Skip to content

Skip to table of contents

ਪਾਠ 4

ਯਿਸੂ ਮਸੀਹ ਕੌਣ ਹੈ?

ਯਿਸੂ ਮਸੀਹ ਕੌਣ ਹੈ?

1. ਯਿਸੂ ਦਾ ਜੀਵਨ ਕਿੱਦਾਂ ਸ਼ੁਰੂ ਹੋਇਆ ਸੀ?

ਯਿਸੂ ਦੇ ਕਿਨ੍ਹਾਂ ਗੁਣਾਂ ਕਰਕੇ ਲੋਕ ਉਸ ਵੱਲ ਖਿੱਚੇ ਜਾਂਦੇ ਸਨ?​—ਮੱਤੀ 11:29; ਮਰਕੁਸ 10:13-16.

ਯਿਸੂ ਇੱਕੋ-ਇਕ ਇਨਸਾਨ ਸੀ ਜੋ ਧਰਤੀ ਉੱਤੇ ਆਉਣ ਤੋਂ ਪਹਿਲਾਂ ਇਕ ਦੂਤ ਵਜੋਂ ਸਵਰਗ ਵਿਚ ਰਹਿੰਦਾ ਸੀ। (ਯੂਹੰਨਾ 8:23) ਪਰਮੇਸ਼ੁਰ ਨੇ ਸਭ ਤੋਂ ਪਹਿਲਾਂ ਯਿਸੂ ਨੂੰ ਬਣਾਇਆ ਸੀ ਅਤੇ ਉਸ ਨੇ ਬਾਕੀ ਚੀਜ਼ਾਂ ਬਣਾਉਣ ਵਿਚ ਪਰਮੇਸ਼ੁਰ ਦੀ ਮਦਦ ਕੀਤੀ ਸੀ। ਯਹੋਵਾਹ ਨੇ ਸਾਰੀ ਸ੍ਰਿਸ਼ਟੀ ਵਿੱਚੋਂ ਸਿਰਫ਼ ਯਿਸੂ ਨੂੰ ਹੀ ਆਪਣੇ ਹੱਥੀਂ ਬਣਾਇਆ ਸੀ, ਇਸ ਲਈ ਉਸ ਨੂੰ ਪਰਮੇਸ਼ੁਰ ਦਾ ‘ਇਕਲੌਤਾ ਪੁੱਤਰ’ ਕਹਿਣਾ ਢੁਕਵਾਂ ਹੈ। (ਯੂਹੰਨਾ 1:14) ਯਿਸੂ ਨੇ ਯਹੋਵਾਹ ਦੇ ਪੈਗਾਮ ਸੁਣਾਏ ਅਤੇ ਇਸੇ ਕਰਕੇ ਉਸ ਨੂੰ “ਸ਼ਬਦ” ਕਿਹਾ ਜਾਂਦਾ ਹੈ।​ਕਹਾਉਤਾਂ 8:22, 23, 30; ਕੁਲੁੱਸੀਆਂ 1:15, 16 ਪੜ੍ਹੋ।

2. ਯਿਸੂ ਧਰਤੀ ਉੱਤੇ ਕਿਉਂ ਆਇਆ ਸੀ?

ਪਰਮੇਸ਼ੁਰ ਨੇ ਯਿਸੂ ਦੀ ਜਾਨ ਸਵਰਗੋਂ ਮਰੀਅਮ ਨਾਂ ਦੀ ਇਕ ਕੁਆਰੀ ਯਹੂਦੀ ਔਰਤ ਦੀ ਕੁੱਖ ਵਿਚ ਪਾਈ ਸੀ। ਇਸ ਕਰਕੇ ਯਿਸੂ ਦਾ ਕੋਈ ਇਨਸਾਨੀ ਪਿਤਾ ਨਹੀਂ ਸੀ। (ਲੂਕਾ 1:30-35) ਯਿਸੂ ਧਰਤੀ ’ਤੇ ਇਸ ਲਈ ਆਇਆ ਸੀ ਤਾਂਕਿ ਉਹ (1) ਲੋਕਾਂ ਨੂੰ ਰੱਬ ਬਾਰੇ ਸੱਚਾਈ ਸਿਖਾਵੇ, (2) ਮੁਸ਼ਕਲਾਂ ਸਹਿਣ ਦੇ ਬਾਵਜੂਦ ਰੱਬ ਦੀ ਇੱਛਾ ਪੂਰੀ ਕਰਨ ਵਿਚ ਸਾਡੇ ਲਈ ਮਿਸਾਲ ਕਾਇਮ ਕਰੇ ਅਤੇ (3) “ਰਿਹਾਈ ਦੀ ਕੀਮਤ” ਵਜੋਂ ਆਪਣੀ ਜਾਨ ਕੁਰਬਾਨ ਕਰੇ।​ਮੱਤੀ 20:28 ਪੜ੍ਹੋ।

