Skip to content

ਨੌਜਵਾਨ ਪੁੱਛਦੇ ਹਨ

ਜੇ ਮੈਨੂੰ ਤੰਗ ਕੀਤਾ ਜਾਂਦਾ ਹੈ?

ਜੇ ਮੈਨੂੰ ਤੰਗ ਕੀਤਾ ਜਾਂਦਾ ਹੈ?

 ਤੰਗ ਕੀਤੇ ਜਾਣਾ ਗੰਭੀਰ ਮਾਮਲਾ ਹੈ। ਬਰਤਾਨੀਆ ਦੀ ਇਕ ਰਿਪੋਰਟ ਅਨੁਸਾਰ ਨੈਸ਼ਨਲ ਮੀਡੀਆ ਨੇ ਦੱਸਿਆ ਕਿ ਲੱਗਦਾ ਹੈ ਕਿ 40 ਪ੍ਰਤਿਸ਼ਤ ਤੋਂ ਜ਼ਿਆਦਾ ਨੌਜਵਾਨ ਤੰਗ ਕੀਤੇ ਜਾਣ ਕਰਕੇ ਆਤਮ-ਹੱਤਿਆ ਕਰ ਲੈਂਦੇ ਹਨ।

 ਤੰਗ ਕੀਤੇ ਜਾਣਾ ਕੀ ਹੈ?

 ਤੰਗ ਕੀਤੇ ਜਾਣ ਦਾ ਮਤਲਬ ਸਿਰਫ਼ ਸਰੀਰਕ ਤੌਰ ʼਤੇ ਨੁਕਸਾਨ ਕਰਨਾ ਹੀ ਨਹੀਂ ਹੁੰਦਾ। ਇਸ ਵਿਚ ਹੇਠ ਲਿਖੀਆਂ ਗੱਲਾਂ ਵੀ ਹੋ ਸਕਦੀਆਂ ਹਨ। ਤੰਗ ਕਰਨ ਵਾਲੇ ਸਿਰਫ਼ ਮਾਰ-ਕੁਟਾਈ ਹੀ ਨਹੀਂ ਕਰਦੇ, ਸਗੋਂ ਇੱਦਾਂ ਵੀ ਕਰਦੇ ਹਨ।

  •   ਬੁਰਾ-ਭਲਾ ਕਹਿਣਾ। 20 ਸਾਲ ਦੀ ਸੇਲੀਨ ਦੱਸਦੀ ਹੈ: “ਮੈਂ ਕਦੇ ਨਹੀਂ ਭੁੱਲ ਸਕਦੀ ਕਿ ਉਹ ਮੈਨੂੰ ਕਿਹੜੇ ਪੁੱਠੇ-ਸਿੱਧੇ ਨਾਂ ਲੈ ਕੇ ਬੁਲਾਉਂਦੇ ਸਨ ਅਤੇ ਕਿਹੜੀਆਂ ਬੁਰੀਆਂ ਗੱਲਾਂ ਕਹਿੰਦੇ ਸਨ। ਉਹ ਮੈਨੂੰ ਅਹਿਸਾਸ ਕਰਾਉਂਦੇ ਸਨ ਕਿ ਮੈਂ ਕਿਸੇ ਕੰਮ ਦੀ ਨਹੀਂ, ਕੋਈ ਮੈਨੂੰ ਪਿਆਰ ਨਹੀਂ ਕਰਦਾ ਅਤੇ ਮੈਂ ਨਿਕੰਮੀ ਹਾਂ। ਬੁਰਾ-ਭਲਾ ਕਹਿਣ ਨਾਲੋਂ ਚੰਗਾ ਹੁੰਦਾ ਕਿ ਉਹ ਮੈਨੂੰ ਮਾਰਦੇ-ਕੁੱਟਦੇ।”

