ਰਸੂਲਾਂ ਦੇ ਕੰਮ 24:1-27

  • ਪੌਲੁਸ ਉੱਤੇ ਦੋਸ਼ (1-9)

  • ਫ਼ੇਲਿਕਸ ਸਾਮ੍ਹਣੇ ਪੌਲੁਸ ਨੇ ਸਫ਼ਾਈ ਪੇਸ਼ ਕੀਤੀ (10-21)

  • ਪੌਲੁਸ ਦਾ ਮੁਕੱਦਮਾ ਦੋ ਸਾਲ ਲਈ ਟਾਲ਼ਿਆ ਗਿਆ (22-27)

24  ਪੰਜਾਂ ਦਿਨਾਂ ਬਾਅਦ ਮਹਾਂ ਪੁਜਾਰੀ ਹਨਾਨਿਆ+ ਤੇ ਕੁਝ ਬਜ਼ੁਰਗ ਤਰਤੁੱਲੁਸ ਨਾਂ ਦੇ ਵਕੀਲ ਨੂੰ ਲੈ ਕੇ ਕੈਸਰੀਆ ਆਏ ਅਤੇ ਉਨ੍ਹਾਂ ਨੇ ਪੌਲੁਸ ਦੇ ਖ਼ਿਲਾਫ਼ ਰਾਜਪਾਲ ਫ਼ੇਲਿਕਸ ਸਾਮ੍ਹਣੇ ਮੁਕੱਦਮਾ ਪੇਸ਼ ਕੀਤਾ।+  ਜਦੋਂ ਤਰਤੁੱਲੁਸ ਨੂੰ ਬੋਲਣ ਲਈ ਕਿਹਾ ਗਿਆ, ਤਾਂ ਉਸ ਨੇ ਪੌਲੁਸ ਉੱਤੇ ਦੋਸ਼ ਲਾਉਣੇ ਸ਼ੁਰੂ ਕੀਤੇ: “ਹਜ਼ੂਰ ਫ਼ੇਲਿਕਸ, ਤੇਰੇ ਕਰਕੇ ਅਸੀਂ ਬਹੁਤ ਹੀ ਅਮਨ-ਚੈਨ ਨਾਲ ਰਹਿੰਦੇ ਹਾਂ ਅਤੇ ਤੇਰੇ ਚੰਗੇ ਪ੍ਰਬੰਧਾਂ ਕਰਕੇ ਇਸ ਕੌਮ ਵਿਚ ਬੜੇ ਸੁਧਾਰ ਹੋ ਰਹੇ ਹਨ।  ਸਾਨੂੰ ਹਰ ਸਮੇਂ ਅਤੇ ਹਰ ਜਗ੍ਹਾ ਇਨ੍ਹਾਂ ਦਾ ਫ਼ਾਇਦਾ ਹੁੰਦਾ ਹੈ ਅਤੇ ਇਸ ਵਾਸਤੇ ਅਸੀਂ ਤੇਰੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ।  ਪਰ ਮੈਂ ਤੇਰਾ ਹੋਰ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ, ਇਸ ਲਈ ਮੈਂ ਥੋੜ੍ਹੇ ਸ਼ਬਦਾਂ ਵਿਚ ਆਪਣੀ ਗੱਲ ਕਹਾਂਗਾ ਤੇ ਸਾਡੀ ਗੱਲ ਸੁਣਨ ਦੀ ਕਿਰਪਾਲਤਾ ਕਰਨੀ।  ਅਸੀਂ ਦੇਖਿਆ ਹੈ ਕਿ ਇਹ ਆਦਮੀ ਸਾਰੇ ਫ਼ਸਾਦ ਦੀ ਜੜ੍ਹ* ਹੈ+ ਅਤੇ ਇਹ ਸਾਰੀ ਦੁਨੀਆਂ ਵਿਚ ਰਹਿੰਦੇ ਯਹੂਦੀਆਂ ਨੂੰ ਸਰਕਾਰ ਦੇ ਖ਼ਿਲਾਫ਼ ਭੜਕਾਉਂਦਾ ਹੈ+ ਅਤੇ ਇਹ ਨਾਸਰੀਆਂ ਦੇ ਪੰਥ ਦਾ ਇਕ ਆਗੂ ਹੈ।+  ਇਸ ਨੇ ਮੰਦਰ ਨੂੰ ਵੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸੇ ਕਰਕੇ ਅਸੀਂ ਇਸ ਨੂੰ ਫੜ ਲਿਆ।