Skip to content

Skip to table of contents

ਰੱਬ ਅਤੇ ਯਿਸੂ ਬਾਰੇ ਸੱਚਾਈ

ਰੱਬ ਅਤੇ ਯਿਸੂ ਬਾਰੇ ਸੱਚਾਈ

ਭਾਵੇਂ ਇਨਸਾਨ ਬਹੁਤ ਸਾਰੇ ਦੇਵਤਿਆਂ ਦੀ ਭਗਤੀ ਕਰਦੇ ਹਨ, ਪਰ ਸੱਚਾ ਰੱਬ ਸਿਰਫ਼ ਇੱਕੋ ਹੀ ਹੈ। (ਯੂਹੰਨਾ 17:3) ਉਹ “ਅੱਤ ਮਹਾਨ” ਹੈ, ਉਹ ਸਿਰਜਣਹਾਰ ਹੈ ਅਤੇ ਉਹ ਜ਼ਿੰਦਗੀ ਦਾ ਸੋਮਾ ਹੈ। ਸਿਰਫ਼ ਉਹ ਹੀ ਸਾਡੀ ਭਗਤੀ ਦਾ ਹੱਕਦਾਰ ਹੈ।—ਦਾਨੀਏਲ 7:18; ਪ੍ਰਕਾਸ਼ ਦੀ ਕਿਤਾਬ 4:11.

ਰੱਬ ਕੌਣ ਹੈ?

ਮੂਲ ਲਿਖਤਾਂ ਵਿਚ ਰੱਬ ਦਾ ਨਾਂ ਲਗਭਗ 7,000 ਵਾਰ

ਯਹੋਵਾਹ ਰੱਬ ਦਾ ਨਾਂ

ਪ੍ਰਭੂ, ਰੱਬ, ਪਿਤਾ—ਯਹੋਵਾਹ ਦੇ ਕੁਝ ਖ਼ਿਤਾਬ

ਰੱਬ ਦਾ ਨਾਂ ਕੀ ਹੈ? ਰੱਬ ਖ਼ੁਦ ਦੱਸਦਾ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।” (ਯਸਾਯਾਹ 42:8) ਬਾਈਬਲ ਵਿਚ ਰੱਬ ਦਾ ਨਾਂ ਲਗਭਗ 7,000 ਵਾਰੀ ਆਉਂਦਾ ਹੈ। ਪਰ ਬਹੁਤ ਸਾਰੇ ਬਾਈਬਲ ਅਨੁਵਾਦਾਂ ਵਿਚ ਇਸ ਨਾਂ ਦੀ ਜਗ੍ਹਾ ਕਈ ਖ਼ਿਤਾਬ ਪਾਏ ਗਏ ਹਨ, ਜਿਵੇਂ “ਪ੍ਰਭੂ”। ਰੱਬ ਸਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ, ਇਸ ਲਈ ਉਹ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ਉਸ ਨੂੰ ‘ਉਹ ਦਾ ਨਾਮ ਲੈ ਕੇ ਪੁਕਾਰੀਏ।’—ਜ਼ਬੂਰਾਂ ਦੀ ਪੋਥੀ 105:1.

ਯਹੋਵਾਹ ਦੇ ਖ਼ਿਤਾਬ। ਬਾਈਬਲ ਵਿਚ ਯਹੋਵਾਹ ਲਈ ਬਹੁਤ ਸਾਰੇ ਖ਼ਿਤਾਬ ਵਰਤੇ ਗਏ ਹਨ, ਜਿਵੇਂ “ਪਰਮੇਸ਼ੁਰ,” “ਸਰਬਸ਼ਕਤੀਮਾਨ,” “ਸਿਰਜਣਹਾਰ,” “ਪਿਤਾ,” “ਪ੍ਰਭੂ” ਅਤੇ “ਸਾਰੇ ਜਹਾਨ ਦਾ ਮਾਲਕ।” ਬਾਈਬਲ ਵਿਚ ਬਹੁਤ ਸਾਰੀਆਂ ਪ੍ਰਾਰਥਨਾਵਾਂ ਦਰਜ ਹਨ ਜਿਨ੍ਹਾਂ ਵਿਚ ਯਹੋਵਾਹ ਲਈ ਆਦਰਮਈ ਖ਼ਿਤਾਬ ਅਤੇ ਉਸ ਦਾ ਨਾਂ ਯਹੋਵਾਹ ਦੋਵੇਂ ਵਰਤੇ ਗਏ ਹਨ।—ਦਾਨੀਏਲ 9:4.

