ਇਬਰਾਨੀਆਂ ਨੂੰ ਚਿੱਠੀ 10:1-39

  • ਜਾਨਵਰਾਂ ਦੀਆਂ ਬਲ਼ੀਆਂ ਪਾਪ ਨੂੰ ਖ਼ਤਮ ਨਹੀਂ ਕਰ ਸਕਦੀਆਂ (1-4)

    • ਮੂਸਾ ਦਾ ਕਾਨੂੰਨ ਇਕ ਪਰਛਾਵਾਂ ਹੀ ਹੈ (1)

  • ਮਸੀਹ ਨੇ ਇੱਕੋ ਵਾਰ ਹਮੇਸ਼ਾ ਲਈ ਬਲ਼ੀ ਚੜ੍ਹਾਈ (5-18)

  • ਜ਼ਿੰਦਗੀ ਵੱਲ ਲੈ ਜਾਣਾ ਵਾਲਾ ਇਕ ਨਵਾਂ ਰਾਹ (19-25)

    • ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੋ (24, 25)

  • ਜਾਣ-ਬੁੱਝ ਕੇ ਪਾਪ ਕਰਨ ਵਿਰੁੱਧ ਚੇਤਾਵਨੀ (26-31)

  • ਹੌਸਲੇ ਅਤੇ ਨਿਹਚਾ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ (32-39)

