Skip to content

ਨੌਜਵਾਨ ਪੁੱਛਦੇ ਹਨ

ਮੀਡੀਆ ਵਿਚ ਦਿਖਾਈਆਂ ਜਾਂਦੀਆਂ ਕੁੜੀਆਂ ਦੀ ਰੀਸ ਕਿਉਂ ਨਾ ਕਰੀਏ?—ਭਾਗ 1: ਕੁੜੀਆਂ ਲਈ

ਮੀਡੀਆ ਵਿਚ ਦਿਖਾਈਆਂ ਜਾਂਦੀਆਂ ਕੁੜੀਆਂ ਦੀ ਰੀਸ ਕਿਉਂ ਨਾ ਕਰੀਏ?—ਭਾਗ 1: ਕੁੜੀਆਂ ਲਈ

 ਮੀਡੀਆ ਸਟੀਰਿਓਟਾਈਪ ਕੀ ਹੈ?

 ਹੇਠਾਂ ਦਿੱਤੇ ਸ਼ਬਦ ਦੇਖੋ ਅਤੇ ਫਿਰ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਦਿਓ।

ਡੱਬੀ 1

ਡੱਬੀ 2

ਗ਼ੈਰ-ਜ਼ਿੰਮੇਵਾਰ

ਜ਼ਿੰਮੇਵਾਰ

ਬਾਗ਼ੀ

ਕਾਨੂੰਨ ਮੰਨਣ ਵਾਲਾ

ਅਨੈਤਿਕ

ਨੇਕ

ਨਾਲਾਇਕ

ਹੁਸ਼ਿਆਰ

ਚੁਗ਼ਲਖ਼ੋਰ

ਸਮਝਦਾਰ

ਬੇਈਮਾਨ

ਈਮਾਨਦਾਰ

  1.  1. ਫ਼ਿਲਮਾਂ, ਟੀ. ਵੀ. ਅਤੇ ਰਸਾਲਿਆਂ ਵਿਚ ਅਕਸਰ ਨੌਜਵਾਨ ਕੁੜੀਆਂ ਨੂੰ ਕਿਸ ਤਰ੍ਹਾਂ ਦੀਆਂ ਦਿਖਾਇਆ ਜਾਂਦਾ ਹੈ?

  2.  2. ਤੁਸੀਂ ਕੀ ਚਾਹੋਗੇ ਕਿ ਲੋਕਾਂ ਵਿਚ ਤੁਹਾਡੀ ਕਿਹੋ ਜਿਹੀ ਪਛਾਣ ਬਣੇ?

 ਲੱਗਦਾ ਹੈ ਕਿ ਤੁਸੀਂ ਪਹਿਲੇ ਸਵਾਲ ਦਾ ਜਵਾਬ ਡੱਬੀ 1 ਵਿੱਚੋਂ ਦਿਓਗੇ ਅਤੇ ਦੂਜੇ ਸਵਾਲ ਦਾ ਜਵਾਬ ਡੱਬੀ 2 ਵਿੱਚੋਂ ਦਿਓਗੇ। ਜੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੀਡੀਆ ਦੁਆਰਾ ਦਿਖਾਈਆਂ ਜਾਂਦੀਆਂ ਕੁੜੀਆਂ ਵਾਂਗ ਬਣਨ ਦੀ ਬਜਾਇ ਵਧੀਆ ਕੁੜੀਆਂ ਬਣਨਾ ਚਾਹੁੰਦੀਆਂ ਹੋ। ਬਹੁਤ ਸਾਰੀਆਂ ਕੁੜੀਆਂ ਇਹੀ ਚਾਹੁੰਦੀਆਂ ਹਨ। ਗੌਰ ਕਰੋ ਕਿ ਕਿਉਂ।

 “ਫ਼ਿਲਮਾਂ ਵਿਚ ਕੁੜੀਆਂ ਨੂੰ ਅਕਸਰ ਬਾਗ਼ੀ ਦਿਖਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਰਵੱਈਆ ਵੀ ਸਹੀ ਨਹੀਂ ਹੁੰਦਾ। ਇੱਦਾਂ ਲੱਗਦਾ ਜਿੱਦਾਂ ਫ਼ਿਲਮਾਂ ਵਿਚ ਸਿਰਫ਼ ਦਿਖਾਇਆ ਜਾਂਦਾ ਹੈ ਕਿ ਸਾਰੀਆਂ ਕੁੜੀਆਂ ਇਹੀ ਸੋਚਦੀਆਂ ਹਨ ਕਿ ਦੂਜੇ ਉਨ੍ਹਾਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦੇ ਹਨ ਅਤੇ ਉਹ ਛੋਟੀ ਤੋਂ ਛੋਟੀ ਗੱਲ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੀਆਂ ਹਨ।”​—ਅਰਿਨ।

