Skip to content

ਕੀ ਰੱਬ ਨੇ ਵਿਕਾਸਵਾਦ ਰਾਹੀਂ ਸਭ ਕੁਝ ਬਣਾਇਆ ਹੈ?

ਕੀ ਰੱਬ ਨੇ ਵਿਕਾਸਵਾਦ ਰਾਹੀਂ ਸਭ ਕੁਝ ਬਣਾਇਆ ਹੈ?

ਬਾਈਬਲ ਕਹਿੰਦੀ ਹੈ

 ਨਹੀਂ। ਬਾਈਬਲ ਵਿਚ ਸਾਫ਼-ਸਾਫ਼ ਲਿਖਿਆ ਹੈ ਕਿ ਰੱਬ ਨੇ ਇਨਸਾਨਾਂ ਨੂੰ ਬਣਾਉਣ ਦੇ ਨਾਲ-ਨਾਲ ਅਲੱਗ-ਅਲੱਗ ਜਾਨਵਰਾਂ ਅਤੇ ਪੇੜ-ਪੌਦਿਆਂ ਨੂੰ ਉਨ੍ਹਾਂ ਦੀਆਂ “ਕਿਸਮਾਂ ਅਨੁਸਾਰ” ਬਣਾਇਆ। a (ਉਤਪਤ 1:12, 21, 25, 27; ਪ੍ਰਕਾਸ਼ ਦੀ ਕਿਤਾਬ 4:11) ਨਾਲੇ ਇਹ ਦੱਸਦੀ ਹੈ ਕਿ ਸਾਰੀ ਮਨੁੱਖਜਾਤੀ ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਤੋਂ ਆਈ। (ਉਤਪਤ 3:20; 4:1) ਬਾਈਬਲ ਵਿਚ ਇਹ ਕਿਤੇ ਨਹੀਂ ਦੱਸਿਆ ਗਿਆ ਕਿ ਰੱਬ ਨੇ ਵਿਕਾਸਵਾਦ ਰਾਹੀਂ ਅਲੱਗ-ਅਲੱਗ ਜੀਵ ਬਣਾਏ। ਵਿਗਿਆਨੀਆਂ ਦਾ ਮੰਨਣਾ ਹੈ ਕਿ ਹਰ “ਕਿਸਮ” ਵਿਚ ਕਈ ਨਸਲਾਂ ਹੁੰਦੀਆਂ ਹਨ। ਬਾਈਬਲ ਇਸ ਗੱਲ ਨੂੰ ਗ਼ਲਤ ਨਹੀਂ ਕਹਿੰਦੀ।

 ਕੁਝ ਲੋਕਾਂ ਦਾ ਕੀ ਮੰਨਣਾ ਹੈ?

 ਕੁਝ ਲੋਕ ਮੰਨਦੇ ਹਨ ਕਿ ਰੱਬ ਨੇ ਵਿਕਾਸਵਾਦ ਰਾਹੀਂ ਸਾਰੇ ਜੀਵ ਬਣਾਏ ਹਨ। ਪਰ ਰੱਬ ਨੇ ਇਹ ਸਭ ਕਿਵੇਂ ਕੀਤਾ, ਇਸ ਬਾਰੇ ਉਨ੍ਹਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਐਨਸਾਈਕਲੋਪੀਡੀਆ ਬਰਿਟੈਨਿਕਾ ਮੁਤਾਬਕ ਜਿਹੜੇ ਜਾਨਵਰ ਜਾਂ ਪੇੜ-ਪੌਦੇ ਆਪਣੇ ਆਪ ਨੂੰ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ, ਉਹੀ ਜੀਉਂਦੇ ਰਹਿੰਦੇ ਹਨ ਅਤੇ ਵਧਦੇ-ਫੁੱਲਦੇ ਹਨ। ਉਹ ਇਸ ਪ੍ਰਕ੍ਰਿਆ ਨੂੰ ‘ਕੁਦਰਤੀ ਚੋਣ’ ਕਹਿੰਦੇ ਹਨ ਅਤੇ ਸਿਖਾਉਂਦੇ ਹਨ ਕਿ ਇਸੇ ਰਾਹੀਂ ਰੱਬ ਕੁਦਰਤੀ ਚੀਜ਼ਾਂ ਦਾ ਨਿਰਦੇਸ਼ਨ ਕਰਦਾ ਹੈ।

 ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ:

  •   ਬਹੁਤ ਸਮਾਂ ਪਹਿਲਾਂ ਸਾਰੇ ਜੀਉਂਦੇ ਪ੍ਰਾਣੀਆਂ ਦੀ ਸ਼ੁਰੂਆਤ ਇਕ ਹੀ ਪੂਰਵਜ ਤੋਂ ਹੋਈ।

  •   ਇਕ ਜੀਵ ਦਾ ਹੌਲੀ-ਹੌਲੀ ਵਿਕਾਸ ਹੋ ਸਕਦਾ ਹੈ ਅਤੇ ਉਸ ਤੋਂ ਇਕ ਨਵੀਂ ਕਿਸਮ ਨਿਕਲ ਸਕਦੀ ਹੈ।

  •   ਇਨ੍ਹਾਂ ਸਾਰੀਆਂ ਪ੍ਰਕ੍ਰਿਆਵਾਂ ਪਿੱਛੇ ਕਿਸੇ-ਨਾ-ਕਿਸੇ ਤਰ੍ਹਾਂ ਰੱਬ ਦਾ ਹੀ ਹੱਥ ਹੈ।

 ਕੀ ਵਿਕਾਸਵਾਦ ਦੀ ਸਿੱਖਿਆ ਬਾਈਬਲ ਨਾਲ ਮੇਲ ਖਾਂਦੀ ਹੈ?

 ਜਿਹੜੇ ਲੋਕ ਮੰਨਦੇ ਹਨ ਕਿ ਰੱਬ ਨੇ ਵਿਕਾਸਵਾਦ ਰਾਹੀਂ ਸਭ ਕੁਝ ਬਣਾਇਆ ਹੈ, ਉਹ ਬਾਈਬਲ ਵਿਚ ਦੱਸੇ ਸ੍ਰਿਸ਼ਟੀ ਦੇ ਵੇਰਵੇ ਨੂੰ ਪੂਰੀ ਤਰ੍ਹਾਂ ਸੱਚ ਨਹੀਂ ਮੰਨਦੇ। ਪਰ ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਉਤਪਤ ਵਿੱਚ ਦਿੱਤੇ ਸ੍ਰਿਸ਼ਟੀ ਦੇ ਵੇਰਵੇ ਦਾ ਜ਼ਿਕਰ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਇਹ ਸੱਚ ਹੈ। (ਉਤਪਤ 1:26, 27; 2:18-24; ਮੱਤੀ 19:4-6) ਬਾਈਬਲ ਦੱਸਦੀ ਹੈ ਕਿ ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਸੀ ਅਤੇ ਉਸ ਨੇ “ਸਾਰੀਆਂ ਚੀਜ਼ਾਂ” ਬਣਾਉਣ ਵਿਚ ਆਪਣੇ ਪਿਤਾ ਦੀ ਮਦਦ ਕੀਤੀ। (ਯੂਹੰਨਾ 1:3) ਇਸ ਲਈ ਇਹ ਸਿੱਖਿਆ ਬਾਈਬਲ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦੀ ਕਿ ਰੱਬ ਨੇ ਵਿਕਾਸਵਾਦ ਰਾਹੀਂ ਸਾਰੀਆਂ ਚੀਜ਼ਾਂ ਬਣਾਈਆਂ ਹਨ।

 ਕੀ ਪੇੜ-ਪੌਦਿਆਂ ਅਤੇ ਜਾਨਵਰਾਂ ਦਾ ਵਾਤਾਵਰਣ ਮੁਤਾਬਕ ਢਲ਼ਣ ਦਾ ਮਤਲਬ ਇਹ ਹੈ ਕਿ ਉਨ੍ਹਾਂ ਦਾ ਵਿਕਾਸ ਹੋਇਆ ਹੈ?

