ਦਾਨੀਏਲ 7:1-28

  • ਚਾਰ ਦਰਿੰਦਿਆਂ ਦਾ ਦਰਸ਼ਣ (1-8)

    • ਹੰਕਾਰ ਭਰਿਆ ਛੋਟਾ ਸਿੰਗ ਨਿਕਲ ਆਇਆ (8)

  • ਅੱਤ ਪ੍ਰਾਚੀਨ ਦੀ ਅਦਾਲਤ (9-14)

    • ਮਨੁੱਖ ਦੇ ਪੁੱਤਰ ਨੂੰ ਰਾਜਾ ਬਣਾਇਆ ਗਿਆ (13, 14)

  • ਦਾਨੀਏਲ ਨੂੰ ਮਤਲਬ ਦੱਸਿਆ ਗਿਆ (15-28)

    • ਚਾਰ ਦਰਿੰਦੇ ਚਾਰ ਰਾਜੇ ਹਨ (17)

    • ਪਵਿੱਤਰ ਸੇਵਕਾਂ ਨੂੰ ਰਾਜ ਮਿਲੇਗਾ (18)

    • ਦਸ ਸਿੰਗ ਯਾਨੀ ਦਸ ਰਾਜੇ ਉੱਠਣਗੇ (24)

7  ਬਾਬਲ ਦੇ ਰਾਜਾ ਬੇਲਸ਼ੱਸਰ+ ਦੇ ਰਾਜ ਦੇ ਪਹਿਲੇ ਸਾਲ ਦਾਨੀਏਲ ਨੇ ਇਕ ਸੁਪਨਾ ਦੇਖਿਆ ਅਤੇ ਉਸ ਨੇ ਆਪਣੇ ਬਿਸਤਰੇ ’ਤੇ ਸੁੱਤੇ ਪਿਆਂ ਦਰਸ਼ਣ ਦੇਖੇ।+ ਫਿਰ ਉਸ ਨੇ ਸੁਪਨੇ ਨੂੰ ਲਿਖ ਲਿਆ+ ਅਤੇ ਸੁਪਨੇ ਵਿਚ ਦੇਖੀਆਂ ਸਾਰੀਆਂ ਗੱਲਾਂ ਖੋਲ੍ਹ ਕੇ ਲਿਖੀਆਂ।  ਦਾਨੀਏਲ ਨੇ ਕਿਹਾ: “ਜਦੋਂ ਮੈਂ ਰਾਤ ਨੂੰ ਇਹ ਦਰਸ਼ਣ ਦੇਖ ਰਿਹਾ ਸੀ, ਤਾਂ ਦੇਖੋ! ਆਕਾਸ਼ ਦੀਆਂ ਚਾਰੇ ਦਿਸ਼ਾਵਾਂ* ਤੋਂ ਹਵਾਵਾਂ ਵੱਡੇ ਸਮੁੰਦਰ ਵਿਚ ਹਲਚਲ ਮਚਾ ਰਹੀਆਂ ਸਨ।+  ਸਮੁੰਦਰ ਵਿੱਚੋਂ ਚਾਰ ਵੱਡੇ ਦਰਿੰਦੇ+ ਨਿਕਲੇ ਜੋ ਇਕ-ਦੂਜੇ ਤੋਂ ਵੱਖਰੇ ਸਨ।  “ਪਹਿਲਾ ਦਰਿੰਦਾ ਸ਼ੇਰ ਵਰਗਾ ਸੀ+ ਅਤੇ ਉਸ ਦੇ ਉਕਾਬ ਵਰਗੇ ਖੰਭ ਸਨ।+ ਮੇਰੇ ਦੇਖਦਿਆਂ ਹੀ ਦੇਖਦਿਆਂ ਉਸ ਦੇ ਖੰਭ ਪੁੱਟ ਦਿੱਤੇ ਗਏ ਅਤੇ ਉਸ ਨੂੰ ਧਰਤੀ ਤੋਂ ਉੱਪਰ ਚੁੱਕਿਆ ਗਿਆ ਅਤੇ ਉਸ ਨੂੰ ਇਕ ਆਦਮੀ ਵਾਂਗ ਦੋ ਪੈਰਾਂ ’ਤੇ ਖੜ੍ਹਾ ਕੀਤਾ ਗਿਆ ਅਤੇ ਉਸ ਨੂੰ ਇਨਸਾਨ ਦਾ ਦਿਲ ਦਿੱਤਾ ਗਿਆ।  “ਅਤੇ ਦੇਖੋ! ਦੂਜਾ ਦਰਿੰਦਾ ਰਿੱਛ ਵਰਗਾ ਸੀ।+ ਉਸ ਨੇ ਆਪਣਾ ਇਕ ਪੈਰ ਚੁੱਕਿਆ ਹੋਇਆ ਸੀ ਅਤੇ ਉਸ ਦੇ ਦੰਦਾਂ ਵਿਚ ਤਿੰਨ ਪਸਲੀਆਂ ਸਨ ਅਤੇ ਉਸ ਨੂੰ ਕਿਹਾ ਗਿਆ, ‘ਉੱਠ ਅਤੇ ਬਹੁਤ ਸਾਰਾ ਮਾਸ ਖਾ।’+  “ਇਸ ਤੋਂ ਬਾਅਦ ਮੇਰੇ ਦੇਖਦਿਆਂ ਹੀ ਦੇਖਦਿਆਂ ਇਕ ਹੋਰ ਦਰਿੰਦਾ ਨਿਕਲਿਆ ਜੋ ਚੀਤੇ ਵਰਗਾ ਸੀ,+ ਪਰ ਉਸ ਦੀ ਪਿੱਠ ’ਤੇ ਇਕ ਪੰਛੀ ਦੇ ਖੰਭਾਂ ਵਰਗੇ ਚਾਰ ਖੰਭ ਸਨ। ਉਸ ਦਰਿੰਦੇ ਦੇ ਚਾਰ ਸਿਰ ਸਨ+ ਅਤੇ ਉਸ ਨੂੰ ਰਾਜ ਕਰਨ ਦਾ ਅਧਿਕਾਰ ਦਿੱਤਾ ਗਿਆ।  “ਇਸ ਤੋਂ ਬਾਅਦ ਮੈਂ ਰਾਤ ਨੂੰ ਦਰਸ਼ਣਾਂ ਵਿਚ ਇਕ ਚੌਥਾ ਦਰਿੰਦਾ ਦੇਖਿਆ ਜੋ ਭਿਆਨਕ, ਡਰਾਉਣਾ ਅਤੇ ਬਹੁਤ ਜ਼ਿਆਦਾ ਤਾਕਤਵਰ ਸੀ ਅਤੇ ਉਸ ਦੇ ਲੋਹੇ ਦੇ ਵੱਡੇ-ਵੱਡੇ ਦੰਦ ਸਨ। ਉਹ ਸਭ ਕੁਝ ਨਿਗਲ਼ੀ ਜਾਂਦਾ ਸੀ ਅਤੇ ਹਰ ਚੀਜ਼ ਤੋੜੀ ਜਾਂਦਾ ਸੀ ਅਤੇ ਜੋ ਕੁਝ ਬਚਦਾ ਸੀ, ਉਸ ਨੂੰ ਆਪਣੇ ਪੈਰਾਂ ਹੇਠ ਕੁਚਲੀ ਜਾਂਦਾ ਸੀ।+ ਉਹ ਆਪਣੇ ਤੋਂ ਪਹਿਲਾਂ ਆਏ ਦੂਜੇ ਦਰਿੰਦਿਆਂ ਤੋਂ ਵੱਖਰਾ ਸੀ ਅਤੇ ਉਸ ਦੇ ਦਸ ਸਿੰਗ ਸਨ।  ਮੈਂ ਅਜੇ ਸਿੰਗਾਂ ਨੂੰ ਧਿਆਨ ਨਾਲ ਦੇਖ ਹੀ ਰਿਹਾ ਸੀ ਕਿ ਇਕ ਛੋਟਾ ਜਿਹਾ ਸਿੰਗ+ ਉਨ੍ਹਾਂ ਸਿੰਗਾਂ ਦੇ ਵਿਚਕਾਰ ਨਿਕਲ ਆਇਆ! ਫਿਰ ਪਹਿਲੇ ਸਿੰਗਾਂ ਵਿੱਚੋਂ ਤਿੰਨ ਸਿੰਗ ਉਸ ਛੋਟੇ ਸਿੰਗ ਦੇ ਸਾਮ੍ਹਣੇ ਪੁੱਟ ਦਿੱਤੇ ਗਏ। ਦੇਖੋ! ਉਸ ਸਿੰਗ ’ਤੇ ਇਨਸਾਨਾਂ ਵਰਗੀਆਂ ਅੱਖਾਂ ਸਨ ਅਤੇ ਉਸ ਦਾ ਇਕ ਮੂੰਹ ਸੀ ਜੋ ਹੰਕਾਰ ਭਰੀਆਂ ਗੱਲਾਂ ਬੋਲ ਰਿਹਾ ਸੀ।