 “ਫ਼ਿਲਮਾਂ ਅਤੇ ਟੀ. ਵੀ. ਵਿਚ ਕੁੜੀਆਂ ਨੂੰ ਦਿਖਾਇਆ ਜਾਂਦਾ ਹੈ ਕਿ ਉਹ ਚਾਹੁੰਦੀਆਂ ਹਨ ਕਿ ਸਾਰੇ ਜਣੇ ਉਨ੍ਹਾਂ ਵੱਲ ਧਿਆਨ ਦੇਣ। ਉਹ ਆਪਣੀ ਦਿੱਖ, ਕੱਪੜੇ, ਮਸ਼ਹੂਰੀ ਅਤੇ ਮੁੰਡਿਆਂ ਬਾਰੇ ਹੀ ਸੋਚਦੀਆਂ ਰਹਿੰਦੀਆਂ ਹਨ।”​—ਨੈਟਲੀ।

 “ਇਹੀ ਦਿਖਾਇਆ ਜਾਂਦਾ ਹੈ ਕਿ ‘ਮੌਜ-ਮਸਤੀ’ ਕਰਨ ਵਾਲੀਆਂ ਕੁੜੀਆਂ ਸ਼ਰਾਬ ਪੀਂਦੀਆਂ ਹਨ, ਮੁੰਡਿਆਂ ਨਾਲ ਸੰਬੰਧ ਬਣਾਉਂਦੀਆਂ ਹਨ ਅਤੇ ਆਪਣੇ ਮਾਪਿਆਂ ਦੇ ਅਧੀਨ ਨਹੀਂ ਹੁੰਦੀਆਂ। ਜਦੋਂ ਕਿਸੇ ਕੁੜੀ ਨੂੰ ਇੱਦਾਂ ਦੇ ਕੰਮ ਕਰਦਿਆਂ ਨਹੀਂ ਦਿਖਾਇਆ ਜਾਂਦਾ, ਤਾਂ ਉਸ ਨੂੰ ਧਰਮੀ ਜਾਂ ਸਾਊ ਦਿਖਾਇਆ ਜਾਂਦਾ ਹੈ।”​—ਮਾਰੀਆ।

 ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਕੱਪੜਿਆਂ, ਮੇਰੀ ਚਾਲ-ਢਾਲ ਅਤੇ ਮੇਰੀ ਬੋਲਚਾਲ ਤੋਂ ਪਤਾ ਲੱਗਦਾ ਹੈ ਕਿ ਮੈਂ ਕੌਣ ਹਾਂ ਜਾਂ ਮੈਂ ਮੀਡੀਆ ਵਿਚ ਦਿਖਾਈਆਂ ਜਾਂਦੀਆਂ ਕੁੜੀਆਂ ਦੀ ਸਿਰਫ਼ ਨਕਲ ਕਰਦੀ ਹਾਂ?’

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

  •   ਬਹੁਤ ਸਾਰੇ ਨੌਜਵਾਨ ਸੋਚਦੇ ਹਨ ਕਿ ਉਹ ਆਪਣੀ ਅਲੱਗ ਪਛਾਣ ਬਣਾ ਰਹੇ ਹਨ, ਪਰ ਉਹ ਅਸਲ ਵਿਚ ਉਸ ਚੀਜ਼ ਦੀ ਨਕਲ ਕਰਦੇ ਹਨ ਜੋ ਮੀਡੀਆ ਵਿਚ ਦਿਖਾਇਆ ਜਾਂਦਾ ਹੈ। ਕੇਰਨ ਨਾਂ ਦੀ ਨੌਜਵਾਨ ਕਹਿੰਦੀ ਹੈ: “ਮੈਂ ਆਪਣੀ ਛੋਟੀ ਭੈਣ ਨੂੰ ਇੱਦਾਂ ਕਰਦਿਆਂ ਦੇਖਦੀ ਹਾਂ। ਉਹ ਪਖੰਡ ਕਰਦੀ ਹੈ ਕਿ ਉਸ ਨੂੰ ਕੱਪੜਿਆਂ ਤੇ ਮੁੰਡਿਆਂ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਕੋਈ ਪਰਵਾਹ ਨਹੀਂ ਹੈ। ਉਹ ਬਹੁਤ ਹੁਸ਼ਿਆਰ ਹੈ ਅਤੇ ਮੈਨੂੰ ਪਤਾ ਹੈ ਕਿ ਉਸ ਨੂੰ ਹੋਰ ਚੀਜ਼ਾਂ ਦੀ ਵੀ ਪਰਵਾਹ ਹੈ, ਪਰ ਉਹ ਦਿਖਾਵਾ ਕਰਦੀ ਹੈ ਕਿ ਉਹ ਮੂਰਖ ਹੈ ਕਿਉਂਕਿ ਉਹ ਸੋਚਦੀ ਹੈ ਕਿ ਇਸ ਤਰ੍ਹਾਂ ਕਰ ਕੇ ਉਹ ‘ਹੋਰ ਕੁੜੀਆਂ’ ਵਰਗੀ ਬਣ ਸਕਦੀ ਹੈ। ਉਹ ਤਾਂ ਸਿਰਫ਼ 12 ਸਾਲਾਂ ਦੀ ਹੈ!”

