Skip to content

Skip to table of contents

ਪਰਿਵਾਰ ਦੀ ਮਦਦ ਲਈ | ਵਿਆਹ

ਜਦ ਹੋਵੇ ਵੱਖਰੀ ਪਸੰਦ

ਜਦ ਹੋਵੇ ਵੱਖਰੀ ਪਸੰਦ

ਚੁਣੌਤੀ

ਤੁਹਾਨੂੰ ਖੇਡਾਂ ਪਸੰਦ ਹਨ; ਤੁਹਾਡੇ ਸਾਥੀ ਨੂੰ ਪੜ੍ਹਨਾ ਚੰਗਾ ਲੱਗਦਾ ਹੈ। ਤੁਸੀਂ ਚੀਜ਼ਾਂ ਨੂੰ ਐਨ ਸਹੀ ਜਗ੍ਹਾ ’ਤੇ ਰੱਖਦੇ ਹੋ ਤੇ ਤੁਹਾਡੀ ਪਤਨੀ ਜਾਂ ਪਤੀ ਚੀਜ਼ਾਂ ਖਿਲਾਰ ਕੇ ਰੱਖਦਾ ਹੈ। ਤੁਹਾਨੂੰ ਦੂਜਿਆਂ ਨੂੰ ਮਿਲਣਾ-ਗਿਲ਼ਣਾ ਪਸੰਦ ਹੈ; ਤੁਹਾਡੇ ਜੀਵਨ ਸਾਥੀ ਨੂੰ ਘਰ ਰਹਿਣਾ ਚੰਗਾ ਲੱਗਦਾ ਹੈ।

ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ: ‘ਸਾਡਾ ਕੋਈ ਮੇਲ ਨਹੀਂ! ਸਾਨੂੰ ਉਦੋਂ ਕਿਉਂ ਨਹੀਂ ਪਤਾ ਲੱਗਾ ਜਦੋਂ ਵਿਆਹ ਤੋਂ ਪਹਿਲਾਂ ਅਸੀਂ ਇਕ-ਦੂਜੇ ਨੂੰ ਮਿਲਦੇ ਹੁੰਦੇ ਸੀ?’

ਸ਼ਾਇਦ ਕੁਝ ਹੱਦ ਤਕ ਤੁਹਾਨੂੰ ਪਤਾ ਲੱਗ ਗਿਆ ਸੀ। ਪਰ ਉਦੋਂ ਜਿਹੜੀ ਗੱਲ ਤੁਹਾਨੂੰ ਪਸੰਦ ਨਹੀਂ ਸੀ ਹੁੰਦੀ, ਤੁਸੀਂ ਝੱਟ ਹੀ ਨਜ਼ਰਅੰਦਾਜ਼ ਕਰ ਦਿੰਦੇ ਸੀ। ਕਿਉਂ ਨਾ ਉਹ ਕਲਾ ਦੁਬਾਰਾ ਪੈਦਾ ਕਰੋ ਕਿਉਂਕਿ ਹੁਣ ਤਾਂ ਤੁਹਾਡਾ ਵਿਆਹ ਹੋ ਗਿਆ ਹੈ? ਇਹ ਲੇਖ ਇਸ ਤਰ੍ਹਾਂ ਕਰਨ ਵਿਚ ਤੁਹਾਡੀ ਮਦਦ ਕਰੇਗਾ। ਪਹਿਲਾਂ ਕੁਝ ਗੱਲਾਂ ’ਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਜੀਵਨ ਸਾਥੀ ਦੀ ਕਿਹੜੀ ਪਸੰਦ ਜਾਂ ਨਾਪਸੰਦ ਹੋ ਸਕਦੀ ਹੈ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਪਸੰਦ ਜਾਂ ਨਾਪਸੰਦ ਬਾਰੇ ਕੁਝ ਗੱਲਾਂ ਗੰਭੀਰ ਹੁੰਦੀਆਂ ਹਨ। ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਮਿਲਣ-ਜੁਲਣ ਵੇਲੇ ਤੁਹਾਨੂੰ ਦੇਖਣ ਦੀ ਲੋੜ ਹੈ ਕਿ ਤੁਹਾਡੇ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ ਤੇ ਕਿਹੜੀਆਂ ਨਹੀਂ। ਇਸ ਲਈ ਵਿਆਹ ਤੋਂ ਪਹਿਲਾਂ ਜੇ ਕੁਝ ਗੰਭੀਰ ਗੱਲਾਂ ਪਤਾ ਲੱਗਦੀਆਂ ਹਨ, ਤਾਂ ਬਹੁਤ ਸਾਰੇ ਮੁੰਡੇ-ਕੁੜੀਆਂ ਵਿਆਹ ਨਾ ਕਰਾਉਣ ਵਿਚ ਸਮਝਦਾਰੀ ਸਮਝਦੇ ਹਨ ਤਾਂਕਿ ਬਾਅਦ ਵਿਚ ਉਨ੍ਹਾਂ ਨੂੰ ਪਛਤਾਉਣਾ ਨਾ ਪਵੇ। ਉਨ੍ਹਾਂ ਗੱਲਾਂ ਬਾਰੇ ਕੀ ਜੋ ਇੰਨੀਆਂ ਗੰਭੀਰ ਨਹੀਂ ਹੁੰਦੀਆਂ, ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ?

