ਬਿਵਸਥਾ ਸਾਰ 4:1-49

  • ਆਗਿਆ ਮੰਨਣ ਲਈ ਕਿਹਾ ਗਿਆ (1-14)

    • ਪਰਮੇਸ਼ੁਰ ਦੇ ਕੰਮ ਨਾ ਭੁੱਲੋ (9)

  • ਯਹੋਵਾਹ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ (15-31)

  • ਯਹੋਵਾਹ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ (32-40)

  • ਯਰਦਨ ਦੇ ਪੂਰਬ ਵਾਲੇ ਪਾਸੇ ਪਨਾਹ ਦੇ ਸ਼ਹਿਰ (41-43)

  • ਕਾਨੂੰਨ ਬਾਰੇ ਜਾਣ-ਪਛਾਣ (44-49)

4  “ਹੁਣ ਹੇ ਇਜ਼ਰਾਈਲ ਦੇ ਲੋਕੋ, ਉਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਨੂੰ ਸੁਣੋ ਜੋ ਮੈਂ ਤੁਹਾਨੂੰ ਸਿਖਾਉਂਦਾ ਹਾਂ ਤਾਂਕਿ ਤੁਸੀਂ ਉਨ੍ਹਾਂ ਦੀ ਪਾਲਣਾ ਕਰੋ ਅਤੇ ਜੀਉਂਦੇ ਰਹੋ+ ਅਤੇ ਉਸ ਦੇਸ਼ ’ਤੇ ਕਬਜ਼ਾ ਕਰੋ ਜੋ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ।  ਮੈਂ ਤੁਹਾਨੂੰ ਜੋ ਹੁਕਮ ਦਿੰਦਾ ਹਾਂ, ਤੁਸੀਂ ਉਨ੍ਹਾਂ ਵਿਚ ਨਾ ਤਾਂ ਕੁਝ ਜੋੜਿਓ ਤੇ ਨਾ ਹੀ ਕੁਝ ਕੱਢਿਓ।+ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਦਿੰਦਾ ਹਾਂ।  “ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਯਹੋਵਾਹ ਨੇ ਪਿਓਰ ਦੇ ਬਆਲ ਦੇ ਮਾਮਲੇ ਵਿਚ ਕੀ ਕੀਤਾ ਸੀ। ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਵਿੱਚੋਂ ਹਰ ਉਸ ਆਦਮੀ ਦਾ ਨਾਸ਼ ਕਰ ਦਿੱਤਾ ਸੀ ਜੋ ਬਆਲ ਦੇ ਪਿੱਛੇ-ਪਿੱਛੇ ਚੱਲਿਆ ਸੀ।+  ਪਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੰਗ-ਸੰਗ ਚੱਲਣ ਕਰਕੇ ਅੱਜ ਤਕ ਜੀਉਂਦੇ ਹੋ।  ਦੇਖੋ, ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਮੁਤਾਬਕ ਤੁਹਾਨੂੰ ਉਹ ਸਾਰੇ ਨਿਯਮ ਅਤੇ ਕਾਨੂੰਨ ਸਿਖਾਏ ਹਨ+ ਤਾਂਕਿ ਤੁਸੀਂ ਉਸ ਦੇਸ਼ ਵਿਚ ਉਨ੍ਹਾਂ ਦੀ ਪਾਲਣਾ ਕਰੋ ਜਿਸ ’ਤੇ ਤੁਸੀਂ ਕਬਜ਼ਾ ਕਰੋਗੇ।  