Skip to content

Skip to table of contents

ਪਰਿਵਾਰ ਦੀ ਮਦਦ ਲਈ | ਵਿਆਹ

ਮਾਫ਼ ਕਿਵੇਂ ਕਰੀਏ

ਮਾਫ਼ ਕਿਵੇਂ ਕਰੀਏ

ਚੁਣੌਤੀ

ਜਦੋਂ ਤੁਸੀਂ ਤੇ ਤੁਹਾਡਾ ਸਾਥੀ ਬਹਿਸ ਕਰਦੇ ਹੋ, ਤਾਂ ਅਕਸਰ ਤੁਸੀਂ ਉਨ੍ਹਾਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹੋ ਜੋ ਕਾਫ਼ੀ ਚਿਰ ਪਹਿਲਾਂ ਹੱਲ ਹੋ ਜਾਣੀਆਂ ਚਾਹੀਦੀਆਂ ਸਨ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਸ਼ਾਇਦ ਤੁਹਾਨੂੰ ਜਾਂ ਦੋਵਾਂ ਨੂੰ ਮਾਫ਼ ਕਰਨਾ ਨਹੀਂ ਆਉਂਦਾ।

ਤੁਸੀਂ ਮਾਫ਼ ਕਰਨਾ ਸਿੱਖ ਸਕਦੇ ਹੋ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਸ਼ਾਇਦ ਪਤੀ-ਪਤਨੀ ਨੂੰ ਇਕ-ਦੂਜੇ ਨੂੰ ਮਾਫ਼ ਕਰਨਾ ਔਖਾ ਕਿਉਂ ਲੱਗੇ।

ਇਵੇਂ ਕਿਉਂ ਹੁੰਦਾ ਹੈ?

ਰੋਹਬ ਜਮਾਉਣਾ। ਕਈ ਪਤੀ-ਪਤਨੀ ਇਕ-ਦੂਜੇ ’ਤੇ ਰੋਹਬ ਜਮਾਉਣ ਲਈ ਮਾਫ਼ ਨਹੀਂ ਕਰਦੇ। ਜਦੋਂ ਉਨ੍ਹਾਂ ਵਿਚ ਝਗੜਾ ਹੁੰਦਾ ਹੈ, ਤਾਂ ਆਪਣੀ ਲੱਤ ਉੱਤੇ ਰੱਖਣ ਦੇ ਮਾਰੇ ਉਹ ਆਪਣੇ ਸਾਥੀ ਨੂੰ ਉਸ ਦੀਆਂ ਪੁਰਾਣੀਆਂ ਗ਼ਲਤੀਆਂ ਯਾਦ ਕਰਾਉਂਦੇ ਹਨ।

ਮਨ ਵਿਚ ਗੁੱਸਾ ਰੱਖਣਾ। ਪੁਰਾਣੇ ਜ਼ਖ਼ਮ ਭਰਨ ਲਈ ਸਮਾਂ ਲੱਗ ਸਕਦਾ ਹੈ। ਤੁਹਾਡਾ ਸਾਥੀ ਸ਼ਾਇਦ ਕਹੇ ਕਿ ‘ਮੈਂ ਤੈਨੂੰ ਮਾਫ਼ ਕੀਤਾ,’ ਪਰ ਉਹ ਗੱਲ ਦਿਲ ਵਿਚ ਰੱਖੇ। ਸਮਾਂ ਆਉਣ ਤੇ ਉਹ ਸ਼ਾਇਦ ਬਦਲਾ ਲੈਣਾ ਚਾਹੇ।

ਨਿਰਾਸ਼ਾ ਹੋਣੀ। ਕੁਝ ਲੋਕ ਇਹ ਸੋਚ ਕੇ ਵਿਆਹ ਕਰਦੇ ਹਨ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਫ਼ਿਲਮਾਂ ਵਿਚ ਦਿਖਾਏ ਗਏ ਹੀਰੋ-ਹੀਰੋਇਨਾਂ ਵਰਗੀ ਹੋਵੇਗੀ। ਸੋ ਜਦੋਂ ਝਗੜੇ ਖੜ੍ਹੇ ਹੁੰਦੇ ਹਨ, ਤਾਂ ਉਹ ਆਪਣੀ ਜ਼ਿੱਦ ਤੇ ਅੜ ਜਾਂਦੇ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਦੀ ਇੰਨੀ ਵਧੀਆ ਜੋੜੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਿਚਾਰ ਇੰਨੇ ਅਲੱਗ ਕਿਵੇਂ ਹੋ ਸਕਦੇ ਹਨ। ਵਿਆਹ ਤੋਂ ਬਾਅਦ ਉਮੀਦਾਂ ਪੂਰੀਆਂ ਨਾ ਹੋਣ ਕਰਕੇ ਇਕ ਵਿਅਕਤੀ ਦਾ ਝੁਕਾਅ ਗ਼ਲਤੀਆਂ ਲੱਭਣ ਵੱਲ ਜ਼ਿਆਦਾ ਤੇ ਮਾਫ਼ ਕਰਨ ਵੱਲ ਘੱਟ ਹੋ ਸਕਦਾ ਹੈ।