ਦੋ ਜਣੇ ਪੂਰੀ ਤਰ੍ਹਾਂ ਇੱਕੋ ਜਿਹੇ ਨਹੀਂ ਹੁੰਦੇ। ਇਸ ਕਰਕੇ ਇਹ ਆਮ ਹੈ ਕਿ ਹੇਠ ਦੱਸੀਆਂ ਇਕ-ਦੋ ਗੱਲਾਂ ਵਿਚ ਸ਼ਾਇਦ ਪਤੀ-ਪਤਨੀ ਦੀ ਪਸੰਦ ਇੱਕੋ ਜਿਹੀ ਨਾ ਹੋਵੇ:

ਸ਼ੌਕ। ਆਨਾ * ਨਾਂ ਦੀ ਪਤਨੀ ਕਹਿੰਦੀ ਹੈ: “ਮੈਨੂੰ ਕਦੇ ਵੀ ਘੁੰਮਣਾ-ਫਿਰਨਾ ਪਸੰਦ ਨਹੀਂ ਹੈ, ਪਰ ਮੇਰੇ ਪਤੀ ਨੂੰ ਬਚਪਨ ਤੋਂ ਹੀ ਬਰਫ਼ ਨਾਲ ਢਕੇ ਪਹਾੜਾਂ ’ਤੇ ਚੜ੍ਹਨਾ ਤੇ ਜੰਗਲਾਂ ਵਿਚ ਘੁੰਮਣਾ-ਫਿਰਨਾ ਪਸੰਦ ਹੈ।”

ਆਦਤਾਂ। ਬ੍ਰਾਇਅਨ ਨਾਂ ਦਾ ਪਤੀ ਕਹਿੰਦਾ ਹੈ: “ਮੇਰੀ ਪਤਨੀ ਦੇਰ ਰਾਤ ਤਕ ਜਾਗਦੀ ਰਹਿੰਦੀ ਹੈ ਤੇ ਸਵੇਰੇ 5 ਵਜੇ ਉੱਠ ਜਾਂਦੀ ਹੈ, ਪਰ ਮੈਨੂੰ 7-8 ਘੰਟਿਆਂ ਦੀ ਨੀਂਦ ਦੀ ਲੋੜ ਹੈ, ਨਹੀਂ ਤਾਂ ਸਾਰਾ ਦਿਨ ਮੇਰਾ ਮੂਡ ਖ਼ਰਾਬ ਰਹਿੰਦਾ ਹੈ।”

ਖੂਬੀਆਂ। ਸ਼ਾਇਦ ਤੁਸੀਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸਦੇ, ਪਰ ਤੁਹਾਡੇ ਜੀਵਨ ਸਾਥੀ ਨੂੰ ਸਭ ਗੱਲਾਂ ਦੱਸਣੀਆਂ ਪਸੰਦ ਹਨ। ਡੇਵਿਡ ਨਾਂ ਦਾ ਪਤੀ ਕਹਿੰਦਾ ਹੈ: “ਮੈਂ ਬਚਪਨ ਤੋਂ ਲੈ ਕੇ ਹੁਣ ਤਕ ਕਦੇ ਕਿਸੇ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਨਹੀਂ ਦੱਸਿਆ, ਪਰ ਮੇਰੀ ਪਤਨੀ ਇੱਦਾਂ ਦੇ ਪਰਿਵਾਰ ਤੋਂ ਆਈ ਹੈ ਜਿੱਥੇ ਹਰ ਗੱਲ ਖੁੱਲ੍ਹ ਕੇ ਕੀਤੀ ਜਾਂਦੀ ਹੈ।”

ਵੱਖੋ-ਵੱਖਰੀ ਪਸੰਦ ਹੋਣ ਦਾ ਫ਼ਾਇਦਾ। ਹੈਲਨਾ ਨਾਂ ਦੀ ਪਤਨੀ ਕਹਿੰਦੀ ਹੈ: “ਮੇਰਾ ਕੰਮ ਕਰਨ ਦਾ ਤਰੀਕਾ ਸ਼ਾਇਦ ਸਹੀ ਹੋ ਸਕਦਾ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਹੀ ਇੱਕੋ-ਇਕ ਸਹੀ ਤਰੀਕਾ ਹੈ।”

ਤੁਸੀਂ ਕੀ ਕਰ ਸਕਦੇ ਹੋ?

