Skip to content

ਨੌਜਵਾਨ ਪੁੱਛਦੇ ਹਨ

ਮੈਨੂੰ ਅਸ਼ਲੀਲ ਛੇੜਖਾਨੀ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਭਾਗ 2: ਨਿਰਾਸ਼ਾ ਵਿੱਚੋਂ ਬਾਹਰ ਨਿਕਲੋ

ਮੈਨੂੰ ਅਸ਼ਲੀਲ ਛੇੜਖਾਨੀ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਭਾਗ 2: ਨਿਰਾਸ਼ਾ ਵਿੱਚੋਂ ਬਾਹਰ ਨਿਕਲੋ

 ਦੋਸ਼ੀ ਭਾਵਨਾਵਾਂ ਨਾਲ ਲੜੋ

 ਅਸ਼ਲੀਲ ਛੇੜਖਾਨੀ ਦਾ ਸ਼ਿਕਾਰ ਹੋਣ ਵਾਲੇ ਬਹੁਤ ਸਾਰੇ ਲੋਕ ਹੱਦੋਂ ਵੱਧ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਅਤੇ ਆਪਣੇ ਆਪ ਨੂੰ ਦੋਸ਼ੀ ਸਮਝਦੇ ਹਨ। ਕੈਰਨ ਦੀ ਮਿਸਾਲ ʼਤੇ ਗੌਰ ਕਰੋ ਜੋ ਹੁਣ 19 ਸਾਲਾਂ ਦੀ ਹੈ। ਜਦੋਂ ਉਹ 6 ਸਾਲਾਂ ਦੀ ਸੀ, ਉਦੋਂ ਉਸ ਨਾਲ ਅਸ਼ਲੀਲ ਛੇੜਖਾਨੀ ਹੋਣੀ ਸ਼ੁਰੂ ਹੋਈ ਤੇ 13 ਸਾਲਾਂ ਦੀ ਉਮਰ ਤਕ ਉਸ ਨਾਲ ਇੱਦਾਂ ਹੀ ਹੁੰਦਾ ਰਿਹਾ। ਉਹ ਦੱਸਦੀ ਹੈ: “ਮੈਨੂੰ ਆਪਣੀਆਂ ਦੋਸ਼ੀ ਭਾਵਨਾਵਾਂ ਨਾਲ ਲੜਨਾ ਪੈਂਦਾ ਸੀ। ਮੈਂ ਸੋਚਦੀ ਸੀ, ‘ਮੈਂ ਇੰਨੇ ਸਾਲ ਆਪਣੇ ਨਾਲ ਇੱਦਾਂ ਕਿਉਂ ਹੋਣ ਦਿੱਤਾ?’”

 ਜੇ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ, ਤਾਂ ਹੇਠ ਦਿੱਤੀਆਂ ਗੱਲਾਂ ʼਤੇ ਗੌਰ ਕਰੋ:

  •   ਬੱਚੇ ਸੈਕਸ ਕਰਨ ਲਈ ਨਾ ਤਾਂ ਸਰੀਰਕ ਤੌਰ ʼਤੇ ਅਤੇ ਨਾ ਹੀ ਜਜ਼ਬਾਤੀ ਤੌਰ ʼਤੇ ਤਿਆਰ ਹੁੰਦੇ ਹਨ। ਉਨ੍ਹਾਂ ਨੂੰ ਸੈਕਸ ਦਾ ਮਤਲਬ ਨਹੀਂ ਪਤਾ ਹੁੰਦਾ ਜਿਸ ਕਰਕੇ ਉਹ ਇਸ ਲਈ ਰਾਜ਼ੀ ਨਹੀਂ ਹੋ ਸਕਦੇ। ਇਸ ਲਈ ਬੱਚਿਆਂ ਨਾਲ ਹੋਣ ਵਾਲੀ ਅਸ਼ਲੀਲ ਛੇੜਖਾਨੀ ਲਈ ਉਹ ਜ਼ਿੰਮੇਵਾਰ ਨਹੀਂ ਹੁੰਦੇ।

