Skip to content

Skip to table of contents

ਪਰਿਵਾਰ ਦੀ ਮਦਦ ਲਈ | ਮਾਪੇ

ਕਿਵੇਂ ਕਰੀਏ ਬੱਚਿਆਂ ਦੀ ਤਾਰੀਫ਼

ਕਿਵੇਂ ਕਰੀਏ ਬੱਚਿਆਂ ਦੀ ਤਾਰੀਫ਼

ਚੁਣੌਤੀ

ਕੁਝ ਲੋਕ ਕਹਿੰਦੇ ਹਨ ਕਿ ਬੱਚਿਆਂ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਹੀ ਨਹੀਂ ਜਾ ਸਕਦੀ। ਕਈ ਹੋਰ ਦਾਅਵਾ ਕਰਦੇ ਹਨ ਕਿ ਹਮੇਸ਼ਾ ਤਾਰੀਫ਼ ਕਰਦੇ ਰਹਿਣ ਨਾਲ ਬੱਚਾ ਭੂਹੇ ਚੜ੍ਹ ਜਾਵੇਗਾ ਤੇ ਉਸ ਨੂੰ ਲੱਗੇਗਾ ਕਿ ਉਹ ਜੋ ਚਾਹੇ ਕਰ ਸਕਦਾ ਹੈ।

ਤੁਸੀਂ ਆਪਣੇ ਬੱਚੇ ਦੀ ਭਾਵੇਂ ਜਿੰਨੀ ਮਰਜ਼ੀ ਤਾਰੀਫ਼ ਕਰਦੇ ਹੋ, ਫਿਰ ਵੀ ਸੋਚੋ ਕਿ ਤੁਸੀਂ ਕਿਸ ਚੀਜ਼ ਲਈ ਉਸ ਦੀ ਤਾਰੀਫ਼ ਕਰਦੇ ਹੋ। ਕਿਸ ਤਰ੍ਹਾਂ ਦੀ ਤਾਰੀਫ਼ ਤੁਹਾਡੇ ਬੱਚੇ ਦਾ ਹੌਸਲਾ ਵਧਾਵੇਗੀ? ਕਿਸ ਤਰ੍ਹਾਂ ਦੀ ਤਾਰੀਫ਼ ਉਸ ਨੂੰ ਅੱਗੇ ਵਧਣ ਤੋਂ ਰੋਕੇਗੀ? ਤੁਸੀਂ ਉਸ ਦੀ ਤਾਰੀਫ਼ ਕਿਵੇਂ ਕਰ ਸਕਦੇ ਹੋ ਤਾਂਕਿ ਉਹ ਕਾਮਯਾਬ ਹੋ ਸਕੇ?

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਤਾਰੀਫ਼ ਵੱਖੋ-ਵੱਖਰੇ ਕਾਰਨਾਂ ਲਈ ਕੀਤੀ ਜਾਂਦੀ ਹੈ। ਥੱਲੇ ਦੱਸੀਆਂ ਗੱਲਾਂ ’ਤੇ ਧਿਆਨ ਦਿਓ।