ਗ਼ਲਤਫ਼ਹਿਮੀਆਂ ਹੋਣੀਆਂ। ਕਈ ਪਤੀ-ਪਤਨੀ ਇਕ-ਦੂਜੇ ਨੂੰ ਇਸ ਕਰਕੇ ਮਾਫ਼ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਗ਼ਲਤਫ਼ਹਿਮੀਆਂ ਹੁੰਦੀਆਂ ਹਨ ਕਿ ਮਾਫ਼ ਕਰਨ ਦਾ ਕੀ ਮਤਲਬ ਹੈ, ਜਿਵੇਂ ਕਿ

ਜੇ ਮੈਂ ਮਾਫ਼ ਕੀਤਾ, ਤਾਂ ਮੈਂ ਕਹਿ ਰਿਹਾ ਹਾਂ ਕਿ ਗੱਲ ਤਾਂ ਕੁਝ ਨਹੀਂ ਸੀ।

ਜੇ ਮੈਂ ਮਾਫ਼ ਕੀਤਾ, ਤਾਂ ਜੋ ਕੁਝ ਹੋਇਆ ਮੈਨੂੰ ਭੁੱਲਣਾ ਪੈਣਾ।

ਜੇ ਮੈਂ ਮਾਫ਼ ਕੀਤਾ, ਤਾਂ ਮੈਨੂੰ ਹੋਰ ਬਹੁਤ ਕੁਝ ਝੱਲਣਾ ਪਵੇਗਾ।

ਦਰਅਸਲ ਮਾਫ਼ ਕਰਨ ਦਾ ਮਤਲਬ ਉੱਪਰ ਦੱਸੀਆਂ ਗੱਲਾਂ ਨਹੀਂ ਹੈ। ਪਰ ਮਾਫ਼ ਕਰਨਾ ਔਖਾ ਹੋ ਸਕਦਾ ਹੈ ਖ਼ਾਸ ਕਰਕੇ ਪਤੀ-ਪਤਨੀ ਦੇ ਰਿਸ਼ਤੇ ਵਿਚ।

ਤੁਸੀਂ ਕੀ ਕਰ ਸਕਦੇ ਹੋ

ਸਮਝੋ ਕਿ ਮਾਫ਼ ਕਰਨ ਵਿਚ ਕੀ ਸ਼ਾਮਲ ਹੈ। ਬਾਈਬਲ ਵਿਚ ਜਿੱਥੇ “ਮਾਫ਼ ਕਰਨ” ਦਾ ਜ਼ਿਕਰ ਆਉਂਦਾ ਹੈ, ਉੱਥੇ ਕਈ ਵਾਰ ਉਸ ਦਾ ਮਤਲਬ ਹੁੰਦਾ ਹੈ “ਗੁੱਸੇ ਨੂੰ ਛੱਡੋ।” ਇਸ ਕਰਕੇ ਮਾਫ਼ ਕਰਨ ਦਾ ਹਮੇਸ਼ਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਗੱਲ ਨੂੰ ਭੁੱਲ ਜਾਓ ਜਾਂ ਇੱਦਾਂ ਸੋਚੋ ਕਿ ਗੱਲ ਤਾਂ ਕੁਝ ਨਹੀਂ ਸੀ। ਕਈ ਵਾਰ ਇਸ ਦਾ ਮਤਲਬ ਹੁੰਦਾ ਹੈ ਕਿ ਆਪਣੇ ਤੇ ਆਪਣੇ ਵਿਆਹ ਦੀ ਖ਼ਾਤਰ ਗੱਲ ਨੂੰ ਛੱਡ ਦਿਓ।

ਮਾਫ਼ ਨਾ ਕਰਨ ਦੇ ਬੁਰੇ ਨਤੀਜਿਆਂ ਬਾਰੇ ਸੋਚੋ। ਕਈ ਮਾਹਰ ਮੰਨਦੇ ਹਨ ਕਿ ਦਿਲ ਵਿਚ ਗੁੱਸਾ ਰੱਖਣਾ ਸਿਹਤ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ। ਇਸ ਨਾਲ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ ਹੈ। ਨਾਲੇ ਤੁਹਾਡਾ ਵਿਆਹ ਵੀ ਟੁੱਟ ਸਕਦਾ ਹੈ। ਇਸ ਲਈ ਬਾਈਬਲ ਕਹਿੰਦੀ ਹੈ: “ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ, ਨਾਲੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।”​—ਅਫ਼ਸੀਆਂ 4:32.