  •   ਬੱਚੇ ਅਕਸਰ ਵੱਡਿਆਂ ʼਤੇ ਯਕੀਨ ਕਰਦੇ ਹਨ ਅਤੇ ਉਹ ਇਨ੍ਹਾਂ ਬੁਰੇ ਲੋਕਾਂ ਦੀਆਂ ਚਾਲਾਂ ਤੋਂ ਅਣਜਾਣ ਹੁੰਦੇ ਹਨ। ਇਸ ਕਰਕੇ ਉਹ ਆਸਾਨੀ ਨਾਲ ਇਨ੍ਹਾਂ ਦੇ ਸ਼ਿਕਾਰ ਬਣ ਜਾਂਦੇ ਹਨ। ਇਕ ਕਿਤਾਬ ਦੱਸਦੀ ਹੈ: “ਬੱਚਿਆਂ ਨਾਲ ਅਸ਼ਲੀਲ ਛੇੜਖਾਨੀ ਕਰਨ ਵਾਲੇ ਆਦਮੀ ‘ਠੱਗ’ ਹੁੰਦੇ ਹਨ ਅਤੇ ਬੱਚੇ ਉਨ੍ਹਾਂ ਦੀਆਂ ਚਾਲਾਂ ਸਾਮ੍ਹਣੇ ਕੁਝ ਵੀ ਨਹੀਂ ਕਰ ਪਾਉਂਦੇ।”

  •   ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਕਰਕੇ ਉਸ ਅੰਦਰ ਜਿਨਸੀ ਇੱਛਾਵਾਂ ਜਾਗ ਸਕਦੀਆਂ ਹਨ। ਜੇ ਤੁਹਾਡੇ ਨਾਲ ਇੱਦਾਂ ਹੋਇਆ ਹੈ, ਤਾਂ ਇਸ ਵਿਚ ਤੁਹਾਡਾ ਕੋਈ ਕਸੂਰ ਨਹੀਂ ਹੈ। ਕਿਉਂ? ਕਿਉਂਕਿ ਸਾਡੇ ਸਰੀਰ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜੇ ਇਸ ਨੂੰ ਖ਼ਾਸ ਤਰੀਕੇ ਨਾਲ ਛੋਹਿਆ ਜਾਵੇ, ਤਾਂ ਸਾਡੇ ਵਿਚ ਇਹ ਇੱਛਾਵਾਂ ਜਾਗ ਜਾਂਦੀਆਂ ਹਨ। ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਨਾਲ ਕੀਤੀਆਂ ਜਾਣ ਵਾਲੀਆਂ ਗ਼ਲਤ ਹਰਕਤਾਂ ਲਈ ਰਾਜ਼ੀ ਸੀ ਜਾਂ ਇਸ ਲਈ ਤੁਹਾਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ।

 ਸੁਝਾਅ: ਜਿਸ ਉਮਰ ਵਿਚ ਤੁਹਾਡੇ ਨਾਲ ਛੇੜਖਾਨੀ ਕੀਤੀ ਗਈ ਸੀ, ਉਸ ਉਮਰ ਦੇ ਕਿਸੇ ਬੱਚੇ ਬਾਰੇ ਸੋਚੋ। ਆਪਣੇ ਆਪ ਤੋਂ ਪੁੱਛੋ: ‘ਜੇ ਇਸ ਬੱਚੇ ਨਾਲ ਅਸ਼ਲੀਲ ਛੇੜਖਾਨੀ ਕੀਤੀ ਜਾਵੇ, ਤਾਂ ਕੀ ਇਸ ਨੂੰ ਦੋਸ਼ੀ ਠਹਿਰਾਉਣਾ ਸਹੀ ਹੋਵੇਗਾ?

