Skip to content

Skip to table of contents

ਪਾਠ 12

ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?

ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?

1. ਕੀ ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ?

ਪਰਮੇਸ਼ੁਰ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਾਰਥਨਾ ਰਾਹੀਂ ਆਪਣੇ ਨੇੜੇ ਆਉਣ ਦਾ ਸੱਦਾ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2) ਪਰ ਉਹ ਸਾਰੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ। ਮਿਸਾਲ ਲਈ, ਉਸ ਆਦਮੀ ਦੀਆਂ ਪ੍ਰਾਰਥਨਾਵਾਂ ਵਿਚ ਰੁਕਾਵਟ ਆ ਸਕਦੀ ਹੈ ਜੋ ਆਪਣੀ ਪਤਨੀ ਨਾਲ ਬੁਰਾ ਸਲੂਕ ਕਰਦਾ ਹੈ। (1 ਪਤਰਸ 3:7) ਨਾਲੇ ਜਦੋਂ ਇਜ਼ਰਾਈਲੀ ਬੁਰੇ ਕੰਮ ਕਰਦੇ ਰਹੇ, ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਨ ਤੋਂ ਇਨਕਾਰ ਕਰ ਦਿੱਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਾਰਥਨਾ ਕਰਨੀ ਇਕ ਵੱਡਾ ਸਨਮਾਨ ਹੈ। ਫਿਰ ਵੀ ਪਰਮੇਸ਼ੁਰ ਪਾਪੀਆਂ ਦੀਆਂ ਪ੍ਰਾਰਥਨਾਵਾਂ ਵੀ ਸੁਣਨ ਲਈ ਤਿਆਰ ਹੈ ਜੇ ਉਹ ਆਪਣੇ ਪਾਪਾਂ ਤੋਂ ਤੋਬਾ ਕਰਨ।​ਯਸਾਯਾਹ 1:15; 55:7 ਪੜ੍ਹੋ।

ਵੀਡੀਓ ਦੇਖੋ ਕੀ ਰੱਬ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ?

2. ਸਾਨੂੰ ਕਿੱਦਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਪ੍ਰਾਰਥਨਾ ਕਰਨੀ ਸਾਡੀ ਭਗਤੀ ਦਾ ਹਿੱਸਾ ਹੈ। ਇਸ ਲਈ ਸਾਨੂੰ ਸਿਰਫ਼ ਆਪਣੇ ਸ੍ਰਿਸ਼ਟੀਕਰਤਾ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਮੱਤੀ 4:10; 6:9) ਨਾਲੇ ਪਾਪੀ ਹੋਣ ਕਰਕੇ ਸਾਨੂੰ ਯਿਸੂ ਦੇ ਨਾਂ ’ਤੇ ਪ੍ਰਾਰਥਨਾ ਕਰਨ ਦੀ ਲੋੜ ਹੈ ਕਿਉਂਕਿ ਉਸ ਨੇ ਸਾਡੇ ਪਾਪਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। (ਯੂਹੰਨਾ 14:6) ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਕਰੀਏ ਜਾਂ ਕਿਸੇ ਕਿਤਾਬ ਵਿੱਚੋਂ ਪੜ੍ਹ ਕੇ ਪ੍ਰਾਰਥਨਾ ਕਰੀਏ, ਸਗੋਂ ਉਹ ਚਾਹੁੰਦਾ ਹੈ ਕਿ ਅਸੀਂ ਦਿਲੋਂ ਪ੍ਰਾਰਥਨਾ ਕਰੀਏ।​ਮੱਤੀ 6:7; ਫ਼ਿਲਿੱਪੀਆਂ 4:6, 7 ਪੜ੍ਹੋ।

ਸਾਡਾ ਸ੍ਰਿਸ਼ਟੀਕਰਤਾ ਮਨ ਵਿਚ ਕਹੀਆਂ ਪ੍ਰਾਰਥਨਾਵਾਂ ਵੀ ਸੁਣ ਸਕਦਾ ਹੈ। (1 ਸਮੂਏਲ 1:12, 13) ਉਹ ਸਾਨੂੰ ਹਰ ਮੌਕੇ ਤੇ ਪ੍ਰਾਰਥਨਾ ਕਰਨ ਦਾ ਸੱਦਾ ਦਿੰਦਾ ਹੈ ਜਿਵੇਂ ਕਿ ਸਵੇਰ ਨੂੰ, ਸ਼ਾਮ ਨੂੰ, ਰੋਟੀ ਖਾਣ ਤੋਂ ਪਹਿਲਾਂ ਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਵੇਲੇ।​ਜ਼ਬੂਰਾਂ ਦੀ ਪੋਥੀ 55:22; ਮੱਤੀ 15:36 ਪੜ੍ਹੋ।

3. ਮਸੀਹੀ ਇਕੱਠੇ ਕਿਉਂ ਹੁੰਦੇ ਹਨ?

ਪਰਮੇਸ਼ੁਰ ਦੇ ਨੇੜੇ ਜਾਣਾ ਸੌਖਾ ਨਹੀਂ ਹੈ ਕਿਉਂਕਿ ਅਸੀਂ ਅਜਿਹੇ ਲੋਕਾਂ ਵਿਚ ਰਹਿੰਦੇ ਹਾਂ ਜੋ ਪਰਮੇਸ਼ੁਰ ’ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਸ ਦੇ ਇਸ ਵਾਅਦੇ ਦਾ ਮਖੌਲ ਉਡਾਉਂਦੇ ਹਨ ਕਿ ਧਰਤੀ ’ਤੇ ਸ਼ਾਂਤੀ ਆਵੇਗੀ। (2 ਤਿਮੋਥਿਉਸ 3:1, 4; 2 ਪਤਰਸ 3:3, 13) ਇਸ ਲਈ ਹੋਰਨਾਂ ਮਸੀਹੀਆਂ ਨਾਲ ਇਕੱਠੇ ਹੋ ਕੇ ਰੱਬ ਦੀ ਭਗਤੀ ਕਰਨੀ ਜ਼ਰੂਰੀ ਹੈ ਤਾਂਕਿ ਅਸੀਂ ਇਕ-ਦੂਜੇ ਦਾ ਹੌਸਲਾ ਵਧਾ ਸਕੀਏ।​ਇਬਰਾਨੀਆਂ 10:24, 25 ਪੜ੍ਹੋ।