ਤੁਸੀਂ ਧਿਆਨ ਨਾਲ ਇਨ੍ਹਾਂ ਮੁਤਾਬਕ ਚੱਲੋ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵੱਖੋ-ਵੱਖਰੀਆਂ ਕੌਮਾਂ ਦੇ ਲੋਕਾਂ ਨੂੰ ਤੁਹਾਡੀ ਬੁੱਧ+ ਅਤੇ ਸਮਝ+ ਦਾ ਸਬੂਤ ਮਿਲੇਗਾ। ਜਦੋਂ ਲੋਕ ਇਨ੍ਹਾਂ ਸਾਰੇ ਨਿਯਮਾਂ ਬਾਰੇ ਸੁਣਨਗੇ, ਤਾਂ ਉਹ ਕਹਿਣਗੇ: ‘ਵਾਕਈ, ਇਹ ਵੱਡੀ ਕੌਮ ਬੁੱਧੀਮਾਨ ਤੇ ਸਮਝਦਾਰ ਹੈ।’+  ਕੀ ਕੋਈ ਹੋਰ ਵੱਡੀ ਕੌਮ ਹੈ ਜਿਸ ਦੇ ਦੇਵਤੇ ਉਨ੍ਹਾਂ ਦੇ ਇੰਨੇ ਨੇੜੇ ਹਨ ਜਿੰਨਾ ਸਾਡਾ ਪਰਮੇਸ਼ੁਰ ਯਹੋਵਾਹ ਸਾਡੇ ਨੇੜੇ ਹੈ? ਅਸੀਂ ਜਦੋਂ ਵੀ ਉਸ ਨੂੰ ਪੁਕਾਰਦੇ ਹਾਂ, ਉਹ ਸਾਡੀ ਸੁਣਦਾ ਹੈ।+  ਮੈਂ ਅੱਜ ਤੁਹਾਨੂੰ ਜੋ ਕਾਨੂੰਨ ਦੇ ਰਿਹਾ ਹਾਂ, ਕੀ ਕਿਸੇ ਹੋਰ ਵੱਡੀ ਕੌਮ ਕੋਲ ਅਜਿਹਾ ਕਾਨੂੰਨ ਹੈ ਜਿਸ ਦੇ ਨਿਯਮ ਅਤੇ ਹੁਕਮ ਸਹੀ ਹਨ?+  “ਖ਼ਬਰਦਾਰ ਰਹੋ ਅਤੇ ਆਪਣੇ ’ਤੇ ਨਜ਼ਰ ਰੱਖੋ ਤਾਂਕਿ ਤੁਸੀਂ ਅੱਖੀਂ ਦੇਖੀਆਂ ਗੱਲਾਂ ਭੁੱਲ ਨਾ ਜਾਓ ਅਤੇ ਜ਼ਿੰਦਗੀ ਭਰ ਉਹ ਗੱਲਾਂ ਤੁਹਾਡੇ ਦਿਲਾਂ ਵਿੱਚੋਂ ਨਾ ਨਿਕਲਣ। ਨਾਲੇ ਤੁਸੀਂ ਉਹ ਗੱਲਾਂ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਜ਼ਰੂਰ ਦੱਸਿਓ।+ 10  ਜਿਸ ਦਿਨ ਤੁਸੀਂ ਹੋਰੇਬ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਸੀ, ਉਦੋਂ ਯਹੋਵਾਹ ਨੇ ਮੈਨੂੰ ਕਿਹਾ, ‘ਸਾਰੇ ਲੋਕਾਂ ਨੂੰ ਮੇਰੇ ਸਾਮ੍ਹਣੇ ਇਕੱਠਾ ਕਰ ਤਾਂਕਿ ਉਹ ਮੇਰੀਆਂ ਗੱਲਾਂ ਸੁਣਨ+ ਅਤੇ ਸਾਰੀ ਜ਼ਿੰਦਗੀ ਮੇਰਾ ਡਰ ਮੰਨਣਾ ਸਿੱਖਣ+ ਅਤੇ ਆਪਣੇ ਪੁੱਤਰਾਂ ਨੂੰ ਵੀ ਇਹ ਗੱਲਾਂ ਸਿਖਾਉਣ।’+ 11  “ਇਸ ਲਈ ਤੁਸੀਂ ਆ ਕੇ ਪਹਾੜ ਕੋਲ ਖੜ੍ਹੇ ਹੋ ਗਏ ਅਤੇ ਪਹਾੜ ਤੋਂ ਅੱਗ ਦਾ ਭਾਂਬੜ ਉੱਠ ਰਿਹਾ ਸੀ ਅਤੇ ਇਸ ਦੀਆਂ ਲਪਟਾਂ ਆਕਾਸ਼ ਨੂੰ ਛੂਹ ਰਹੀਆਂ ਸਨ। ਚਾਰੇ ਪਾਸੇ ਘੁੱਪ ਹਨੇਰਾ ਅਤੇ ਕਾਲ਼ੇ ਬੱਦਲ ਛਾਏ ਹੋਏ ਸਨ।