ਪਰਮੇਸ਼ੁਰ ਦਾ ਸਰੀਰ ਕਿੱਦਾਂ ਦਾ ਹੈ? ਪਰਮੇਸ਼ੁਰ ਅਦਿੱਖ ਹੈ। (ਯੂਹੰਨਾ 4:24) ਬਾਈਬਲ ਦੱਸਦੀ ਹੈ ਕਿ “ਕਿਸੇ ਵੀ ਇਨਸਾਨ ਨੇ ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ।” (ਯੂਹੰਨਾ 1:18) ਇਸ ਵਿਚ ਦੱਸਿਆ ਹੈ ਕਿ ਰੱਬ ਦੀਆਂ ਭਾਵਨਾਵਾਂ ਹਨ। ਲੋਕ ਉਸ ਨੂੰ ਦੁਖੀ ਜਾਂ “ਪਰਸੰਨ” ਕਰ ਸਕਦੇ ਹਨ।—ਕਹਾਉਤਾਂ 11:20; ਜ਼ਬੂਰਾਂ ਦੀ ਪੋਥੀ 78:40, 41.

ਰੱਬ ਦੇ ਸ਼ਾਨਦਾਰ ਗੁਣ। ਰੱਬ ਕਿਸੇ ਵੀ ਕੌਮ ਅਤੇ ਪਿਛੋਕੜ ਦੇ ਲੋਕਾਂ ਨਾਲ ਪੱਖਪਾਤ ਨਹੀਂ ਕਰਦਾ। (ਰਸੂਲਾਂ ਦੇ ਕੰਮ 10:34, 35) ਉਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 34:6, 7) ਇਸ ਦੇ ਨਾਲ-ਨਾਲ ਰੱਬ ਦੇ ਚਾਰ ਮੁੱਖ ਗੁਣ ਹਨ।

ਸ਼ਕਤੀ। ਉਹ “ਸਰਬਸ਼ਕਤੀਮਾਨ ਪਰਮੇਸ਼ੁਰ” ਹੈ। ਉਸ ਕੋਲ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੀ ਅਸੀਮ ਸ਼ਕਤੀ ਹੈ।—ਉਤਪਤ 17:1.

ਬੁੱਧ। ਰੱਬ ਸਭ ਤੋਂ ਜ਼ਿਆਦਾ ਬੁੱਧੀਮਾਨ ਹੈ। ਬਾਈਬਲ ਇਹ ਵੀ ਕਹਿੰਦੀ ਹੈ ਕਿ ਸਿਰਫ਼ ਉਹ ਹੀ “ਇੱਕੋ-ਇਕ ਬੁੱਧੀਮਾਨ ਪਰਮੇਸ਼ੁਰ” ਹੈ।—ਰੋਮੀਆਂ 16:27.

ਨਿਆਂ। ਰੱਬ ਹਮੇਸ਼ਾ ਸਹੀ ਕੰਮ ਕਰਦਾ ਹੈ। “ਉਸ ਦੀ ਕਰਨੀ ਪੂਰੀ ਹੈ” ਅਤੇ ਉਹ ‘ਨਿਆਂ’ ਕਰਨ ਵਾਲਾ ਪਰਮੇਸ਼ੁਰ ਹੈ।—ਬਿਵਸਥਾ ਸਾਰ 32:4.