 ਕੈਰਨ ਨੇ ਇੱਦਾਂ ਹੀ ਕੀਤਾ ਜਦੋਂ ਉਹ ਤਿੰਨ ਬੱਚਿਆਂ ਦੀ ਦੇਖ-ਭਾਲ ਦਾ ਕੰਮ ਕਰਦੀ ਸੀ। ਉਨ੍ਹਾਂ ਵਿੱਚੋਂ ਇਕ ਬੱਚੇ ਦੀ ਉਮਰ ਲਗਭਗ ਛੇ ਸਾਲ ਦੀ ਸੀ। ਇਸੇ ਉਮਰ ਵਿਚ ਕੈਰਨ ਨਾਲ ਅਸ਼ਲੀਲ ਛੇੜਖਾਨੀ ਕੀਤੀ ਗਈ ਸੀ। ਕੈਰਨ ਦੱਸਦੀ ਹੈ: “ਮੈਨੂੰ ਅਹਿਸਾਸ ਹੋਇਆ ਕਿ ਇਸ ਉਮਰ ਵਿਚ ਬੱਚਾ ਕਿੰਨਾ ਲਾਚਾਰ ਹੁੰਦਾ ਹੈ ਅਤੇ ਮੈਂ ਵੀ ਉਸ ਸਮੇਂ ਲਾਚਾਰ ਸੀ।”

 ਸੱਚਾਈ: ਤੁਹਾਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲਾ ਹੀ ਦੋਸ਼ੀ ਹੈ। ਬਾਈਬਲ ਦੱਸਦੀ ਹੈ: “ਬੁਰੇ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਬਦਲਾ ਮਿਲੇਗਾ।”​—ਹਿਜ਼ਕੀਏਲ 18:20, CL.

 ਕਿਸੇ ਭਰੋਸੇਮੰਦ ਵਿਅਕਤੀ ਨਾਲ ਗੱਲ ਕਰੋ

 ਆਪਣੇ ਤੋਂ ਵੱਡੀ ਉਮਰ ਦੇ ਕਿਸੇ ਭਰੋਸੇਮੰਦ ਵਿਅਕਤੀ ਨਾਲ ਗੱਲ ਕਰ ਕੇ ਤੁਹਾਨੂੰ ਵਧੀਆ ਲੱਗੇਗਾ। ਬਾਈਬਲ ਦੱਸਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”​—ਕਹਾਉਤਾਂ 17:17.

 ਸ਼ਾਇਦ ਤੁਹਾਨੂੰ ਲੱਗੇ ਕਿ ਕਿਸੇ ਨਾਲ ਗੱਲ ਨਾ ਕਰਨੀ ਹੀ ਅਕਲਮੰਦੀ ਹੈ। ਚੁੱਪ ਰਹਿਣਾ ਇਕ ਕੰਧ ਵਾਂਗ ਹੋ ਸਕਦਾ ਹੈ ਜੋ ਤੁਸੀਂ ਆਪਣੇ ਆਲੇ-ਦੁਆਲੇ ਖੜ੍ਹੀ ਕੀਤੀ ਹੈ ਤਾਂਕਿ ਤੁਸੀਂ ਹੋਰ ਦੁਖੀ ਨਾ ਹੋਵੋ। ਪਰ ਜ਼ਰਾ ਸੋਚੋ, ਚੁੱਪ ਰਹਿ ਕੇ ਤੁਸੀਂ ਜਿਹੜੀ ਕੰਧ ਸੁਰੱਖਿਆ ਲਈ ਖੜ੍ਹੀ ਕੀਤੀ ਹੈ, ਉਹ ਤੁਹਾਨੂੰ ਦੂਜਿਆਂ ਤੋਂ ਮਦਦ ਲੈਣ ਤੋਂ ਵੀ ਰੋਕ ਸਕਦੀ ਹੈ।

ਚੁੱਪ ਰਹਿ ਕੇ ਤੁਸੀਂ ਜਿਹੜੀ ਕੰਧ ਸੁਰੱਖਿਆ ਲਈ ਖੜ੍ਹੀ ਕੀਤੀ ਹੈ, ਉਹ ਤੁਹਾਨੂੰ ਦੂਜਿਆਂ ਤੋਂ ਮਦਦ ਲੈਣ ਤੋਂ ਵੀ ਰੋਕ ਸਕਦੀ ਹੈ

