Skip to content

Skip to table of contents

ਭਾਗ 3

ਮੁਸ਼ਕਲਾਂ ਕਿਵੇਂ ਸੁਲਝਾਈਏ

ਮੁਸ਼ਕਲਾਂ ਕਿਵੇਂ ਸੁਲਝਾਈਏ

“ਇਕ-ਦੂਜੇ ਨਾਲ ਦਿਲੋਂ ਪਿਆਰ ਕਰੋ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।”​—1 ਪਤਰਸ 4:8

ਵਿਆਹ ਤੋਂ ਬਾਅਦ ਕਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਤੁਹਾਡੇ ਦੋਹਾਂ ਦੀ ਸੋਚ ਅਤੇ ਜਜ਼ਬਾਤ ਵੱਖੋ-ਵੱਖਰੇ ਹਨ, ਨਾਲੇ ਤੁਸੀਂ ਮਾਮਲਿਆਂ ਨੂੰ ਅਲੱਗ ਨਜ਼ਰੀਏ ਤੋਂ ਦੇਖਦੇ ਹੋ। ਕਦੀ-ਕਦੀ ਦੂਸਰੇ ਲੋਕਾਂ ਕਰਕੇ ਜਾਂ ਅਚਾਨਕ ਹਾਲਾਤ ਬਦਲਣ ਨਾਲ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।

ਸ਼ਾਇਦ ਅਸੀਂ ਸਮੱਸਿਆਵਾਂ ਤੋਂ ਦੂਰ ਭੱਜਣਾ ਚਾਹੀਏ, ਪਰ ਬਾਈਬਲ ਸਲਾਹ ਦਿੰਦੀ ਹੈ ਕਿ ਅਸੀਂ ਇਨ੍ਹਾਂ ਦਾ ਡਟ ਕੇ ਸਾਮ੍ਹਣਾ ਕਰੀਏ। (ਮੱਤੀ 5:23, 24) ਸਮੱਸਿਆਵਾਂ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਈਬਲ ਦੀ ਸਲਾਹ ʼਤੇ ਚੱਲਣਾ।

1 ਸਮੱਸਿਆ ਬਾਰੇ ਗੱਲ ਕਰੋ

ਬਾਈਬਲ ਕੀ ਕਹਿੰਦੀ ਹੈ: “ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 7) ਸਮਾਂ ਕੱਢ ਕੇ ਸਮੱਸਿਆ ਬਾਰੇ ਖੁੱਲ੍ਹ ਕੇ ਗੱਲ ਕਰਨੀ ਜ਼ਰੂਰੀ ਹੈ। ਦਿਲ ਖੋਲ੍ਹ ਕੇ ਆਪਣੇ ਸਾਥੀ ਨੂੰ ਦੱਸੋ ਕਿ ਤੁਸੀਂ ਉਸ ਮਾਮਲੇ ਬਾਰੇ ਕੀ ਸੋਚਦੇ ਹੋ। ਇਕ-ਦੂਜੇ ਨਾਲ ਹਮੇਸ਼ਾ “ਸੱਚ ਬੋਲੋ।” (ਅਫ਼ਸੀਆਂ 4:25) ਜੇ ਤੁਹਾਡਾ ਪਾਰਾ ਚੜ੍ਹਦਾ ਵੀ ਹੈ, ਤਾਂ ਵੀ ਤੂੰ-ਤੂੰ ਮੈਂ-ਮੈਂ ਕਰਨ ਤੋਂ ਬਚੋ। ਨਿੱਕੀ ਜਿਹੀ ਗੱਲ ਲੈ ਕੇ ਰਾਈ ਦਾ ਪਹਾੜ ਬਣਾਉਣ ਦੀ ਬਜਾਇ ਸ਼ਾਂਤ ਹੋ ਕੇ ਗੱਲ ਕਰੋ।—ਕਹਾਉਤਾਂ 15:4; 26:20.

