Skip to content

ਨੌਜਵਾਨ ਪੁੱਛਦੇ ਹਨ

ਮੈਂ ਆਪਣੇ ਮੰਮੀ-ਡੈਡੀ ਨਾਲ ਕਿਵੇਂ ਬਣਾ ਕੇ ਰੱਖਾਂ?

ਮੈਂ ਆਪਣੇ ਮੰਮੀ-ਡੈਡੀ ਨਾਲ ਕਿਵੇਂ ਬਣਾ ਕੇ ਰੱਖਾਂ?

 ਬਹਿਸ ਸੰਬੰਧੀ ਸਵਾਲ-ਜਵਾਬ

  •   ਤੁਸੀਂ ਕਿਸ ਨਾਲ ਜ਼ਿਆਦਾ ਬਹਿਸ ਕਰਦੇ ਹੋ?

    •  ਡੈਡੀ

    •  ਮੰਮੀ

  •   ਤੁਸੀਂ ਕਿੰਨੀ ਕੁ ਵਾਰ ਬਹਿਸ ਕਰਦੇ ਹੋ?

    •  ਬਹੁਤ ਘੱਟ

    •  ਕਦੇ-ਕਦੇ

    •  ਅਕਸਰ

  •   ਤੁਹਾਡੇ ਵਿਚ ਕਿੰਨੀ ਕੁ ਜ਼ਿਆਦਾ ਬਹਿਸ ਹੁੰਦੀ ਹੋ?

    •  ਸਭ ਕੁਝ ਜਲਦੀ ਹੀ ਠੀਕ ਹੋ ਜਾਂਦਾ ਹੈ ਅਤੇ ਮਾਹੌਲ ਸ਼ਾਂਤ ਹੋ ਜਾਂਦਾ ਹੈ।

    •  ਸਭ ਕੁਝ ਠੀਕ ਤਾਂ ਹੋ ਜਾਂਦਾ, ਪਰ ਬਹੁਤ ਜ਼ਿਆਦਾ ਬਹਿਸ ਹੋਣ ਤੋਂ ਬਾਅਦ।

    •  ਬਹੁਤ ਬਹਿਸ ਕਰਨ ਤੋਂ ਬਾਅਦ ਵੀ ਸਾਰਾ ਕੁਝ ਠੀਕ ਨਹੀਂ ਹੁੰਦਾ।

 ਜੇ ਤੁਹਾਡੀ ਆਪਣੇ ਮੰਮੀ-ਡੈਡੀ ਨਾਲ ਬਹਿਸ ਹੁੰਦੀ ਹੈ, ਤਾਂ ਤੁਸੀਂ ਸ਼ਾਇਦ ਸੋਚੋ ਕਿ ਤੁਹਾਡੇ ਮਾਪਿਆਂ ਨੂੰ ਹੀ ਬਹਿਸ ਕਰਨੀ ਬੰਦ ਕਰਨੀ ਚਾਹੀਦੀ ਹੈ। ਪਰ ਆਪਾਂ ਦੇਖਾਂਗੇ ਕਿ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ ਤਾਂਕਿ ਬਹਿਸ ਹੱਦੋਂ ਵੱਧ ਅਤੇ ਜ਼ਿਆਦਾ ਵਾਰ ਨਾ ਹੋਵੇ। ਧਿਆਨ ਦਿਓ . . .

 ਬਹਿਸ ਕਿਉਂ ਹੁੰਦੀ ਹੈ?

  •   ਸੋਚਣ ਦੀ ਕਾਬਲੀਅਤ। ਬਚਪਨ ਤੋਂ ਉਲਟ, ਵੱਡੇ ਹੋ ਕੇ ਤੁਸੀਂ ਗੱਲਾਂ ਨੂੰ ਜ਼ਿਆਦਾ ਗਹਿਰਾਈ ਨਾਲ ਸੋਚਦੇ ਹੋ। ਤੁਸੀਂ ਲੋਕਾਂ ਬਾਰੇ ਰਾਇ ਵੀ ਕਾਇਮ ਕਰਨ ਲੱਗ ਪੈਂਦੇ ਹੋ। ਕਈ ਵਾਰ ਤੁਸੀਂ ਸ਼ਾਇਦ ਆਪਣੇ ਮਾਪਿਆਂ ਬਾਰੇ ਕੋਈ ਰਾਇ ਬਣਾ ਲਓ। ਪਰ ਬਾਈਬਲ ਕਹਿੰਦੀ ਹੈ: “ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ।”​—ਕੂਚ 20:12.

