ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼ 12:1-17

  • ਇਕ ਔਰਤ, ਮੁੰਡਾ ਅਤੇ ਅਜਗਰ (1-6)

  • ਮੀਕਾਏਲ ਅਜਗਰ ਨਾਲ ਲੜਿਆ (7-12)

    • ਅਜਗਰ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ (9)

    • ਸ਼ੈਤਾਨ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ (12)

  • ਅਜਗਰ ਨੇ ਔਰਤ ਉੱਤੇ ਜ਼ੁਲਮ ਕੀਤੇ (13-17)

12  ਫਿਰ ਮੈਂ ਸਵਰਗ ਵਿਚ ਇਕ ਵੱਡਾ ਨਿਸ਼ਾਨ ਦੇਖਿਆ: ਇਕ ਔਰਤ+ ਨੇ ਸੂਰਜ ਪਹਿਨਿਆ ਹੋਇਆ ਸੀ ਅਤੇ ਚੰਦ ਉਸ ਦੇ ਪੈਰਾਂ ਹੇਠ ਸੀ ਅਤੇ ਉਸ ਦੇ ਸਿਰ ਉੱਤੇ 12 ਤਾਰਿਆਂ ਵਾਲਾ ਇਕ ਮੁਕਟ ਸੀ।  ਉਹ ਔਰਤ ਗਰਭਵਤੀ ਸੀ ਅਤੇ ਜਣਨ-ਪੀੜਾਂ ਲੱਗੀਆਂ ਹੋਣ ਕਰਕੇ ਉਹ ਚੀਕਾਂ ਮਾਰ ਰਹੀ ਸੀ ਅਤੇ ਦਰਦ ਨਾਲ ਤੜਫ ਰਹੀ ਸੀ।  ਫਿਰ ਮੈਂ ਸਵਰਗ ਵਿਚ ਇਕ ਹੋਰ ਨਿਸ਼ਾਨੀ ਦੇਖੀ। ਦੇਖੋ! ਇਕ ਗੂੜ੍ਹੇ ਲਾਲ ਰੰਗ ਦਾ ਅਜਗਰ ਸੀ+ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ਅਤੇ ਉਸ ਦੇ ਸਿਰਾਂ ਉੱਤੇ ਸੱਤ ਮੁਕਟ ਸਨ।  ਉਸ ਨੇ ਆਪਣੀ ਪੂਛ ਨਾਲ ਆਕਾਸ਼ ਦੇ ਇਕ-ਤਿਹਾਈ ਤਾਰੇ+ ਖਿੱਚ ਕੇ ਧਰਤੀ ਉੱਤੇ ਸੁੱਟ ਦਿੱਤੇ।+ ਉਹ ਅਜਗਰ ਔਰਤ ਦੇ ਸਾਮ੍ਹਣੇ ਖੜ੍ਹਾ ਰਿਹਾ+ ਤਾਂਕਿ ਜਦੋਂ ਔਰਤ ਬੱਚੇ ਨੂੰ ਜਨਮ ਦੇਵੇ, ਉਹ ਉਦੋਂ ਹੀ ਉਸ ਦੇ ਬੱਚੇ ਨੂੰ ਨਿਗਲ਼ ਜਾਵੇ।  ਉਸ ਔਰਤ ਨੇ ਇਕ ਮੁੰਡੇ ਨੂੰ, ਹਾਂ, ਇਕ ਪੁੱਤਰ ਨੂੰ ਜਨਮ ਦਿੱਤਾ+ ਜਿਹੜਾ ਸਾਰੀਆਂ ਕੌਮਾਂ ਉੱਤੇ ਲੋਹੇ ਦੇ ਡੰਡੇ ਨਾਲ ਅਧਿਕਾਰ ਚਲਾਵੇਗਾ।+ ਔਰਤ ਦੇ ਬੱਚੇ ਨੂੰ ਤੁਰੰਤ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਲਿਜਾਇਆ ਗਿਆ।  ਉਹ ਔਰਤ ਉਜਾੜ ਵਿਚ ਭੱਜ ਗਈ ਜਿੱਥੇ ਪਰਮੇਸ਼ੁਰ ਨੇ ਉਸ ਲਈ ਇਕ ਜਗ੍ਹਾ ਤਿਆਰ ਕੀਤੀ ਸੀ ਤਾਂਕਿ ਉੱਥੇ ਉਸ ਨੂੰ 1,260 ਦਿਨ ਖਿਲਾਇਆ-ਪਿਲਾਇਆ ਜਾਵੇ।+  ਸਵਰਗ ਵਿਚ ਯੁੱਧ ਹੋਇਆ: ਮੀਕਾਏਲ*+ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ ਅਤੇ ਅਜਗਰ ਨੇ ਵੀ ਆਪਣੇ ਦੂਤਾਂ ਸਣੇ ਉਨ੍ਹਾਂ ਨਾਲ ਲੜਾਈ ਕੀਤੀ,  ਪਰ ਉਹ ਹਾਰ ਗਏ* ਅਤੇ ਸਵਰਗ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ।  ਉਸ ਵੱਡੇ ਅਜਗਰ+ ਨੂੰ, ਹਾਂ, ਉਸ ਪੁਰਾਣੇ ਸੱਪ+ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ+ ਨੂੰ ਜਿਹੜਾ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ,+ ਧਰਤੀ ਉੱਤੇ ਸੁੱਟ ਦਿੱਤਾ ਗਿਆ+ ਅਤੇ ਉਸ ਦੇ ਦੂਤ ਵੀ ਉਸ ਦੇ ਨਾਲ ਥੱਲੇ ਸੁੱਟ ਦਿੱਤੇ ਗਏ। 