  •   ਦੂਰ-ਦੂਰ ਰਹਿਣਾ। 18 ਸਾਲ ਦੀ ਹੇਲੀ ਦੱਸਦੀ ਹੈ: “ਸਕੂਲੇ ਬੱਚੇ ਮੇਰੇ ਤੋਂ ਦੂਰ-ਦੂਰ ਰਹਿਣ ਲੱਗ ਪਏ। ਖਾਣਾ ਖਾਣ ਵੇਲੇ ਉਹ ਮੈਨੂੰ ਅਹਿਸਾਸ ਕਰਾਉਂਦੇ ਸਨ ਕਿ ਉਨ੍ਹਾਂ ਦੇ ਟੇਬਲ ʼਤੇ ਜਗ੍ਹਾ ਨਹੀਂ ਹੈ ਜਿਸ ਕਰਕੇ ਮੈਂ ਉਨ੍ਹਾਂ ਨਾਲ ਬੈਠ ਕੇ ਖਾਣਾ ਨਹੀਂ ਖਾ ਸਕਦੀ ਸੀ। ਮੈਂ ਪੂਰਾ ਸਾਲ ਰੋਂਦੀ ਰਹੀ ਅਤੇ ਇਕੱਲੀ ਖਾਣਾ ਖਾਂਦੀ ਰਹੀ।”

  •   ਇੰਟਰਨੈੱਟ ਰਾਹੀਂ ਤੰਗ ਕਰਨਾ। 14 ਸਾਲ ਦਾ ਡੈਨਿਅਲ ਦੱਸਦਾ ਹੈ: “ਕੰਪਿਊਟਰ ਦੇ ਦੋ-ਚਾਰ ਬਟਨ ਦਬਾਉਣ ਨਾਲ ਤੁਸੀਂ ਕਿਸੇ ਵੀ ਇਨਸਾਨ ਨੂੰ ਬਦਨਾਮ ਕਰ ਸਕਦੇ ਹੋ। ਉਸ ਦੀ ਜ਼ਿੰਦਗੀ ਵੀ ਬਰਬਾਦ ਕਰ ਸਕਦੇ ਹੋ। ਮੈਂ ਇਹ ਗੱਲ ਵਧਾ-ਚੜ੍ਹਾ ਕੇ ਨਹੀਂ ਕਹਿ ਰਿਹਾ, ਇਸ ਤਰ੍ਹਾਂ ਸੱਚ-ਮੁੱਚ ਹੋ ਸਕਦਾ ਹੈ!” ਇੰਟਰਨੈੱਟ ਰਾਹੀਂ ਤੰਗ ਕਰਨ ਵਿਚ ਫ਼ੋਨ ਰਾਹੀਂ ਪੁੱਠੀਆਂ-ਸਿੱਧੀਆਂ ਫੋਟੋਆਂ ਜਾਂ ਮੈਸਿਜ ਭੇਜਣੇ ਵੀ ਸ਼ਾਮਲ ਹਨ।

 ਲੋਕ ਦੂਜਿਆਂ ਨੂੰ ਤੰਗ ਕਿਉਂ ਕਰਦੇ ਹਨ?

 ਇਸ ਦੇ ਕੁਝ ਕਾਰਨ ਹਨ।

  •   ਕਿਸੇ ਨੇ ਉਨ੍ਹਾਂ ਨੂੰ ਤੰਗ ਕੀਤਾ ਹੁੰਦਾ ਹੈ। ਐਨਟੋਨਿਓ ਨਾਂ ਦਾ ਨੌਜਵਾਨ ਮੰਨਦਾ ਹੈ: “ਮੈਂ ਆਪਣੇ ਹਾਣੀਆਂ ਵੱਲੋਂ ਤੰਗ ਕੀਤੇ ਜਾਣ ʼਤੇ ਬਹੁਤ ਪਰੇਸ਼ਾਨ ਹੋ ਗਿਆ। ਮੈਂ ਵੀ ਉਨ੍ਹਾਂ ਵਾਂਗ ਦੂਜਿਆਂ ਨੂੰ ਤੰਗ ਕਰਨ ਲੱਗ ਪਿਆ ਤਾਂਕਿ ਮੇਰੇ ਹਾਣੀ ਮੈਨੂੰ ਪਸੰਦ ਕਰਨ ਲੱਗ ਪੈਣ। ਹੁਣ ਜਦੋਂ ਮੈਂ ਉਸ ਸਮੇਂ ਬਾਰੇ ਸੋਚਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕਿੰਨਾ ਗ਼ਲਤ ਕੀਤਾ।”

