Skip to content

ਨੌਜਵਾਨ ਪੁੱਛਦੇ ਹਨ

ਮੈਂ ਹਮੇਸ਼ਾ ਗ਼ਲਤ ਗੱਲ ਕਿਉਂ ਕਹਿ ਦਿੰਦਾ ਹਾਂ?

ਮੈਂ ਹਮੇਸ਼ਾ ਗ਼ਲਤ ਗੱਲ ਕਿਉਂ ਕਹਿ ਦਿੰਦਾ ਹਾਂ?

 “ਕਈ ਵਾਰ ਮੈਂ ਆਪਣੀ ਜ਼ਬਾਨ ʼਤੇ ਕਾਬੂ ਪਾ ਲੈਂਦਾ ਹਾਂ, ਪਰ ਕਈ ਵਾਰ ਇੱਦਾਂ ਲੱਗਦਾ ਹੈ ਕਿ ਮੈਂ ਬਿਨਾਂ ਸੋਚੇ-ਸਮਝੇ ਆਪਣਾ ਮੂੰਹ ਖੋਲ੍ਹ ਦਿੰਦਾ ਹਾਂ!”—ਜੇਮਜ਼।

 ਜਦੋਂ ਮੈਂ ਚਿੰਤਾ ਵਿਚ ਹੁੰਦੀ ਹਾਂ, ਤਾਂ ਮੈਂ ਬਿਨਾਂ ਸੋਚੇ-ਸਮਝੇ ਬੋਲਦੀ ਹਾਂ ਅਤੇ ਜਦੋਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ, ਤਾਂ ਮੈਂ ਕੁਝ ਜ਼ਿਆਦਾ ਹੀ ਬੋਲ ਦਿੰਦੀ ਹਾਂ। ਕਹਿਣ ਦਾ ਮਤਲਬ ਮੈਂ ਹਮੇਸ਼ਾ ਹੀ ਗ਼ਲਤ ਕਹਿ ਦਿੰਦੀ ਹਾਂ।—ਮੱਰੀ।

 ਬਾਈਬਲ ਦੱਸਦੀ ਹੈ: “ਜੀਭ ਅੱਗ ਹੈ।” ਅਤੇ “ਧਿਆਨ ਦਿਓ ਕਿ ਇਕ ਛੋਟੀ ਜਿਹੀ ਚੰਗਿਆੜੀ ਪੂਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ!” (ਯਾਕੂਬ 3:5, 6) ਕੀ ਤੁਸੀਂ ਹਮੇਸ਼ਾ ਆਪਣੀ ਗੱਲ ਕਰਕੇ ਮੁਸੀਬਤ ਵਿਚ ਫਸ ਜਾਂਦੇ ਹੋ? ਜੇ ਹਾਂ, ਤਾਂ ਇਹ ਲੇਖ ਤੁਹਾਡੀ ਮਦਦ ਕਰ ਸਕਦਾ ਹੈ।

 ਮੈਂ ਗ਼ਲਤ ਗੱਲ ਕਿਉਂ ਕਹਿ ਦਿੰਦਾ ਹਾਂ?

 ਨਾਮੁਕੰਮਲਤਾ। ਬਾਈਬਲ ਦੱਸਦੀ ਹੈ: “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ। ਜੇ ਕੋਈ ਬੋਲਣ ਵਿਚ ਗ਼ਲਤੀ ਨਹੀਂ ਕਰਦਾ, ਤਾਂ ਉਹ ਮੁਕੰਮਲ ਇਨਸਾਨ ਹੈ।” (ਯਾਕੂਬ 3:2) ਇਨਸਾਨੀ ਕਮਜ਼ੋਰੀਆਂ ਕਰਕੇ ਸਿਰਫ਼ ਤੁਰਨ ਵੇਲੇ ਹੀ ਠੋਕਰ ਨਹੀਂ ਲੱਗਦੀ, ਸਗੋਂ ਅਸੀਂ ਬੋਲਣ ਵੇਲੇ ਵੀ ਗ਼ਲਤ ਗੱਲ ਕਹਿ ਦਿੰਦੇ ਹਾਂ।