*+  “ਜਦ ਮੈਂ ਦਰਸ਼ਣ ਦੇਖ ਹੀ ਰਿਹਾ ਸੀ, ਤਾਂ ਸਿੰਘਾਸਣ ਰੱਖੇ ਗਏ ਅਤੇ ਅੱਤ ਪ੍ਰਾਚੀਨ+ ਆਪਣੇ ਸਿੰਘਾਸਣ ’ਤੇ ਬੈਠ ਗਿਆ।+ ਉਸ ਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ+ ਅਤੇ ਉਸ ਦੇ ਸਿਰ ਦੇ ਵਾਲ਼ ਉੱਨ ਵਾਂਗ ਚਿੱਟੇ ਸਨ। ਉਸ ਦਾ ਸਿੰਘਾਸਣ ਅੱਗ ਦੀਆਂ ਲਾਟਾਂ ਸੀ ਅਤੇ ਸਿੰਘਾਸਣ ਦੇ ਪਹੀਏ ਬਲ਼ਦੀ ਹੋਈ ਅੱਗ ਸਨ।+ 10  ਉਸ ਦੇ ਸਾਮ੍ਹਣਿਓਂ ਅੱਗ ਦੀ ਇਕ ਨਦੀ ਵਹਿ ਰਹੀ ਸੀ।+ ਦਸ ਲੱਖ ਉਸ ਦੀ ਸੇਵਾ ਕਰ ਰਹੇ ਸਨ ਅਤੇ ਦਸ ਕਰੋੜ ਉਸ ਦੇ ਅੱਗੇ ਖੜ੍ਹੇ ਸਨ।+ ਫਿਰ ਅਦਾਲਤ+ ਦੀ ਕਾਰਵਾਈ ਸ਼ੁਰੂ ਹੋਈ ਅਤੇ ਕਿਤਾਬਾਂ ਖੋਲ੍ਹੀਆਂ ਗਈਆਂ। 11  “ਮੈਂ ਉਸ ਸਮੇਂ ਦੇਖਦਾ ਰਿਹਾ ਕਿਉਂਕਿ ਉਹ ਸਿੰਗ ਹੰਕਾਰ ਭਰੀਆਂ ਗੱਲਾਂ ਕਹਿ ਰਿਹਾ ਸੀ;*+ ਮੈਂ ਉਦੋਂ ਤਕ ਦੇਖਦਾ ਰਿਹਾ ਜਦ ਤਕ ਕਿ ਉਸ ਦਰਿੰਦੇ ਨੂੰ ਮਾਰ ਨਹੀਂ ਦਿੱਤਾ ਗਿਆ ਅਤੇ ਉਸ ਦੇ ਸਰੀਰ ਨੂੰ ਅੱਗ ਵਿਚ ਸੁੱਟ ਕੇ ਨਾਸ਼ ਨਹੀਂ ਕਰ ਦਿੱਤਾ ਗਿਆ। 12  ਪਰ ਜਿੱਥੋਂ ਤਕ ਬਾਕੀ ਦਰਿੰਦਿਆਂ ਦੀ ਗੱਲ ਹੈ,+ ਉਨ੍ਹਾਂ ਕੋਲੋਂ ਰਾਜ ਕਰਨ ਦਾ ਅਧਿਕਾਰ ਲੈ ਲਿਆ ਗਿਆ। ਉਨ੍ਹਾਂ ਨੂੰ ਕੁਝ ਹੋਰ ਸਮੇਂ ਲਈ ਜੀਉਣ ਦਿੱਤਾ ਗਿਆ। 13  “ਮੈਂ ਰਾਤ ਨੂੰ ਦਰਸ਼ਣਾਂ ਵਿਚ ਦੇਖਿਆ ਕਿ ਇਕ ਜਣਾ ਜੋ ਮਨੁੱਖ ਦੇ ਪੁੱਤਰ+ ਵਰਗਾ ਸੀ, ਆਕਾਸ਼ ਦੇ ਬੱਦਲਾਂ ਦੇ ਨਾਲ ਆ ਰਿਹਾ ਸੀ ਅਤੇ ਉਸ ਨੂੰ ਅੱਤ ਪ੍ਰਾਚੀਨ+ ਦੇ ਕੋਲ ਆਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਨੂੰ ਉਸ ਦੇ ਕੋਲ ਲਿਆਂਦਾ ਗਿਆ। 