ਕੁਰਿੰਥੀਆਂ ਨੂੰ ਦੂਜੀ ਚਿੱਠੀ 9:1-15

  • ਦਾਨ ਦੇਣ ਦੀ ਪ੍ਰੇਰਣਾ (1-15)

    • ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ (7)

9  ਹੁਣ ਮੈਂ ਤੁਹਾਨੂੰ ਪਵਿੱਤਰ ਸੇਵਕਾਂ+ ਦੀ ਮਦਦ* ਕਰਨ ਸੰਬੰਧੀ ਲਿਖਣ ਬਾਰੇ ਜ਼ਰੂਰੀ ਨਹੀਂ ਸਮਝਦਾ  ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮਦਦ ਕਰਨ ਲਈ ਤਿਆਰ ਹੋ। ਮੈਂ ਤੁਹਾਡੇ ਉੱਤੇ ਮਾਣ ਕਰਦਿਆਂ ਮਕਦੂਨੀਆ ਦੇ ਮਸੀਹੀਆਂ ਨੂੰ ਦੱਸਿਆ ਕਿ ਅਖਾਯਾ ਦੇ ਭਰਾ ਇਕ ਸਾਲ ਤੋਂ ਮਦਦ ਦੇਣ ਲਈ ਤਿਆਰ ਹਨ। ਤੁਹਾਡੇ ਜੋਸ਼ ਨੇ ਮਕਦੂਨੀਆ ਦੇ ਜ਼ਿਆਦਾਤਰ ਮਸੀਹੀਆਂ ਵਿਚ ਜੋਸ਼ ਭਰ ਦਿੱਤਾ ਹੈ।  ਮੈਂ ਭਰਾਵਾਂ ਨੂੰ ਘੱਲ ਰਿਹਾ ਹਾਂ ਤਾਂਕਿ ਜਿਸ ਗੱਲੋਂ ਅਸੀਂ ਤੁਹਾਡੇ ਉੱਤੇ ਮਾਣ ਕਰਦੇ ਹਾਂ, ਉਹ ਬੇਕਾਰ ਸਾਬਤ ਨਾ ਹੋਵੇ, ਪਰ ਤੁਸੀਂ ਸੱਚ-ਮੁੱਚ ਤਿਆਰ ਰਹੋ, ਜਿਵੇਂ ਕਿ ਮੈਂ ਦੱਸਿਆ ਸੀ ਕਿ ਤੁਸੀਂ ਤਿਆਰ ਰਹੋਗੇ।  ਨਹੀਂ ਤਾਂ, ਜੇ ਮਕਦੂਨੀਆ ਦੇ ਭਰਾਵਾਂ ਨੇ ਮੇਰੇ ਨਾਲ ਆ ਕੇ ਦੇਖਿਆ ਕਿ ਤੁਸੀਂ ਤਿਆਰ ਨਹੀਂ ਹੋ, ਤਾਂ ਸਾਨੂੰ ਅਤੇ ਤੁਹਾਨੂੰ ਸ਼ਰਮਿੰਦਾ ਹੋਣਾ ਪਵੇਗਾ ਕਿ ਅਸੀਂ ਤੁਹਾਡੇ ਉੱਤੇ ਭਰੋਸਾ ਕੀਤਾ।  ਇਸ ਲਈ ਮੈਂ ਭਰਾਵਾਂ ਨੂੰ ਸਾਡੇ ਤੋਂ ਪਹਿਲਾਂ ਤੁਹਾਡੇ ਕੋਲ ਆਉਣ ਲਈ ਹੱਲਾਸ਼ੇਰੀ ਦੇਣੀ ਜ਼ਰੂਰੀ ਸਮਝੀ ਤਾਂਕਿ ਉਹ ਖੁੱਲ੍ਹੇ ਦਿਲ ਨਾਲ ਦਿੱਤਾ ਤੁਹਾਡਾ ਦਾਨ ਤਿਆਰ ਰੱਖਣ ਜਿਸ ਨੂੰ ਦੇਣ ਦਾ ਤੁਸੀਂ ਵਾਅਦਾ ਕੀਤਾ ਸੀ। ਫਿਰ ਜਦੋਂ ਅਸੀਂ ਆਈਏ, ਤਾਂ ਇਹ ਦਾਨ ਤਿਆਰ ਹੋਵੇ। ਇਸ ਤੋਂ ਇਹ ਸਾਬਤ ਹੋਵੇਗਾ ਕਿ ਤੁਸੀਂ ਇਹ ਦਾਨ ਖੁੱਲ੍ਹੇ ਦਿਲ ਨਾਲ ਦਿੱਤਾ ਹੈ, ਨਾ ਕਿ ਅਸੀਂ ਤੁਹਾਡੇ ਤੋਂ ਜ਼ਬਰਦਸਤੀ ਲਿਆ ਹੈ।  ਇਸ ਮਾਮਲੇ ਵਿਚ ਜਿਹੜਾ ਇਨਸਾਨ ਕੰਜੂਸੀ ਨਾਲ ਬੀਜਦਾ ਹੈ, ਉਹ ਥੋੜ੍ਹਾ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ, ਉਹ ਬਹੁਤ ਵੱਢੇਗਾ।+  ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ* ਜਾਂ ਮਜਬੂਰੀ ਨਾਲ+ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।