+  *  ਜਦੋਂ ਤੂੰ ਆਪ ਇਸ ਤੋਂ ਪੁੱਛ-ਗਿੱਛ ਕਰੇਂਗਾ, ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਵੱਲੋਂ ਇਸ ਉੱਤੇ ਲਾਏ ਸਾਰੇ ਦੋਸ਼ ਸਹੀ ਹਨ।”  ਫਿਰ ਯਹੂਦੀ ਵੀ ਉਸ ਉੱਤੇ ਦੋਸ਼ ਲਾਉਣ ਲੱਗ ਪਏ ਅਤੇ ਜ਼ੋਰ ਦੇ ਕੇ ਕਹਿਣ ਲੱਗੇ ਕਿ ਇਹ ਦੋਸ਼ ਸਹੀ ਹਨ। 10  ਜਦੋਂ ਰਾਜਪਾਲ ਨੇ ਸਿਰ ਹਿਲਾ ਕੇ ਪੌਲੁਸ ਨੂੰ ਬੋਲਣ ਦਾ ਇਸ਼ਾਰਾ ਕੀਤਾ, ਤਾਂ ਪੌਲੁਸ ਨੇ ਕਿਹਾ: “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕਈ ਸਾਲਾਂ ਤੋਂ ਇਸ ਕੌਮ ਦਾ ਨਿਆਂਕਾਰ ਹੈਂ, ਇਸ ਲਈ ਮੈਂ ਬਿਨਾਂ ਝਿਜਕੇ ਆਪਣੀ ਸਫ਼ਾਈ ਪੇਸ਼ ਕਰ ਰਿਹਾ ਹਾਂ।+ 11  ਤੂੰ ਆਪ ਇਸ ਮਾਮਲੇ ਦੀ ਪੜਤਾਲ ਕਰ ਸਕਦਾ ਹੈਂ ਕਿ ਲਗਭਗ 12 ਦਿਨ ਪਹਿਲਾਂ ਹੀ ਮੈਂ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ;+ 12  ਅਤੇ ਇਨ੍ਹਾਂ ਨੇ ਮੈਨੂੰ ਨਾ ਤਾਂ ਮੰਦਰ ਵਿਚ ਕਿਸੇ ਨਾਲ ਬਹਿਸ ਕਰਦੇ ਹੋਏ ਦੇਖਿਆ ਅਤੇ ਨਾ ਹੀ ਸਭਾ ਘਰਾਂ ਵਿਚ ਜਾਂ ਸ਼ਹਿਰ ਵਿਚ ਲੋਕਾਂ ਨੂੰ ਭੜਕਾਉਂਦੇ ਹੋਏ ਦੇਖਿਆ। 13  ਨਾਲੇ ਇਹ ਆਦਮੀ ਜਿਹੜੇ ਦੋਸ਼ ਹੁਣ ਮੇਰੇ ਉੱਤੇ ਲਾ ਰਹੇ ਹਨ, ਉਨ੍ਹਾਂ ਨੂੰ ਵੀ ਸੱਚ ਸਾਬਤ ਨਹੀਂ ਕਰ ਸਕਦੇ। 14  ਪਰ ਮੈਂ ਇਹ ਮੰਨਦਾ ਹਾਂ ਕਿ ਭਗਤੀ ਕਰਨ ਦੇ ਜਿਸ ਤਰੀਕੇ ਨੂੰ ਇਹ ਲੋਕ ਪੰਥ ਕਹਿ ਰਹੇ ਹਨ, ਉਸੇ ਤਰੀਕੇ ਅਨੁਸਾਰ ਮੈਂ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੀ ਭਗਤੀ ਕਰਦਾ ਹਾਂ+ ਅਤੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਲਿਖੀਆਂ ਗੱਲਾਂ ਨੂੰ ਮੰਨਦਾ ਹਾਂ।