14  ਉਸ ਨੂੰ ਹਕੂਮਤ,+ ਮਹਿਮਾ+ ਅਤੇ ਰਾਜ ਦਿੱਤਾ ਗਿਆ ਤਾਂਕਿ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕ ਉਸ ਦੀ ਸੇਵਾ ਕਰਨ।+ ਉਸ ਦੀ ਹਕੂਮਤ ਹਮੇਸ਼ਾ ਕਾਇਮ ਰਹੇਗੀ ਅਤੇ ਕਦੇ ਖ਼ਤਮ ਨਹੀਂ ਹੋਵੇਗੀ ਅਤੇ ਉਸ ਦਾ ਰਾਜ ਕਦੇ ਨਾਸ਼ ਨਹੀਂ ਹੋਵੇਗਾ।+ 15  “ਮੈਂ ਦਾਨੀਏਲ ਮਨ ਹੀ ਮਨ ਬਹੁਤ ਪਰੇਸ਼ਾਨ ਹੋ ਗਿਆ ਕਿਉਂਕਿ ਮੈਂ ਇਨ੍ਹਾਂ ਦਰਸ਼ਣਾਂ ਕਰਕੇ ਬਹੁਤ ਡਰ ਗਿਆ ਸੀ।+ 16  ਉੱਥੇ ਜੋ ਖੜ੍ਹੇ ਸਨ, ਮੈਂ ਉਨ੍ਹਾਂ ਵਿੱਚੋਂ ਇਕ ਕੋਲ ਇਨ੍ਹਾਂ ਦਰਸ਼ਣਾਂ ਦਾ ਸਹੀ ਮਤਲਬ ਪੁੱਛਣ ਲਈ ਗਿਆ। ਇਸ ਲਈ ਉਸ ਨੇ ਮੈਨੂੰ ਜਵਾਬ ਦਿੱਤਾ ਅਤੇ ਇਨ੍ਹਾਂ ਗੱਲਾਂ ਦਾ ਮਤਲਬ ਸਮਝਾਇਆ। 17  “‘ਇਹ ਚਾਰ ਵੱਡੇ-ਵੱਡੇ ਦਰਿੰਦੇ+ ਚਾਰ ਰਾਜੇ ਹਨ ਜੋ ਧਰਤੀ ਤੋਂ ਉੱਠਣਗੇ।+ 18  ਪਰ ਅੱਤ ਮਹਾਨ ਪਰਮੇਸ਼ੁਰ ਦੇ ਪਵਿੱਤਰ ਸੇਵਕਾਂ+ ਨੂੰ ਰਾਜ ਮਿਲੇਗਾ+ ਅਤੇ ਉਨ੍ਹਾਂ ਦਾ ਰਾਜ ਯੁਗਾਂ-ਯੁਗਾਂ ਤਕ, ਹਾਂ, ਹਮੇਸ਼ਾ-ਹਮੇਸ਼ਾ ਲਈ ਰਹੇਗਾ।’+ 19  “ਫਿਰ ਮੈਂ ਚੌਥੇ ਦਰਿੰਦੇ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਜੋ ਬਾਕੀ ਸਾਰਿਆਂ ਤੋਂ ਵੱਖਰਾ ਸੀ। ਉਹ ਬਹੁਤ ਹੀ ਭਿਆਨਕ ਸੀ ਅਤੇ ਉਸ ਦੇ ਦੰਦ ਲੋਹੇ ਦੇ ਅਤੇ ਪੰਜੇ ਤਾਂਬੇ ਦੇ ਸਨ। ਉਹ ਸਭ ਕੁਝ ਨਿਗਲ਼ੀ ਜਾਂਦਾ ਸੀ ਅਤੇ ਹਰ ਚੀਜ਼ ਤੋੜੀ ਜਾਂਦਾ ਸੀ ਅਤੇ ਜੋ ਕੁਝ ਬਚਦਾ ਸੀ, ਉਸ ਨੂੰ ਆਪਣੇ ਪੈਰਾਂ ਹੇਠ ਕੁਚਲੀ ਜਾਂਦਾ ਸੀ।