ਇਕ-ਦੂਜੇ ਦਾ ਸਾਥ ਦਿਓ। ਐਡਮ ਨਾਂ ਦਾ ਪਤੀ ਕਹਿੰਦਾ ਹੈ: “ਮੇਰੀ ਪਤਨੀ ਕੈਰਨ ਨੂੰ ਖੇਡਾਂ ਬਿਲਕੁਲ ਵੀ ਪਸੰਦ ਨਹੀਂ, ਪਰ ਫਿਰ ਵੀ ਉਹ ਮੇਰੇ ਨਾਲ ਕਈ ਖੇਡਾਂ ਦੇਖਣ ਆਉਂਦੀ ਹੈ ਅਤੇ ਮੇਰੇ ਨਾਲ ਰਲ਼ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੀ ਹੈ। ਦੂਸਰੇ ਪਾਸੇ, ਕੈਰਨ ਨੂੰ ਫੋਟੋਆਂ ਵਾਲੇ ਮਿਊਜ਼ੀਅਮ ਪਸੰਦ ਹਨ, ਇਸ ਲਈ ਮੈਂ ਉਸ ਦੇ ਨਾਲ ਜਾਂਦਾ ਹਾਂ ਤੇ ਜਿੰਨੀ ਦੇਰ ਉਹ ਰੁਕਣਾ ਚਾਹੁੰਦੀ ਹੈ ਮੈਂ ਵੀ ਉਸ ਦੇ ਨਾਲ ਰੁਕਦਾ ਹਾਂ। ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਕਲਾ ਵਿਚ ਜ਼ਿਆਦਾ ਤੋਂ ਜ਼ਿਆਦਾ ਰੁਚੀ ਦਿਖਾਵਾਂ ਕਿਉਂਕਿ ਮੇਰੀ ਪਤਨੀ ਨੂੰ ਇਸ ਦਾ ਸ਼ੌਕ ਹੈ।”ਬਾਈਬਲ ਦਾ ਅਸੂਲ: 1 ਕੁਰਿੰਥੀਆਂ 10:24.

ਆਪਣੀ ਸੋਚ ਦੇ ਦਾਇਰੇ ਨੂੰ ਵਧਾਓ। ਚੀਜ਼ਾਂ ਬਾਰੇ ਜੇ ਤੁਹਾਡੇ ਜੀਵਨ ਸਾਥੀ ਦਾ ਨਜ਼ਰੀਆ ਤੁਹਾਡੇ ਤੋਂ ਵੱਖਰਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਦਾ ਨਜ਼ਰੀਆ ਗ਼ਲਤ ਹੈ। ਐਲਕਸ ਨਾਂ ਦੇ ਪਤੀ ਨੇ ਇਹ ਗੱਲ ਸਿੱਖੀ ਹੈ। ਉਹ ਕਹਿੰਦਾ ਹੈ: “ਮੈਂ ਹਮੇਸ਼ਾ ਇਹੀ ਸੋਚਦਾ ਸੀ ਕਿ ਕਿਸੇ ਕੰਮ ਨੂੰ ਕਰਨ ਦਾ ਇਕ ਹੀ ਤਰੀਕਾ ਹੈ। ਪਰ ਵਿਆਹ ਕਰਾ ਕੇ ਮੈਨੂੰ ਪਤਾ ਲੱਗਾ ਕਿ ਇਕ ਕੰਮ ਨੂੰ ਕਰਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹੋ ਸਕਦੇ ਹਨ ਅਤੇ ਹਰ ਤਰੀਕਾ ਆਪਣੀ ਜਗ੍ਹਾ ਸਹੀ ਹੁੰਦਾ ਹੈ।”ਬਾਈਬਲ ਦਾ ਅਸੂਲ: 1 ਪਤਰਸ 5:5.