 ਬਾਈਬਲ ਇਹ ਨਹੀਂ ਦੱਸਦੀ ਕਿ ਇਕ “ਕਿਸਮ” ਵਿਚ ਕਿੰਨਾ ਕੁ ਬਦਲਾਅ ਹੋ ਸਕਦਾ ਹੈ। ਇਹ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰਦੀ ਕਿ ਜਾਨਵਰਾਂ ਅਤੇ ਪੇੜ-ਪੌਦਿਆਂ ਦੀਆਂ ਅਲੱਗ-ਅਲੱਗ ਕਿਸਮਾਂ ਨਵੇਂ ਵਾਤਾਵਰਣ ਮੁਤਾਬਕ ਖ਼ੁਦ ਨੂੰ ਢਾਲ ਸਕਦੀਆਂ ਹਨ ਜਾਂ ਆਪਣੇ ਵਰਗੇ ਪੇੜ-ਪੌਦੇ ਜਾਂ ਜੀਵ ਪੈਦਾ ਕਰ ਸਕਦੀਆਂ ਹਨ। ਜਦੋਂ ਇੱਦਾਂ ਹੁੰਦਾ ਹੈ, ਤਾਂ ਲੋਕ ਕਹਿੰਦੇ ਹਨ ਕਿ ਇਕ ਨਵੀਂ ਕਿਸਮ ਦਾ ਵਿਕਾਸ ਹੋਇਆ ਹੈ। ਪਰ ਸੱਚ ਤਾਂ ਇਹ ਹੈ ਕਿ ਵਾਤਾਵਰਣ ਮੁਤਾਬਕ ਖ਼ੁਦ ਨੂੰ ਢਾਲਣ ਨਾਲ ਇਕ ‘ਕਿਸਮ’ ਵਿਚ ਜੋ ਬਦਲਾਅ ਹੁੰਦੇ ਹਨ, ਉਸ ਨਾਲ ਕਿਸੇ ਨਵੇਂ ਜੀਵ ਦੀ ਸ਼ੁਰੂਆਤ ਨਹੀਂ ਹੁੰਦੀ।

a ਬਾਈਬਲ ਵਿਚ ਵਰਤੇ ਗਏ ਸ਼ਬਦ “ਕਿਸਮ” ਅਤੇ ਵਿਗਿਆਨੀਆਂ ਦੁਆਰਾ ਵਰਤੇ ਜਾਂਦੇ ਸ਼ਬਦ “ਜਾਤੀ” ਅਤੇ “ਉਪਜਾਤੀ” ਵਿਚ ਬਹੁਤ ਫ਼ਰਕ ਹੈ। ਆਮ ਤੌਰ ਤੇ ਵਿਗਿਆਨੀ ਜਾਨਵਰਾਂ ਜਾਂ ਪੇੜ-ਪੌਦਿਆਂ ਲਈ ਜਾਤੀ ਤੇ ਉਪਜਾਤੀ ਸ਼ਬਦ ਇਸਤੇਮਾਲ ਕਰਦੇ ਹਨ। ਉਹ ਕਹਿੰਦੇ ਹਨ ਕਿ ਇਕ ਜਾਤੀ ਦਾ ਵਿਕਾਸ ਹੋ ਕੇ ਉਪਜਾਤੀਆਂ ਬਣਦੀਆਂ ਹਨ। ਪਰ ਜਦੋਂ ਵਿਗਿਆਨੀ ਕਹਿੰਦੇ ਹਨ ਕਿ ਕਿਸੇ ਜਾਨਵਰ ਦੀ ਜਾਤੀ ਦਾ ਵਿਕਾਸ ਹੋਇਆ ਹੈ, ਤਾਂ ਉਹ ਅਸਲ ਵਿਚ ਵਿਕਾਸ ਨਹੀਂ, ਸਗੋਂ ਉਸ ਜਾਨਵਰ ਦੀ “ਕਿਸਮ” ਵਿਚ ਬਦਲਾਅ ਹੁੰਦਾ ਹੈ।