+ 15  ਇਨ੍ਹਾਂ ਆਦਮੀਆਂ ਵਾਂਗ ਮੈਨੂੰ ਵੀ ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ+ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।+ 16  ਇਸ ਕਰਕੇ ਮੈਂ ਪਰਮੇਸ਼ੁਰ ਅਤੇ ਇਨਸਾਨਾਂ ਦੇ ਸਾਮ੍ਹਣੇ ਆਪਣੀ ਜ਼ਮੀਰ ਨੂੰ ਹਮੇਸ਼ਾ ਸਾਫ਼* ਰੱਖਣ ਦੀ ਕੋਸ਼ਿਸ਼ ਕਰਦਾ ਹਾਂ।+ 17  ਇਸ ਲਈ ਕਈ ਸਾਲਾਂ ਬਾਅਦ ਮੈਂ ਆਪਣੀ ਕੌਮ ਵਾਸਤੇ ਦਾਨ+ ਅਤੇ ਪਰਮੇਸ਼ੁਰ ਨੂੰ ਭੇਟਾਂ ਚੜ੍ਹਾਉਣ ਲਈ ਯਰੂਸ਼ਲਮ ਆਇਆ ਸੀ। 18  ਜਦੋਂ ਮੈਂ ਇਹ ਕੰਮ ਕਰ ਰਿਹਾ ਸਾਂ, ਉਦੋਂ ਇਨ੍ਹਾਂ ਨੇ ਮੈਨੂੰ ਮੰਦਰ ਵਿਚ ਦੇਖਿਆ ਸੀ ਅਤੇ ਉਸ ਵੇਲੇ ਮੈਂ ਰੀਤ ਅਨੁਸਾਰ ਸ਼ੁੱਧ ਸੀ।+ ਪਰ ਉਸ ਵੇਲੇ ਨਾ ਤਾਂ ਮੈਂ ਕਿਸੇ ਭੀੜ ਦੇ ਨਾਲ ਸੀ ਤੇ ਨਾ ਹੀ ਕੋਈ ਫ਼ਸਾਦ ਖੜ੍ਹਾ ਕਰ ਰਿਹਾ ਸੀ। ਪਰ ਉੱਥੇ ਏਸ਼ੀਆ ਜ਼ਿਲ੍ਹੇ ਦੇ ਕੁਝ ਯਹੂਦੀ ਸਨ, 19  ਜੇ ਉਨ੍ਹਾਂ ਨੇ ਮੇਰੇ ਖ਼ਿਲਾਫ਼ ਕੁਝ ਕਹਿਣਾ ਹੈ, ਤਾਂ ਉਨ੍ਹਾਂ ਨੂੰ ਇਸ ਵੇਲੇ ਤੇਰੇ ਸਾਮ੍ਹਣੇ ਹਾਜ਼ਰ ਹੋ ਕੇ ਮੇਰੇ ਉੱਤੇ ਦੋਸ਼ ਲਾਉਣੇ ਚਾਹੀਦੇ ਹਨ।+ 20  ਜਾਂ ਫਿਰ ਇੱਥੇ ਹਾਜ਼ਰ ਇਹ ਆਦਮੀ ਦੱਸਣ ਕਿ ਜਦੋਂ ਮੈਨੂੰ ਮਹਾਸਭਾ ਸਾਮ੍ਹਣੇ ਪੇਸ਼ ਕੀਤਾ ਗਿਆ ਸੀ, ਤਾਂ ਉਸ ਵੇਲੇ ਇਨ੍ਹਾਂ ਨੇ ਮੇਰੇ ਵਿਚ ਕੀ ਦੋਸ਼ ਪਾਇਆ ਸੀ, 21  ਸਿਵਾਇ ਇਕ ਗੱਲ ਦੇ ਜੋ ਮੈਂ ਇਨ੍ਹਾਂ ਸਾਮ੍ਹਣੇ ਉੱਚੀ ਆਵਾਜ਼ ਵਿਚ ਕਹੀ ਸੀ: ‘ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਦੀ ਗੱਲ ਨੂੰ ਲੈ ਕੇ ਅੱਜ ਮੇਰੇ ਉੱਤੇ ਤੁਹਾਡੇ ਸਾਮ੍ਹਣੇ ਮੁਕੱਦਮਾ ਚਲਾਇਆ ਜਾ ਰਿਹਾ ਹੈ।’”