+ 12  ਫਿਰ ਯਹੋਵਾਹ ਅੱਗ ਦੇ ਵਿੱਚੋਂ ਤੁਹਾਡੇ ਨਾਲ ਗੱਲ ਕਰਨ ਲੱਗਾ।+ ਤੁਸੀਂ ਸਿਰਫ਼ ਆਵਾਜ਼ ਸੁਣੀ, ਪਰ ਕਿਸੇ ਨੂੰ ਦੇਖਿਆ ਨਹੀਂ,+ ਉਦੋਂ ਤੁਹਾਨੂੰ ਸਿਰਫ਼ ਆਵਾਜ਼ ਹੀ ਸੁਣਾਈ ਦਿੱਤੀ।+ 13  ਅਤੇ ਉਸ ਨੇ ਤੁਹਾਨੂੰ ਆਪਣਾ ਇਕਰਾਰ ਯਾਨੀ ਦਸ ਹੁਕਮ* ਦਿੱਤੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ।+ ਬਾਅਦ ਵਿਚ ਉਸ ਨੇ ਉਨ੍ਹਾਂ ਹੁਕਮਾਂ ਨੂੰ ਪੱਥਰ ਦੀਆਂ ਦੋ ਫੱਟੀਆਂ ’ਤੇ ਲਿਖਿਆ।+ 14  ਉਸ ਵੇਲੇ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਉਸ ਦੇ ਨਿਯਮ ਅਤੇ ਕਾਨੂੰਨ ਸਿਖਾਵਾਂ ਜਿਨ੍ਹਾਂ ਦੀ ਪਾਲਣਾ ਤੁਸੀਂ ਉਸ ਦੇਸ਼ ਵਿਚ ਕਰਨੀ ਹੈ ਜਿਸ ਦੇਸ਼ ’ਤੇ ਤੁਸੀਂ ਕਬਜ਼ਾ ਕਰੋਗੇ। 15  “ਜਿਸ ਦਿਨ ਹੋਰੇਬ ਵਿਚ ਯਹੋਵਾਹ ਨੇ ਅੱਗ ਦੇ ਵਿੱਚੋਂ ਤੁਹਾਡੇ ਨਾਲ ਗੱਲ ਕੀਤੀ ਸੀ, ਤਾਂ ਉਦੋਂ ਤੁਸੀਂ ਕਿਸੇ ਨੂੰ ਦੇਖਿਆ ਨਹੀਂ, ਇਸ ਲਈ ਆਪਣੇ ’ਤੇ ਨਜ਼ਰ ਰੱਖੋ 16  ਤਾਂਕਿ ਤੁਸੀਂ ਕੋਈ ਮੂਰਤ ਬਣਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੋ, ਭਾਵੇਂ ਉਹ ਮੂਰਤ ਕਿਸੇ ਚੀਜ਼ ਦੀ ਹੋਵੇ ਜਾਂ ਕਿਸੇ ਆਦਮੀ ਜਾਂ ਔਰਤ ਦੀ ਹੋਵੇ+ 17  ਜਾਂ ਧਰਤੀ ਦੇ ਕਿਸੇ ਜਾਨਵਰ ਦੀ ਹੋਵੇ ਜਾਂ ਆਕਾਸ਼ ਵਿਚ ਉੱਡਣ ਵਾਲੇ ਕਿਸੇ ਪੰਛੀ ਦੀ ਹੋਵੇ+ 18  ਜਾਂ ਧਰਤੀ ’ਤੇ ਰੀਂਗਣ ਵਾਲੇ ਕਿਸੇ ਜੀਵ ਦੀ ਜਾਂ ਪਾਣੀ ਵਿਚ ਰਹਿਣ ਵਾਲੀ ਕਿਸੇ ਮੱਛੀ ਦੀ ਹੋਵੇ।+ 19  ਅਤੇ ਜਦੋਂ ਵੀ ਤੁਸੀਂ ਆਪਣੀਆਂ ਨਜ਼ਰਾਂ ਉੱਪਰ ਆਕਾਸ਼ ਵੱਲ ਚੁੱਕ ਕੇ ਸੂਰਜ, ਚੰਦ ਅਤੇ ਤਾਰੇ ਯਾਨੀ ਆਕਾਸ਼ ਦੀ ਸਾਰੀ ਸੈਨਾ ਦੇਖੋ, ਤਾਂ ਤੁਸੀਂ ਇਨ੍ਹਾਂ ਅੱਗੇ ਮੱਥਾ ਟੇਕਣ ਤੇ ਇਨ੍ਹਾਂ ਦੀ ਭਗਤੀ ਕਰਨ ਲਈ ਬਹਿਕਾਏ ਨਾ ਜਾਓ।+ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ* ਸਾਰੇ ਲੋਕਾਂ ਨੂੰ ਇਹ ਚੀਜ਼ਾਂ ਦਿੱਤੀਆਂ ਹਨ। 20  ਪਰ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੋਵਾਹ ਬਲ਼ਦੀ ਹੋਈ ਭੱਠੀ* ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਉਸ ਦੀ ਖ਼ਾਸ ਪਰਜਾ* ਬਣੋ+ ਜਿਵੇਂ ਕਿ ਤੁਸੀਂ ਅੱਜ ਹੋ। 21  “ਤੁਹਾਡੇ ਕਰਕੇ ਯਹੋਵਾਹ ਮੇਰੇ ’ਤੇ ਗੁੱਸੇ ਨਾਲ ਭੜਕਿਆ+ ਅਤੇ ਉਸ ਨੇ ਸਹੁੰ ਖਾਧੀ ਕਿ ਉਹ ਮੈਨੂੰ ਯਰਦਨ ਦਰਿਆ ਪਾਰ ਨਹੀਂ ਜਾਣ ਦੇਵੇਗਾ ਅਤੇ ਨਾ ਹੀ ਉਸ ਵਧੀਆ ਦੇਸ਼ ਵਿਚ ਜਾਣ ਦੇਵੇਗਾ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ।+ 22  ਇਸ ਲਈ ਇਸੇ ਦੇਸ਼ ਵਿਚ ਮੇਰੀ ਮੌਤ ਹੋ ਜਾਵੇਗੀ। ਮੈਂ ਯਰਦਨ ਦਰਿਆ ਪਾਰ ਨਹੀਂ ਜਾਵਾਂਗਾ,+ ਪਰ ਤੁਸੀਂ ਦਰਿਆ ਪਾਰ ਕਰ ਕੇ ਉਸ ਵਧੀਆ ਦੇਸ਼ ’ਤੇ ਕਬਜ਼ਾ ਕਰੋਗੇ। 23  ਖ਼ਬਰਦਾਰ ਰਹੋ ਕਿ ਕਿਤੇ ਤੁਸੀਂ ਉਸ ਇਕਰਾਰ ਨੂੰ ਭੁੱਲ ਨਾ ਜਾਓ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਹੈ।+ ਨਾਲੇ ਤੁਸੀਂ ਆਪਣੇ ਲਈ ਕੋਈ ਮੂਰਤ ਅਤੇ ਕਿਸੇ ਚੀਜ਼ ਦੀ ਸੂਰਤ ਨਾ ਬਣਾਓ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਅਜਿਹੀ ਕੋਈ ਵੀ ਚੀਜ਼ ਬਣਾਉਣ ਤੋਂ ਮਨ੍ਹਾ ਕੀਤਾ ਹੈ।+ 24  ਤੁਹਾਡਾ ਪਰਮੇਸ਼ੁਰ ਯਹੋਵਾਹ ਭਸਮ ਕਰ ਦੇਣ ਵਾਲੀ ਅੱਗ ਹੈ+ ਅਤੇ ਉਹ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ।+ 25  “ਜਦੋਂ ਤੁਹਾਡੇ ਪੁੱਤਰ ਤੇ ਪੋਤੇ ਪੈਦਾ ਹੋਣਗੇ ਅਤੇ ਤੁਹਾਨੂੰ ਉਸ ਦੇਸ਼ ਵਿਚ ਰਹਿੰਦਿਆਂ ਬਹੁਤ ਸਮਾਂ ਬੀਤ ਚੁੱਕਾ ਹੋਵੇਗਾ ਅਤੇ ਫਿਰ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਮੂਰਤ ਬਣਾਉਣ ਦਾ ਦੁਸ਼ਟ ਕੰਮ ਕਰੋਗੇ+ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਬੁਰਾ ਕੰਮ ਕਰ ਕੇ ਉਸ ਦਾ ਗੁੱਸਾ ਭੜਕਾਓਗੇ,+ 26  ਤਾਂ ਮੈਂ ਅੱਜ ਆਕਾਸ਼ ਅਤੇ ਧਰਤੀ ਨੂੰ ਤੁਹਾਡੇ ਖ਼ਿਲਾਫ਼ ਗਵਾਹ ਬਣਾਉਂਦਾ ਹਾਂ ਕਿ ਤੁਸੀਂ ਜਲਦੀ ਹੀ ਉਸ ਦੇਸ਼ ਵਿੱਚੋਂ ਜ਼ਰੂਰ ਖ਼ਤਮ ਹੋ ਜਾਓਗੇ ਜਿਸ ’ਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦਰਿਆ ਪਾਰ ਜਾ ਰਹੇ ਹੋ। ਤੁਸੀਂ ਜ਼ਿਆਦਾ ਦਿਨ ਉੱਥੇ ਨਹੀਂ ਰਹਿ ਸਕੋਗੇ, ਸਗੋਂ ਤੁਸੀਂ ਪੂਰੀ ਤਰ੍ਹਾਂ ਨਾਸ਼ ਹੋ ਜਾਓਗੇ।+ 27  ਯਹੋਵਾਹ ਤੁਹਾਨੂੰ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਜਿਨ੍ਹਾਂ ਕੌਮਾਂ ਵਿਚ ਯਹੋਵਾਹ ਤੁਹਾਨੂੰ ਖਿੰਡਾਵੇਗਾ, ਉੱਥੇ ਤੁਹਾਡੇ ਵਿੱਚੋਂ ਥੋੜ੍ਹੇ ਜਣੇ ਹੀ ਬਚਣਗੇ।+ 28  ਉੱਥੇ ਤੁਹਾਨੂੰ ਇਨਸਾਨਾਂ ਦੇ ਹੱਥਾਂ ਦੇ ਬਣਾਏ ਦੇਵਤਿਆਂ ਦੀ ਭਗਤੀ ਕਰਨੀ ਪਵੇਗੀ।+ ਲੱਕੜ ਤੇ ਪੱਥਰ ਦੇ ਦੇਵਤੇ ਨਾ ਦੇਖ ਸਕਦੇ, ਨਾ ਸੁਣ ਸਕਦੇ, ਨਾ ਖਾ ਸਕਦੇ ਅਤੇ ਨਾ ਹੀ ਸੁੰਘ ਸਕਦੇ। 29  “ਜੇ ਤੁਸੀਂ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਾਲ ਕਰੋਗੇ ਅਤੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਤਲਾਸ਼ ਕਰੋਗੇ,+ ਤਾਂ ਉਹ ਤੁਹਾਨੂੰ ਜ਼ਰੂਰ ਲੱਭ ਜਾਵੇਗਾ।+ 30  ਜਦੋਂ ਤੁਹਾਡੇ ’ਤੇ ਦੁੱਖਾਂ ਦਾ ਪਹਾੜ ਟੁੱਟੇਗਾ ਅਤੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਵਾਪਰਨਗੀਆਂ, ਤਾਂ ਤੁਸੀਂ ਜ਼ਰੂਰ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਮੁੜੋਗੇ ਅਤੇ ਉਸ ਦੀ ਆਵਾਜ਼ ਸੁਣੋਗੇ।+ 31  ਤੁਹਾਡਾ ਪਰਮੇਸ਼ੁਰ ਯਹੋਵਾਹ ਦਇਆਵਾਨ ਪਰਮੇਸ਼ੁਰ ਹੈ।