+ 20  ਨਾਲੇ ਮੈਂ ਉਸ ਦੇ ਸਿਰ ਦੇ ਦਸਾਂ ਸਿੰਗਾਂ+ ਬਾਰੇ ਅਤੇ ਬਾਅਦ ਵਿਚ ਨਿਕਲੇ ਸਿੰਗ ਬਾਰੇ ਵੀ ਜਾਣਨਾ ਚਾਹੁੰਦਾ ਸੀ। ਉਸ ਸਿੰਗ ਦੇ ਸਾਮ੍ਹਣੇ ਤਿੰਨ ਸਿੰਗ ਉਖੜ ਗਏ ਸਨ+ ਅਤੇ ਉਸ ਸਿੰਗ ’ਤੇ ਅੱਖਾਂ ਅਤੇ ਇਕ ਮੂੰਹ ਸੀ ਜੋ ਹੰਕਾਰ ਭਰੀਆਂ ਗੱਲਾਂ ਬੋਲ ਰਿਹਾ ਸੀ* ਅਤੇ ਉਹ ਸਿੰਗ ਦੂਜਿਆਂ ਨਾਲੋਂ ਦੇਖਣ ਵਿਚ ਵੱਡਾ ਸੀ। 21  “ਮੇਰੇ ਦੇਖਦੇ ਹੀ ਦੇਖਦੇ ਉਸ ਸਿੰਗ ਨੇ ਪਵਿੱਤਰ ਸੇਵਕਾਂ ਦੇ ਨਾਲ ਲੜਾਈ ਸ਼ੁਰੂ ਕਰ ਦਿੱਤੀ ਅਤੇ ਉਹ ਉਨ੍ਹਾਂ ਉੱਤੇ ਹਾਵੀ ਹੁੰਦਾ ਰਿਹਾ+ 22  ਜਦ ਤਕ ਕਿ ਅੱਤ ਪ੍ਰਾਚੀਨ+ ਆ ਨਹੀਂ ਗਿਆ ਅਤੇ ਅੱਤ ਮਹਾਨ ਦੇ ਪਵਿੱਤਰ ਸੇਵਕਾਂ+ ਦੇ ਪੱਖ ਵਿਚ ਫ਼ੈਸਲਾ ਨਹੀਂ ਸੁਣਾਇਆ ਗਿਆ ਅਤੇ ਪਵਿੱਤਰ ਸੇਵਕਾਂ ਨੂੰ ਰਾਜ+ ਦਿੱਤੇ ਜਾਣ ਦਾ ਮਿਥਿਆ ਸਮਾਂ ਨਹੀਂ ਆ ਗਿਆ। 23  “ਉਸ ਨੇ ਇਹ ਕਿਹਾ: ‘ਚੌਥਾ ਦਰਿੰਦਾ ਚੌਥਾ ਰਾਜ ਹੈ ਜੋ ਧਰਤੀ ’ਤੇ ਖੜ੍ਹਾ ਹੋਵੇਗਾ। ਇਹ ਬਾਕੀ ਸਾਰੇ ਰਾਜਾਂ ਤੋਂ ਵੱਖਰਾ ਹੋਵੇਗਾ ਅਤੇ ਸਾਰੀ ਧਰਤੀ ਨੂੰ ਨਿਗਲ਼ ਜਾਵੇਗਾ, ਮਿੱਧੇਗਾ ਅਤੇ ਚੂਰ-ਚੂਰ ਕਰ ਦੇਵੇਗਾ।+ 24  ਦਸ ਸਿੰਗ ਦਸ ਰਾਜੇ ਹਨ ਜੋ ਉਸ ਰਾਜ ਵਿੱਚੋਂ ਨਿਕਲਣਗੇ ਅਤੇ ਉਨ੍ਹਾਂ ਤੋਂ ਬਾਅਦ ਇਕ ਹੋਰ ਉੱਠੇਗਾ ਜੋ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ ਅਤੇ ਤਿੰਨ ਰਾਜਿਆਂ ਨੂੰ ਨੀਵਾਂ ਕਰੇਗਾ।