     ਬਾਈਬਲ ਦੱਸਦੀ ਹੈ: “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ।”​—ਰੋਮੀਆਂ 12:2.

  •   ਮੀਡੀਆ ਵਿਚ ਇਹ ਨਹੀਂ ਦਿਖਾਇਆ ਜਾਂਦਾ ਕਿ ਸਾਰੀਆਂ ਨੌਜਵਾਨ ਕੁੜੀਆਂ ਕਿਹੋ ਜਿਹੀਆਂ ਬਣਨਾ ਚਾਹੁੰਦੀਆਂ ਹਨ। 15 ਸਾਲਾਂ ਦੀ ਐਲਿਕਸ ਕਹਿੰਦੀ ਹੈ: “ਮੀਡੀਆ ਵਿਚ ਦਿਖਾਇਆ ਜਾਂਦਾ ਹੈ ਕਿ ਕੁੜੀਆਂ ਸਿਰਫ਼ ਆਪਣੇ ਵਿਚ ਹੀ ਮਸਤ ਰਹਿੰਦੀਆਂ ਹਨ, ਬੇਵਕੂਫ਼ੀ ਅਤੇ ਨਾਸਮਝੀ ਵਾਲੇ ਕੰਮ ਕਰਦੀਆਂ ਹਨ। ਪਰ ਮੈਨੂੰ ਇੱਦਾਂ ਲੱਗਦਾ ਹੈ ਕਿ ਜ਼ਿਆਦਾਤਰ ਕੁੜੀਆਂ ਸਮਝਦਾਰ ਹੁੰਦੀਆਂ ਹਨ। ਕੁੜੀਆਂ ਕੋਲ ਆਪਣੀ ਜ਼ਿੰਦਗੀ ਵਿਚ ਕਿਸੇ ਸੋਹਣੇ ਮੁੰਡੇ ਦੇ ਸੁਪਨੇ ਲੈਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਹਨ।”

     ਬਾਈਬਲ ਦੱਸਦੀ ਹੈ: ‘ਸਮਝਦਾਰ ਲੋਕ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।’​—ਇਬਰਾਨੀਆਂ 5:14.

  •  ਇਨ੍ਹਾਂ ਕਰਕੇ ਵਪਾਰੀਆਂ ਨੂੰ ਫ਼ਾਇਦਾ ਹੁੰਦਾ ਹੈ, ਨਾ ਕਿ ਨੌਜਵਾਨ ਕੁੜੀਆਂ ਨੂੰ। ਵਪਾਰੀਆਂ ਨੂੰ ਮਨੋਰੰਜਨ, ਫ਼ੈਸ਼ਨ, ਤਕਨਾਲੋਜੀ ਅਤੇ ਰਸਾਲਿਆਂ ਦੇ ਫ਼ਾਇਦਿਆਂ ਦਾ ਪਤਾ ਹੈ। ਇਸ ਲਈ ਉਹ ਨੌਜਵਾਨਾਂ ਨੂੰ 13 ਸਾਲਾਂ ਦੇ ਹੋਣ ਤੋਂ ਪਹਿਲਾਂ ਹੀ ਨਿਸ਼ਾਨਾ ਬਣਾ ਲੈਂਦੇ ਹਨ। ਇਕ ਕਿਤਾਬ ਦੱਸਦੀ ਹੈ: “ਮਸ਼ਹੂਰੀਆਂ ਬਣਾਉਣ ਵਾਲੇ 10 ਤੋਂ 13 ਸਾਲਾਂ ਦੇ ਬੱਚਿਆਂ ਨੂੰ ਕਹਿੰਦੇ ਹਨ ਕਿ ਜੇ ਉਨ੍ਹਾਂ ਕੋਲ ਨਵੇਂ ਤੋਂ ਨਵੇਂ ਫ਼ੈਸ਼ਨ ਦੇ ਕੱਪੜੇ, ਗਹਿਣੇ, ਮੇਕ-ਅੱਪ ਜਾਂ ਇਲੈਕਟ੍ਰਾਨਿਕ ਚੀਜ਼ਾਂ ਨਹੀਂ ਹਨ, ਤਾਂ ਉਹ ਮਸ਼ਹੂਰ ਨਹੀਂ ਹੋ ਸਕਦੇ। ਨੌਜਵਾਨ ਇਨ੍ਹਾਂ ਮਸ਼ਹੂਰੀਆਂ ਨੂੰ ਦੇਖਦੇ ਰਹਿੰਦੇ ਹਨ, ਪਰ ਉਨ੍ਹਾਂ ਨੂੰ ਇਨ੍ਹਾਂ ਦੇ ਖ਼ਤਰਿਆਂ ਬਾਰੇ ਨਹੀਂ ਪਤਾ ਹੁੰਦਾ।