+ ਉਹ ਤੁਹਾਨੂੰ ਨਹੀਂ ਤਿਆਗੇਗਾ ਅਤੇ ਨਾ ਹੀ ਉਹ ਤੁਹਾਡਾ ਨਾਸ਼ ਹੋਣ ਦੇਵੇਗਾ। ਉਸ ਨੇ ਸਹੁੰ ਖਾ ਕੇ ਤੁਹਾਡੇ ਪਿਉ-ਦਾਦਿਆਂ ਨਾਲ ਜੋ ਇਕਰਾਰ ਕੀਤਾ ਸੀ, ਉਸ ਨੂੰ ਉਹ ਕਦੇ ਨਹੀਂ ਭੁੱਲੇਗਾ।+ 32  “ਹੁਣ ਜ਼ਰਾ ਆਪਣੇ ਤੋਂ ਪਹਿਲਾਂ ਦੇ ਸਮਿਆਂ ਬਾਰੇ ਸੋਚੋ ਜਦੋਂ ਤੋਂ ਪਰਮੇਸ਼ੁਰ ਨੇ ਇਨਸਾਨ ਨੂੰ ਧਰਤੀ ਉੱਤੇ ਬਣਾਇਆ ਹੈ। ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਖੋਜ ਕਰੋ। ਕੀ ਪਹਿਲਾਂ ਕਦੇ ਅਜਿਹੀ ਵੱਡੀ ਘਟਨਾ ਵਾਪਰੀ ਹੈ ਜਾਂ ਕੀ ਕਦੇ ਪਹਿਲਾਂ ਕਿਸੇ ਨੇ ਇਸ ਬਾਰੇ ਸੁਣਿਆ ਹੈ?+ 33  ਕੀ ਕਦੇ ਕਿਸੇ ਹੋਰ ਕੌਮ ਨੇ ਅੱਗ ਵਿੱਚੋਂ ਦੀ ਪਰਮੇਸ਼ੁਰ ਦੀ ਆਵਾਜ਼ ਸੁਣੀ ਹੈ ਜਿਸ ਤਰ੍ਹਾਂ ਤੁਸੀਂ ਉਸ ਦੀ ਆਵਾਜ਼ ਸੁਣੀ ਅਤੇ ਅੱਜ ਤਕ ਜੀਉਂਦੇ ਹੋ?+ 34  ਜਾਂ ਕੀ ਪਰਮੇਸ਼ੁਰ ਨੇ ਕਦੇ ਦੂਜੀਆਂ ਕੌਮਾਂ ਵਿੱਚੋਂ ਆਪਣੇ ਲਈ ਕਿਸੇ ਕੌਮ ਨੂੰ ਚੁਣਨ ਦੀ ਕੋਸ਼ਿਸ਼ ਕੀਤੀ ਸੀ? ਕੀ ਤੁਸੀਂ ਖ਼ੁਦ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੀ ਖ਼ਾਤਰ ਮਿਸਰ ਨੂੰ ਸਜ਼ਾਵਾਂ ਦਿੱਤੀਆਂ,* ਆਪਣੇ ਬਲਵੰਤ ਹੱਥ+ ਅਤੇ ਤਾਕਤਵਰ ਬਾਂਹ* ਦਾ ਕਮਾਲ ਦਿਖਾਇਆ, ਕਰਾਮਾਤਾਂ ਤੇ ਚਮਤਕਾਰ ਕੀਤੇ,+ ਯੁੱਧ ਕੀਤਾ+ ਅਤੇ ਦਿਲ ਦਹਿਲਾਉਣ ਵਾਲੇ ਕੰਮ ਕੀਤੇ?+ 35  ਤੁਹਾਨੂੰ ਇਹ ਸਾਰਾ ਕੁਝ ਇਸ ਲਈ ਦਿਖਾਇਆ ਗਿਆ ਤਾਂਕਿ ਤੁਸੀਂ ਜਾਣ ਲਓ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ+ ਅਤੇ ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।+ 36  ਉਸ ਨੇ ਤੁਹਾਨੂੰ ਸੁਧਾਰਨ ਲਈ ਸਵਰਗ ਤੋਂ ਤੁਹਾਡੇ ਨਾਲ ਗੱਲ ਕੀਤੀ ਅਤੇ ਧਰਤੀ ’ਤੇ ਤੁਹਾਨੂੰ ਆਪਣੀ ਵੱਡੀ ਅੱਗ ਦਿਖਾਈ ਅਤੇ ਤੁਸੀਂ ਅੱਗ ਦੇ ਵਿੱਚੋਂ ਉਸ ਦੀਆਂ ਗੱਲਾਂ ਸੁਣੀਆਂ।