ਜਦੋਂ ਅਸੀਂ ਉਨ੍ਹਾਂ ਨਾਲ ਇਕੱਠੇ ਹੁੰਦੇ ਹਾਂ ਜੋ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ, ਤਾਂ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਸਾਡੀ ਮਦਦ ਹੁੰਦੀ ਹੈ। ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਦੂਸਰਿਆਂ ਦੀ ਨਿਹਚਾ ਤੋਂ ਹੌਸਲਾ ਮਿਲੇਗਾ।​ਰੋਮੀਆਂ 1:11, 12 ਪੜ੍ਹੋ।

4. ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?

ਯਹੋਵਾਹ ਪਰਮੇਸ਼ੁਰ ਦੇ ਬਚਨ ਤੋਂ ਤੁਸੀਂ ਜੋ ਕੁਝ ਵੀ ਸਿੱਖਦੇ ਹੋ, ਉਸ ’ਤੇ ਸੋਚ-ਵਿਚਾਰ ਕਰਨ ਨਾਲ ਤੁਸੀਂ ਉਸ ਦੇ ਨੇੜੇ ਜਾ ਸਕਦੇ ਹੋ। ਪਰਮੇਸ਼ੁਰ ਦੇ ਕੰਮਾਂ, ਉਸ ਦੀ ਸਲਾਹ ਅਤੇ ਉਸ ਦੇ ਵਾਅਦਿਆਂ ਬਾਰੇ ਸੋਚੋ। ਜੇ ਤੁਸੀਂ ਪ੍ਰਾਰਥਨਾ ਦੇ ਨਾਲ-ਨਾਲ ਇਨ੍ਹਾਂ ਗੱਲਾਂ ਉੱਤੇ ਮਨਨ ਕਰੋਗੇ, ਤਾਂ ਪਰਮੇਸ਼ੁਰ ਦੇ ਪਿਆਰ ਤੇ ਬੁੱਧ ਲਈ ਤੁਹਾਡੀ ਕਦਰ ਵਧੇਗੀ।​ਯਹੋਸ਼ੁਆ 1:8; ਜ਼ਬੂਰਾਂ ਦੀ ਪੋਥੀ 1:1-3 ਪੜ੍ਹੋ।

ਤੁਸੀਂ ਸਿਰਫ਼ ਉਦੋਂ ਹੀ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹੋ ਜਦੋਂ ਤੁਸੀਂ ਉਸ ’ਤੇ ਭਰੋਸਾ ਅਤੇ ਨਿਹਚਾ ਕਰਦੇ ਹੋ। ਪਰ ਨਿਹਚਾ ਨੂੰ ਵਧਾਉਂਦੇ ਰਹਿਣ ਦੀ ਲੋੜ ਹੈ। ਇਸ ਨੂੰ ਵਧਾਉਣ ਲਈ ਤੁਹਾਨੂੰ ਲਗਾਤਾਰ ਉਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਜਿਨ੍ਹਾਂ ’ਤੇ ਤੁਸੀਂ ਵਿਸ਼ਵਾਸ ਕਰਦੇ ਹੋ।​ਮੱਤੀ 4:4; ਇਬਰਾਨੀਆਂ 11:1, 6 ਪੜ੍ਹੋ।

5. ਪਰਮੇਸ਼ੁਰ ਦੇ ਨੇੜੇ ਜਾਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ?

ਯਹੋਵਾਹ ਉਨ੍ਹਾਂ ਲੋਕਾਂ ਦਾ ਖ਼ਿਆਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਉਹ ਆਪਣੇ ਲੋਕਾਂ ਨੂੰ ਉਨ੍ਹਾਂ ਚੀਜ਼ਾਂ ਤੋਂ ਬਚਾ ਕੇ ਰੱਖ ਸਕਦਾ ਹੈ ਜੋ ਉਨ੍ਹਾਂ ਦੀ ਨਿਹਚਾ ਨੂੰ ਕਮਜ਼ੋਰ ਕਰ ਸਕਦੀਆਂ ਹਨ ਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਨੂੰ ਖ਼ਤਰੇ ਵਿਚ ਪਾ ਸਕਦੀਆਂ ਹਨ। (ਜ਼ਬੂਰਾਂ ਦੀ ਪੋਥੀ 91:1, 2, 7-10) ਉਹ ਉਨ੍ਹਾਂ ਚੀਜ਼ਾਂ ਬਾਰੇ ਚੇਤਾਵਨੀ ਦਿੰਦਾ ਹੈ ਜੋ ਸਾਡੀ ਸਿਹਤ ਨੂੰ ਵਿਗਾੜ ਸਕਦੀਆਂ ਤੇ ਸਾਡੀ ਖ਼ੁਸ਼ੀ ਨੂੰ ਖੋਹ ਸਕਦੀਆਂ ਹਨ। ਯਹੋਵਾਹ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਸਿਖਾਉਂਦਾ ਹੈ।​ਜ਼ਬੂਰਾਂ ਦੀ ਪੋਥੀ 73:27, 28; ਯਾਕੂਬ 4:4, 8 ਪੜ੍ਹੋ।