Skip to content

Skip to table of contents

ਪਾਠ 2

ਪਰਮੇਸ਼ੁਰ ਕੌਣ ਹੈ?

ਪਰਮੇਸ਼ੁਰ ਕੌਣ ਹੈ?

1. ਸਾਨੂੰ ਪਰਮੇਸ਼ੁਰ ਦੀ ਭਗਤੀ ਕਿਉਂ ਕਰਨੀ ਚਾਹੀਦੀ ਹੈ?

ਸੱਚੇ ਪਰਮੇਸ਼ੁਰ ਨੇ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ। ਉਸ ਦੀ ਨਾ ਹੀ ਕੋਈ ਸ਼ੁਰੂਆਤ ਹੈ ਅਤੇ ਨਾ ਹੀ ਕੋਈ ਅੰਤ। (ਜ਼ਬੂਰਾਂ ਦੀ ਪੋਥੀ 90:2) ਬਾਈਬਲ ਵਿਚ ਪਾਈ ਜਾਂਦੀ ਖ਼ੁਸ਼ ਖ਼ਬਰੀ ਉਸ ਤੋਂ ਹੀ ਹੈ। (1 ਤਿਮੋਥਿਉਸ 1:11) ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਇਸ ਲਈ ਸਾਨੂੰ ਸਿਰਫ਼ ਉਸ ਦੀ ਹੀ ਭਗਤੀ ਕਰਨੀ ਚਾਹੀਦੀ ਹੈ।​ਪ੍ਰਕਾਸ਼ ਦੀ ਕਿਤਾਬ 4:11 ਪੜ੍ਹੋ।

2. ਪਰਮੇਸ਼ੁਰ ਕਿਹੋ ਜਿਹਾ ਹੈ?

ਕਿਸੇ ਵੀ ਇਨਸਾਨ ਨੇ ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ ਕਿਉਂਕਿ ਉਹ ਅਦਿੱਖ ਹੈ। (ਯੂਹੰਨਾ 1:18; 4:24) ਉਹ ਸਵਰਗ ਵਿਚ ਰਹਿੰਦਾ ਹੈ, ਇਸ ਕਰਕੇ ਉਹ ਧਰਤੀ ਉੱਤੇ ਰਹਿਣ ਵਾਲੇ ਇਨਸਾਨਾਂ ਨਾਲੋਂ ਕਿਤੇ ਉੱਚਾ ਹੈ। ਪਰ ਫਿਰ ਵੀ ਅਸੀਂ ਪਰਮੇਸ਼ੁਰ ਦੇ ਗੁਣ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਦੇਖ ਸਕਦੇ ਹਾਂ। ਮਿਸਾਲ ਲਈ, ਜਦੋਂ ਅਸੀਂ ਫੁੱਲਾਂ ਅਤੇ ਫਲਾਂ ਦੀਆਂ ਕਿਸਮਾਂ ਉੱਤੇ ਗੌਰ ਕਰਦੇ ਹਾਂ, ਤਾਂ ਅਸੀਂ ਇਨ੍ਹਾਂ ਤੋਂ ਪਰਮੇਸ਼ੁਰ ਦੇ ਪਿਆਰ ਅਤੇ ਬੁੱਧ ਦੀ ਝਲਕ ਦੇਖਦੇ ਹਾਂ। ਵਿਸ਼ਾਲ ਬ੍ਰਹਿਮੰਡ ਪਰਮੇਸ਼ੁਰ ਦੀ ਸ਼ਕਤੀ ਦਾ ਸਬੂਤ ਦਿੰਦਾ ਹੈ।​ਰੋਮੀਆਂ 1:20 ਪੜ੍ਹੋ।

ਅਸੀਂ ਬਾਈਬਲ ਪੜ੍ਹ ਕੇ ਪਰਮੇਸ਼ੁਰ ਬਾਰੇ ਹੋਰ ਸਿੱਖ ਸਕਦੇ ਹਾਂ ਕਿ ਉਹ ਕਿਹੋ ਜਿਹੇ ਸੁਭਾਅ ਦਾ ਮਾਲਕ ਹੈ। ਮਿਸਾਲ ਲਈ, ਇਹ ਦੱਸਦੀ ਹੈ ਕਿ ਪਰਮੇਸ਼ੁਰ ਦੀ ਪਸੰਦ ਅਤੇ ਨਾਪਸੰਦ ਕੀ ਹੈ, ਉਹ ਲੋਕਾਂ ਨਾਲ ਕਿੱਦਾਂ ਪੇਸ਼ ਆਉਂਦਾ ਹੈ ਅਤੇ ਵੱਖੋ-ਵੱਖਰੀਆਂ ਸਥਿਤੀਆਂ ਵਿਚ ਕੀ ਕਰਦਾ ਹੈ।​ਜ਼ਬੂਰਾਂ ਦੀ ਪੋਥੀ 103:7-10 ਪੜ੍ਹੋ।

3. ਕੀ ਪਰਮੇਸ਼ੁਰ ਦਾ ਕੋਈ ਨਾਂ ਹੈ?