10  ਮੂਸਾ ਦਾ ਕਾਨੂੰਨ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਹੀ ਹੈ,+ ਨਾ ਕਿ ਉਨ੍ਹਾਂ ਦਾ ਅਸਲੀ ਰੂਪ। ਇਸ ਲਈ ਇਹ ਕਾਨੂੰਨ* ਪਰਮੇਸ਼ੁਰ ਦੇ ਹਜ਼ੂਰ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਬਲ਼ੀਆਂ ਦੇ ਜ਼ਰੀਏ ਕਦੀ ਵੀ ਮੁਕੰਮਲ ਨਹੀਂ ਬਣਾ ਸਕਦਾ ਜੋ ਹਰ ਸਾਲ ਚੜ੍ਹਾਈਆਂ ਜਾਂਦੀਆਂ ਹਨ।+  ਨਹੀਂ ਤਾਂ, ਬਲ਼ੀਆਂ ਚੜ੍ਹਾਉਣ ਦਾ ਕੰਮ ਖ਼ਤਮ ਹੋ ਗਿਆ ਹੁੰਦਾ ਕਿਉਂਕਿ ਪਵਿੱਤਰ ਸੇਵਾ ਕਰਨ ਵਾਲਿਆਂ ਨੂੰ ਇੱਕੋ ਵਾਰ ਸ਼ੁੱਧ ਕਰ ਦਿੱਤਾ ਗਿਆ ਹੁੰਦਾ ਅਤੇ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਨਾ ਕਰਦੇ।  ਇਸ ਦੀ ਬਜਾਇ, ਹਰ ਸਾਲ ਬਲ਼ੀਆਂ ਚੜ੍ਹਾਉਣ ਨਾਲ ਉਨ੍ਹਾਂ ਨੂੰ ਯਾਦ ਰਹਿੰਦਾ ਹੈ ਕਿ ਉਹ ਪਾਪੀ ਹਨ+  ਕਿਉਂਕਿ ਬਲਦਾਂ ਅਤੇ ਬੱਕਰਿਆਂ ਦੇ ਲਹੂ ਨਾਲ ਪਾਪ ਨੂੰ ਖ਼ਤਮ ਕਰਨਾ ਨਾਮੁਮਕਿਨ ਹੈ।  ਇਸ ਲਈ ਜਦੋਂ ਮਸੀਹ ਦੁਨੀਆਂ ਵਿਚ ਆਇਆ, ਤਾਂ ਉਸ ਨੇ ਪਰਮੇਸ਼ੁਰ ਨੂੰ ਕਿਹਾ: “‘ਤੂੰ ਬਲ਼ੀਆਂ ਅਤੇ ਭੇਟਾਂ ਨਹੀਂ ਚਾਹੀਆਂ, ਪਰ ਤੂੰ ਮੇਰੇ ਲਈ ਇਕ ਸਰੀਰ ਤਿਆਰ ਕੀਤਾ।  ਤੂੰ ਹੋਮ-ਬਲ਼ੀਆਂ ਅਤੇ ਪਾਪ-ਬਲ਼ੀਆਂ ਤੋਂ ਖ਼ੁਸ਼ ਨਹੀਂ ਸੀ।’+  ਫਿਰ ਮੈਂ ਕਿਹਾ: ‘ਹੇ ਪਰਮੇਸ਼ੁਰ, ਦੇਖ! ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ। (ਮੇਰੇ ਬਾਰੇ ਕਿਤਾਬ* ਵਿਚ ਇਹ ਲਿਖਿਆ ਗਿਆ ਹੈ।)’”+  ਪਹਿਲਾਂ ਉਸ ਨੇ ਕਿਹਾ: “ਤੂੰ ਬਲ਼ੀਆਂ, ਭੇਟਾਂ, ਹੋਮ-ਬਲ਼ੀਆਂ ਅਤੇ ਪਾਪ-ਬਲ਼ੀਆਂ ਨਹੀਂ ਚਾਹੀਆਂ ਅਤੇ ਨਾ ਹੀ ਤੂੰ ਇਨ੍ਹਾਂ ਤੋਂ ਖ਼ੁਸ਼ ਸੀ” ਜੋ ਮੂਸਾ ਦੇ ਕਾਨੂੰਨ ਅਨੁਸਾਰ ਚੜ੍ਹਾਈਆਂ ਜਾਂਦੀਆਂ ਹਨ।  ਫਿਰ ਉਸ ਨੇ ਕਿਹਾ: “ਦੇਖ! ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।”+ ਉਸ ਨੇ ਦੂਸਰੇ ਪ੍ਰਬੰਧ ਨੂੰ ਕਾਇਮ ਕਰਨ ਲਈ ਪਹਿਲੇ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਹੈ। 10  ਪਰਮੇਸ਼ੁਰ ਦੀ ਇਸ “ਇੱਛਾ”+ ਅਨੁਸਾਰ ਸਾਨੂੰ ਯਿਸੂ ਮਸੀਹ ਦੇ ਸਰੀਰ ਦੀ ਬਲ਼ੀ ਰਾਹੀਂ ਇੱਕੋ ਵਾਰ ਹਮੇਸ਼ਾ ਲਈ ਸ਼ੁੱਧ ਕੀਤਾ ਗਿਆ ਹੈ।+ 11  ਨਾਲੇ ਹਰ ਪੁਜਾਰੀ ਰੋਜ਼ ਪਵਿੱਤਰ ਸੇਵਾ ਕਰਨ ਲਈ ਹਾਜ਼ਰ ਹੁੰਦਾ ਹੈ+ ਅਤੇ ਵਾਰ-ਵਾਰ ਉਸੇ ਤਰ੍ਹਾਂ ਦੀਆਂ ਬਲ਼ੀਆਂ ਚੜ੍ਹਾਉਂਦਾ ਹੈ+ ਜੋ ਪਾਪ ਨੂੰ ਕਦੀ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦੀਆਂ।+ 12  ਪਰ ਮਸੀਹ ਨੇ ਪਾਪਾਂ ਲਈ ਇੱਕੋ ਵਾਰ ਹਮੇਸ਼ਾ ਲਈ ਇਕ ਬਲ਼ੀ ਚੜ੍ਹਾਈ ਅਤੇ ਉਹ ਜਾ ਕੇ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਗਿਆ+ 13  ਅਤੇ ਉਹ ਉਦੋਂ ਤੋਂ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਉਸ ਦੇ ਵੈਰੀਆਂ ਨੂੰ ਉਸ ਦੇ ਪੈਰਾਂ ਦੀ ਚੌਂਕੀ ਬਣਾਇਆ ਜਾਵੇਗਾ।