 ਜਦੋਂ ਜੈੱਨਟ ਨਾਂ ਦੀ ਨੌਜਵਾਨ ਨੇ ਆਪਣੇ ਨਾਲ ਹੋਈ ਅਸ਼ਲੀਲ ਛੇੜਖਾਨੀ ਬਾਰੇ ਗੱਲ ਕੀਤੀ, ਤਾਂ ਉਸ ਨੂੰ ਕਾਫ਼ੀ ਰਾਹਤ ਮਿਲੀ। ਉਹ ਦੱਸਦੀ ਹੈ: “ਮੇਰੇ ਨਾਲ ਛੋਟੀ ਉਮਰ ਵਿਚ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਸਨ ਤੇ ਅਸ਼ਲੀਲ ਹਰਕਤਾਂ ਵਾਲੇ ਆਦਮੀ ਨੂੰ ਮੈਂ ਜਾਣਦੀ ਸੀ ਤੇ ਉਸ ʼਤੇ ਭਰੋਸਾ ਕਰਦੀ ਸੀ। ਮੈਂ ਕਿੰਨੇ ਸਾਲ ਕਿਸੇ ਨੂੰ ਦੱਸਿਆ ਹੀ ਨਹੀਂ। ਪਰ ਇਕ ਦਿਨ ਮੈਂ ਸਾਰਾ ਕੁਝ ਆਪਣੀ ਮੰਮੀ ਨੂੰ ਦੱਸ ਦਿੱਤਾ ਤੇ ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰੇ ਮੋਢਿਆਂ ਤੋਂ ਭਾਰੀ ਬੋਝ ਉੱਤਰ ਗਿਆ ਹੋਵੇ।”

 ਆਪਣੇ ਤਜਰਬੇ ਤੋਂ ਜੈੱਨਟ ਸਮਝ ਸਕੀ ਕਿ ਸ਼ਾਇਦ ਕੁਝ ਲੋਕ ਆਪਣੇ ਨਾਲ ਹੋਈ ਅਸ਼ਲੀਲ ਛੇੜਖਾਨੀ ਬਾਰੇ ਗੱਲ ਕਰਨ ਤੋਂ ਕਿਉਂ ਝਿਜਕਦੇ ਹਨ। ਉਹ ਦੱਸਦੀ ਹੈ: “ਅਸ਼ਲੀਲ ਛੇੜਖਾਨੀ ਬਾਰੇ ਗੱਲ ਕਰਨੀ ਤਕਲੀਫ਼ਦੇਹ ਹੈ। ਪਰ ਮੇਰੇ ਮਾਮਲੇ ਵਿਚ, ਗੱਲ ਨਾ ਕਰਨ ਕਰਕੇ ਮੇਰੇ ਲਈ ਜੀਉਣਾ ਮੁਸ਼ਕਲ ਸੀ। ਮੇਰੇ ਲਈ ਵਧੀਆ ਸੀ ਕਿ ਮੈਂ ਜਲਦੀ ਤੋਂ ਜਲਦੀ ਕਿਸੇ ਨਾਲ ਇਸ ਬਾਰੇ ਗੱਲ ਕਰਾਂ।”

 ‘ਇਕ ਚੰਗਾ ਹੋਣ ਦਾ ਸਮਾਂ’