ਯਿਸੂ ਨੇ ਕਿਹਾ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਪਰਮੇਸ਼ੁਰ ਦੇ ਕਈ ਖ਼ਿਤਾਬ ਹਨ, ਪਰ ਉਸ ਦਾ ਨਾਂ ਇੱਕੋ ਹੀ ਹੈ। ਹਰ ਭਾਸ਼ਾ ਵਿਚ ਇਸ ਨੂੰ ਅਲੱਗ-ਅਲੱਗ ਤਰੀਕੇ ਨਾਲ ਉਚਾਰਿਆ ਜਾਂਦਾ ਹੈ। ਪੰਜਾਬੀ ਵਿਚ ਪਰਮੇਸ਼ੁਰ ਦਾ ਨਾਂ “ਯਹੋਵਾਹ” ਹੈ।​ਜ਼ਬੂਰਾਂ ਦੀ ਪੋਥੀ 83:18 ਪੜ੍ਹੋ।

ਕਈ ਬਾਈਬਲਾਂ ਵਿੱਚੋਂ ਯਹੋਵਾਹ ਦਾ ਨਾਂ ਕੱਢ ਕੇ ਉਸ ਦੀ ਜਗ੍ਹਾ ਪ੍ਰਭੂ ਜਾਂ ਪਰਮੇਸ਼ੁਰ ਪਾ ਦਿੱਤਾ ਗਿਆ ਹੈ। ਪਰ ਸ਼ੁਰੂ ਵਿਚ ਜਦੋਂ ਬਾਈਬਲ ਲਿਖੀ ਗਈ ਸੀ, ਤਾਂ ਉਸ ਵਿਚ ਯਹੋਵਾਹ ਦਾ ਨਾਂ ਤਕਰੀਬਨ 7,000 ਵਾਰੀ ਲਿਖਿਆ ਗਿਆ ਸੀ। ਪਰਮੇਸ਼ੁਰ ਬਾਰੇ ਪ੍ਰਚਾਰ ਕਰਦੇ ਵੇਲੇ ਯਿਸੂ ਨੇ ਲੋਕਾਂ ਨੂੰ ਉਸ ਦਾ ਨਾਂ ਦੱਸਿਆ ਸੀ।​ਯੂਹੰਨਾ 17:26 ਪੜ੍ਹੋ।

ਵੀਡੀਓ ਦੇਖੋ ਕੀ ਰੱਬ ਦਾ ਕੋਈ ਨਾਂ ਹੈ?

4. ਕੀ ਯਹੋਵਾਹ ਸਾਡੀ ਪਰਵਾਹ ਕਰਦਾ ਹੈ?

ਇਸ ਪਿਆਰੇ ਪਿਤਾ ਵਾਂਗ ਪਰਮੇਸ਼ੁਰ ਜੋ ਵੀ ਕਰਦਾ ਹੈ, ਉਹ ਹਮੇਸ਼ਾ ਸਾਡੇ ਭਲੇ ਲਈ ਹੁੰਦਾ ਹੈ

ਕੀ ਦੁਨੀਆਂ ਵਿਚ ਇੰਨੇ ਦੁੱਖ-ਦਰਦ ਹੋਣ ਦਾ ਇਹ ਮਤਲਬ ਹੈ ਕਿ ਯਹੋਵਾਹ ਪਰਮੇਸ਼ੁਰ ਸਾਡੀ ਪਰਵਾਹ ਨਹੀਂ ਕਰਦਾ? ਕਈ ਲੋਕ ਦਾਅਵਾ ਕਰਦੇ ਹਨ ਕਿ ਰੱਬ ਸਾਨੂੰ ਪਰਖਣ ਲਈ ਸਾਡੇ ਉੱਤੇ ਦੁੱਖ-ਤਕਲੀਫ਼ਾਂ ਲਿਆਉਂਦਾ ਹੈ, ਪਰ ਇਹ ਸਰਾਸਰ ਝੂਠ ਹੈ।​ਯਾਕੂਬ 1:13 ਪੜ੍ਹੋ।