ਪਿਆਰ। ਬਾਈਬਲ ਦੱਸਦੀ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰਨਾ 4:8) ਰੱਬ ਦੇ ਸਿਰਫ਼ ਕੰਮਾਂ ਤੋਂ ਹੀ ਪਿਆਰ ਨਹੀਂ ਝਲਕਦਾ, ਸਗੋਂ ਉਹ ਪਿਆਰ ਦੀ ਮੂਰਤ ਹੈ। ਪਿਆਰ ਉਸ ਦਾ ਮੁੱਖ ਗੁਣ ਹੈ ਤੇ ਇਸ ਦਾ ਅਸਰ ਉਸ ਦੇ ਹਰ ਕੰਮ ʼਤੇ ਪੈਂਦਾ ਹੈ। ਇਸ ਕਰਕੇ ਸਾਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।

ਇਨਸਾਨਾਂ ਨਾਲ ਰੱਬ ਦੀ ਦੋਸਤੀ। ਰੱਬ ਸਾਡਾ ਪਿਆਰਾ ਸਵਰਗੀ ਪਿਤਾ ਹੈ। (ਮੱਤੀ 6:9) ਜੇ ਅਸੀਂ ਉਸ ʼਤੇ ਵਿਸ਼ਵਾਸ ਕਰਾਂਗੇ, ਤਾਂ ਅਸੀਂ ਉਸ ਦੇ ਦੋਸਤ ਬਣ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 25:14) ਦਰਅਸਲ ਰੱਬ ਤੁਹਾਨੂੰ ਸੱਦਾ ਦਿੰਦਾ ਹੈ ਕਿ ਤੁਸੀਂ ਪ੍ਰਾਰਥਨਾ ਰਾਹੀਂ ਉਸ ਦੇ ਨੇੜੇ ਆਓ ਅਤੇ “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7; ਯਾਕੂਬ 4:8.

ਰੱਬ ਅਤੇ ਯਿਸੂ ਵਿਚ ਕੀ ਫ਼ਰਕ ਹੈ?

ਯਿਸੂ ਰੱਬ ਨਹੀਂ ਹੈ। ਯਿਸੂ ਹੀ ਇਕੱਲਾ ਅਜਿਹਾ ਸ਼ਖ਼ਸ ਹੈ ਜਿਸ ਨੂੰ ਰੱਬ ਨੇ ਖ਼ੁਦ ਬਣਾਇਆ ਹੈ। ਇਸ ਕਰਕੇ ਬਾਈਬਲ ਵਿਚ ਉਸ ਨੂੰ ਪਰਮੇਸ਼ੁਰ ਦਾ ਪੁੱਤਰ ਕਿਹਾ ਗਿਆ ਹੈ। (ਯੂਹੰਨਾ 1:14) ਯਿਸੂ ਨੂੰ ਬਣਾਉਣ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਸਾਰੀਆਂ ਚੀਜ਼ਾਂ ਬਣਾਉਣ ਲਈ “ਰਾਜ ਮਿਸਤਰੀ” ਵਜੋਂ ਵਰਤਿਆ।—ਕਹਾਉਤਾਂ 8:30, 31; ਕੁਲੁੱਸੀਆਂ 1:15, 16.

ਯਿਸੂ ਨੇ ਕਦੇ ਵੀ ਆਪਣੇ ਆਪ ਨੂੰ ਰੱਬ ਨਹੀਂ ਕਿਹਾ। ਉਸ ਨੇ ਕਿਹਾ: “ਮੈਂ [ਪਰਮੇਸ਼ੁਰ] ਦਾ ਬੁਲਾਰਾ ਹਾਂ ਅਤੇ ਉਸੇ ਨੇ ਮੈਨੂੰ ਘੱਲਿਆ ਹੈ।” (ਯੂਹੰਨਾ 7:29) ਯਿਸੂ ਨੇ ਆਪਣੇ ਇਕ ਚੇਲੇ ਨਾਲ ਗੱਲ ਕਰਦੇ ਹੋਏ ਯਹੋਵਾਹ ਨੂੰ ‘ਆਪਣਾ ਪਿਤਾ ਅਤੇ ਤੁਹਾਡਾ ਪਿਤਾ’ ਅਤੇ ‘ਆਪਣਾ ਪਰਮੇਸ਼ੁਰ ਅਤੇ ਤੁਹਾਡਾ ਪਰਮੇਸ਼ੁਰ’ ਕਿਹਾ। (ਯੂਹੰਨਾ 20:17) ਯਿਸੂ ਦੀ ਮੌਤ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਸਵਰਗ ਵਿਚ ਦੁਬਾਰਾ ਜੀਉਂਦਾ ਕਰ ਕੇ ਆਪਣੇ ਸੱਜੇ ਹੱਥ ਬਿਠਾ ਕੇ ਵੱਡਾ ਅਧਿਕਾਰ ਦਿੱਤਾ।—ਮੱਤੀ 28:18; ਰਸੂਲਾਂ ਦੇ ਕੰਮ 2:32, 33.