+ 22  ਪਰ ਫ਼ੇਲਿਕਸ ਨੂੰ “ਪ੍ਰਭੂ ਦੇ ਰਾਹ”+ ਬਾਰੇ ਸਹੀ ਜਾਣਕਾਰੀ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਟਾਲਣ ਲਈ ਕਿਹਾ: “ਜਦੋਂ ਵੀ ਫ਼ੌਜ ਦਾ ਸੈਨਾਪਤੀ ਲੁਸੀਅਸ ਇੱਥੇ ਆਏਗਾ, ਉਦੋਂ ਮੈਂ ਤੁਹਾਡੇ ਇਨ੍ਹਾਂ ਮਸਲਿਆਂ ਨੂੰ ਨਜਿੱਠਾਂਗਾ।” 23  ਫਿਰ ਉਸ ਨੇ ਫ਼ੌਜੀ ਅਫ਼ਸਰ ਨੂੰ ਹੁਕਮ ਦਿੱਤਾ ਕਿ ਪੌਲੁਸ ਨੂੰ ਹਿਰਾਸਤ ਵਿਚ ਰੱਖਿਆ ਜਾਵੇ, ਪਰ ਉਸ ਨੂੰ ਕੁਝ ਖੁੱਲ੍ਹ ਦਿੱਤੀ ਜਾਵੇ ਅਤੇ ਉਸ ਦੇ ਦੋਸਤਾਂ-ਮਿੱਤਰਾਂ ਨੂੰ ਉਸ ਦੀ ਸੇਵਾ-ਟਹਿਲ ਕਰਨ ਤੋਂ ਨਾ ਰੋਕਿਆ ਜਾਵੇ। 24  ਕੁਝ ਦਿਨਾਂ ਬਾਅਦ ਫ਼ੇਲਿਕਸ ਆਪਣੀ ਯਹੂਦਣ ਪਤਨੀ ਦਰੂਸਿੱਲਾ ਨਾਲ ਆਇਆ ਅਤੇ ਉਸ ਨੇ ਪੌਲੁਸ ਨੂੰ ਸੱਦ ਕੇ ਉਸ ਤੋਂ ਮਸੀਹ ਯਿਸੂ ਉੱਤੇ ਨਿਹਚਾ ਕਰਨ ਬਾਰੇ ਸੁਣਿਆ।+ 25  ਪਰ ਜਦੋਂ ਪੌਲੁਸ ਨੇ ਧਾਰਮਿਕਤਾ,* ਸੰਜਮ ਅਤੇ ਅਗਾਹਾਂ ਹੋਣ ਵਾਲੇ ਨਿਆਂ ਬਾਰੇ ਗੱਲ ਕੀਤੀ,+ ਤਾਂ ਫ਼ੇਲਿਕਸ ਡਰ ਗਿਆ ਅਤੇ ਉਸ ਨੇ ਕਿਹਾ: “ਹੁਣ ਤੂੰ ਚਲਾ ਜਾਹ, ਫਿਰ ਜਦੋਂ ਮੈਨੂੰ ਸਮਾਂ ਮਿਲਿਆ, ਤਾਂ ਮੈਂ ਤੈਨੂੰ ਦੁਬਾਰਾ ਸੱਦਾਂਗਾ।” 26  ਉਸ ਵੇਲੇ ਉਹ ਪੌਲੁਸ ਤੋਂ ਰਿਸ਼ਵਤ ਦੀ ਆਸ ਰੱਖ ਰਿਹਾ ਸੀ। ਇਸੇ ਕਰਕੇ ਉਹ ਉਸ ਨੂੰ ਵਾਰ-ਵਾਰ ਬੁਲਾ ਕੇ ਉਸ ਨਾਲ ਗੱਲਾਂ ਕਰਦਾ ਸੀ। 27  ਪਰ ਦੋ ਸਾਲਾਂ ਬਾਅਦ ਫ਼ੇਲਿਕਸ ਦੀ ਜਗ੍ਹਾ ਪੁਰਕੀਅਸ ਫ਼ੇਸਤੁਸ ਰਾਜਪਾਲ ਬਣ ਗਿਆ; ਫ਼ੇਲਿਕਸ ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ,+ ਇਸ ਲਈ ਉਹ ਪੌਲੁਸ ਨੂੰ ਕੈਦ ਵਿਚ ਹੀ ਛੱਡ ਗਿਆ ਸੀ।

ਫੁਟਨੋਟ

ਯੂਨਾ, “ਮਹਾਂਮਾਰੀ।”
ਜਾਂ, “ਨਿਰਦੋਸ਼।”