ਬਹੁਤ ਜ਼ਿਆਦਾ ਤਾਰੀਫ਼ ਨੁਕਸਾਨਦੇਹ ਹੋ ਸਕਦੀ ਹੈ। ਕੁਝ ਮਾਪੇ ਆਪਣੇ ਬੱਚਿਆਂ ਦਾ ਆਤਮ-ਵਿਸ਼ਵਾਸ ਵਧਾਉਣ ਲਈ ਉਨ੍ਹਾਂ ਦੀ ਬੇਵਜ੍ਹਾ ਤਾਰੀਫ਼ ਕਰਦੇ ਰਹਿੰਦੇ ਹਨ। ਡਾਕਟਰ ਡੇਵਿਡ ਵੌਲਸ਼ ਖ਼ਬਰਦਾਰ ਕਰਦਾ ਹੈ ਕਿ ਬੱਚੇ “ਬੜੇ ਚਲਾਕ ਹੁੰਦੇ ਹਨ ਜੋ ਜਾਣਦੇ ਹਨ ਕਿ ਤੁਸੀਂ ਐਵੇਂ ਵਧਾ-ਚੜ੍ਹਾ ਕੇ ਤਾਰੀਫ਼ ਕਰ ਰਹੇ ਹੋ ਤੇ ਸਿੱਟਾ ਕੱਢ ਲੈਂਦੇ ਹਨ ਕਿ ਤੁਸੀਂ ਜੋ ਕੁਝ ਕਿਹਾ ਉਹ ਦਿਲੋਂ ਨਹੀਂ ਕਿਹਾ। ਉਨ੍ਹਾਂ ਨੂੰ ਪਤਾ ਹੈ ਕਿ ਉਹ ਇਸ [ਤਾਰੀਫ਼] ਦੇ ਲਾਇਕ ਨਹੀਂ ਸਨ, ਇਸ ਲਈ ਉਹ ਸ਼ਾਇਦ ਸੋਚਣ ਕਿ ਤੁਸੀਂ ਉਨ੍ਹਾਂ ਦੇ ਭਰੋਸੇ ਦੇ ਲਾਇਕ ਨਹੀਂ ਹੋ।” *

ਕਾਬਲੀਅਤ ਲਈ ਤਾਰੀਫ਼ ਕਰੋ। ਮੰਨ ਲਓ ਕਿ ਤੁਹਾਡੀ ਧੀ ਬਹੁਤ ਵਧੀਆ ਡ੍ਰਾਇੰਗ ਕਰਦੀ ਹੈ। ਤੁਸੀਂ ਇਸ ਹੁਨਰ ਲਈ ਉਸ ਦੀ ਤਾਰੀਫ਼ ਕਰਨੀ ਚਾਹੋਗੇ ਜਿਸ ਨਾਲ ਉਸ ਨੂੰ ਆਪਣਾ ਹੁਨਰ ਨਿਖਾਰਨ ਦੀ ਹੱਲਾਸ਼ੇਰੀ ਮਿਲੇਗੀ। ਪਰ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ। ਜੇ ਤੁਸੀਂ ਆਪਣੇ ਬੱਚੇ ਦੀ ਸਿਰਫ਼ ਉਸ ਦੇ ਹੁਨਰ ਕਰਕੇ ਹੀ ਤਾਰੀਫ਼ ਕਰੋਗੇ, ਤਾਂ ਬੱਚਾ ਸੋਚਣ ਲੱਗ ਪਵੇਗਾ ਕਿ ਉਹੀ ਹੁਨਰ ਹਾਸਲ ਕਰਨੇ ਸੌਖੇ ਹਨ ਜਿਨ੍ਹਾਂ ਵਿਚ ਜ਼ਿਆਦਾ ਹੱਥ-ਪੈਰ ਨਹੀਂ ਮਾਰਨੇ ਪੈਂਦੇ। ਉਹ ਸ਼ਾਇਦ ਇਸ ਡਰ ਕਰਕੇ ਨਵੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਤੋਂ ਦੂਰ ਭੱਜੇ ਕਿ ਉਹ ਕਾਮਯਾਬ ਨਹੀਂ ਹੋਵੇਗੀ। ਉਹ ਸ਼ਾਇਦ ਸੋਚੇ: ‘ਜਿਸ ਕੰਮ ਵਿਚ ਮਿਹਨਤ ਕਰਨੀ ਪੈਂਦੀ ਹੈ, ਮੈਂ ਉਸ ਨੂੰ ਕਰ ਹੀ ਨਹੀਂ ਸਕਦੀ, ਇਸ ਲਈ ਮੈਂ ਕੋਸ਼ਿਸ਼ ਹੀ ਕਿਉਂ ਕਰਾਂ?’