ਮਾਫ਼ ਕਰਨ ਦੇ ਫ਼ਾਇਦਿਆਂ ਬਾਰੇ ਸੋਚੋ। ਆਪਣੇ ਸਾਥੀ ਨੂੰ ਮਾਫ਼ ਕਰ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਹਾਨੂੰ ਭਰੋਸਾ ਹੈ ਕਿ ਤੁਹਾਡੇ ਸਾਥੀ ਦਾ ਇਰਾਦਾ ਗ਼ਲਤ ਨਹੀਂ ਸੀ ਅਤੇ ਤੁਸੀਂ ਉਸ ਦੀਆਂ ਗ਼ਲਤੀਆਂ ਨੂੰ ਯਾਦ ਨਹੀਂ ਰੱਖਦੇ ਹੋ। ਮਾਫ਼ ਕਰਨ ਨਾਲ ਤੁਸੀਂ ਗੁੱਸਾ ਨਹੀਂ ਕਰੋਗੇ ਅਤੇ ਤੁਹਾਡਾ ਪਿਆਰ ਵਧਦਾ ਰਹੇਗਾ।​—ਬਾਈਬਲ ਦਾ ਅਸੂਲ: ਕੁਲੁੱਸੀਆਂ 3:13.

ਯਾਦ ਰੱਖੋ। ਜਦੋਂ ਅਸੀਂ ਮੰਨਦੇ ਹਾਂ ਕਿ ਸਾਡੇ ਸਾਥੀ ਵਿਚ ਕਮੀਆਂ-ਕਮਜ਼ੋਰੀਆਂ ਹਨ, ਤਾਂ ਸਾਡੇ ਲਈ ਮਾਫ਼ ਕਰਨਾ ਸੌਖਾ ਹੋ ਜਾਂਦਾ ਹੈ। ਵਿਆਹ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਜੇ ਤੁਸੀਂ ਆਪਣੇ ਸਾਥੀ ਦੀਆਂ ਕਮੀਆਂ-ਕਮਜ਼ੋਰੀਆਂ ’ਤੇ ਜ਼ਿਆਦਾ ਧਿਆਨ ਦਿੰਦੇ ਹੋ, ਤਾਂ ਤੁਸੀਂ ਉਸ ਦੇ ਚੰਗੇ ਗੁਣਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ। ਕਿਤਾਬ ਅੱਗੇ ਕਹਿੰਦੀ ਹੈ: “ਤੁਸੀਂ ਕਿਸ ਗੱਲ ਉੱਤੇ ਜ਼ੋਰ ਦੇਣਾ ਚਾਹੁੰਦੇ ਹੋ?” ਯਾਦ ਰੱਖੋ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ।​—ਬਾਈਬਲ ਦਾ ਅਸੂਲ: ਯਾਕੂਬ 3:2.

ਸਮਝਦਾਰੀ ਵਰਤੋ। ਜਦੋਂ ਤੁਹਾਡਾ ਸਾਥੀ ਅਜਿਹਾ ਕੁਝ ਕਰਦਾ ਜਾਂ ਕਹਿੰਦਾ ਹੈ ਜਿਸ ਨਾਲ ਤੁਹਾਨੂੰ ਦੁੱਖ ਲੱਗਦਾ ਹੈ, ਤਾਂ ਆਪਣੇ ਆਪ ਨੂੰ ਪੁੱਛੋ: ‘ਕੀ ਗੱਲ ਇੰਨੀ ਵੱਡੀ ਹੈ? ਕੀ ਮਾਫ਼ੀ ਮੰਗਵਾਉਣੀ ਜ਼ਰੂਰੀ ਹੈ ਜਾਂ ਕੀ ਮੈਂ ਇਸ ਗੱਲ ’ਤੇ ਮਿੱਟੀ ਪਾ ਸਕਦਾ ਹਾਂ?’​—ਬਾਈਬਲ ਦਾ ਅਸੂਲ: 1 ਪਤਰਸ 4:8.

ਜੇ ਜ਼ਰੂਰੀ ਹੋਵੇ, ਤਾਂ ਮਸਲੇ ਬਾਰੇ ਗੱਲ ਕਰੋ। ਪਿਆਰ ਨਾਲ ਸਮਝਾਓ ਕਿ ਕਿਸ ਗੱਲ ਨੇ ਤੁਹਾਨੂੰ ਠੇਸ ਪਹੁੰਚਾਈ ਅਤੇ ਤੁਹਾਨੂੰ ਦੁੱਖ ਕਿਉਂ ਲੱਗਾ। ਆਪਣੇ ਸਾਥੀ ਦੇ ਇਰਾਦਿਆਂ ’ਤੇ ਨਾ ਹੀ ਸ਼ੱਕ ਕਰੋ ਤੇ ਨਾ ਹੀ ਆਪਣੀ ਗੱਲ ’ਤੇ ਅੜੇ ਰਹੋ। ਆਪਣੇ ਸਾਥੀ ਨੂੰ ਸਿਰਫ਼ ਇਹ ਦੱਸੋ ਕਿ ਉਸ ਦੀਆਂ ਗੱਲਾਂ ਦਾ ਤੁਹਾਡੇ ਉੱਤੇ ਕੀ ਅਸਰ ਪਿਆ। (g13 09-E)