+ 37  “ਉਹ ਤੁਹਾਡੇ ਪਿਉ-ਦਾਦਿਆਂ ਨਾਲ ਪਿਆਰ ਕਰਦਾ ਸੀ ਅਤੇ ਉਸ ਨੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਸੰਤਾਨ* ਨੂੰ ਚੁਣਿਆ,+ ਇਸ ਲਈ ਉਹ ਤੁਹਾਡੇ ਨਾਲ ਰਹਿ ਕੇ ਤੁਹਾਨੂੰ ਆਪਣੀ ਡਾਢੀ ਤਾਕਤ ਨਾਲ ਮਿਸਰ ਵਿੱਚੋਂ ਕੱਢ ਲਿਆਇਆ। 38  ਉਸ ਨੇ ਤੁਹਾਡੇ ਅੱਗਿਓਂ ਉਨ੍ਹਾਂ ਕੌਮਾਂ ਨੂੰ ਕੱਢ ਦਿੱਤਾ ਜੋ ਤੁਹਾਡੇ ਨਾਲੋਂ ਵੱਡੀਆਂ ਅਤੇ ਤਾਕਤਵਰ ਸਨ ਤਾਂਕਿ ਉਹ ਤੁਹਾਨੂੰ ਉਨ੍ਹਾਂ ਦੇ ਦੇਸ਼ ਲੈ ਜਾਵੇ ਅਤੇ ਉਹ ਦੇਸ਼ ਤੁਹਾਨੂੰ ਵਿਰਾਸਤ ਵਿਚ ਦੇਵੇ, ਜਿਵੇਂ ਕਿ ਉਹ ਅੱਜ ਤੁਹਾਨੂੰ ਦੇ ਰਿਹਾ ਹੈ।+ 39  ਇਸ ਲਈ ਅੱਜ ਦੇ ਦਿਨ ਤੁਸੀਂ ਜਾਣ ਲਓ ਅਤੇ ਇਹ ਗੱਲ ਆਪਣੇ ਦਿਲ ਵਿਚ ਬਿਠਾ ਲਓ ਕਿ ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ’ਤੇ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।+ ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।+ 40  ਤੁਸੀਂ ਉਸ ਦੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰੋ ਜੋ ਅੱਜ ਮੈਂ ਤੁਹਾਨੂੰ ਦੇ ਰਿਹਾ ਹਾਂ ਤਾਂਕਿ ਤੁਹਾਡਾ ਅਤੇ ਤੁਹਾਡੇ ਤੋਂ ਬਾਅਦ ਤੁਹਾਡੇ ਪੁੱਤਰਾਂ ਦਾ ਭਲਾ ਹੋਵੇ ਅਤੇ ਤੁਸੀਂ ਉਸ ਦੇਸ਼ ਵਿਚ ਲੰਬੇ ਸਮੇਂ ਤਕ ਰਹਿ ਸਕੋ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ।”+ 41  ਉਸ ਵੇਲੇ ਮੂਸਾ ਨੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਤਿੰਨ ਸ਼ਹਿਰ ਚੁਣੇ।+ 42  ਜੇ ਕੋਈ ਅਣਜਾਣੇ ਵਿਚ ਬਿਨਾਂ ਕਿਸੇ ਨਫ਼ਰਤ ਦੇ ਆਪਣੇ ਗੁਆਂਢੀ ਦਾ ਖ਼ੂਨ ਕਰ ਦਿੰਦਾ ਹੈ,+ ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਭੱਜ ਜਾਵੇ ਅਤੇ ਉੱਥੇ ਰਹੇ।