ਜੇ ਤੁਸੀਂ ਇਕ-ਦੂਜੇ ਨਾਲ ਸਹਿਮਤ ਨਹੀਂ ਵੀ ਹੋ, ਤਾਂ ਵੀ ਨਰਮਾਈ ਨਾਲ ਗੱਲ ਕਰੋ ਅਤੇ ਹਮੇਸ਼ਾ ਇੱਜ਼ਤ ਨਾਲ ਪੇਸ਼ ਆਓ। (ਕੁਲੁੱਸੀਆਂ 4:6) ਮਸਲੇ ਨੂੰ ਜਲਦੀ ਤੋਂ ਜਲਦੀ ਸੁਲਝਾਓ ਅਤੇ ਇਕ-ਦੂਜੇ ਤੋਂ ਮੂੰਹ ਨਾ ਵੱਟੀ ਰੱਖੋ।​—ਅਫ਼ਸੀਆਂ 4:26.

ਤੁਸੀਂ ਕੀ ਕਰ ਸਕਦੇ ਹੋ:

  • ਮੁਸ਼ਕਲਾਂ ਬਾਰੇ ਗੱਲ ਕਰਨ ਲਈ ਸਮਾਂ ਤੈਅ ਕਰੋ

  • ਜਦੋਂ ਤੁਹਾਡੀ ਸੁਣਨ ਦੀ ਵਾਰੀ ਹੈ, ਤਾਂ ਦੂਸਰੇ ਦੀ ਗੱਲ ਵਿੱਚੇ ਨਾ ਟੋਕੋ। ਤੁਸੀਂ ਬਾਅਦ ਵਿਚ ਆਪਣੀ ਗੱਲ ਕਹਿ ਸਕਦੇ ਹੋ

2 ਸੁਣੋ ਤੇ ਸਮਝੋ

ਬਾਈਬਲ ਕੀ ਕਹਿੰਦੀ ਹੈ: “ਪਿਆਰ ਅਤੇ ਮੋਹ ਰੱਖੋ। ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।” (ਰੋਮੀਆਂ 12:10) ਆਪਣੇ ਸਾਥੀ ਦੀ ਗੱਲ ਧਿਆਨ ਨਾਲ ਸੁਣਨੀ ਬਹੁਤ ਜ਼ਰੂਰੀ ਹੈ। ਉਸ ਨਾਲ ਹਮਦਰਦੀ ਜਤਾਓ ਅਤੇ ‘ਨਿਮਰ ਬਣ ਕੇ’ ਉਸ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। (1 ਪਤਰਸ 3:8; ਯਾਕੂਬ 1:19) ਸੁਣਨ ਦਾ ਦਿਖਾਵਾ ਨਾ ਕਰੋ। ਜੇ ਤੁਸੀਂ ਕਿਸੇ ਕੰਮ ਵਿਚ ਬਿਜ਼ੀ ਹੋ, ਫਿਰ ਵੀ ਆਪਣਾ ਕੰਮ ਛੱਡ ਕੇ ਆਪਣੇ ਸਾਥੀ ਵੱਲ ਪੂਰਾ ਧਿਆਨ ਦਿਓ ਜਾਂ ਉਸ ਨੂੰ ਕਹੋ ਕਿ ‘ਕੀ ਅਸੀਂ ਬਾਅਦ ਵਿਚ ਗੱਲ ਕਰ ਸਕਦੇ ਹਾਂ?’ ਇਹ ਨਾ ਸੋਚੋ ਕਿ ਤੁਹਾਡਾ ਜੀਵਨ ਸਾਥੀ ਤੁਹਾਡਾ ਦੁਸ਼ਮਣ ਹੈ, ਸਗੋਂ ਇਕਮੁੱਠ ਹੋ ਕੇ ਕੰਮ ਕਰੋ। ਇਸ ਤਰ੍ਹਾਂ ‘ਤੁਸੀ ਆਪਣੇ ਜੀ ਵਿੱਚ ਛੇਤੀ ਨਹੀਂ ਖਿਝੋਗੇ।’​—ਉਪਦੇਸ਼ਕ ਦੀ ਪੋਥੀ 7:9.