     ਬਾਈਬਲ ਦੱਸਦੀ ਹੈ: “ਕਿਉਂਕਿ ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ ਅਤੇ ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ, ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।”​—1 ਯੂਹੰਨਾ 2:16.

 ਜ਼ਰਾ ਸੋਚੋ: ਜੇ ਤੁਸੀਂ ਹਰ ਵੇਲੇ ਮਸ਼ਹੂਰ ਡੀਜ਼ਾਈਨਰ ਦੇ ਕੱਪੜਿਆਂ ਬਾਰੇ ਸੋਚਦੇ ਰਹਿੰਦੇ ਹੋ, ਤਾਂ ਕਿਸ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ? ਜੇ ਤੁਸੀਂ ਆਪਣੇ ਦੋਸਤਾਂ ਵਿਚ ਮਸ਼ਹੂਰ ਹੋਣ ਲਈ ਨਵੇਂ ਤੋਂ ਨਵਾਂ ਮੋਬਾਇਲ ਖ਼ਰੀਦ ਲੈਂਦੇ ਹੋ, ਤਾਂ ਕਿਸ ਨੂੰ ਫ਼ਾਇਦਾ ਹੋਵੇਗਾ? ਵਪਾਰੀਆਂ ਨੂੰ ਕਿਸ ਦਾ ਫ਼ਿਕਰ ਹੁੰਦਾ ਹੈ, ਤੁਹਾਡਾ ਜਾਂ ਆਪਣਾ?

 ਤੁਸੀਂ ਕੀ ਕਰ ਸਕਦੇ ਹੋ?

  •   ਮੀਡੀਆ ਵਿਚ ਜੋ ਦਿਖਾਇਆ ਜਾਂਦਾ ਹੈ, ਉਸ ਬਾਰੇ ਸੋਚੋ ਕਿ ਕੀ ਸਹੀ ਹੈ ਤੇ ਕੀ ਗ਼ਲਤ। ਵੱਡੇ ਹੋ ਕੇ ਤੁਹਾਡੇ ਅੰਦਰ ਇੰਨੀ ਕਾਬਲੀਅਤ ਪੈਦਾ ਹੋ ਜਾਂਦੀ ਹੈ ਕਿ ਤੁਸੀਂ ਚੀਜ਼ਾਂ ਦੇਖ ਕੇ ਭਰਮਾਏ ਨਹੀਂ ਜਾਂਦੇ। ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਸੋਚੋ ਕਿ ਮੀਡੀਆ ਵਿਚ ਦਿਖਾਈਆਂ ਜਾਂਦੀਆਂ ਚੀਜ਼ਾਂ ਦਾ ਮੇਰੇ ʼਤੇ ਕੀ ਅਸਰ ਪੈ ਸਕਦਾ ਹੈ। ਆਲਾਨਾ ਕਹਿੰਦੀ ਹੈ: “ਮੀਡੀਆ ਵਿਚ ਉਹੀ ਕੁੜੀ ਨੂੰ ਸੋਹਣੀ ਦਿਖਾਇਆ ਜਾਂਦਾ ਹੈ ਜੋ ਕੱਪੜਿਆਂ ਤੋਂ ਜ਼ਿਆਦਾ ਮੇਕ-ਅੱਪ ਕਰਦੀ ਹੈ। 10 ਤੋਂ 13 ਸਾਲਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਇਹ ਗੱਲ ਸਮਝ ਹੀ ਨਹੀਂ ਪਾਉਂਦੀਆਂ ਕਿ ਇੱਦਾਂ ਕਰਕੇ ਉਹ ਸੋਹਣੀਆਂ ਨਹੀਂ ਲੱਗਦੀਆਂ, ਸਗੋਂ ਦੂਸਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹੁੰਦੀਆਂ ਹਨ।”