+ 43  ਇਹ ਤਿੰਨ ਸ਼ਹਿਰ ਹਨ: ਰਊਬੇਨੀਆਂ ਲਈ ਪਹਾੜੀ ਇਲਾਕੇ ਦੀ ਉਜਾੜ ਵਿਚ ਬਸਰ,+ ਗਾਦੀਆਂ ਲਈ ਗਿਲਆਦ ਵਿਚ ਰਾਮੋਥ+ ਅਤੇ ਮਨੱਸ਼ਹ ਦੇ ਗੋਤ ਲਈ ਬਾਸ਼ਾਨ ਵਿਚ ਗੋਲਨ।+ 44  ਇਹ ਉਹ ਕਾਨੂੰਨ+ ਹੈ ਜੋ ਮੂਸਾ ਨੇ ਇਜ਼ਰਾਈਲੀਆਂ ਨੂੰ ਦਿੱਤਾ ਸੀ। 45  ਮੂਸਾ ਨੇ ਇਹ ਨਸੀਹਤਾਂ,* ਨਿਯਮ ਅਤੇ ਕਾਨੂੰਨ ਇਜ਼ਰਾਈਲੀਆਂ ਨੂੰ ਦਿੱਤੇ ਜਦੋਂ ਉਹ ਮਿਸਰ ਵਿੱਚੋਂ ਨਿਕਲੇ ਸਨ।+ 46  ਉਸ ਨੇ ਇਹ ਸਾਰਾ ਕੁਝ ਉਨ੍ਹਾਂ ਨੂੰ ਯਰਦਨ ਦਰਿਆ ਦੇ ਲਾਗੇ ਬੈਤ-ਪਓਰ ਦੇ ਸਾਮ੍ਹਣੇ ਵਾਲੀ ਘਾਟੀ ਵਿਚ ਦੱਸਿਆ ਸੀ।+ ਇਹ ਇਲਾਕਾ ਅਮੋਰੀਆਂ ਦੇ ਰਾਜੇ ਸੀਹੋਨ ਦਾ ਸੀ ਜੋ ਹਸ਼ਬੋਨ ਵਿਚ ਰਹਿੰਦਾ ਸੀ।+ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਮੂਸਾ ਅਤੇ ਇਜ਼ਰਾਈਲੀਆਂ ਨੇ ਉਸ ਨੂੰ ਹਰਾਇਆ ਸੀ।+ 47  ਉਨ੍ਹਾਂ ਨੇ ਉਸ ਦੇ ਦੇਸ਼ ਅਤੇ ਬਾਸ਼ਾਨ ਦੇ ਰਾਜੇ ਓਗ+ ਦੇ ਦੇਸ਼ ’ਤੇ ਕਬਜ਼ਾ ਕਰ ਲਿਆ। ਇਹ ਦੋਵੇਂ ਅਮੋਰੀ ਰਾਜੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਰਹਿੰਦੇ ਸਨ। 48  ਇਜ਼ਰਾਈਲੀਆਂ ਨੇ ਅਰਨੋਨ ਘਾਟੀ ਦੇ ਕੰਢੇ ’ਤੇ ਵੱਸੇ ਅਰੋਏਰ ਸ਼ਹਿਰ ਤੋਂ+ ਲੈ ਕੇ ਸਿਓਨ ਪਹਾੜ ਯਾਨੀ ਹਰਮੋਨ ਤਕ ਦੇ ਪੂਰੇ ਇਲਾਕੇ ਉੱਤੇ+ 49  ਅਤੇ ਯਰਦਨ ਦੇ ਪੂਰਬੀ ਪਾਸੇ ਸਾਰੇ ਅਰਾਬਾਹ ਉੱਤੇ ਅਤੇ ਪਿਸਗਾਹ ਦੀ ਢਲਾਣ ਕੋਲ ਅਰਾਬਾਹ ਸਾਗਰ* ਤਕ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ।+

ਫੁਟਨੋਟ

ਇਬ, “ਦਸ ਸ਼ਬਦ।”
ਇਬ, “ਆਕਾਸ਼ ਹੇਠ ਰਹਿਣ ਵਾਲੇ।”
ਜਾਂ, “ਲੋਹਾ ਪਿਘਲਾਉਣ ਵਾਲੀ ਭੱਠੀ।”
ਜਾਂ, “ਵਿਰਾਸਤ।”
ਇਬ, “ਪਸਾਰੀ ਹੋਈ ਬਾਂਹ।”
ਜਾਂ, “ਉੱਤੇ ਅਜ਼ਮਾਇਸ਼ਾਂ ਲਿਆਂਦੀਆਂ।”
ਇਬ, “ਬੀ।”
“ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।
ਯਾਨੀ, ਖਾਰਾ ਸਮੁੰਦਰ ਜਾਂ ਮ੍ਰਿਤ ਸਾਗਰ।