ਮਿਹਨਤ ਲਈ ਤਾਰੀਫ਼ ਕਰੋ। ਜਿਨ੍ਹਾਂ ਬੱਚਿਆਂ ਦੀ ਤਾਰੀਫ਼ ਸਿਰਫ਼ ਉਨ੍ਹਾਂ ਦੇ ਹੁਨਰਾਂ ਕਰਕੇ ਹੀ ਨਹੀਂ, ਸਗੋਂ ਉਨ੍ਹਾਂ ਦੀ ਮਿਹਨਤ ਅਤੇ ਲਗਨ ਕਰਕੇ ਕੀਤੀ ਜਾਂਦੀ ਹੈ, ਉਹ ਇਹ ਸੱਚਾਈ ਸਮਝ ਜਾਂਦੇ ਹਨ: ਹੁਨਰਮੰਦ ਬਣਨ ਲਈ ਧੀਰਜ ਅਤੇ ਮਿਹਨਤ ਦੀ ਲੋੜ ਪੈਂਦੀ ਹੈ। ਇਹ ਗੱਲ ਜਾਣਦੇ ਹੋਏ ਉਹ “ਕਿਸੇ ਕੰਮ ਵਿਚ ਕਾਮਯਾਬ ਹੋਣ ਲਈ ਜੀ-ਜਾਨ ਲਾ ਕੇ ਮਿਹਨਤ ਕਰਦੇ ਹਨ। ਭਾਵੇਂ ਉਹ ਕਾਮਯਾਬ ਨਹੀਂ ਵੀ ਹੁੰਦੇ, ਫਿਰ ਵੀ ਉਹ ਢੇਰੀ ਨਹੀਂ ਢਾਹੁੰਦੇ, ਸਗੋਂ ਆਪਣੀਆਂ ਗ਼ਲਤੀਆਂ ਤੋਂ ਸਿੱਖਦੇ ਹਨ।”—ਪਿਆਰ ਅਤੇ ਵਿਸ਼ਵਾਸ ਨਾਲ ਆਪਣੇ ਬੱਚੇ ਨੂੰ ਆਜ਼ਾਦੀ ਦਿਓ ਨਾਂ ਦੀ ਅੰਗ੍ਰੇਜ਼ੀ ਕਿਤਾਬ।

ਤੁਸੀਂ ਕੀ ਕਰ ਸਕਦੇ ਹੋ?

ਮਿਹਨਤ ਅਤੇ ਹੁਨਰ ਲਈ ਤਾਰੀਫ਼ ਕਰੋ। “ਤੂੰ ਤਾਂ ਜਨਮ ਤੋਂ ਹੀ ਹੁਨਰਮੰਦ ਹੈ।” ਇਹ ਕਹਿਣ ਦੀ ਬਜਾਇ ਵਧੀਆ ਹੋਵੇਗਾ ਕਿ ਤੁਸੀਂ ਬੱਚੇ ਨੂੰ ਕਹੋ: “ਮੈਨੂੰ ਪਤਾ ਕਿ ਤੂੰ ਕਿੰਨਾ ਧਿਆਨ ਲਾ ਕੇ ਡ੍ਰਾਇੰਗ ਕਰਦਾ ਹੈ।” ਇਨ੍ਹਾਂ ਦੋਵਾਂ ਹੀ ਗੱਲਾਂ ਵਿਚ ਤਾਰੀਫ਼ ਕੀਤੀ ਗਈ ਹੈ, ਪਰ ਪਹਿਲੀ ਗੱਲ ਕਹਿ ਕੇ ਤੁਸੀਂ ਬੱਚੇ ਨੂੰ ਜਾਣੇ-ਅਣਜਾਣੇ ਵਿਚ ਕਹਿ ਰਹੇ ਹੋਵੋਗੇ ਕਿ ਜਨਮ ਤੋਂ ਮਿਲੇ ਹੁਨਰ ਹੀ ਕਾਫ਼ੀ ਹਨ।