+ 14  ਉਸ ਨੇ ਇੱਕੋ ਹੀ ਬਲ਼ੀ ਚੜ੍ਹਾ ਕੇ ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਲਈ ਮੁਕੰਮਲ ਬਣਾ ਦਿੱਤਾ ਹੈ+ ਜਿਨ੍ਹਾਂ ਨੂੰ ਪਵਿੱਤਰ ਕੀਤਾ ਜਾ ਰਿਹਾ ਹੈ। 15  ਇਸ ਤੋਂ ਇਲਾਵਾ, ਪਵਿੱਤਰ ਸ਼ਕਤੀ ਵੀ ਸਾਨੂੰ ਇਸ ਗੱਲ ਦੇ ਸੱਚ ਹੋਣ ਦੀ ਗਵਾਹੀ ਦਿੰਦੀ ਹੈ ਕਿਉਂਕਿ ਇਹ ਪਹਿਲਾਂ ਕਹਿੰਦੀ ਹੈ: 16  “‘ਉਨ੍ਹਾਂ ਦਿਨਾਂ ਤੋਂ ਬਾਅਦ ਮੈਂ ਉਨ੍ਹਾਂ ਨਾਲ ਇਹ ਇਕਰਾਰ ਕਰਾਂਗਾ,’ ਯਹੋਵਾਹ* ਕਹਿੰਦਾ ਹੈ। ‘ਮੈਂ ਆਪਣੇ ਕਾਨੂੰਨ ਉਨ੍ਹਾਂ ਦੇ ਦਿਲਾਂ ਵਿਚ ਪਾਵਾਂਗਾ ਅਤੇ ਇਹ ਕਾਨੂੰਨ ਮੈਂ ਉਨ੍ਹਾਂ ਦੇ ਮਨਾਂ ’ਤੇ ਲਿਖਾਂਗਾ।’”+ 17  ਫਿਰ ਇਹ ਕਹਿੰਦੀ ਹੈ: “ਮੈਂ ਉਨ੍ਹਾਂ ਦੇ ਪਾਪਾਂ ਅਤੇ ਬੁਰੇ ਕੰਮਾਂ ਨੂੰ ਦੁਬਾਰਾ ਯਾਦ ਨਹੀਂ ਕਰਾਂਗਾ।”+ 18  ਜਦੋਂ ਪਾਪਾਂ ਦੀ ਮਾਫ਼ੀ ਮਿਲ ਜਾਂਦੀ ਹੈ, ਤਾਂ ਬਲ਼ੀਆਂ ਚੜ੍ਹਾਉਣ ਦੀ ਕੋਈ ਲੋੜ ਹੀ ਨਹੀਂ ਰਹਿੰਦੀ। 19  ਇਸ ਲਈ ਭਰਾਵੋ, ਅਸੀਂ ਯਿਸੂ ਦੇ ਖ਼ੂਨ ਦੇ ਜ਼ਰੀਏ ਉਸ ਰਾਹ ਉੱਤੇ ਨਿਡਰ* ਹੋ ਕੇ ਤੁਰ ਸਕਦੇ ਹਾਂ ਜੋ ਪਵਿੱਤਰ ਸਥਾਨ ਦੇ ਅੰਦਰ ਜਾਂਦਾ ਹੈ।+ 20  ਉਸ ਨੇ ਸਾਡੇ ਲਈ ਇਹ ਨਵਾਂ ਰਾਹ ਖੋਲ੍ਹਿਆ ਹੈ ਜੋ ਸਾਨੂੰ ਜ਼ਿੰਦਗੀ ਵੱਲ ਲੈ ਜਾਂਦਾ ਹੈ। ਉਸ ਨੇ ਪਰਦੇ ਵਿੱਚੋਂ ਦੀ ਲੰਘ ਕੇ ਇਹ ਰਾਹ ਖੋਲ੍ਹਿਆ ਹੈ।+ ਇਹ ਪਰਦਾ ਉਸ ਦਾ ਆਪਣਾ ਸਰੀਰ ਹੈ। 21  ਸਾਡਾ ਪੁਜਾਰੀ ਉੱਤਮ ਹੈ ਅਤੇ ਪਰਮੇਸ਼ੁਰ ਦੇ ਘਰਾਣੇ ਦਾ ਨਿਗਰਾਨ ਹੈ,+ 22  ਇਸ ਲਈ ਆਓ ਆਪਾਂ ਸੱਚੇ ਦਿਲੋਂ ਅਤੇ ਪੂਰੀ ਨਿਹਚਾ ਨਾਲ ਪਰਮੇਸ਼ੁਰ ਦੇ ਹਜ਼ੂਰ ਆਈਏ ਕਿਉਂਕਿ ਸਾਡੇ ਦਿਲਾਂ ਨੂੰ ਸ਼ੁੱਧ* ਕੀਤਾ ਗਿਆ ਹੈ, ਸਾਡੀ ਦੋਸ਼ੀ ਜ਼ਮੀਰ ਨੂੰ ਸਾਫ਼ ਕੀਤਾ ਗਿਆ ਹੈ+ ਅਤੇ ਸਾਡੇ ਸਰੀਰਾਂ ਨੂੰ ਸਾਫ਼ ਪਾਣੀ ਨਾਲ ਧੋਤਾ ਗਿਆ ਹੈ।+ 23  ਆਓ ਆਪਾਂ ਬਿਨਾਂ ਡਗਮਗਾਏ ਸਾਰਿਆਂ ਸਾਮ੍ਹਣੇ ਆਪਣੀ ਉਮੀਦ ਦਾ ਐਲਾਨ ਕਰਦੇ ਰਹੀਏ+ ਕਿਉਂਕਿ ਵਾਅਦਾ ਕਰਨ ਵਾਲਾ ਵਫ਼ਾਦਾਰ ਹੈ। 24  ਨਾਲੇ ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ* ਤਾਂਕਿ ਅਸੀਂ ਇਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ* ਦੇ ਸਕੀਏ+ 25  ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ* ਨਾ ਛੱਡੀਏ,+ ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।+ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਤੁਸੀਂ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੋ।+ 26  ਜੇ ਅਸੀਂ ਸੱਚਾਈ ਦਾ ਸਹੀ ਗਿਆਨ ਲੈਣ ਤੋਂ ਬਾਅਦ ਵੀ ਜਾਣ-ਬੁੱਝ ਕੇ ਪਾਪ ਕਰਦੇ ਰਹੀਏ,+ ਤਾਂ ਫਿਰ ਸਾਡੇ ਪਾਪਾਂ ਲਈ ਕੋਈ ਬਲੀਦਾਨ ਬਾਕੀ ਨਹੀਂ ਬਚਦਾ,+ 27  ਸਗੋਂ ਸਾਡੇ ਲਈ ਪਰਮੇਸ਼ੁਰ ਦੇ ਖ਼ੌਫ਼ਨਾਕ ਨਿਆਂ ਦੀ ਉਡੀਕ ਬਾਕੀ ਰਹਿ ਜਾਂਦੀ ਹੈ ਅਤੇ ਸਾਡੇ ਉੱਤੇ ਉਸ ਦੇ ਗੁੱਸੇ ਦੀ ਅੱਗ ਭੜਕੇਗੀ ਜੋ ਉਸ ਦੇ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।