3. ਸਾਨੂੰ ਰਿਹਾਈ ਦੀ ਕੀਮਤ ਦੀ ਕਿਉਂ ਲੋੜ ਹੈ?

ਕਿਸੇ ਨੂੰ ਮੌਤ ਦੇ ਮੂੰਹ ਵਿੱਚੋਂ ਛੁਡਾਉਣ ਲਈ ਰਿਹਾਈ ਦੀ ਕੀਮਤ ਚੁਕਾਈ ਜਾਂਦੀ ਹੈ। (ਕੂਚ 21:29, 30) ਪਰਮੇਸ਼ੁਰ ਕਦੇ ਨਹੀਂ ਸੀ ਚਾਹੁੰਦਾ ਕਿ ਇਨਸਾਨ ਬੁੱਢੇ ਹੋ ਕੇ ਮਰ ਜਾਣ। ਸਾਨੂੰ ਇਹ ਕਿਵੇਂ ਪਤਾ ਹੈ? ਪਰਮੇਸ਼ੁਰ ਨੇ ਪਹਿਲੇ ਇਨਸਾਨ ਆਦਮ ਨੂੰ ਦੱਸਿਆ ਕਿ ਜੇ ਉਹ ਪਾਪ ਕਰੇਗਾ, ਤਾਂ ਹੀ ਉਸ ਨੂੰ ਮੌਤ ਦੀ ਸਜ਼ਾ ਮਿਲੇਗੀ। ਸੋ ਜੇ ਆਦਮ ਪਾਪ ਨਾ ਕਰਦਾ, ਤਾਂ ਉਹ ਕਦੇ ਨਾ ਮਰਦਾ। (ਉਤਪਤ 2:16, 17; 5:5) ਬਾਈਬਲ ਦੱਸਦੀ ਹੈ ਕਿ ਆਦਮ ਨੇ ਵਿਰਸੇ ਵਿਚ ਪਾਪ ਅਤੇ ਮੌਤ ਆਪਣੇ ਬੱਚਿਆਂ ਨੂੰ ਦਿੱਤੀ। ਇਸ ਤਰ੍ਹਾਂ ਮੌਤ ਆਦਮ ਦੇ ਜ਼ਰੀਏ ਸਾਰੇ ਇਨਸਾਨਾਂ ਵਿਚ “ਫੈਲ” ਗਈ। ਇਸ ਲਈ ਸਾਨੂੰ ਮੌਤ ਦੀ ਸਜ਼ਾ ਤੋਂ ਬਚਣ ਲਈ ਰਿਹਾਈ ਦੀ ਕੀਮਤ ਦੀ ਲੋੜ ਹੈ।​ਰੋਮੀਆਂ 5:12; 6:23 ਪੜ੍ਹੋ।

ਸਾਨੂੰ ਮੌਤ ਤੋਂ ਬਚਾਉਣ ਲਈ ਕੌਣ ਰਿਹਾਈ ਦੀ ਕੀਮਤ ਦੇ ਸਕਦਾ ਸੀ? ਜਦੋਂ ਅਸੀਂ ਮਰਦੇ ਹਾਂ, ਤਾਂ ਅਸੀਂ ਸਿਰਫ਼ ਆਪਣੇ ਪਾਪਾਂ ਦੀ ਸਜ਼ਾ ਭੁਗਤਦੇ ਹਾਂ। ਕੋਈ ਵੀ ਨਾਮੁਕੰਮਲ ਇਨਸਾਨ ਕਿਸੇ ਹੋਰ ਦੇ ਪਾਪਾਂ ਦੀ ਸਜ਼ਾ ਨਹੀਂ ਭੁਗਤ ਸਕਦਾ।​ਜ਼ਬੂਰਾਂ ਦੀ ਪੋਥੀ 49:7-9 ਪੜ੍ਹੋ।

4. ਯਿਸੂ ਕਿਉਂ ਮਰਿਆ ਸੀ?