ਯਿਸੂ ਰੱਬ ਨਾਲ ਰਿਸ਼ਤਾ ਜੋੜਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ

ਯਿਸੂ ਧਰਤੀ ʼਤੇ ਆਪਣੇ ਪਿਤਾ ਬਾਰੇ ਸਿਖਾਉਣ ਆਇਆ। ਯਹੋਵਾਹ ਨੇ ਖ਼ੁਦ ਯਿਸੂ ਬਾਰੇ ਕਿਹਾ: “ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਗੱਲ ਸੁਣੋ।” (ਮਰਕੁਸ 9:7) ਜਿੰਨਾ ਯਿਸੂ ਰੱਬ ਬਾਰੇ ਜਾਣਦਾ, ਉੱਨਾ ਹੋਰ ਕੋਈ ਵੀ ਨਹੀਂ ਜਾਣਦਾ। ਯਿਸੂ ਨੇ ਕਿਹਾ: “ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਸਿਰਫ਼ ਪੁੱਤਰ ਹੀ ਜਾਣਦਾ ਹੈ ਅਤੇ ਉਹੀ ਇਨਸਾਨ ਜਿਸ ਨੂੰ ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਹੈ।”—ਲੂਕਾ 10:22.

ਯਿਸੂ ਨੇ ਹੂ-ਬਹੁ ਆਪਣੇ ਪਿਤਾ ਦੇ ਗੁਣਾਂ ਦੀ ਰੀਸ ਕੀਤੀ। ਯਿਸੂ ਨੇ ਆਪਣੇ ਪਿਤਾ ਵਰਗੇ ਗੁਣ ਇੰਨੀ ਚੰਗੀ ਤਰ੍ਹਾਂ ਦਿਖਾਏ ਕਿ ਉਹ ਕਹਿ ਸਕਿਆ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (ਯੂਹੰਨਾ 14:9) ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਪਿਤਾ ਵਰਗਾ ਪਿਆਰ ਦਿਖਾ ਕੇ ਲੋਕਾਂ ਦਾ ਰੱਬ ਨਾਲ ਰਿਸ਼ਤਾ ਜੋੜਨ ਵਿਚ ਮਦਦ ਕੀਤੀ। ਉਸ ਨੇ ਕਿਹਾ: “ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ। ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰਨਾ 14:6) ਉਸ ਨੇ ਇਹ ਵੀ ਕਿਹਾ: “ਸੱਚੇ ਭਗਤ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਪਰਮੇਸ਼ੁਰ ਦੀ ਭਗਤੀ ਕਰਨਗੇ। ਅਸਲ ਵਿਚ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਚਾਹੁੰਦਾ ਹੈ ਜਿਹੜੇ ਉਸ ਦੀ ਭਗਤੀ ਇਸ ਤਰ੍ਹਾਂ ਕਰਨਗੇ।” (ਯੂਹੰਨਾ 4:23) ਜ਼ਰਾ ਕਲਪਨਾ ਕਰੋ! ਯਹੋਵਾਹ ਤੁਹਾਡੇ ਵਰਗੇ ਲੋਕਾਂ ਨੂੰ ਲੱਭ ਰਿਹਾ ਹੈ ਜੋ ਉਸ ਬਾਰੇ ਸੱਚ ਜਾਣਨਾ ਚਾਹੁੰਦੇ ਹਨ।