+ 28  ਜਿਹੜਾ ਇਨਸਾਨ ਮੂਸਾ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ, ਉਸ ਨੂੰ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ’ਤੇ ਦਇਆ ਕੀਤੇ ਬਿਨਾਂ ਮਾਰ ਦਿੱਤਾ ਜਾਂਦਾ ਹੈ।+ 29  ਤਾਂ ਫਿਰ, ਕੀ ਉਹ ਇਨਸਾਨ ਇਸ ਤੋਂ ਵੀ ਸਖ਼ਤ ਸਜ਼ਾ ਦੇ ਲਾਇਕ ਨਹੀਂ ਹੈ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੇ ਪੈਰਾਂ ਹੇਠ ਮਿੱਧਿਆ ਹੈ, ਇਕਰਾਰ ਦੇ ਲਹੂ ਨੂੰ ਮਾਮੂਲੀ ਸਮਝਿਆ ਹੈ+ ਜਿਸ ਨਾਲ ਉਸ ਨੂੰ ਪਵਿੱਤਰ ਕੀਤਾ ਗਿਆ ਸੀ ਅਤੇ ਅਪਾਰ ਕਿਰਪਾ ਦੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਘੋਰ ਅਪਮਾਨ ਕੀਤਾ ਹੈ?+ 30  ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਕਿਹਾ ਸੀ: “ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਸਜ਼ਾ ਦਿਆਂਗਾ।” ਨਾਲੇ ਇਹ ਵੀ: “ਯਹੋਵਾਹ* ਆਪਣੇ ਲੋਕਾਂ ਨਾਲ ਨਿਆਂ ਕਰੇਗਾ।”+ 31  ਜੀਉਂਦੇ ਪਰਮੇਸ਼ੁਰ ਦੇ ਹੱਥੋਂ ਸਜ਼ਾ ਪਾਉਣੀ ਕਿੰਨੀ ਖ਼ੌਫ਼ਨਾਕ ਗੱਲ ਹੈ! 32  ਪਰ ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਰੱਖੋ ਜਦੋਂ ਗਿਆਨ ਦਾ ਪ੍ਰਕਾਸ਼ ਹੋਣ ਤੋਂ ਬਾਅਦ+ ਤੁਸੀਂ ਧੀਰਜ ਨਾਲ ਕਿੰਨੇ ਦੁੱਖ ਸਹੇ ਅਤੇ ਸੰਘਰਸ਼ ਕੀਤਾ। 33  ਤੁਹਾਨੂੰ ਕਈ ਵਾਰ ਸ਼ਰੇਆਮ ਬੇਇੱਜ਼ਤ ਕੀਤਾ ਗਿਆ* ਅਤੇ ਤੁਹਾਡੇ ਉੱਤੇ ਜ਼ੁਲਮ ਕੀਤੇ ਗਏ ਅਤੇ ਤੁਸੀਂ ਅਜਿਹੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਾਲਿਆਂ ਦਾ ਵੀ ਸਾਥ ਨਹੀਂ ਛੱਡਿਆ।* 34  ਤੁਸੀਂ ਜੇਲ੍ਹਾਂ ਵਿਚ ਬੰਦ ਭਰਾਵਾਂ ਲਈ ਹਮਦਰਦੀ ਵੀ ਦਿਖਾਈ। ਜਦੋਂ ਤੁਹਾਡਾ ਸਭ ਕੁਝ ਲੁੱਟਿਆ ਗਿਆ, ਤਾਂ ਤੁਸੀਂ ਖ਼ੁਸ਼ੀ-ਖ਼ੁਸ਼ੀ ਇਹ ਜਰ ਲਿਆ+ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਇਸ ਤੋਂ ਵੀ ਵਧੀਆ ਅਤੇ ਹਮੇਸ਼ਾ ਰਹਿਣ ਵਾਲੀ ਵਿਰਾਸਤ ਮਿਲੀ ਹੈ।+ 35  ਇਸ ਲਈ ਤੁਸੀਂ ਆਪਣੀ ਦਲੇਰੀ* ਨਾ ਛੱਡੋ ਕਿਉਂਕਿ ਤੁਹਾਨੂੰ ਇਸ ਦਾ ਵੱਡਾ ਇਨਾਮ ਮਿਲੇਗਾ।+ 36  ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ+ ਤਾਂਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਉਹ ਚੀਜ਼ ਮਿਲੇ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ। 37  ਹੁਣ “ਬਹੁਤ ਥੋੜ੍ਹਾ ਸਮਾਂ” ਰਹਿ ਗਿਆ ਹੈ+ ਅਤੇ “ਉਹ ਜਿਹੜਾ ਆ ਰਿਹਾ ਹੈ, ਜ਼ਰੂਰ ਆਵੇਗਾ ਅਤੇ ਉਹ ਦੇਰ ਨਹੀਂ ਕਰੇਗਾ।”+ 38  “ਪਰ ਮੇਰਾ ਧਰਮੀ ਸੇਵਕ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ”+ ਅਤੇ “ਜੇ ਉਹ ਪਿੱਛੇ ਹਟ ਜਾਂਦਾ ਹੈ, ਤਾਂ ਮੈਂ ਉਸ ਤੋਂ ਖ਼ੁਸ਼ ਨਹੀਂ ਹੋਵਾਂਗਾ।”+ 39  ਅਸੀਂ ਪਿੱਛੇ ਹਟਣ ਵਾਲੇ ਇਨਸਾਨ ਨਹੀਂ ਹਾਂ ਜਿਹੜੇ ਵਿਨਾਸ਼ ਵੱਲ ਜਾਂਦੇ ਹਨ,+ ਸਗੋਂ ਅਸੀਂ ਨਿਹਚਾ ਕਰਨ ਵਾਲੇ ਇਨਸਾਨ ਹਾਂ ਜਿਸ ਕਰਕੇ ਸਾਡੀਆਂ ਜਾਨਾਂ ਬਚਣਗੀਆਂ।