     ਜ਼ਿੰਦਗੀ ਦੀ ਸੱਚਾਈ: ਜੇ ਤੁਸੀਂ ਕਿਸੇ ਨੂੰ ਠੇਸ ਪਹੁੰਚਾਏ ਬਿਨਾਂ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਉਸ ਦੀ ਗੱਲ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਸਮਝਦਾਰ ਬਣਨ ਦੀ ਲੋੜ ਹੈ ਅਤੇ ਤੁਹਾਡੇ ਕੋਲ ਹੁਨਰ ਹੋਣਾ ਚਾਹੀਦਾ ਹੈ।

  •   ਆਜ਼ਾਦੀ। ਤੁਸੀਂ ਜਿੰਨੇ ਜ਼ਿਆਦਾ ਸਮਝਦਾਰ ਬਣੋਗੇ, ਤੁਹਾਡੇ ਮਾਪੇ ਤੁਹਾਨੂੰ ਉੱਨੀ ਜ਼ਿਆਦਾ ਆਜ਼ਾਦੀ ਦੇਣਗੇ। ਪਰ ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਤੁਸੀਂ ਸ਼ਾਇਦ ਜ਼ਿਆਦਾ ਆਜ਼ਾਦੀ ਚਾਹੋ ਅਤੇ ਸਮੇਂ ਤੋਂ ਪਹਿਲਾਂ ਚਾਹੋ। ਇਨ੍ਹਾਂ ਗੱਲਾਂ ਕਰਕੇ ਬਹਿਸ ਹੋ ਸਕਦੀ ਹੈ। ਪਰ ਬਾਈਬਲ ਕਹਿੰਦੀ ਹੈ: “ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ।”​—ਅਫ਼ਸੀਆਂ 6:1.

     ਜ਼ਿੰਦਗੀ ਦੀ ਸੱਚਾਈ: ਤੁਹਾਡੇ ਮਾਪੇ ਤੁਹਾਨੂੰ ਕਿੰਨੀ ਆਜ਼ਾਦੀ ਦੇਣਗੇ, ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਵੱਲੋਂ ਦਿੱਤੀ ਗਈ ਆਜ਼ਾਦੀ ਕਿਵੇਂ ਵਰਤਦੇ ਹੋ।

 ਤੁਸੀਂ ਕੀ ਕਰ ਸਕਦੇ ਹੋ?

  •   ਧਿਆਨ ਦਿਓ ਕਿ ਤੁਸੀਂ ਕੀ ਕਰਦੇ ਹੋ। ਬਹਿਸ ਦਾ ਸਾਰਾ ਦੋਸ਼ ਆਪਣੇ ਮਾਪਿਆਂ ਦੇ ਮੱਥੇ ਮੜ੍ਹਨ ਨਾਲੋਂ ਚੰਗਾ ਹੈ ਕਿ ਧਿਆਨ ਦਿਓ ਕਿ ਸ਼ਾਂਤੀ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ। ਨੌਜਵਾਨ ਜੈਫ਼ਰੀ ਕਹਿੰਦਾ ਹੈ: “ਤੁਹਾਡੇ ਮਾਪੇ ਜੋ ਕਹਿੰਦੇ ਹਨ, ਬਹਿਸ ਉਸ ਨਾਲ ਨਹੀਂ, ਸਗੋਂ ਜੋ ਤੁਸੀਂ ਕਹਿੰਦੇ ਹੋ ਉਸ ਨਾਲ ਸ਼ੁਰੂ ਹੋ ਸਕਦੀ ਹੈ। ਆਰਾਮ ਨਾਲ ਗੱਲ ਕਰਨ ਨਾਲ ਸ਼ਾਂਤੀ ਬਣਾਈ ਜਾ ਸਕਦੀ ਹੈ।”

     ਬਾਈਬਲ ਕਹਿੰਦੀ ਹੈ: “ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।”​—ਰੋਮੀਆਂ 12:18.

