇ ਉਹ ਲੋਕਾਂ ਤੋਂ ਵੀ ਡਰਦੇ ਸਨ+ ਕਿਉਂਕਿ ਜੋ ਵੀ ਹੋਇਆ ਸੀ, ਉਸ ਕਰਕੇ ਸਾਰੇ ਲੋਕ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਸਨ। 22  ਜਿਸ ਆਦਮੀ ਨੂੰ ਚਮਤਕਾਰ ਕਰ ਕੇ ਚੰਗਾ ਕੀਤਾ ਗਿਆ ਸੀ, ਉਸ ਦੀ ਉਮਰ 40 ਸਾਲਾਂ ਤੋਂ ਉੱਪਰ ਸੀ। 23  ਉਹ ਦੋਵੇਂ ਰਿਹਾ ਹੋਣ ਤੋਂ ਬਾਅਦ ਦੂਸਰੇ ਚੇਲਿਆਂ ਕੋਲ ਚਲੇ ਗਏ ਅਤੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਮੁੱਖ ਪੁਜਾਰੀਆਂ ਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਕਹੀਆਂ ਸਨ। 24  ਇਹ ਸੁਣਨ ਤੋਂ ਬਾਅਦ ਉਹ ਰਲ਼ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗੇ: “ਸਾਰੇ ਜਹਾਨ ਦੇ ਮਾਲਕ, ਤੂੰ ਹੀ ਆਕਾਸ਼, ਧਰਤੀ, ਸਮੁੰਦਰ ਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ+ 25  ਅਤੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਤੂੰ ਸਾਡੇ ਪੂਰਵਜ ਤੇ ਆਪਣੇ ਸੇਵਕ ਦਾਊਦ ਦੇ ਮੂੰਹੋਂ ਕਹਾਇਆ ਸੀ:+ ‘ਕੌਮਾਂ ਕਿਉਂ ਕ੍ਰੋਧਵਾਨ ਹੋਈਆਂ ਅਤੇ ਦੇਸ਼-ਦੇਸ਼ ਦੇ ਲੋਕਾਂ ਨੇ ਵਿਅਰਥ ਗੱਲਾਂ ਉੱਤੇ ਧਿਆਨ ਕਿਉਂ ਲਾਇਆ? 26  ਧਰਤੀ ਦੇ ਰਾਜੇ ਉੱਠ ਖੜ੍ਹੇ ਹੋਏ ਹਨ ਅਤੇ ਹਾਕਮ ਯਹੋਵਾਹ* ਅਤੇ ਉਸ ਦੇ ਚੁਣੇ ਹੋਏ* ਦੇ ਖ਼ਿਲਾਫ਼ ਇਕੱਠੇ ਹੋਏ ਹਨ।’+ 27  ਇਹ ਸਭ ਗੱਲਾਂ ਉਦੋਂ ਪੂਰੀਆਂ ਹੋਈਆਂ ਜਦੋਂ ਹੇਰੋਦੇਸ, ਪੁੰਤੀਅਸ ਪਿਲਾਤੁਸ,+ ਗ਼ੈਰ-ਯਹੂਦੀ ਕੌਮਾਂ ਅਤੇ ਇਜ਼ਰਾਈਲ ਦੇ ਲੋਕ ਤੇਰੇ ਚੁਣੇ ਹੋਏ ਪਵਿੱਤਰ ਸੇਵਕ ਯਿਸੂ ਦੇ ਖ਼ਿਲਾਫ਼ ਇਸ ਸ਼ਹਿਰ ਵਿਚ ਇਕੱਠੇ ਹੋਏ ਸਨ+ 28  ਤਾਂਕਿ ਉਹ ਉਹੀ ਕੁਝ ਕਰਨ ਜੋ ਤੂੰ ਆਪਣੀ ਤਾਕਤ* ਅਤੇ ਇੱਛਾ ਨਾਲ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ।+ 29  ਹੁਣ ਹੇ ਯਹੋਵਾਹ,* ਉਨ੍ਹਾਂ ਦੀਆਂ ਧਮਕੀਆਂ ਵੱਲ ਧਿਆਨ ਦੇ ਅਤੇ ਆਪਣੇ ਦਾਸਾਂ ਨੂੰ ਇਸ ਕਾਬਲ ਬਣਾ ਕਿ ਅਸੀਂ ਦਲੇਰੀ ਨਾਲ ਤੇਰੇ ਬਚਨ ਦਾ ਐਲਾਨ ਕਰਦੇ ਰਹੀਏ 30  ਅਤੇ ਤੂੰ ਆਪਣਾ ਹੱਥ ਵਧਾ ਕੇ ਬੀਮਾਰਾਂ ਨੂੰ ਚੰਗਾ ਕਰਦਾ ਰਹਿ ਅਤੇ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਂ ਰਾਹੀਂ+ ਨਿਸ਼ਾਨੀਆਂ ਤੇ ਚਮਤਕਾਰ ਹੁੰਦੇ ਰਹਿਣ।”