ਪਰਮੇਸ਼ੁਰ ਨੇ ਸਾਨੂੰ ਖ਼ੁਦ ਆਪਣੇ ਫ਼ੈਸਲੇ ਕਰਨ ਦੀ ਇਜਾਜ਼ਤ ਦੇ ਕੇ ਸਾਡਾ ਆਦਰ ਕੀਤਾ ਹੈ। ਕੀ ਅਸੀਂ ਇਸ ਗੱਲ ਲਈ ਪਰਮੇਸ਼ੁਰ ਦੇ ਧੰਨਵਾਦੀ ਨਹੀਂ ਹਾਂ ਕਿ ਅਸੀਂ ਉਸ ਦੀ ਸੇਵਾ ਕਰਨ ਦਾ ਆਪ ਫ਼ੈਸਲਾ ਕਰ ਸਕਦੇ ਹਾਂ? (ਯਹੋਸ਼ੁਆ 24:15) ਦੁਨੀਆਂ ਵਿਚ ਹਰ ਪਾਸੇ ਦੁੱਖ-ਤਕਲੀਫ਼ਾਂ ਹਨ ਕਿਉਂਕਿ ਲੋਕ ਇਕ-ਦੂਜੇ ਦਾ ਨੁਕਸਾਨ ਕਰਨ ’ਤੇ ਤੁਲੇ ਹੋਏ ਹਨ। ਇਹ ਬੇਇਨਸਾਫ਼ੀ ਦੇਖ ਕੇ ਯਹੋਵਾਹ ਨੂੰ ਬਹੁਤ ਦੁੱਖ ਲੱਗਦਾ ਹੈ।​ਉਤਪਤ 6:5, 6 ਪੜ੍ਹੋ।

ਯਹੋਵਾਹ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਹੈ। ਉਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਖ਼ੁਸ਼ੀਆਂ ਪਾਈਏ। ਜਲਦੀ ਹੀ ਉਹ ਦੁੱਖਾਂ ਅਤੇ ਦੁੱਖ ਦੇਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ। ਪਰ ਹਾਲੇ ਤਕ ਯਹੋਵਾਹ ਨੇ ਦੁੱਖਾਂ-ਤਕਲੀਫ਼ਾਂ ਦਾ ਅੰਤ ਕਿਉਂ ਨਹੀਂ ਕੀਤਾ? ਇਸ ਦੇ ਪਿੱਛੇ ਇਕ ਚੰਗਾ ਕਾਰਨ ਹੈ। ਇਸ ਕਾਰਨ ਬਾਰੇ ਅਸੀਂ ਪਾਠ 8 ਵਿਚ ਸਿੱਖਾਂਗੇ।​2 ਪਤਰਸ 2:9; 3:7, 13 ਪੜ੍ਹੋ।

5. ਅਸੀਂ ਪਰਮੇਸ਼ੁਰ ਦੇ ਹੋਰ ਨੇੜੇ ਕਿੱਦਾਂ ਜਾ ਸਕਦੇ ਹਾਂ?

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪ੍ਰਾਰਥਨਾ ਵਿਚ ਉਸ ਨਾਲ ਗੱਲ ਕਰ ਕੇ ਉਸ ਦੇ ਹੋਰ ਨੇੜੇ ਜਾਈਏ। ਉਹ ਸਾਡੇ ਇਕੱਲੇ-ਇਕੱਲੇ ਵਿਚ ਦਿਲਚਸਪੀ ਰੱਖਦਾ ਹੈ। (ਜ਼ਬੂਰਾਂ ਦੀ ਪੋਥੀ 65:2; 145:18) ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ। ਉਹ ਜਾਣਦਾ ਹੈ ਕਿ ਭਾਵੇਂ ਕਦੇ-ਕਦਾਈਂ ਅਸੀਂ ਗ਼ਲਤੀ ਕਰ ਬੈਠਦੇ ਹਾਂ, ਫਿਰ ਵੀ ਅਸੀਂ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ, ਅਸੀਂ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜ ਸਕਦੇ ਹਾਂ।​ਜ਼ਬੂਰਾਂ ਦੀ ਪੋਥੀ 103:12-14; ਯਾਕੂਬ 4:8 ਪੜ੍ਹੋ।

ਯਹੋਵਾਹ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਇਸ ਲਈ ਸਾਨੂੰ ਸਾਰਿਆਂ ਨਾਲੋਂ ਜ਼ਿਆਦਾ ਉਸ ਨਾਲ ਪਿਆਰ ਕਰਨਾ ਚਾਹੀਦਾ ਹੈ। (ਮਰਕੁਸ 12:30) ਜਦੋਂ ਤੁਸੀਂ ਪਰਮੇਸ਼ੁਰ ਬਾਰੇ ਹੋਰ ਸਿੱਖ ਕੇ ਅਤੇ ਉਸ ਦਾ ਕਹਿਣਾ ਮੰਨ ਕੇ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰੋਗੇ, ਤਾਂ ਤੁਸੀਂ ਉਸ ਦੇ ਹੋਰ ਵੀ ਨੇੜੇ ਜਾਵੋਗੇ।​1 ਤਿਮੋਥਿਉਸ 2:4; 1 ਯੂਹੰਨਾ 5:3 ਪੜ੍ਹੋ।