ਜਦੋਂ ਤੁਸੀਂ ਮਿਹਨਤ ਲਈ ਆਪਣੇ ਬੱਚੇ ਦੀ ਤਾਰੀਫ਼ ਕਰਦੇ ਹੋ, ਤਾਂ ਤੁਸੀਂ ਆਪਣੇ ਬੱਚੇ ਨੂੰ ਸਿਖਾਉਂਦੇ ਹੋ ਕਿ ਕਾਬਲੀਅਤ ਨੂੰ ਅਭਿਆਸ ਨਾਲ ਨਿਖਾਰਿਆ ਜਾ ਸਕਦਾ ਹੈ। ਫਿਰ ਸ਼ਾਇਦ ਤੁਹਾਡਾ ਬੱਚਾ ਨਵੀਆਂ ਚੁਣੌਤੀਆਂ ਨੂੰ ਹੋਰ ਵੀ ਭਰੋਸੇ ਨਾਲ ਸਵੀਕਾਰ ਕਰੇ।ਬਾਈਬਲ ਦਾ ਅਸੂਲ: ਕਹਾਉਤਾਂ 14:23.

ਅਸਫ਼ਲਤਾ ਦਾ ਸਾਮ੍ਹਣਾ ਕਰਨ ਵਿਚ ਬੱਚੇ ਦੀ ਮਦਦ ਕਰੋ। ਚੰਗੇ ਲੋਕਾਂ ਤੋਂ ਵੀ ਗ਼ਲਤੀਆਂ ਹੁੰਦੀਆਂ ਹਨ ਸ਼ਾਇਦ ਵਾਰ-ਵਾਰ। (ਕਹਾਉਤਾਂ 24:16) ਪਰ ਉਹ ਹਰ ਵਾਰ ਗ਼ਲਤੀ ਕਰਨ ਤੋਂ ਬਾਅਦ ਉਸ ਤੋਂ ਸਬਕ ਸਿੱਖਦੇ ਹਨ ਅਤੇ ਜ਼ਿੰਦਗੀ ਵਿਚ ਅੱਗੇ ਵਧਦੇ ਹਨ। ਇਸ ਤਰ੍ਹਾਂ ਦਾ ਸਹੀ ਰਵੱਈਆ ਰੱਖਣ ਵਿਚ ਤੁਸੀਂ ਆਪਣੇ ਬੱਚੇ ਦੀ ਕਿਵੇਂ ਮਦਦ ਕਰ ਸਕਦੇ ਹੋ?

ਮਾਪਿਓ, ਮਿਹਨਤ ਲਈ ਬੱਚਿਆਂ ਦੀ ਤਾਰੀਫ਼ ਕਰੋ। ਇਕ ਮਿਸਾਲ ਵੱਲ ਧਿਆਨ ਦਿਓ: ਮੰਨ ਲਓ ਤੁਸੀਂ ਆਪਣੀ ਧੀ ਨੂੰ ਅਕਸਰ ਕਹਿੰਦੇ ਹੋ, “ਤੂੰ ਤਾਂ ਜਨਮ ਤੋਂ ਹੀ ਹਿਸਾਬ ਵਿਚ ਮਾਹਰ ਹੈ।” ਪਰ ਫਿਰ ਉਹ ਹਿਸਾਬ ਦੇ ਪੇਪਰ ਵਿੱਚੋਂ ਫੇਲ੍ਹ ਹੋ ਜਾਂਦੀ ਹੈ। ਇਸ ਲਈ ਉਹ ਸ਼ਾਇਦ ਸੋਚਣ ਲੱਗ ਪਵੇ ਕਿ ਮੇਰੇ ਵਿਚ ਹੁਣ ਉਹ ਹੁਨਰ ਨਹੀਂ ਰਿਹਾ, ਇਸ ਲਈ ਹੁਣ ਮਿਹਨਤ ਕਰਨ ਦਾ ਕੀ ਫ਼ਾਇਦਾ?