ਫੁਟਨੋਟ

ਜਾਂ ਸੰਭਵ ਹੈ, “ਆਦਮੀ।”
ਯੂਨਾ, “ਕਿਤਾਬ ਦੀ ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।
ਜਾਂ, “ਦਲੇਰ।”
ਯੂਨਾ, “ਉੱਤੇ ਛਿੜਕਿਆ ਗਿਆ,” ਮਤਲਬ ਕਿ ਯਿਸੂ ਦਾ ਖ਼ੂਨ ਛਿੜਕਿਆ ਗਿਆ ਹੈ।
ਜਾਂ, “ਪ੍ਰੇਰਣਾ।”
ਜਾਂ, “ਫ਼ਿਕਰ ਕਰੀਏ; ਖ਼ਿਆਲ ਰੱਖੀਏ।”
ਇੱਥੇ ਭਗਤੀ ਕਰਨ ਵਾਸਤੇ ਇਕੱਠੇ ਹੋਣ ਦੀ ਗੱਲ ਕੀਤੀ ਗਈ ਹੈ।
ਯੂਨਾ, “ਜਿਵੇਂ ਤਮਾਸ਼ਾ-ਘਰ ਵਿਚ ਤਮਾਸ਼ਾ ਹੁੰਦਾ।”
ਜਾਂ, “ਦੇ ਹਿੱਸੇਦਾਰ ਬਣੇ।”
ਯੂਨਾ, “ਬੇਝਿਜਕ ਹੋ ਕੇ ਗੱਲ ਕਰਨੀ।”