10  ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਸ ਨੇ ਕਿਹਾ: “ਦੇਖੋ! ਸਾਡੇ ਪਰਮੇਸ਼ੁਰ ਨੇ ਲੋਕਾਂ ਨੂੰ ਮੁਕਤੀ ਦਿੱਤੀ ਹੈ,+ ਉਸ ਦੀ ਤਾਕਤ ਦੀ ਜਿੱਤ ਹੋਈ ਹੈ ਅਤੇ ਉਸ ਦਾ ਰਾਜ+ ਸ਼ੁਰੂ ਹੋ ਗਿਆ ਹੈ। ਉਸ ਦੇ ਮਸੀਹ ਨੇ ਆਪਣਾ ਅਧਿਕਾਰ ਵਰਤਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਪਰਮੇਸ਼ੁਰ ਸਾਮ੍ਹਣੇ ਸਾਡੇ ਭਰਾਵਾਂ ਉੱਤੇ ਦਿਨ-ਰਾਤ ਦੋਸ਼ ਲਾਉਣ ਵਾਲੇ ਨੂੰ ਥੱਲੇ ਸੁੱਟ ਦਿੱਤਾ ਗਿਆ ਹੈ!+ 11  ਉਨ੍ਹਾਂ ਨੇ ਲੇਲੇ ਦੇ ਖ਼ੂਨ ਨਾਲ+ ਅਤੇ ਆਪਣੇ ਸੰਦੇਸ਼ ਰਾਹੀਂ, ਜਿਸ ਦਾ ਉਨ੍ਹਾਂ ਨੇ ਪ੍ਰਚਾਰ ਕੀਤਾ ਸੀ,+ ਉਸ ਉੱਤੇ ਜਿੱਤ ਹਾਸਲ ਕੀਤੀ+ ਅਤੇ ਉਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ+ ਮੌਤ ਦਾ ਸਾਮ੍ਹਣਾ ਕੀਤਾ। 12  ਇਸ ਕਰਕੇ ਸਵਰਗ ਵਿਚ ਰਹਿਣ ਵਾਲਿਓ, ਖ਼ੁਸ਼ੀਆਂ ਮਨਾਓ! ਪਰ ਧਰਤੀ ਅਤੇ ਸਮੁੰਦਰ ਉੱਤੇ ਹਾਇ! ਹਾਇ!+ ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।”+ 13  ਜਦੋਂ ਅਜਗਰ ਨੇ ਦੇਖਿਆ ਕਿ ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਸੀ,+ ਤਾਂ ਉਸ ਨੇ ਔਰਤ ਉੱਤੇ ਜ਼ੁਲਮ ਕੀਤੇ+ ਜਿਸ ਨੇ ਮੁੰਡੇ ਨੂੰ ਜਨਮ ਦਿੱਤਾ ਸੀ। 14  ਪਰ ਉਸ ਔਰਤ ਨੂੰ ਵੱਡੇ ਉਕਾਬ ਦੇ ਦੋ ਖੰਭ+ ਦਿੱਤੇ ਗਏ ਤਾਂਕਿ ਉਹ ਉੱਡ ਕੇ ਉਜਾੜ ਵਿਚ ਉਸ ਜਗ੍ਹਾ ਚਲੀ ਜਾਵੇ ਜਿਹੜੀ ਉਸ ਲਈ ਤਿਆਰ ਕੀਤੀ ਗਈ ਹੈ; ਉੱਥੇ ਸੱਪ ਤੋਂ ਦੂਰ+ ਇਕ ਸਮਾਂ, ਦੋ ਸਮੇਂ ਅਤੇ ਅੱਧਾ ਸਮਾਂ* ਉਸ ਨੂੰ ਖਿਲਾਇਆ-ਪਿਲਾਇਆ ਜਾਵੇਗਾ।+ 15  ਸੱਪ ਨੇ ਔਰਤ ਦੇ ਪਿੱਛੇ ਆਪਣੇ ਮੂੰਹੋਂ ਪਾਣੀ ਦਾ ਦਰਿਆ ਵਗਾਇਆ ਤਾਂਕਿ ਔਰਤ ਦਰਿਆ ਵਿਚ ਡੁੱਬ ਕੇ ਮਰ ਜਾਵੇ। 16  ਪਰ ਧਰਤੀ ਨੇ ਔਰਤ ਦੀ ਮਦਦ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਦਰਿਆ ਦਾ ਸਾਰਾ ਪਾਣੀ ਪੀ ਲਿਆ ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ। 17  ਇਸ ਲਈ ਅਜਗਰ ਨੂੰ ਔਰਤ ਉੱਤੇ ਬਹੁਤ ਗੁੱਸਾ ਆਇਆ ਅਤੇ ਉਹ ਉਸ ਦੀ ਸੰਤਾਨ* ਵਿੱਚੋਂ ਬਾਕੀਆਂ ਨਾਲ ਲੜਨ ਲਈ ਨਿਕਲਿਆ+ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ ਅਤੇ ਜਿਨ੍ਹਾਂ ਨੂੰ ਯਿਸੂ ਬਾਰੇ ਗਵਾਹੀ ਦੇਣ ਦਾ ਕੰਮ ਸੌਂਪਿਆ ਗਿਆ ਹੈ।+

ਫੁਟਨੋਟ

ਮਤਲਬ “ਪਰਮੇਸ਼ੁਰ ਵਰਗਾ ਕੌਣ ਹੈ?”
ਜਾਂ ਸੰਭਵ ਹੈ, “ਪਰ ਉਹ [ਯਾਨੀ ਅਜਗਰ] ਹਾਰ ਗਿਆ।”
ਯਾਨੀ, ਸਾਢੇ ਤਿੰਨ ਸਮੇਂ।
ਯੂਨਾ, “ਬੀ।”