+ 25  ਉਹ ਅੱਤ ਮਹਾਨ ਦੇ ਖ਼ਿਲਾਫ਼ ਗੱਲਾਂ ਬੋਲੇਗਾ+ ਅਤੇ ਉਹ ਅੱਤ ਮਹਾਨ ਦੇ ਪਵਿੱਤਰ ਸੇਵਕਾਂ ਨੂੰ ਸਤਾਉਂਦਾ ਰਹੇਗਾ। ਉਹ ਸਮੇਂ ਅਤੇ ਕਾਨੂੰਨ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਅਤੇ ਉਨ੍ਹਾਂ ਨੂੰ ਇਕ ਸਮੇਂ, ਦੋ ਸਮੇਂ ਅਤੇ ਅੱਧੇ ਸਮੇਂ* ਲਈ ਉਸ ਦੇ ਹਵਾਲੇ ਕੀਤਾ ਜਾਵੇਗਾ।+ 26  ਪਰ ਅਦਾਲਤ ਦੀ ਕਾਰਵਾਈ ਸ਼ੁਰੂ ਹੋਵੇਗੀ ਅਤੇ ਉਸ ਤੋਂ ਰਾਜ ਲੈ ਲਿਆ ਜਾਵੇਗਾ ਤਾਂਕਿ ਉਸ ਨੂੰ ਨਾਸ਼ ਕਰ ਦਿੱਤਾ ਜਾਵੇ ਅਤੇ ਉਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ।+ 27  “‘ਅਤੇ ਅੱਤ ਮਹਾਨ ਦੇ ਪਵਿੱਤਰ ਸੇਵਕਾਂ ਨੂੰ ਰਾਜ ਅਤੇ ਹਕੂਮਤ ਅਤੇ ਆਕਾਸ਼ ਦੇ ਹੇਠਾਂ ਸਾਰੇ ਰਾਜਾਂ ਦੀ ਮਹਿਮਾ ਦਿੱਤੀ ਜਾਵੇਗੀ।+ ਉਨ੍ਹਾਂ ਦਾ ਰਾਜ ਹਮੇਸ਼ਾ ਕਾਇਮ ਰਹੇਗਾ+ ਅਤੇ ਸਾਰੀਆਂ ਸਰਕਾਰਾਂ ਉਨ੍ਹਾਂ ਦੀ ਸੇਵਾ ਕਰਨਗੀਆਂ ਅਤੇ ਉਨ੍ਹਾਂ ਦਾ ਕਹਿਣਾ ਮੰਨਣਗੀਆਂ।’ 28  “ਇੱਥੇ ਗੱਲ ਖ਼ਤਮ ਹੁੰਦੀ ਹੈ। ਮੈਂ ਦਾਨੀਏਲ ਇਨ੍ਹਾਂ ਗੱਲਾਂ ਕਰਕੇ ਬਹੁਤ ਜ਼ਿਆਦਾ ਡਰ ਗਿਆ ਅਤੇ ਮੇਰਾ ਰੰਗ ਪੀਲ਼ਾ ਪੈ ਗਿਆ,* ਪਰ ਮੈਂ ਇਹ ਗੱਲਾਂ ਆਪਣੇ ਮਨ ਵਿਚ ਹੀ ਰੱਖੀਆਂ।”

ਫੁਟਨੋਟ

ਅਰਾਮੀ ਵਿਚ, “ਆਕਾਸ਼ ਦੀਆਂ ਚਾਰੇ ਹਵਾਵਾਂ।”
ਜਾਂ, “ਜੋ ਸ਼ੇਖ਼ੀਆਂ ਮਾਰ ਰਿਹਾ ਸੀ।”
ਜਾਂ, “ਸ਼ੇਖ਼ੀਆਂ ਮਾਰ ਰਿਹਾ ਸੀ।”
ਜਾਂ, “ਜੋ ਸ਼ੇਖ਼ੀਆਂ ਮਾਰ ਰਿਹਾ ਸੀ।”
ਯਾਨੀ, ਸਾਢੇ ਤਿੰਨ ਸਮੇਂ।
ਜਾਂ, “ਮੇਰਾ ਚਿਹਰਾ ਬਦਲ ਗਿਆ।”