  •   ਗੱਲ ਸੁਣੋ। 17 ਸਾਲਾਂ ਦੀ ਸਮੇਂਥਾ ਕਹਿੰਦੀ ਹੈ: “ਮੈਨੂੰ ਲੱਗਦਾ ਹੈ ਕਿ ਗੱਲ ਸੁਣਨੀ ਸਭ ਤੋਂ ਮੁਸ਼ਕਲ ਕੰਮ ਹੈ। ਪਰ ਮੈਂ ਇਹ ਚੀਜ਼ ਦੇਖੀ ਹੈ ਕਿ ਜਦੋਂ ਤੁਹਾਡੇ ਮਾਪੇ ਦੇਖਦੇ ਹਨ ਕਿ ਤੁਸੀਂ ਗੱਲ ਸੁਣ ਰਹੇ ਹੋ, ਤਾਂ ਸ਼ਾਇਦ ਉਹ ਵੀ ਗੱਲ ਸੁਣਨ ਲਈ ਤਿਆਰ ਹੋ ਜਾਣ।”

     ਬਾਈਬਲ ਦੱਸਦੀ ਹੈ: ‘ਸੁਣਨ ਲਈ ਤਿਆਰ ਰਹੋ, ਬੋਲਣ ਵਿਚ ਕਾਹਲੀ ਨਾ ਕਰੋ।’​—ਯਾਕੂਬ 1:19.

    ਬਹਿਸ ਅੱਗ ਵਾਂਗ ਹੈ ਜੇ ਇਸ ʼਤੇ ਕਾਬੂ ਨਾ ਪਾਇਆ ਜਾਵੇ, ਤਾਂ ਇਹ ਬੇਕਾਬੂ ਹੋ ਸਕਦੀ ਹੈ

  •   ਇੱਕੋ ਟੀਮ ਵਾਂਗ ਸੋਚੋ। ਇਕ ਟੀਮ ਵਾਂਗ ਬਹਿਸ ਨੂੰ ਮਿਲ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕਰੋ। ਟੀਮ ਦੇ ਮੈਂਬਰ ਇਹ ਨਹੀਂ ਸੋਚਦੇ ਕਿ ਉਹ ਇਕ-ਦੂਜੇ ਖ਼ਿਲਾਫ਼ ਖੇਡਦੇ ਹਨ, ਸਗੋਂ ਉਹ ਇਕ-ਦੂਜੇ ਨਾਲ ਮਿਲ ਕੇ ਖੇਡਦੇ ਹਨ ਅਤੇ ਉਨ੍ਹਾਂ ਦਾ ਟੀਚਾ ਇੱਕੋ ਹੀ ਹੁੰਦਾ ਹੈ। ਐਡਮ ਨਾਂ ਦਾ ਨੌਜਵਾਨ ਕਹਿੰਦਾ ਹੈ: “ਜਦੋਂ ਬਹਿਸ ਹੁੰਦੀ ਹੈ, ਤਾਂ ਮਾਪੇ ਚਾਹੁੰਦੇ ਹਨ ਕਿ ਸਾਰਾ ਕੁਝ ਉੱਦਾਂ ਹੀ ਹੋਵੇ ਜਿੱਦਾਂ ਉਹ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚਿਆਂ ਲਈ ਇਹੀ ਸਹੀ ਹੈ। ਦੂਜੇ ਪਾਸੇ, ਬੱਚਿਆਂ ਨੂੰ ਲੱਗਦਾ ਹੈ ਕਿ ਜੋ ਉਹ ਕਹਿੰਦੇ ਹਨ, ਉਨ੍ਹਾਂ ਲਈ ਉਹੀ ਸਹੀ ਹੈ। ਸੋ ਇਕ ਟੀਮ ਦੇ ਮੈਂਬਰਾਂ ਵਾਂਗ ਉਨ੍ਹਾਂ ਦਾ ਟੀਚਾ ਇੱਕੋ ਹੀ ਹੁੰਦਾ ਹੈ।”

     ਬਾਈਬਲ ਦੱਸਦੀ ਹੈ: ‘ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖੋ।’​—ਰੋਮੀਆਂ 14:19.