+  ਇਸ ਤੋਂ ਇਲਾਵਾ, ਪਰਮੇਸ਼ੁਰ ਤੁਹਾਡੇ ਉੱਤੇ ਆਪਣੀ ਅਪਾਰ ਕਿਰਪਾ ਹੋਰ ਵੀ ਜ਼ਿਆਦਾ ਕਰ ਸਕਦਾ ਹੈ ਤਾਂਕਿ ਤੁਹਾਡੇ ਕੋਲ ਹਮੇਸ਼ਾ ਆਪਣੀਆਂ ਲੋੜਾਂ ਮੁਤਾਬਕ ਸਭ ਕੁਝ ਹੋਵੇ ਅਤੇ ਚੰਗੇ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਹੋਵੇ।+  (ਜਿਵੇਂ ਲਿਖਿਆ ਹੈ: “ਉਸ ਨੇ ਖੁੱਲ੍ਹੇ ਦਿਲ ਨਾਲ ਵੰਡਿਆ ਹੈ; ਉਸ ਨੇ ਗ਼ਰੀਬਾਂ ਨੂੰ ਦਿੱਤਾ ਹੈ। ਉਸ ਦੇ ਸਹੀ ਕੰਮਾਂ ਦਾ ਫਲ ਸਦਾ ਰਹਿੰਦਾ ਹੈ।”+ 10  ਜਿਹੜਾ ਬੀਜਣ ਵਾਲੇ ਨੂੰ ਭਰਪੂਰ ਮਾਤਰਾ ਵਿਚ ਬੀ ਦਿੰਦਾ ਹੈ ਅਤੇ ਲੋਕਾਂ ਨੂੰ ਖਾਣ ਲਈ ਰੋਟੀ ਦਿੰਦਾ ਹੈ, ਉਹ ਤੁਹਾਨੂੰ ਵੀ ਭਰਪੂਰ ਮਾਤਰਾ ਵਿਚ ਬੀ ਦੇਵੇਗਾ ਅਤੇ ਤੁਹਾਡੇ ਸਹੀ ਕੰਮਾਂ ਦੇ ਫਲ ਵਧਾਵੇਗਾ।) 11  ਪਰਮੇਸ਼ੁਰ ਤੁਹਾਨੂੰ ਭਰਪੂਰ ਬਰਕਤਾਂ ਦਿੰਦਾ ਹੈ ਤਾਂਕਿ ਤੁਸੀਂ ਵੀ ਹਰ ਤਰੀਕੇ ਨਾਲ ਦਿਲ ਖੋਲ੍ਹ ਕੇ ਦਿਓ ਅਤੇ ਸਾਡੀਆਂ ਕੋਸ਼ਿਸ਼ਾਂ ਸਦਕਾ ਇਸ ਖੁੱਲ੍ਹ-ਦਿਲੀ ਕਰਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਵੇ 12  ਕਿਉਂਕਿ ਸੇਵਾ ਦੇ ਇਸ ਕੰਮ ਸਦਕਾ ਨਾ ਸਿਰਫ਼ ਪਵਿੱਤਰ ਸੇਵਕਾਂ ਦੀਆਂ ਲੋੜਾਂ ਚੰਗੀ ਤਰ੍ਹਾਂ ਪੂਰੀਆਂ ਹੋਣਗੀਆਂ,+ ਸਗੋਂ ਲੋਕ ਪਰਮੇਸ਼ੁਰ ਦਾ ਬਹੁਤ ਧੰਨਵਾਦ ਵੀ ਕਰਨਗੇ। 13  ਤੁਹਾਡਾ ਇਹ ਰਾਹਤ ਕੰਮ* ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਮਸੀਹ ਬਾਰੇ ਖ਼ੁਸ਼ ਖ਼ਬਰੀ ਦੇ ਸੰਦੇਸ਼ ਮੁਤਾਬਕ ਚੱਲਦੇ ਹੋ ਜਿਸ ਦਾ ਤੁਸੀਂ ਪ੍ਰਚਾਰ ਕਰਦੇ ਹੋ ਅਤੇ ਤੁਸੀਂ ਉਨ੍ਹਾਂ ਲਈ ਅਤੇ ਸਾਰਿਆਂ ਲਈ ਖੁੱਲ੍ਹੇ ਦਿਲ ਨਾਲ ਦਾਨ ਦਿੰਦੇ ਹੋ। ਇਹ ਦੇਖ ਕੇ ਉਹ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ।+ 14  ਨਾਲੇ ਉਹ ਤੁਹਾਡੇ ਵਾਸਤੇ ਪਰਮੇਸ਼ੁਰ ਅੱਗੇ ਫ਼ਰਿਆਦ ਕਰ ਕੇ ਤੁਹਾਡੇ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ। 15  ਆਓ ਆਪਾਂ ਇਸ ਬੇਸ਼ਕੀਮਤੀ ਵਰਦਾਨ ਲਈ* ਪਰਮੇਸ਼ੁਰ ਦਾ ਧੰਨਵਾਦ ਕਰੀਏ।

ਫੁਟਨੋਟ

ਜਾਂ, “ਸੇਵਾ।”
ਜਾਂ, “ਹਿਚਕਿਚਾਉਂਦੇ ਹੋਏ।”
ਜਾਂ, “ਸੇਵਾ।”
ਜਾਂ, “ਇਸ ਵਰਦਾਨ ਲਈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।”