 ਅਸ਼ਲੀਲ ਛੇੜਖਾਨੀ ਕਰਕੇ ਤੁਸੀਂ ਸ਼ਾਇਦ ਆਪਣੇ ਬਾਰੇ ਗ਼ਲਤ ਰਾਇ ਕਾਇਮ ਕਰ ਲਵੋ, ਜਿਵੇਂ ਤੁਸੀਂ ਕਿਸੇ ਦਾ ਪਿਆਰ ਪਾਉਣ ਜਾਂ ਕਿਸੇ ਨੂੰ ਪਿਆਰ ਕਰਨ ਦੇ ਲਾਇਕ ਨਹੀਂ ਰਹੇ, ਤੁਸੀਂ ਬਿਲਕੁਲ ਨਿਕੰਮੇ ਹੋ ਜਾਂ ਤੁਸੀਂ ਸਿਰਫ਼ ਦੂਜਿਆਂ ਦੀ ਹਵਸ ਪੂਰੀ ਕਰਨ ਲਈ ਹੀ ਜੀਉਂਦੇ ਹੋ। ਪਰ ਹੁਣ ਤੁਹਾਡੇ ਕੋਲ ਇਨ੍ਹਾਂ ਝੂਠੀਆਂ ਗੱਲਾਂ ਵਿੱਚੋਂ ਨਿਕਲ ਆਉਣ ਅਤੇ ਚੰਗੇ ਹੋਣ ਦਾ ਸਮਾਂ ਹੈ। (ਉਪਦੇਸ਼ਕ ਦੀ ਪੋਥੀ 3:3) ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ?

 ਬਾਈਬਲ ਦਾ ਅਧਿਐਨ। ਬਾਈਬਲ ਵਿਚ ਰੱਬ ਦੇ ਵਿਚਾਰ ਹਨ ਜੋ “ਸ਼ਕਤੀਸ਼ਾਲੀ . . . ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ ਨੂੰ ਢਾਹ ਸਕਦੇ” ਹਨ। ਇਨ੍ਹਾਂ ਵਿਚ ਉਹ ਝੂਠੀਆਂ ਗੱਲਾਂ ਵੀ ਸ਼ਾਮਲ ਹਨ ਜੋ ਤੁਸੀਂ ਆਪਣੇ ਬਾਰੇ ਸੋਚਦੇ ਹੋ। (2 ਕੁਰਿੰਥੀਆਂ 10:4, 5) ਮਿਸਾਲ ਲਈ, ਅੱਗੇ ਦਿੱਤੇ ਹਵਾਲਿਆਂ ਨੂੰ ਪੜ੍ਹੋ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰੋ: ਯਸਾਯਾਹ 41:10; ਯਿਰਮਿਯਾਹ 31:3; ਮਲਾਕੀ 3:16, 17; ਲੂਕਾ 12:6, 7; 1 ਯੂਹੰਨਾ 3:19, 20.

 ਪ੍ਰਾਰਥਨਾ। ਜਦੋਂ ਤੁਸੀਂ ਆਪਣੇ ਆਪ ਨੂੰ ਨਿਕੰਮੇ ਜਾਂ ਦੋਸ਼ੀ ਮਹਿਸੂਸ ਕਰੋ, ਤਾਂ ਪ੍ਰਾਰਥਨਾ ਵਿਚ “ਆਪਣਾ ਭਾਰ ਯਹੋਵਾਹ ਉੱਤੇ ਸੁੱਟ” ਦਿਓ। (ਜ਼ਬੂਰਾਂ ਦੀ ਪੋਥੀ 55:22) ਤੁਸੀਂ ਕਦੇ ਵੀ ਇਕੱਲੇ ਨਹੀਂ ਹੋ!

 ਮੰਡਲੀ ਦੇ ਬਜ਼ੁਰਗ। ਇਨ੍ਹਾਂ ਮਸੀਹੀ ਭਰਾਵਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਇਹ ‘ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹੇ ਤੇ ਵਾਛੜ ਤੋਂ ਓਟ’ ਜਿਹੇ ਹੋਣ। (ਯਸਾਯਾਹ 32:2) ਇਹ ਤੁਹਾਡੀ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