+ 31  ਜਦੋਂ ਉਹ ਫ਼ਰਿਆਦ* ਕਰ ਹਟੇ, ਤਾਂ ਜਿਸ ਘਰ ਵਿਚ ਉਹ ਸਾਰੇ ਇਕੱਠੇ ਹੋਏ ਸਨ, ਉਹ ਘਰ ਹਿੱਲਣ ਲੱਗ ਪਿਆ ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ+ ਅਤੇ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਲੱਗੇ।+ 32  ਵਿਸ਼ਵਾਸ ਕਰਨ ਵਾਲੇ ਸਾਰੇ ਲੋਕ ਇਕ ਦਿਲ ਅਤੇ ਇਕ ਜਾਨ ਸਨ ਅਤੇ ਉਨ੍ਹਾਂ ਵਿੱਚੋਂ ਇਕ ਵੀ ਜਣਾ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਨਹੀਂ ਕਹਿੰਦਾ ਸੀ, ਸਗੋਂ ਉਹ ਸਾਰੇ ਇਕ-ਦੂਜੇ ਨਾਲ ਆਪਣੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਕਰਦੇ ਸਨ।+ 33  ਅਤੇ ਰਸੂਲ ਅਸਰਦਾਰ ਢੰਗ ਨਾਲ ਗਵਾਹੀ ਦਿੰਦੇ ਰਹੇ ਕਿ ਪ੍ਰਭੂ ਯਿਸੂ ਦੁਬਾਰਾ ਜੀਉਂਦਾ ਹੋ ਗਿਆ ਸੀ+ ਅਤੇ ਪਰਮੇਸ਼ੁਰ ਦੀ ਬੇਅੰਤ ਅਪਾਰ ਕਿਰਪਾ ਉਨ੍ਹਾਂ ਸਾਰਿਆਂ ਉੱਤੇ ਸੀ। 34  ਅਸਲ ਵਿਚ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਤੰਗੀ ਨਹੀਂ ਸੀ+ ਕਿਉਂਕਿ ਜਿਨ੍ਹਾਂ ਕੋਲ ਖੇਤ ਜਾਂ ਘਰ ਸਨ, ਉਹ ਸਾਰੇ ਉਨ੍ਹਾਂ ਨੂੰ ਵੇਚ ਦਿੰਦੇ ਸਨ ਅਤੇ ਪੈਸੇ ਲਿਆ ਕੇ 35  ਰਸੂਲਾਂ ਦੇ ਚਰਨਾਂ ਵਿਚ ਰੱਖ ਦਿੰਦੇ ਸਨ।+ ਫਿਰ ਸਾਰਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਪੈਸਾ ਵੰਡ ਦਿੱਤਾ ਜਾਂਦਾ ਸੀ।+ 36  ਸਾਈਪ੍ਰਸ ਵਿਚ ਪੈਦਾ ਹੋਏ ਯੂਸੁਫ਼ ਨਾਂ ਦੇ ਇਕ ਲੇਵੀ ਨੇ ਵੀ ਇਸੇ ਤਰ੍ਹਾਂ ਕੀਤਾ। ਰਸੂਲਾਂ ਨੇ ਉਸ ਦਾ ਨਾਂ ਬਰਨਾਬਾਸ+ (ਜਿਸ ਦਾ ਮਤਲਬ ਹੈ “ਦਿਲਾਸੇ ਦਾ ਪੁੱਤਰ”) ਰੱਖਿਆ ਸੀ। 37  ਉਸ ਕੋਲ ਥੋੜ੍ਹੀ ਜਿਹੀ ਜ਼ਮੀਨ ਸੀ ਜਿਸ ਨੂੰ ਉਸ ਨੇ ਵੇਚ ਦਿੱਤਾ ਅਤੇ ਪੈਸਾ ਲਿਆ ਕੇ ਰਸੂਲਾਂ ਦੇ ਚਰਨਾਂ ਵਿਚ ਰੱਖ ਦਿੱਤਾ।+

ਫੁਟਨੋਟ

ਜਾਂ, “ਯਿਸੂ ਦੀ ਮਿਸਾਲ ਦੇ ਕੇ ਮਰੇ ਹੋਇਆਂ ਦੇ ਜੀਉਂਦੇ ਹੋਣ ਦਾ ਐਲਾਨ ਕਰ ਰਹੇ ਸਨ।”
ਜਾਂ, “ਗਿਰਫ਼ਤਾਰ ਕਰ ਕੇ।”
ਯੂਨਾ, “ਕੋਨੇ ਦਾ ਸਿਰਾ।”
ਜਾਂ, “ਠੁਕਰਾ ਦਿੱਤਾ।”
ਜਾਂ, “ਅਨਪੜ੍ਹ,” ਯਾਨੀ ਉਨ੍ਹਾਂ ਨੇ ਰੱਬੀਆਂ ਦੇ ਸਕੂਲਾਂ ਵਿਚ ਪੜ੍ਹਾਈ ਨਹੀਂ ਕੀਤੀ ਸੀ; ਉਹ ਸੱਚ-ਮੁੱਚ ਅਨਪੜ੍ਹ ਨਹੀਂ ਸਨ।
ਯਾਨੀ, ਯਿਸੂ ਦੇ ਨਾਂ।
ਜਾਂ, “ਮਸੀਹ।”
ਯੂਨਾ, “ਹੱਥ।”
ਜਾਂ, “ਦਿਲੋਂ ਪ੍ਰਾਰਥਨਾ।”