 “ਨਾਮੁਕੰਮਲ ਦਿਮਾਗ਼ ਤੇ ਜੀਭ ਹੋਣ ਕਰਕੇ ਮੇਰੇ ਲਈ ਇਹ ਕਹਿਣਾ ਮੂਰਖਤਾ ਹੈ ਕਿ ਮੈਂ ਇਨ੍ਹਾਂ ʼਤੇ ਪੂਰੀ ਤਰ੍ਹਾਂ ਕਾਬੂ ਪਾਇਆ ਹੋਇਆ ਹੈ।”—ਐਨਾ।

 ਬਹੁਤ ਜ਼ਿਆਦਾ ਬੋਲਣਾ। ਬਾਈਬਲ ਕਹਿੰਦੀ ਹੈ: “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ।” (ਕਹਾਉਤਾਂ 10:19) ਜਿਹੜੇ ਲੋਕ ਜ਼ਿਆਦਾ ਬੋਲਦੇ ਤੇ ਘੱਟ ਸੁਣਦੇ ਹਨ, ਉਹ ਅਕਸਰ ਆਪਣੀਆਂ ਗ਼ਲਤ ਗੱਲਾਂ ਨਾਲ ਦੂਜਿਆਂ ਨੂੰ ਠੇਸ ਪਹੁੰਚਾਉਂਦੇ ਹਨ।

 “ਹਮੇਸ਼ਾ ਬੋਲਣ ਵਾਲੇ ਲੋਕਾਂ ਨੂੰ ਸਾਰਾ ਕੁਝ ਪਤਾ ਨਹੀਂ ਹੁੰਦਾ। ਯਿਸੂ ਧਰਤੀ ʼਤੇ ਰਹਿਣ ਵਾਲਾ ਉਹ ਇਨਸਾਨ ਸੀ ਜਿਸ ਨੂੰ ਸਾਰਾ ਕੁਝ ਪਤਾ ਸੀ, ਪਰ ਉਹ ਕਦੀ-ਕਦਾਈਂ ਚੁੱਪ ਰਿਹਾ।”—ਜੂਲੀਆ।

 ਚੁੱਭਵੀਆਂ ਗੱਲਾਂ। ਬਾਈਬਲ ਦੱਸਦੀ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” (ਕਹਾਉਤਾਂ 12:18) ਬੇਸੋਚੇ ਬੋਲਣ ਦੀ ਇਕ ਮਿਸਾਲ ਹੈ, ਚੁੱਭਵੀਆਂ ਗੱਲਾਂ ਯਾਨੀ ਦੂਜਿਆਂ ਨੂੰ ਠੇਸ ਪਹੁੰਚਾਉਣ ਤੇ ਨੀਵਾਂ ਦਿਖਾਉਣ ਵਾਲੀਆਂ ਗੱਲਾਂ ਕਹਿਣੀਆਂ। ਜਿਹੜੇ ਲੋਕ ਚੁੱਭਵੀਆਂ ਗੱਲਾਂ ਕਹਿੰਦੇ ਹਨ, ਉਹ ਸ਼ਾਇਦ ਕਹਿਣ, “ਅਸੀਂ ਤਾਂ ਸਿਰਫ਼ ਮਜ਼ਾਕ ਕੀਤਾ ਸੀ!” ਪਰ ਦੂਜਿਆਂ ਨੂੰ ਨੀਵਾਂ ਦਿਖਾਉਣਾ ਕੋਈ ਹਾਸੇ ਵਾਲੀ ਗੱਲ ਨਹੀਂ ਹੈ। ਬਾਈਬਲ ਸਾਨੂੰ ਕਹਿੰਦੀ ਹੈ ਕਿ ਅਸੀਂ ‘ਗਾਲ਼ੀ-ਗਲੋਚ ਕਰਨੋਂ ਹਟ ਜਾਈਏ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਰੱਖੀਏ।’—ਅਫ਼ਸੀਆਂ 4:31.