  •   ਦੂਸਰੇ ਦੀ ਗੱਲ ਸਮਝੋ। ਸੇਰਾਹ ਨਾਂ ਦੀ ਨੌਜਵਾਨ ਕਹਿੰਦੀ ਹੈ: “ਮੇਰੀ ਇਹ ਗੱਲ ਯਾਦ ਰੱਖ ਕੇ ਮਦਦ ਹੁੰਦੀ ਹੈ ਕਿ ਸਾਡੇ ਮੰਮੀ-ਡੈਡੀ ਨੂੰ ਵੀ ਸਾਡੇ ਵਾਂਗ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।” ਕਾਰਲਾ ਨਾਂ ਦੀ ਨੌਜਵਾਨ ਕਹਿੰਦੀ ਹੈ: “ਮੈਂ ਆਪਣੇ ਆਪ ਨੂੰ ਆਪਣੇ ਮੰਮੀ-ਡੈਡੀ ਦੀ ਜਗ੍ਹਾ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਜੇ ਮੇਰੇ ਬੱਚੇ ਹੁੰਦੇ ਤੇ ਇਹ ਹਾਲਾਤ ਹੁੰਦੇ, ਤਾਂ ਮੈਂ ਕੀ ਕਰਦੀ? ਮੇਰੇ ਬੱਚਿਆਂ ਦਾ ਭਲਾ ਕਿਸ ਚੀਜ਼ ਵਿਚ ਹੁੰਦਾ?”

     ਬਾਈਬਲ ਦੱਸਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”​—ਫ਼ਿਲਿੱਪੀਆਂ 2:4.

  •   ਕਹਿਣਾ ਮੰਨੋ। ਬਾਈਬਲ ਸਾਡੇ ਤੋਂ ਮੰਗ ਕਰਦੀ ਹੈ ਕਿ ਅਸੀਂ ਆਪਣੇ ਮਾਪਿਆਂ ਦਾ ਕਹਿਣਾ ਮੰਨੀਏ। (ਕੁਲੁੱਸੀਆਂ 3:20) ਤੁਸੀਂ ਕਹਿਣਾ ਮੰਨ ਕੇ ਘਰ ਦਾ ਮਾਹੌਲ ਵਧੀਆ ਬਣਾ ਸਕਦੇ ਹੋ। ਕੈਰਨ ਕਹਿੰਦੀ ਹੈ: “ਜਦੋਂ ਮੈਂ ਆਪਣੇ ਮਾਪਿਆਂ ਦਾ ਕਹਿਣਾ ਮੰਨਦੀ ਹਾਂ, ਤਾਂ ਮੇਰੀਆਂ ਮੁਸ਼ਕਲਾਂ ਘੱਟਦੀਆਂ ਹਨ। ਮੇਰੇ ਮਾਪਿਆਂ ਨੇ ਪਹਿਲਾਂ ਹੀ ਮੇਰੇ ਲਈ ਬਹੁਤ ਕੁਝ ਕੀਤਾ ਹੈ। ਮੈਂ ਘੱਟੋ-ਘੱਟ ਉਨ੍ਹਾਂ ਦਾ ਕਹਿਣਾ ਤਾਂ ਮੰਨ ਹੀ ਸਕਦੀ ਹਾਂ।

     ਬਾਈਬਲ ਦੱਸਦੀ ਹੈ: “ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ।”​—ਕਹਾਉਤਾਂ 26:20.

 ਸੁਝਾਅ। ਜੇ ਤੁਹਾਨੂੰ ਗੱਲ ਕਰਨੀ ਔਖੀ ਲੱਗਦੀ ਹੈ, ਤਾਂ ਕਿਉਂ ਨਾ ਲਿਖ ਕੇ ਜਾਂ ਮੈਸਿਜ ਰਾਹੀਂ ਆਪਣੇ ਦਿਲ ਦੀ ਗੱਲ ਦੱਸੋ। ਐਲਸਾ ਕਹਿੰਦੀ ਹੈ: “ਜਦੋਂ ਮੈਂ ਬੋਲ ਕੇ ਗੱਲ ਨਹੀਂ ਦੱਸ ਪਾਉਂਦੀ, ਤਾਂ ਮੈਂ ਆਪਣੇ ਦਿਲ ਦੀ ਗੱਲ ਲਿਖ ਲੈਂਦੀ ਹਾਂ। ਇਸ ਤਰ੍ਹਾਂ ਕਰ ਕੇ ਮੈਂ ਕਿਸੇ ʼਤੇ ਚਿਲਾਉਂਦੀ ਨਹੀਂ ਜਾਂ ਕੁਝ ਇੱਦਾਂ ਦਾ ਨਹੀਂ ਕਹਿੰਦੀ ਜਿਸ ਦਾ ਬਾਅਦ ਵਿਚ ਮੈਨੂੰ ਪਛਤਾਵਾ ਹੋਵੇ।”