ਤੁਸੀਂ ਕੀ ਕਰ ਸਕਦੇ ਹੋ:

  • ਸ਼ਾਇਦ ਤੁਹਾਨੂੰ ਆਪਣੇ ਸਾਥੀ ਦੀ ਗੱਲ ਚੰਗੀ ਨਾ ਲੱਗੇ, ਫਿਰ ਵੀ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਿਓ

  • ਗੱਲ ਨੂੰ ਸਿਰਫ਼ ਸੁਣੋ ਹੀ ਨਾ, ਸਗੋਂ ਇਸ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰੋ। ਉਸ ਦੇ ਹਾਵਾਂ-ਭਾਵਾਂ ਅਤੇ ਬੋਲਣ ਦੇ ਲਹਿਜੇ ਵੱਲ ਵੀ ਧਿਆਨ ਦਿਓ

3 ਫ਼ੈਸਲਿਆਂ ਮੁਤਾਬਕ ਚੱਲੋ

ਬਾਈਬਲ ਕੀ ਕਹਿੰਦੀ ਹੈ: “ਮਿਹਨਤ ਨਾਲ ਸਦਾ ਖੱਟੀ ਹੁੰਦੀ ਹੈ, ਪਰ ਬੁੱਲ੍ਹਾਂ ਦੇ ਬਕਵਾਸ ਨਾਲ ਤਾਂ ਥੁੜ ਹੀ ਰਹਿੰਦੀ ਹੈ।” (ਕਹਾਉਤਾਂ 14:23) ਤੁਸੀਂ ਦੋਵੇਂ ਫ਼ੈਸਲਾ ਕਰੋ ਕਿ ਕਿਸੇ ਮਸਲੇ ਦਾ ਹੱਲ ਕਿਵੇਂ ਕਰਨਾ ਹੈ ਤੇ ਫਿਰ ਉਸ ਫ਼ੈਸਲੇ ਮੁਤਾਬਕ ਚੱਲੋ। ਇਸ ਵਾਸਤੇ ਸ਼ਾਇਦ ਤੁਹਾਨੂੰ ਦੋਹਾਂ ਨੂੰ ਬਹੁਤ ਮਿਹਨਤ ਕਰਨੀ ਪਵੇ, ਪਰ ਇਸ ਦਾ ਵਧੀਆ ਨਤੀਜਾ ਨਿਕਲੇਗਾ। (ਕਹਾਉਤਾਂ 10:4) ਜੇ ਤੁਸੀਂ ਇਕੱਠੇ ਕੰਮ ਕਰੋਗੇ, ਤਾਂ ਤੁਹਾਨੂੰ ਆਪਣੀ “ਮਿਹਨਤ ਦੀ ਚੰਗੀ ਖੱਟੀ” ਮਿਲੇਗੀ।​—ਉਪਦੇਸ਼ਕ ਦੀ ਪੋਥੀ 4:9.

ਤੁਸੀਂ ਕੀ ਕਰ ਸਕਦੇ ਹੋ:

  • ਸੋਚੋ ਕਿ ਤੁਸੀਂ ਦੋਵੇਂ ਮੁਸ਼ਕਲ ਦਾ ਹੱਲ ਕਰਨ ਲਈ ਕੀ-ਕੀ ਕਰੋਗੇ

  • ਸਮੇਂ-ਸਮੇਂ ਤੇ ਦੇਖੋ ਕਿ ਤੁਸੀਂ ਆਪਣੇ ਫ਼ੈਸਲੇ ਮੁਤਾਬਕ ਚੱਲ ਰਹੇ ਹੋ ਜਾਂ ਨਹੀਂ