 “ਮੈਂ ਬਹੁਤ ਜ਼ਿਆਦਾ ਮਜ਼ਾਕ ਕਰਨ ਤੇ ਦੂਜਿਆਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਹਾਂ। ਮਜ਼ਾਕ-ਮਜ਼ਾਕ ਵਿਚ ਮੈਂ ਚੁੱਭਵੀਆਂ ਗੱਲਾਂ ਕਹਿ ਦਿੰਦੀ ਹਾਂ ਜਿਸ ਕਰਕੇ ਮੈਂ ਅਕਸਰ ਮੁਸੀਬਤ ਵਿਚ ਫਸ ਜਾਂਦੀ ਹਾਂ।”—ਓਕਸਾਨਾ।

ਜਿਸ ਤਰ੍ਹਾਂ ਤੁਸੀਂ ਟਿਊਬ ਵਿੱਚੋਂ ਟੂਥ ਪੇਸਟ ਕੱਢਣ ਤੋਂ ਬਾਅਦ ਵਾਪਸ ਨਹੀਂ ਪਾ ਸਕਦੇ, ਉਸੇ ਤਰ੍ਹਾਂ ਤੁਸੀਂ ਕਹੀਆਂ ਗੱਲਾਂ ਨੂੰ ਵਾਪਸ ਨਹੀਂ ਲੈ ਸਕਦੇ

 ਜੀਭ ʼਤੇ ਲਗਾਮ ਪਾਉਣੀ

 ਸ਼ਾਇਦ ਇਹ ਗੱਲ ਸਿੱਖਣੀ ਔਖੀ ਹੋਵੇ ਕਿ ਜੀਭ ʼਤੇ ਕਿਵੇਂ ਲਗਾਮ ਪਾਉਣੀ ਹੈ, ਪਰ ਬਾਈਬਲ ਦੇ ਅਸੂਲ ਸਾਡੀ ਮਦਦ ਕਰ ਸਕਦੇ ਹਨ। ਮਿਸਾਲ ਲਈ, ਹੇਠਾਂ ਲਿਖੀਆਂ ਗੱਲਾਂ ʼਤੇ ਗੌਰ ਕਰੋ।

 “ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ।”—ਜ਼ਬੂਰ 4:4.

 ਕਈ ਵਾਰ ਕੁਝ ਨਾ ਕਹਿਣਾ ਹੀ ਵਧੀਆ ਹੁੰਦਾ ਹੈ। ਲੌਰਾ ਨਾਂ ਦੀ ਇਕ ਨੌਜਵਾਨ ਕੁੜੀ ਦੱਸਦੀ ਹੈ: “ਗੁੱਸੇ ਵਿਚ ਮੈਂ ਜਿਸ ਤਰੀਕੇ ਨਾਲ ਮਹਿਸੂਸ ਕਰਦੀ ਹਾਂ, ਸ਼ਾਇਦ ਬਾਅਦ ਵਿਚ ਮੈਂ ਉਸ ਤਰੀਕੇ ਨਾਲ ਮਹਿਸੂਸ ਨਾ ਕਰਾਂ। ਸ਼ਾਂਤ ਹੋ ਜਾਣ ਤੋਂ ਬਾਅਦ ਮੈਂ ਅਕਸਰ ਖ਼ੁਸ਼ ਹੁੰਦੀ ਹਾਂ ਕਿ ਮੈਂ ਉਹ ਨਹੀਂ ਕਿਹਾ ਜੋ ਮੈਂ ਕਹਿਣਾ ਚਾਹੁੰਦੀ ਸੀ।” ਸਿਰਫ਼ ਕੁਝ ਸਕਿੰਟ ਚੁੱਪ ਰਹਿਣ ਨਾਲ ਹੀ ਤੁਸੀਂ ਕੋਈ ਗ਼ਲਤ ਗੱਲ ਕਹਿਣ ਤੋਂ ਬਚ ਸਕਦੇ ਹੋ।

 “ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ?”—ਅੱਯੂਬ 12:11.