  •   ਉਨ੍ਹਾਂ ਸਾਮ੍ਹਣੇ ਚੰਗੀਆਂ ਮਿਸਾਲਾਂ ਨਹੀਂ ਹੁੰਦੀਆਂ। ਜੇਅ ਮਾਗਰੋ ਨੇ ਆਪਣੀ ਕਿਤਾਬ ਵਿਚ ਲਿਖਿਆ: “ਬਹੁਤ ਵਾਰੀ ਤੰਗ ਕਰਨ ਵਾਲੇ ਨੌਜਵਾਨ ਦੂਜਿਆਂ ਨਾਲ ਉੱਦਾਂ ਪੇਸ਼ ਆਉਂਦੇ ਹਨ . . . ਜਿੱਦਾਂ ਉਹ ਆਪਣੇ ਮਾਪਿਆਂ, ਵੱਡੇ ਭੈਣ-ਭਰਾਵਾਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਕ-ਦੂਜੇ ਨਾਲ ਪੇਸ਼ ਆਉਂਦਾ ਦੇਖਦੇ ਹਨ।”

  •   ਉਹ ਇੱਦਾਂ ਪੇਸ਼ ਆਉਂਦੇ ਹਨ, ਜਿਵੇਂ ਉਹ ਦੂਜਿਆਂ ਨਾਲੋਂ ਵਧੀਆ ਹੋਣ, ਪਰ ਅੰਦਰੋਂ ਉਹ ਅਸੁਰੱਖਿਅਤ ਮਹਿਸੂਸ ਕਰਦੇ ਹਨ। ਬਾਰਬਰਾ ਕੌਲੌਰੋਸੋ ਨੇ ਆਪਣੀ ਕਿਤਾਬ ਵਿਚ ਲਿਖਿਆ: “ਜਿਹੜੇ ਬੱਚੇ ਇੱਦਾਂ ਪੇਸ਼ ਆਉਂਦੇ ਹਨ, ਜਿਵੇਂ ਉਹ ਦੂਜਿਆਂ ਨਾਲੋਂ ਵਧੀਆ ਹੋਣ, ਉਹ ਅਕਸਰ ਆਪਣੇ ਦਿਲ ਵਿਚ ਆਪਣੇ ਡੂੰਘੇ ਜ਼ਖ਼ਮਾਂ ਨੂੰ ਲੁਕਾਉਂਦੇ ਹਨ ਅਤੇ ਆਪਣੇ ਆਪ ਨੂੰ ਨਿਕੰਮੇ ਸਮਝਦੇ ਹਨ।”

 ਜ਼ਿਆਦਾਤਰ ਕਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ?

  •   ਜਿਹੜੇ ਦੂਜਿਆਂ ਤੋਂ ਦੂਰ-ਦੂਰ ਰਹਿੰਦੇ ਹਨ। ਕੁਝ ਨੌਜਵਾਨ ਜਿਹੜੇ ਦੂਜਿਆਂ ਨਾਲ ਵਧੀਆ ਤਰੀਕੇ ਨਾਲ ਗੱਲ ਨਹੀਂ ਕਰ ਸਕਦੇ, ਉਹ ਆਪਣੇ ਆਪ ਨੂੰ ਦੂਜਿਆਂ ਤੋਂ ਅਲੱਗ ਕਰ ਲੈਂਦੇ ਹਨ। ਇਸ ਤਰ੍ਹਾਂ ਦੇ ਨੌਜਵਾਨ ਨਿਸ਼ਾਨਾ ਬਣ ਜਾਂਦੇ ਹਨ।

  •   ਜਿਹੜੇ ਨੌਜਵਾਨ ਦੂਜਿਆਂ ਤੋਂ ਅਲੱਗ ਨਜ਼ਰ ਆਉਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਨ੍ਹਾਂ ਦਾ ਪਹਿਰਾਵਾ, ਹਾਰ-ਸ਼ਿੰਗਾਰ, ਨਸਲ ਜਾਂ ਧਰਮ ਦੂਜਿਆਂ ਤੋਂ ਅਲੱਗ ਹੁੰਦਾ ਹੈ। ਨਾਲੇ ਜਿਹੜੇ ਨੌਜਵਾਨਾਂ ਵਿਚ ਕੋਈ ਕਮੀ ਹੁੰਦੀ ਹੈ, ਉਸ ਕਰਕੇ ਵੀ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ

  •   ਜਿਹੜੇ ਨੌਜਵਾਨਾਂ ਵਿਚ ਹਿੰਮਤ ਦੀ ਕਮੀ ਹੁੰਦੀ ਹੈ। ਤੰਗ ਕਰਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਨ੍ਹਾਂ ਵਿਚ ਹਿੰਮਤ ਨਹੀਂ ਹੈ। ਉਹ ਨੌਜਵਾਨ ਬਹੁਤ ਆਸਾਨੀ ਨਾਲ ਤੰਗ ਕਰਨ ਵਾਲਿਆਂ ਦਾ ਨਿਸ਼ਾਨਾ ਬਣ ਜਾਂਦੇ ਹਨ ਜਿਹੜੇ ਡਰਪੋਕ ਹੁੰਦੇ ਹਨ।

 ਜੇ ਤੁਹਾਨੂੰ ਤੰਗ ਕੀਤਾ ਜਾਂਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?

  •   ਸ਼ਾਂਤ ਰਹੋ। ਕੇਲੀ ਨਾਂ ਦੀ ਨੌਜਵਾਨ ਕੁੜੀ ਦੱਸਦੀ ਹੈ: “ਤੰਗ ਕਰਨ ਵਾਲੇ ਤੁਹਾਨੂੰ ਆਪਣੇ ਆਪ ਬਾਰੇ ਬੁਰਾ ਮਹਿਸੂਸ ਕਰਾਉਣਾ ਚਾਹੁੰਦੇ ਹਨ। ਉਹ ਇਹ ਜਾਣਨਾ ਚਾਹੁੰਦੇ ਹਨ ਕਿ ਉਹ ਆਪਣੇ ਮਕਸਦ ਵਿਚ ਕਾਮਯਾਬ ਹੋਏ ਹਨ ਕਿ ਨਹੀਂ। ਜੇ ਤੁਸੀਂ ਸ਼ਾਂਤ ਰਹਿੰਦੇ ਹੋ, ਤਾਂ ਉਹ ਤੁਹਾਨੂੰ ਤੰਗ ਕਰਨਾ ਛੱਡ ਦਿੰਦੇ ਹਨ।” ਬਾਈਬਲ ਕਹਿੰਦੀ ਹੈ: “ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।”​—ਕਹਾਉਤਾਂ 29:11.

  •   ਬਦਲਾ ਨਾ ਲਓ। ਬਦਲਾ ਲੈਣ ਨਾਲ ਮੁਸ਼ਕਲ ਹੱਲ ਨਹੀਂ ਹੋਵੇਗੀ, ਸਗੋਂ ਵਧੇਗੀ। ਬਾਈਬਲ ਕਹਿੰਦੀ ਹੈ: “ਬੁਰਾਈ ਦੇ ਵੱਟੇ ਬੁਰਾਈ ਨਾ ਕਰੋ।”​—ਰੋਮੀਆਂ 12:17; ਕਹਾਉਤਾਂ 24:19.

  •   ਜਾਣ-ਬੁੱਝ ਕੇ ਮੁਸੀਬਤ ਮੁੱਲ ਨਾ ਲਓ। ਜਿੰਨਾ ਹੋ ਸਕੇ, ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜੋ ਤੁਹਾਨੂੰ ਤੰਗ ਕਰਦੇ ਹਨ। ਨਾਲੇ ਉਨ੍ਹਾਂ ਹਾਲਾਤਾਂ ਤੋਂ ਦੂਰ ਰਹੋ ਜਿੱਥੇ ਤੁਹਾਡੇ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ।​—ਕਹਾਉਤਾਂ 22:3.