  •   ਤੁਸੀਂ ਜਿਸ ਤਰ੍ਹਾਂ ਦੇ ਇਨਸਾਨ ਬਣਨਾ ਚਾਹੁੰਦੇ ਹੋ, ਉਸ ਤਰ੍ਹਾਂ ਦੇ ਟੀਚੇ ਰੱਖੋ। ਮਿਸਾਲ ਲਈ, ਇਸ ਲੇਖ ਦੇ ਸ਼ੁਰੂ ਵਿਚ ਦੱਸੇ ਗੁਣਾਂ ਬਾਰੇ ਸੋਚੋ ਜਿਹੜੇ ਤੁਸੀਂ ਆਪਣੇ ਵਿਚ ਪੈਦਾ ਕਰਨੇ ਚਾਹੁੰਦੇ ਹੋ। ਕਿਉਂ ਨਾ ਹੁਣ ਤੋਂ ਹੀ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਪੈਦਾ ਕਰਨ ਜਾਂ ਆਪਣੇ ਆਪ ਵਿਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰੋ? ਬਾਈਬਲ ਦੱਸਦੀ ਹੈ: “ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਪਰਮੇਸ਼ੁਰ ਦੇ ਸੁਭਾਅ ਅਨੁਸਾਰ ਨਵਾਂ ਬਣਾਉਂਦੇ ਰਹੋ ਜਿਸ ਨੇ ਇਸ ਨੂੰ ਸਿਰਜਿਆ ਹੈ।” ਮੀਡੀਆ ਵਿਚ ਦਿਖਾਏ ਜਾਂਦੇ ਨੌਜਵਾਨਾਂ ਵਰਗੇ ਨਾ ਬਣੋ।​—ਕੁਲੁੱਸੀਆਂ 3:10.

  •   ਸਹੀ ਲੋਕਾਂ ਦੀ ਰੀਸ ਕਰੋ। ਸ਼ਾਇਦ ਤੁਹਾਡੇ ਪਰਿਵਾਰ ਵਿਚ ਕੋਈ ਹੋਵੇ, ਜਿਵੇਂ ਤੁਹਾਡੀ ਮੰਮੀ, ਮਾਸੀ, ਚਾਚੀ। ਤੁਹਾਡੀ ਕੋਈ ਸਮਝਦਾਰ ਸਹੇਲੀ ਜਾਂ ਕੋਈ ਜਾਣ-ਪਛਾਣ ਵਾਲੀ ਸਮਝਦਾਰ ਔਰਤ ਹੋ ਸਕਦੀ ਹੈ ਜਿਸ ਦੀ ਤੁਸੀਂ ਰੀਸ ਕਰ ਸਕਦੇ ਹੋ। ਤੁਸੀਂ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਵਿਚ ਬਹੁਤ ਸਾਰੀਆਂ ਵਧੀਆ ਔਰਤਾਂ ਦੀ ਮਿਸਾਲ ਤੋਂ ਫ਼ਾਇਦਾ ਲੈ ਸਕਦੇ ਹਨ।​—ਤੀਤੁਸ 2:3-5.

 ਸੁਝਾਅ: ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ ਕਿਤਾਬ ਤੋਂ ਬਾਈਬਲ ਵਿੱਚੋਂ ਵਧੀਆ ਔਰਤਾਂ ਦੀਆਂ ਮਿਸਾਲਾਂ ਤੋਂ ਸਿੱਖੋ ਜਿਨ੍ਹਾਂ ਵਿਚ ਰੂਥ, ਹੰਨਾਹ, ਅਬੀਗੈਲ, ਅਸਤਰ, ਮਰੀਅਮ ਤੇ ਮਾਰਥਾ ਸ਼ਾਮਲ ਹਨ। ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ ਅਤੇ ਤੁਸੀਂ ਇਹ www.pr418.com/pa ʼਤੇ ਵੀ ਪੜ੍ਹ ਸਕਦੇ ਹੋ।