 ਤੁਸੀਂ ਹੱਦੋਂ ਵੱਧ ਮੁਸੀਬਤ ਵਿਚ ਪੈਣ ਤੋਂ ਬਚ ਸਕਦੇ ਹੋ ਜੇ ਤੁਸੀਂ ਇਨ੍ਹਾਂ ਸਵਾਲਾਂ ਦੀ ਮਦਦ ਨਾਲ “ਪਰਖ” ਕਰੋ ਕਿ ਤੁਹਾਡੇ ਮਨ ਵਿਚ ਕੀ ਹੈ:

  •  ● ਕੀ ਇਹ ਸੱਚ ਹੈ? ਕੀ ਇਸ ਨਾਲ ਮੈਂ ਪਿਆਰ ਦਿਖਾਵਾਂਗਾ? ਕੀ ਇਹ ਕਹਿਣਾ ਜ਼ਰੂਰੀ ਹੈ?—ਰੋਮੀਆਂ 14:19.

  •  ● ਜੇ ਕੋਈ ਮੈਨੂੰ ਇੱਦਾਂ ਕਹੇ, ਤਾਂ ਮੈਨੂੰ ਕਿੱਦਾਂ ਦਾ ਲੱਗੇਗਾ?—ਮੱਤੀ 7:12.

  •  ● ਕੀ ਮੈਂ ਦੂਸਰੇ ਵਿਅਕਤੀ ਦੇ ਨਜ਼ਰੀਏ ਪ੍ਰਤੀ ਆਦਰ ਦਿਖਾਵਾਂਗਾ?—ਰੋਮੀ 12:10.

  •  ● ਕੀ ਇਹ ਗੱਲ ਕਹਿਣ ਦਾ ਸਹੀ ਸਮਾਂ ਤੇ ਜਗ੍ਹਾ ਹੈ?—ਉਪਦੇਸ਼ਕ ਦੀ ਪੋਥੀ 3:7.

 “ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।”—ਫ਼ਿਲਿੱਪੀਆਂ 2:3.

 ਇਹ ਸਲਾਹ ਦੂਜਿਆਂ ਪ੍ਰਤੀ ਸਹੀ ਵਿਚਾਰ ਪੈਦਾ ਕਰਨ ਵਿਚ ਤੁਹਾਡੀ ਮਦਦ ਕਰੇਗੀ। ਇਸ ਕਰਕੇ ਤੁਸੀਂ ਆਪਣੀ ਜ਼ਬਾਨ ʼਤੇ ਕੰਟ੍ਰੋਲ ਰੱਖ ਸਕੋਗੇ ਤੇ ਕੁਝ ਬੋਲਣ ਤੋਂ ਪਹਿਲਾਂ ਸੋਚੋਗੇ। ਚਾਹੇ ਤੁਸੀਂ ਬਿਨਾਂ ਸੋਚੇ-ਸਮਝੇ ਠੇਸ ਪਹੁੰਚਾਉਣ ਵਾਲੀ ਗੱਲ ਕਹਿ ਦਿੱਤੀ ਹੈ, ਤਾਂ ਵੀ ਨਿਮਰਤਾ ਮਾਫ਼ੀ ਮੰਗਣ ਵਿਚ ਤੁਹਾਡੀ ਮਦਦ ਕਰੇਗੀ। ਨਾਲੇ ਇਹ ਗੁਣ ਤੁਹਾਡੀ ਜਲਦੀ ਤੋਂ ਜਲਦੀ ਮਾਫ਼ੀ ਮੰਗਣ ਵਿਚ ਮਦਦ ਕਰੇਗਾ! (ਮੱਤੀ 5:23, 24) ਫਿਰ ਅਗਲੀ ਵਾਰ ਆਪਣੀ ਜ਼ਬਾਨ ʼਤੇ ਲਗਾਮ ਪਾਉਣ ਦਾ ਇਰਾਦਾ ਕਰੋ।