ਯਿਸੂ ਸਾਡੇ ਵਾਂਗ ਪਾਪੀ ਨਹੀਂ ਸੀ। ਉਹ ਆਪਣੇ ਪਾਪਾਂ ਕਰਕੇ ਨਹੀਂ, ਸਗੋਂ ਦੂਜਿਆਂ ਦੇ ਪਾਪਾਂ ਦੀ ਖ਼ਾਤਰ ਮਰਿਆ ਸੀ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਭੇਜਿਆ। ਇਹ ਕੁਰਬਾਨੀ ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। ਯਿਸੂ ਨੇ ਵੀ ਆਪਣੇ ਪਿਤਾ ਦਾ ਕਹਿਣਾ ਮੰਨ ਕੇ ਅਤੇ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਜਾਨ ਦੇ ਕੇ ਸਾਡੇ ਲਈ ਆਪਣਾ ਪਿਆਰ ਦਿਖਾਇਆ।​ਯੂਹੰਨਾ 3:16; ਰੋਮੀਆਂ 5:18, 19 ਪੜ੍ਹੋ।

ਵੀਡੀਓ ਦੇਖੋ ਯਿਸੂ ਕਿਉਂ ਮਰਿਆ?

5. ਯਿਸੂ ਹੁਣ ਕੀ ਕਰ ਰਿਹਾ ਹੈ?

ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਬੀਮਾਰਾਂ ਨੂੰ ਚੰਗਾ ਕੀਤਾ, ਮੁਰਦਿਆਂ ਨੂੰ ਜੀਉਂਦਾ ਕੀਤਾ ਅਤੇ ਮੁਸ਼ਕਲਾਂ ਹੱਲ ਕਰਨ ਵਿਚ ਲੋਕਾਂ ਦੀ ਮਦਦ ਕੀਤੀ। ਇਸ ਤਰ੍ਹਾਂ ਕਰ ਕੇ ਉਸ ਨੇ ਇਹ ਦਿਖਾਇਆ ਕਿ ਉਹ ਆਗਿਆਕਾਰ ਇਨਸਾਨਾਂ ਲਈ ਭਵਿੱਖ ਵਿਚ ਕੀ-ਕੀ ਕਰੇਗਾ। (ਮੱਤੀ 15:30, 31; ਯੂਹੰਨਾ 5:28) ਯਿਸੂ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਸਵਰਗੀ ਸਰੀਰ ਵਿਚ ਮੁੜ ਜੀਉਂਦਾ ਕੀਤਾ। (1 ਪਤਰਸ 3:18) ਫਿਰ ਯਿਸੂ ਨੇ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਕੇ ਤਦ ਤਕ ਇੰਤਜ਼ਾਰ ਕੀਤਾ ਜਦ ਤਕ ਯਹੋਵਾਹ ਨੇ ਉਸ ਨੂੰ ਸਾਰੀ ਧਰਤੀ ਦਾ ਰਾਜਾ ਨਹੀਂ ਬਣਾ ਦਿੱਤਾ। (ਇਬਰਾਨੀਆਂ 10:12, 13) ਹੁਣ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ ਅਤੇ ਉਸ ਦੇ ਚੇਲੇ ਇਸ ਖ਼ੁਸ਼ ਖ਼ਬਰੀ ਦਾ ਪੂਰੀ ਦੁਨੀਆਂ ਵਿਚ ਪ੍ਰਚਾਰ ਕਰ ਰਹੇ ਹਨ।​ਦਾਨੀਏਲ 7:13, 14; ਮੱਤੀ 24:14 ਪੜ੍ਹੋ।

ਬਹੁਤ ਜਲਦ ਯਿਸੂ ਰਾਜੇ ਵਜੋਂ ਆਪਣੀ ਤਾਕਤ ਨਾਲ ਸਾਰੇ ਦੁੱਖਾਂ ਅਤੇ ਦੁੱਖ ਦੇਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ। ਸਾਰੇ ਲੋਕ ਜੋ ਯਿਸੂ ਉੱਤੇ ਨਿਹਚਾ ਕਰਦੇ ਹਨ ਅਤੇ ਉਸ ਦਾ ਕਹਿਣਾ ਮੰਨਦੇ ਹਨ ਸੁੰਦਰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।​ਜ਼ਬੂਰਾਂ ਦੀ ਪੋਥੀ 37:9-11 ਪੜ੍ਹੋ।