ਜਦੋਂ ਤੁਸੀਂ ਮਿਹਨਤ ਕਰਨ ’ਤੇ ਜ਼ੋਰ ਦਿੰਦੇ ਹੋ, ਤਾਂ ਤੁਸੀਂ ਆਪਣੇ ਬੱਚੇ ਦੀ ਧੀਰਜ ਤੋਂ ਕੰਮ ਲੈਣ ਵਿਚ ਮਦਦ ਕਰਦੇ ਹੋ। ਤੁਸੀਂ ਆਪਣੀ ਧੀ ਦੀ ਇਹ ਸਮਝਣ ਵਿਚ ਮਦਦ ਕਰ ਸਕਦੇ ਹੋ ਕਿ ਉਹ ਆਪਣੀ ਅਸਫ਼ਲਤਾ ਕਰਕੇ ਹਾਰ ਨਾ ਮੰਨੇ ਤੇ ਇਹ ਨਾ ਸੋਚੇ ਕਿ ਹੁਣ ਕੁਝ ਹੋ ਹੀ ਨਹੀਂ ਸਕਦਾ। ਇਸ ਦੀ ਬਜਾਇ, ਉਹ ਹੋਰ ਤਰੀਕਾ ਅਪਣਾ ਸਕਦੀ ਹੈ ਜਾਂ ਸਖ਼ਤ ਮਿਹਨਤ ਕਰ ਸਕਦੀ ਹੈ।ਬਾਈਬਲ ਦਾ ਅਸੂਲ: ਯਾਕੂਬ 3:2.

ਆਲੋਚਨਾ ਕਰੋ ਪਰ ਹੱਲਾਸ਼ੇਰੀ ਦੇਣ ਦੇ ਇਰਾਦੇ ਨਾਲ। ਜਦੋਂ ਤੁਸੀਂ ਸਹੀ ਤਰੀਕੇ ਨਾਲ ਆਲੋਚਨਾ ਕਰਦੇ ਹੋ, ਤਾਂ ਬੱਚੇ ਦਾ ਹੌਸਲਾ ਨਹੀਂ ਢਹੇਗਾ ਸਗੋਂ ਉਸ ਦੀ ਮਦਦ ਹੋਵੇਗੀ। ਨਾਲੇ ਜੇ ਤੁਸੀਂ ਆਪਣੇ ਬੱਚੇ ਦੀ ਦਿਲੋਂ ਤਾਰੀਫ਼ ਕਰਦੇ ਹੋ, ਤਾਂ ਉਹ ਤੁਹਾਡੀ ਗੱਲ ਸੁਣੇਗਾ ਕਿ ਉਹ ਹੋਰ ਸੁਧਾਰ ਕਿਵੇਂ ਕਰ ਸਕਦਾ ਹੈ। ਫਿਰ ਉਸ ਦੀਆਂ ਕਾਮਯਾਬੀਆਂ ਕਰਕੇ ਨਾ ਸਿਰਫ਼ ਤੁਹਾਨੂੰ ਖ਼ੁਸ਼ੀ ਹੋਵੇਗੀ ਸਗੋਂ ਉਹ ਵੀ ਖ਼ੁਸ਼ ਹੋਵੇਗਾ।ਬਾਈਬਲ ਦਾ ਅਸੂਲ: ਕਹਾਉਤਾਂ 13:4. (g15-E 11)

^ ਪੈਰਾ 8 ਇਹ ਗੱਲ ਅੰਗ੍ਰੇਜ਼ੀ ਦੀ ਕਿਤਾਬ ਹਰ ਉਮਰ ਦੇ ਬੱਚਿਆਂ ਨੂੰ ਨਾਂਹ ਸੁਣਨ ਦੀ ਲੋੜ ਹੈ ਅਤੇ ਮਾਪੇ ਕਿਹੜੇ ਤਰੀਕਿਆਂ ਨਾਲ ਨਾਂਹ ਕਹਿ ਸਕਦੇ ਹਨ ਵਿੱਚੋਂ ਲਈ ਗਈ ਹੈ।