ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ 20:1-31

  • ਖਾਲੀ ਕਬਰ (1-10)

  • ਯਿਸੂ ਮਰੀਅਮ ਮਗਦਲੀਨੀ ਅੱਗੇ ਪ੍ਰਗਟ ਹੋਇਆ (11-18)

  • ਯਿਸੂ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਇਆ (19-23)

  • ਥੋਮਾ ਨੇ ਸ਼ੱਕ ਕੀਤਾ, ਪਰ ਫਿਰ ਵਿਸ਼ਵਾਸ ਕੀਤਾ (24-29)

  • ਇਸ ਕਿਤਾਬ ਦਾ ਮਕਸਦ (30, 31)

20  ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ’ਤੇ ਆਈ+ ਅਤੇ ਉਸ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਨੂੰ ਪਹਿਲਾਂ ਹੀ ਹਟਾ ਕੇ ਇਕ ਪਾਸੇ ਰੱਖਿਆ ਹੋਇਆ ਸੀ।+  ਇਸ ਲਈ ਉਹ ਭੱਜ ਕੇ ਸ਼ਮਊਨ ਪਤਰਸ ਤੇ ਉਸ ਚੇਲੇ ਕੋਲ ਆਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ+ ਅਤੇ ਉਨ੍ਹਾਂ ਨੂੰ ਕਿਹਾ: “ਉਹ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਹਨ+ ਅਤੇ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।”  ਫਿਰ ਪਤਰਸ ਅਤੇ ਉਹ ਦੂਸਰਾ ਚੇਲਾ ਕਬਰ ਵੱਲ ਨੂੰ ਤੁਰ ਪਏ।  ਤੁਰਦੇ-ਤੁਰਦੇ ਉਹ ਦੋਵੇਂ ਭੱਜਣ ਲੱਗ ਪਏ, ਪਰ ਦੂਸਰਾ ਚੇਲਾ ਪਤਰਸ ਨਾਲੋਂ ਤੇਜ਼ ਦੌੜਿਆ ਅਤੇ ਕਬਰ ’ਤੇ ਪਹਿਲਾਂ ਪਹੁੰਚ ਗਿਆ।  ਉਸ ਨੇ ਝੁਕ ਕੇ ਦੇਖਿਆ ਕਿ ਉੱਥੇ ਮਲਮਲ ਦੇ ਕੱਪੜੇ ਪਏ ਸਨ,+ ਪਰ ਉਹ ਆਪ ਅੰਦਰ ਨਹੀਂ ਗਿਆ।  ਫਿਰ ਸ਼ਮਊਨ ਪਤਰਸ ਉਸ ਦੇ ਪਿੱਛੇ-ਪਿੱਛੇ ਆਇਆ ਅਤੇ ਕਬਰ ਦੇ ਅੰਦਰ ਚਲਾ ਗਿਆ। ਉਸ ਨੇ ਵੀ ਮਲਮਲ ਦੇ ਕੱਪੜੇ ਪਏ ਦੇਖੇ  ਅਤੇ ਜਿਹੜਾ ਕੱਪੜਾ ਯਿਸੂ ਦੇ ਸਿਰ ਉੱਤੇ ਬੰਨ੍ਹਿਆ ਸੀ, ਉਹ ਦੂਜੇ ਕੱਪੜਿਆਂ ਨਾਲ ਨਹੀਂ ਸਗੋਂ ਲਪੇਟ ਕੇ ਵੱਖਰਾ ਰੱਖਿਆ ਹੋਇਆ ਸੀ।  ਫਿਰ ਦੂਜਾ ਚੇਲਾ ਵੀ ਜਿਹੜਾ ਪਹਿਲਾਂ ਕਬਰ ’ਤੇ ਆਇਆ ਸੀ, ਕਬਰ ਅੰਦਰ ਗਿਆ ਅਤੇ ਉਸ ਨੇ ਦੇਖਿਆ ਤੇ ਯਕੀਨ ਕੀਤਾ।  