ਸਹੀ ਨਜ਼ਰੀਆ ਰੱਖੋ। ਪਸੰਦ-ਨਾਪਸੰਦ ਇੱਕੋ ਜਿਹੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਹਰ ਨਿੱਕੀ-ਨਿੱਕੀ ਗੱਲ ਇਕ-ਦੂਜੇ ਨਾਲ ਮਿਲਦੀ-ਜੁਲਦੀ ਹੋਵੇ। ਇਸ ਲਈ, ਵਿਆਹ ਤੋਂ ਬਾਅਦ ਕੁਝ ਗੱਲਾਂ ਪਤਾ ਲੱਗਣ ਤੇ ਇਹ ਨਾ ਸੋਚੋ ਕਿ ਤੁਸੀਂ ਵਿਆਹ ਕਰਾ ਕੇ ਗ਼ਲਤੀ ਕੀਤੀ ਹੈ। ਤਲਾਕ ਖ਼ਿਲਾਫ਼ ਕੇਸ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: “ਬਹੁਤ ਸਾਰੇ ਲੋਕ ਇਹ ਬਹਾਨਾ ਮਾਰਦੇ ਹਨ ਕਿ ‘ਮੈਂ ਤਾਂ ਪਿਆਰ ਵਿਚ ਅੰਨ੍ਹਾ ਹੋ ਗਿਆ ਸੀ।’” ਕਿਤਾਬ ਅੱਗੇ ਕਹਿੰਦੀ ਹੈ: “ਪਰ ਤੁਸੀਂ ਹਰ ਰੋਜ਼ ਖ਼ੁਸ਼ੀ-ਖ਼ੁਸ਼ੀ ਇਕੱਠੇ ਰਹਿੰਦੇ ਹੋ ਜਿਸ ਤੋਂ ਪਤਾ ਲੱਗਦਾ ਹੈ ਕਿ ਜਨਮ ਤੋਂ ਅਲੱਗ-ਅਲੱਗ ਪਸੰਦ ਹੋਣ ਦੇ ਬਾਵਜੂਦ ਵੀ ਤੁਸੀਂ ਇਕ-ਦੂਸਰੇ ਨਾਲ ਪਿਆਰ ਕਰ ਸਕਦੇ ਹੋ।” “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ।”ਕੁਲੁੱਸੀਆਂ 3:13.

ਇੱਦਾਂ ਕਰੋ: ਉਹ ਗੱਲਾਂ ਲਿਖੋ ਜੋ ਤੁਹਾਨੂੰ ਪਸੰਦ ਹਨ ਅਤੇ ਤੁਹਾਡੇ ਜੀਵਨ ਸਾਥੀ ਨਾਲ ਮਿਲਦੀਆਂ-ਜੁਲਦੀਆਂ ਹਨ। ਫਿਰ ਲਿਖੋ ਕਿ ਕਿਹੜੀਆਂ ਗੱਲਾਂ ਤੁਹਾਡੇ ਨਾਲ ਮੇਲ ਨਹੀਂ ਖਾਂਦੀਆਂ। ਤੁਸੀਂ ਸ਼ਾਇਦ ਦੇਖੋ ਕਿ ਕੁਝ ਗੱਲਾਂ ਇੰਨੀਆਂ ਗੰਭੀਰ ਨਹੀਂ ਹਨ ਜਿੰਨੀਆਂ ਤੁਸੀਂ ਸੋਚਦੇ ਹੋ। ਇਸ ਲਿਸਟ ਤੋਂ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਤੁਸੀਂ ਆਪਣੇ ਜੀਵਨ ਸਾਥੀ ਦਾ ਕਿਹੜੀਆਂ ਗੱਲਾਂ ਵਿਚ ਸਾਥ ਦੇ ਸਕਦੇ ਹੋ ਜਾਂ ਕਿਹੜੀਆਂ ਬਰਦਾਸ਼ਤ ਕਰ ਸਕਦੇ ਹੋ। ਕੈਨਥ ਨਾਂ ਦਾ ਪਤੀ ਕਹਿੰਦਾ ਹੈ: “ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਮੇਰੀ ਪਤਨੀ ਮੇਰੀ ਪਸੰਦ ਦੇ ਮੁਤਾਬਕ ਕੰਮ ਕਰਦੀ ਹੈ ਅਤੇ ਮੈਨੂੰ ਪਤਾ ਕਿ ਉਸ ਨੂੰ ਵੀ ਬਹੁਤ ਚੰਗਾ ਲੱਗਦਾ ਜਦੋਂ ਮੈਂ ਇਸ ਤਰ੍ਹਾਂ ਕਰਦਾ ਹਾਂ। ਭਾਵੇਂ ਮੈਨੂੰ ਕਈ ਵਾਰ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ ਪਰ ਆਪਣੀ ਪਤਨੀ ਨੂੰ ਖ਼ੁਸ਼ ਦੇਖ ਕੇ ਮੈਨੂੰ ਵੀ ਖ਼ੁਸ਼ੀ ਮਿਲਦੀ ਹੈ।”—ਬਾਈਬਲ ਦਾ ਅਸੂਲ: ਫ਼ਿਲਿੱਪੀਆਂ 4:5. (g15-E 12)

^ ਪੈਰਾ 10 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।