  •   ਵਧੀਆ ਤਰੀਕੇ ਨਾਲ ਜਵਾਬ ਦਿਓ ਜਿਸ ਬਾਰੇ ਉਨ੍ਹਾਂ ਨੇ ਸੋਚਿਆ ਵੀ ਨਾ ਹੋਵੇ। ਬਾਈਬਲ ਕਹਿੰਦੀ ਹੈ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ।”​—ਕਹਾਉਤਾਂ 15:1.

  •   ਹਾਸੇ-ਮਜ਼ਾਕ ਵਿਚ ਗੱਲ ਪਾ ਲਓ। ਮਿਸਾਲ ਲਈ, ਜੇ ਤੁਹਾਨੂੰ ਮੋਟੇ ਹੋਣ ਕਰਕੇ ਕੋਈ ਤੰਗ ਕਰਦਾ ਹੈ, ਤਾਂ ਤੁਸੀਂ ਮਜ਼ਾਕ ਵਿਚ ਕਹਿ ਸਕਦੇ ਹੋ, “ਕਿਉਂਕਿ ਮੈਂ ਖਾਂਦੇ-ਪੀਂਦੇ ਘਰ ਦਾ ਹਾਂ।”

  •   ਉੱਥੋਂ ਚਲੇ ਜਾਓ। 19 ਸਾਲਾਂ ਦੀ ਨੋਰਾ ਕਹਿੰਦੀ ਹੈ: “ਜੇ ਤੁਸੀਂ ਚੁੱਪ ਰਹਿੰਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸਮਝਦਾਰ ਹੋ ਅਤੇ ਤੰਗ ਕਰਨ ਵਾਲੇ ਨਾਲੋਂ ਜ਼ਿਆਦਾ ਹਿੰਮਤ ਵਾਲੇ ਹੋ। ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਨੂੰ ਆਪਣੇ ਵਿਰੋਧੀ ਨਾਲੋਂ ਆਪਣੇ ਆਪ ʼਤੇ ਜ਼ਿਆਦਾ ਕਾਬੂ ਰੱਖਣਾ ਆਉਂਦਾ ਹੈ।”

  •   ਆਪਣੀ ਹਿੰਮਤ ਵਧਾਓ। ਰੀਟਾ ਨਾਂ ਦੀ ਕੁੜੀ ਦੱਸਦੀ ਹੈ: “ਤੰਗ ਕਰਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਦੋਂ ਘਬਰਾਏ ਹੋਏ ਹੋ ਅਤੇ ਉਹ ਸ਼ਾਇਦ ਇਨ੍ਹਾਂ ਮੌਕਿਆਂ ʼਤੇ ਤੁਹਾਡੀ ਹਿੰਮਤ ਘਟਾਉਣ ਦੀ ਕੋਸ਼ਿਸ਼ ਕਰਨ।”

  •   ਕਿਸੇ ਨਾਲ ਗੱਲ ਕਰੋ। ਇਕ ਸਰਵੇਖਣ ਅਨੁਸਾਰ ਆਨ-ਲਾਈਨ ਤੰਗ ਕਰਨ ਵਾਲਿਆਂ ਦੇ ਸ਼ਿਕਾਰ ਬਣਨ ਵਾਲੇ ਨੌਜਵਾਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਨੌਜਵਾਨ ਦੱਸਦੇ ਹੀ ਨਹੀਂ ਹਨ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਹੈ। ਸ਼ਾਇਦ ਉਹ (ਖ਼ਾਸ ਕਰਕੇ ਮੁੰਡੇ) ਸ਼ਰਮ ਮਹਿਸੂਸ ਕਰਦੇ ਹਨ ਜਾਂ ਬਦਲਾ ਲੈਣ ਤੋਂ ਡਰਦੇ ਹਨ। ਪਰ ਯਾਦ ਰੱਖੋ ਕਿ ਤੰਗ ਕਰਨ ਵਾਲੇ ਇਕੱਲਿਆਂ ਨੂੰ ਹੀ ਸ਼ਿਕਾਰ ਬਣਾਉਂਦੇ ਹਨ। ਕਿਸੇ ਨਾਲ ਗੱਲ ਕਰਨ ਨਾਲ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।