ਪਰ ਉਹ ਧਰਮ-ਗ੍ਰੰਥ ਵਿਚ ਲਿਖੀ ਇਸ ਗੱਲ ਦਾ ਮਤਲਬ ਅਜੇ ਨਹੀਂ ਸਮਝੇ ਸਨ ਕਿ ਯਿਸੂ ਨੇ ਮਰੇ ਹੋਏ ਲੋਕਾਂ ਵਿੱਚੋਂ ਜੀਉਂਦਾ ਹੋਣਾ ਸੀ।+ 10  ਇਸ ਲਈ ਉਹ ਚੇਲੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ। 11  ਪਰ ਮਰੀਅਮ ਬਾਹਰ ਕਬਰ ਦੇ ਲਾਗੇ ਖੜ੍ਹੀ ਰੋਂਦੀ ਰਹੀ। ਫਿਰ ਉਸ ਨੇ ਰੋਂਦੇ ਹੋਏ ਝੁਕ ਕੇ ਕਬਰ ਦੇ ਅੰਦਰ ਦੇਖਿਆ 12  ਅਤੇ ਉਸ ਨੇ ਚਿੱਟੇ ਕੱਪੜੇ ਪਾਈ ਦੋ ਦੂਤ+ ਬੈਠੇ ਦੇਖੇ ਜਿੱਥੇ ਪਹਿਲਾਂ ਯਿਸੂ ਦੀ ਲਾਸ਼ ਪਈ ਸੀ, ਇਕ ਦੂਤ ਉੱਥੇ ਬੈਠਾ ਸੀ ਜਿੱਥੇ ਯਿਸੂ ਦਾ ਸਿਰ ਸੀ ਅਤੇ ਦੂਜਾ ਉੱਥੇ ਸੀ ਜਿੱਥੇ ਯਿਸੂ ਦੇ ਪੈਰ ਸਨ। 13  ਉਨ੍ਹਾਂ ਨੇ ਉਸ ਨੂੰ ਕਿਹਾ: “ਬੀਬੀ, ਤੂੰ ਕਿਉਂ ਰੋ ਰਹੀ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ: “ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।” 14  ਇਹ ਕਹਿਣ ਤੋਂ ਬਾਅਦ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖੜ੍ਹਾ ਦੇਖਿਆ, ਪਰ ਉਸ ਨੂੰ ਪਤਾ ਨਹੀਂ ਲੱਗਾ ਕਿ ਉਹ ਯਿਸੂ ਸੀ।+ 15  ਯਿਸੂ ਨੇ ਉਸ ਨੂੰ ਕਿਹਾ: “ਬੀਬੀ, ਤੂੰ ਕਿਉਂ ਰੋ ਰਹੀ ਹੈਂ? ਤੂੰ ਕਿਸ ਨੂੰ ਲੱਭ ਰਹੀ ਹੈਂ?” ਉਸ ਨੂੰ ਮਾਲੀ ਸਮਝ ਕੇ ਮਰੀਅਮ ਨੇ ਕਿਹਾ: “ਵੀਰਾ, ਜੇ ਤੂੰ ਉਸ ਨੂੰ ਲੈ ਗਿਆ ਹੈਂ, ਤਾਂ ਮੈਨੂੰ ਦੱਸ ਤੂੰ ਉਸ ਨੂੰ ਕਿੱਥੇ ਰੱਖਿਆ ਹੈ ਤਾਂਕਿ ਮੈਂ ਉਸ ਨੂੰ ਲੈ ਜਾਵਾਂ।” 16  ਯਿਸੂ ਨੇ ਉਸ ਨੂੰ ਕਿਹਾ: “ਮਰੀਅਮ!” ਉਸ ਨੇ ਪਿੱਛੇ ਮੁੜ ਕੇ ਇਬਰਾਨੀ ਵਿਚ ਕਿਹਾ: “ਰੱਬੋਨੀ!” (ਜਿਸ ਦਾ ਮਤਲਬ ਹੈ “ਗੁਰੂ!”) 17  ਯਿਸੂ ਨੇ ਉਸ ਨੂੰ ਕਿਹਾ: “ਮੈਨੂੰ ਫੜੀ ਨਾ ਰੱਖ ਕਿਉਂਕਿ ਮੈਂ ਅਜੇ ਉੱਪਰ ਪਿਤਾ ਕੋਲ ਨਹੀਂ ਗਿਆ ਹਾਂ। ਪਰ ਜਾ ਕੇ ਮੇਰੇ ਭਰਾਵਾਂ+ ਨੂੰ ਦੱਸ, ‘ਮੈਂ ਉੱਪਰ ਆਪਣੇ ਪਿਤਾ+ ਅਤੇ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ+ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾ ਰਿਹਾ ਹਾਂ।’” 