 ਚੰਗੀ ਸੰਗਤ। ਉਨ੍ਹਾਂ ਭੈਣਾਂ-ਭਰਾਵਾਂ ਨੂੰ ਦੇਖੋ ਜੋ ਮਸੀਹੀਆਂ ਵਜੋਂ ਵਧੀਆ ਮਿਸਾਲ ਹਨ। ਗੌਰ ਕਰੋ ਕਿ ਉਹ ਇਕ-ਦੂਸਰੇ ਨਾਲ ਕਿਵੇਂ ਪੇਸ਼ ਆਉਂਦੇ ਹਨ। ਸਮੇਂ ਦੇ ਬੀਤਣ ਨਾਲ ਤੁਹਾਨੂੰ ਅਹਿਸਾਸ ਹੋਵੇਗਾ ਕਿ ਸਾਰੇ ਲੋਕ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਰਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਨਹੀਂ ਕਰਦੇ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ।

 ਤਾਨੀਆ ਨਾਂ ਦੀ ਨੌਜਵਾਨ ਨੇ ਇਹੀ ਦੇਖਿਆ। ਬਚਪਨ ਤੋਂ ਹੀ ਉਸ ਨੂੰ ਕਈ ਆਦਮੀਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਹ ਦੱਸਦੀ ਹੈ: “ਜਿਨ੍ਹਾਂ ਆਦਮੀਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਸੀ, ਉਨ੍ਹਾਂ ਨੇ ਹੀ ਮੈਨੂੰ ਦੁੱਖ ਦਿੱਤਾ।” ਪਰ ਸਮੇਂ ਦੇ ਬੀਤਣ ਨਾਲ ਤਾਨੀਆ ਨੂੰ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਦੇ ਆਦਮੀ ਵੀ ਹਨ ਜੋ ਸੱਚਾ ਪਿਆਰ ਕਰਦੇ ਹਨ। ਉਸ ਨੂੰ ਇਸ ਦਾ ਅਹਿਸਾਸ ਕਿਵੇਂ ਹੋਇਆ?

 ਤਾਨੀਆ ਨੂੰ ਇਹ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੇ ਅਜਿਹੇ ਪਤੀ-ਪਤਨੀ ਨਾਲ ਸਮਾਂ ਬਿਤਾਇਆ ਜੋ ਮਸੀਹੀਆਂ ਦੇ ਤੌਰ ਵਧੀਆ ਮਿਸਾਲ ਸਨ। ਉਹ ਦੱਸਦੀ ਹੈ: “ਮੈਂ ਉਸ ਭਰਾ ਦੇ ਕੰਮਾਂ ਤੋਂ ਦੇਖ ਸਕੀ ਕਿ ਸਾਰੇ ਆਦਮੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨਹੀਂ ਹੁੰਦੇ। ਉਹ ਆਪਣੀ ਪਤਨੀ ਦੀ ਰਾਖੀ ਕਰਦਾ ਸੀ ਜਿੱਦਾਂ ਯਹੋਵਾਹ ਪਤੀਆਂ ਤੋਂ ਮੰਗ ਕਰਦਾ ਹੈ।” a​—ਅਫ਼ਸੀਆਂ 5:28, 29.

a ਜੇ ਤੁਸੀਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹੋ, ਜਿਵੇਂ ਡਿਪਰੈਸ਼ਨ, ਹੱਦੋਂ ਵੱਧ ਖਾਣਾ ਜਾਂ ਭੁੱਖੇ ਰਹਿਣਾ, ਖ਼ੁਦ ਨੂੰ ਨੁਕਸਾਨ ਪਹੁੰਚਾਉਣਾ, ਨਸ਼ਾ ਕਰਨਾ, ਨੀਂਦ ਨਾ ਆਉਣੀ ਜਾਂ ਆਤਮ-ਹੱਤਿਆ ਦੇ ਖ਼ਿਆਲ ਆਉਣੇ, ਤਾਂ ਵਧੀਆ ਹੋਵੇਗਾ ਕਿ ਤੁਸੀਂ ਕਿਸੇ ਡਾਕਟਰ ਤੋਂ ਸਲਾਹ ਲਓ।