18  ਮਰੀਅਮ ਮਗਦਲੀਨੀ ਨੇ ਆ ਕੇ ਚੇਲਿਆਂ ਨੂੰ ਖ਼ਬਰ ਦਿੱਤੀ: “ਮੈਂ ਪ੍ਰਭੂ ਨੂੰ ਦੇਖਿਆ ਹੈ!” ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰਭੂ ਨੇ ਉਸ ਨੂੰ ਕੀ-ਕੀ ਕਿਹਾ ਸੀ।+ 19  ਉਸੇ ਦਿਨ ਸ਼ਾਮ ਨੂੰ, ਜੋ ਕਿ ਹਫ਼ਤੇ ਦਾ ਪਹਿਲਾ ਦਿਨ ਸੀ, ਚੇਲੇ ਯਹੂਦੀ ਆਗੂਆਂ ਤੋਂ ਡਰ ਦੇ ਮਾਰੇ ਘਰ ਦੇ ਅੰਦਰ ਸਨ ਅਤੇ ਦਰਵਾਜ਼ੇ ਦਾ ਕੁੰਡਾ ਲੱਗਾ ਹੋਇਆ ਸੀ। ਫਿਰ ਵੀ ਯਿਸੂ ਉਨ੍ਹਾਂ ਦੇ ਵਿਚਕਾਰ ਆ ਖੜ੍ਹਾ ਹੋਇਆ ਅਤੇ ਉਨ੍ਹਾਂ ਨੂੰ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।”+ 20  ਇਹ ਕਹਿਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਆਪਣੇ ਹੱਥ ਤੇ ਆਪਣੀਆਂ ਪਸਲੀਆਂ ਦਿਖਾਈਆਂ।+ ਤਦ ਚੇਲੇ ਪ੍ਰਭੂ ਨੂੰ ਦੇਖ ਕੇ ਬੜੇ ਖ਼ੁਸ਼ ਹੋਏ।+ 21  ਯਿਸੂ ਨੇ ਉਨ੍ਹਾਂ ਨੂੰ ਦੁਬਾਰਾ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।+ ਜਿਵੇਂ ਪਿਤਾ ਨੇ ਮੈਨੂੰ ਦੁਨੀਆਂ ਵਿਚ ਘੱਲਿਆ,+ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਦੁਨੀਆਂ ਵਿਚ ਘੱਲ ਰਿਹਾ ਹਾਂ।”+ 22  ਇਹ ਕਹਿਣ ਤੋਂ ਬਾਅਦ ਉਸ ਨੇ ਉਨ੍ਹਾਂ ਉੱਤੇ ਫੂਕ ਮਾਰੀ ਤੇ ਕਿਹਾ: “ਪਵਿੱਤਰ ਸ਼ਕਤੀ ਪਾਓ।+ 23  ਜੇ ਤੁਸੀਂ ਕਿਸੇ ਦੇ ਪਾਪ ਮਾਫ਼ ਕਰਦੇ ਹੋ, ਤਾਂ ਪਰਮੇਸ਼ੁਰ ਨੇ ਪਹਿਲਾਂ ਹੀ ਉਸ ਦੇ ਪਾਪ ਮਾਫ਼ ਕਰ ਦਿੱਤੇ ਹਨ; ਜੇ ਤੁਸੀਂ ਕਿਸੇ ਦੇ ਪਾਪ ਮਾਫ਼ ਨਹੀਂ ਕਰਦੇ, ਤਾਂ ਪਰਮੇਸ਼ੁਰ ਨੇ ਉਸ ਦੇ ਪਾਪ ਮਾਫ਼ ਨਹੀਂ ਕੀਤੇ ਹਨ।” 24  ਪਰ 12 ਰਸੂਲਾਂ ਵਿੱਚੋਂ ਇਕ ਰਸੂਲ ਥੋਮਾ,+ ਜੋ ਜੌੜਾ ਕਹਾਉਂਦਾ ਸੀ, ਉਸ ਵੇਲੇ ਉਨ੍ਹਾਂ ਨਾਲ ਨਹੀਂ ਸੀ ਜਦੋਂ ਯਿਸੂ ਆਇਆ ਸੀ। 25  ਇਸ ਕਰਕੇ ਦੂਸਰੇ ਚੇਲੇ ਉਸ ਨੂੰ ਦੱਸ ਰਹੇ ਸਨ: “ਅਸੀਂ ਪ੍ਰਭੂ ਨੂੰ ਦੇਖਿਆ ਹੈ!” ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਜਦ ਤਕ ਮੈਂ ਉਸ ਦੇ ਹੱਥਾਂ ਵਿਚ ਕਿੱਲਾਂ ਦੇ ਨਿਸ਼ਾਨ ਨਾ ਦੇਖ ਲਵਾਂ ਤੇ ਕਿੱਲਾਂ ਦੇ ਨਿਸ਼ਾਨਾਂ ਵਿਚ ਆਪਣੀ ਉਂਗਲ ਅਤੇ ਉਸ ਦੀਆਂ ਪਸਲੀਆਂ ਵਿਚ ਆਪਣਾ ਹੱਥ ਨਾ ਪਾ ਲਵਾਂ,+ ਤਦ ਤਕ ਮੈਂ ਵਿਸ਼ਵਾਸ ਨਹੀਂ ਕਰਾਂਗਾ।” 26  ਫਿਰ ਅੱਠਾਂ ਦਿਨਾਂ ਬਾਅਦ ਚੇਲੇ ਦੁਬਾਰਾ ਘਰ ਵਿਚ ਸਨ ਅਤੇ ਥੋਮਾ ਵੀ ਉਨ੍ਹਾਂ ਦੇ ਨਾਲ ਸੀ। ਦਰਵਾਜ਼ੇ ਦਾ ਕੁੰਡਾ ਲੱਗਾ ਹੋਣ ਦੇ ਬਾਵਜੂਦ ਵੀ ਯਿਸੂ ਆ ਕੇ ਉਨ੍ਹਾਂ ਵਿਚਕਾਰ ਖੜ੍ਹਾ ਹੋ ਗਿਆ ਅਤੇ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।”+ 27  ਫਿਰ ਉਸ ਨੇ ਥੋਮਾ ਨੂੰ ਕਿਹਾ: “ਆਹ ਦੇਖ ਮੇਰੇ ਹੱਥ, ਆਪਣੀ ਉਂਗਲ ਇਨ੍ਹਾਂ ਵਿਚ ਪਾ ਅਤੇ ਆਪਣਾ ਹੱਥ ਮੇਰੀਆਂ ਪਸਲੀਆਂ ਵਿਚ ਪਾ ਅਤੇ ਸ਼ੱਕ ਕਰਨਾ ਛੱਡ ਕੇ ਵਿਸ਼ਵਾਸ ਕਰ।” 28  ਜਵਾਬ ਵਿਚ ਥੋਮਾ ਨੇ ਉਸ ਨੂੰ ਕਿਹਾ: “ਮੇਰੇ ਪ੍ਰਭੂ, ਮੇਰੇ ਪਰਮੇਸ਼ੁਰ!” 29  ਯਿਸੂ ਨੇ ਉਸ ਨੂੰ ਕਿਹਾ: “ਕੀ ਤੂੰ ਇਸ ਕਰਕੇ ਵਿਸ਼ਵਾਸ ਕਰਦਾ ਹੈਂ ਕਿਉਂਕਿ ਤੂੰ ਮੈਨੂੰ ਦੇਖ ਲਿਆ ਹੈ? ਧੰਨ ਹਨ ਉਹ ਜਿਹੜੇ ਦੇਖੇ ਬਿਨਾਂ ਵਿਸ਼ਵਾਸ ਕਰਦੇ ਹਨ।” 30  ਬੇਸ਼ੱਕ ਯਿਸੂ ਨੇ ਆਪਣੇ ਚੇਲਿਆਂ ਸਾਮ੍ਹਣੇ ਹੋਰ ਬਹੁਤ ਸਾਰੇ ਚਮਤਕਾਰ ਕੀਤੇ ਸਨ ਜਿਨ੍ਹਾਂ ਨੂੰ ਇਸ ਕਿਤਾਬ* ਵਿਚ ਨਹੀਂ ਲਿਖਿਆ ਗਿਆ ਹੈ।+ 31  ਪਰ ਜਿਹੜੇ ਚਮਤਕਾਰ ਲਿਖੇ ਗਏ ਹਨ, ਉਹ ਇਸ ਕਰਕੇ ਲਿਖੇ ਗਏ ਹਨ ਤਾਂਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਮਸੀਹ ਤੇ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਨ ਕਰਕੇ ਤੁਹਾਨੂੰ ਉਸ ਦੇ ਨਾਂ ’ਤੇ ਜ਼ਿੰਦਗੀ ਮਿਲੇ।+

ਫੁਟਨੋਟ

ਮੱਤੀ 28:1, ਫੁਟਨੋਟ ਦੇਖੋ।
ਯੂਨਾ, “ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।