Skip to content

Skip to table of contents

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜ਼ਿੰਦਗੀ

ਜੇ ਤੁਸੀਂ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹੋ

ਜੇ ਤੁਸੀਂ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹੋ

ਚੁਣੌਤੀ

ਵਿਆਹ ਤੋਂ ਪਹਿਲਾਂ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਇਕ-ਦੂਜੇ ਲਈ ਬਣੇ ਹੋ। ਪਰ ਹੁਣ ਵਿਆਹ ਤੋਂ ਬਾਅਦ ਤੁਹਾਡੇ ਦੋਹਾਂ ਦਰਮਿਆਨ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਤੁਹਾਨੂੰ ਸ਼ਾਇਦ ਲੱਗੇ ਕਿ ਉਮਰ ਭਰ ਦਾ ਬੰਧਨ ਉਮਰ ਕੈਦ ਦੇ ਬਰਾਬਰ ਹੈ।

ਪਰ ਹਾਲਾਤ ਭਾਵੇਂ ਜੋ ਵੀ ਹੋਣ, ਤੁਸੀਂ ਆਪਣਾ ਰਿਸ਼ਤਾ ਸੁਧਾਰ ਸਕਦੇ ਹੋ। ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਇੰਨੇ ਨਿਰਾਸ਼ ਕਿਉਂ ਹੋ।

ਇੱਦਾਂ ਕਿਉਂ ਹੁੰਦਾ ਹੈ?

ਅਸਲੀਅਤ ਸਾਮ੍ਹਣੇ ਆਉਂਦੀ ਹੈ। ਰੋਜ਼ਮੱਰਾ ਦੇ ਕੰਮ, ਬੱਚਿਆਂ ਦੀ ਦੇਖ-ਭਾਲ, ਸੱਸ-ਸਹੁਰੇ ਨਾਲ ਮਿਲਣਾ-ਗਿਲ਼ਣਾ, ਇਹ ਸਾਰੀਆਂ ਗੱਲਾਂ ਤੁਹਾਡੀ ਖ਼ੁਸ਼ੀ ਨੂੰ ਹੌਲੀ-ਹੌਲੀ ਖੋਹ ਸਕਦੀਆਂ ਹਨ। ਨਾਲੇ ਅਚਾਨਕ ਮੁਸ਼ਕਲਾਂ ਖੜ੍ਹੀਆਂ ਹੋਣ ਤੇ ਯਾਨੀ ਪੈਸਿਆਂ ਦੀ ਤੰਗੀ, ਪਰਿਵਾਰ ਵਿਚ ਕਿਸੇ ਬੀਮਾਰ ਦੀ ਦੇਖ-ਭਾਲ ਕਰਨ ਕਰਕੇ ਤੁਹਾਡਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ।

ਤੁਹਾਡੇ ਦੋਹਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਜਦ ਮੁੰਡਾ-ਕੁੜੀ ਇਕ-ਦੂਜੇ ਨੂੰ ਜਾਣਨ ਲੱਗਦੇ ਹਨ, ਤਾਂ ਉਹ ਇਕ-ਦੂਜੇ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਪਰ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੋਹਾਂ ਦੇ ਗੱਲ-ਬਾਤ ਕਰਨ, ਪੈਸੇ ਖ਼ਰਚਣ ਅਤੇ ਮੁਸ਼ਕਲਾਂ ਨੂੰ ਸੁਲਝਾਉਣ ਦੇ ਤਰੀਕੇ ਵਿਚ ਬਹੁਤ ਜ਼ਿਆਦਾ ਫ਼ਰਕ ਹੈ। ਪਹਿਲਾਂ ਜਿਨ੍ਹਾਂ ਛੋਟੀਆਂ-ਮੋਟੀਆਂ ਗੱਲਾਂ ਕਾਰਨ ਤੁਹਾਨੂੰ ਇਕ-ਦੂਜੇ ’ਤੇ ਖਿਝ ਆਉਂਦੀ ਸੀ, ਹੁਣ ਉਹ ਤੁਹਾਡੇ ਤੋਂ ਬਰਦਾਸ਼ਤ ਵੀ ਨਹੀਂ ਹੁੰਦੀਆਂ।

ਤੁਹਾਡੇ ਵਿਚ ਦੂਰੀਆਂ ਪੈ ਗਈਆਂ ਹਨ। ਸਮੇਂ ਦੇ ਬੀਤਣ ਨਾਲ ਜੇ ਪਤੀ-ਪਤਨੀ ਇਕ-ਦੂਜੇ ਨੂੰ ਰੁੱਖੀਆਂ ਗੱਲਾਂ ਕਹਿੰਦੇ ਹਨ, ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਨਹੀਂ ਆਉਂਦੇ ਜਾਂ ਆਪਣੇ ਝਗੜੇ ਨਹੀਂ ਸੁਲਝਾਉਂਦੇ, ਤਾਂ ਉਨ੍ਹਾਂ ਵਿਚਕਾਰ ਦੂਰੀਆਂ ਪੈਦਾ ਹੋ ਸਕਦੀਆਂ ਹਨ। ਇਸ ਤੋਂ ਵੀ ਬੁਰੀ ਗੱਲ ਇਹ ਹੋ ਸਕਦੀ ਹੈ ਕਿ ਉਹ ਸ਼ਾਇਦ ਕਿਸੇ ਹੋਰ ਨਾਲ ਨਜ਼ਦੀਕੀਆਂ ਵਧਾ ਲੈਣ।

ਤੁਸੀਂ ਸੁਪਨਿਆਂ ਦੀ ਦੁਨੀਆਂ ਵਿਚ ਸੀ। ਵਿਆਹ ਕਰਾਉਣ ਵਾਲੇ ਮੁੰਡੇ-ਕੁੜੀਆਂ ਇਹ ਸੋਚਦੇ ਹਨ ਕਿ ਉਨ੍ਹਾਂ ਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਜਾਂ ਰਾਜਕੁਮਾਰੀ ਮਿਲ ਗਈ ਹੈ। ਭਾਵੇਂ ਇਹ ਗੱਲ ਕਿੰਨੀ ਹੀ ਰੋਮਾਂਟਿਕ ਕਿਉਂ ਨਾ ਲੱਗੇ, ਪਰ ਇੱਦਾਂ ਸੋਚਣ ਵਾਲਾ ਵਿਅਕਤੀ ਸ਼ਾਇਦ ਖ਼ੁਦ ਨੂੰ ਧੋਖਾ ਦੇ ਰਿਹਾ ਹੈ। ਜਿੱਦਾਂ ਹੀ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਸੁਪਨੇ ਚੂਰ-ਚੂਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਵਿਆਹ ਕਰਾ ਕੇ ਵੱਡੀ ਗ਼ਲਤੀ ਕੀਤੀ ਹੈ।

ਤੁਸੀਂ ਕੀ ਕਰ ਸਕਦੇ ਹੋ?

ਆਪਣੇ ਸਾਥੀ ਦੀਆਂ ਖੂਬੀਆਂ ਵੱਲ ਧਿਆਨ ਦਿਓ। ਇੱਦਾਂ ਕਰੋ: ਆਪਣੇ ਸਾਥੀ ਦੀਆਂ ਤਿੰਨ ਖੂਬੀਆਂ ਲਿਖੋ ਅਤੇ ਇਹ ਲਿਸਟ ਵਿਆਹ ਦੀ ਛੋਟੀ ਜਿਹੀ ਤਸਵੀਰ ਪਿੱਛੇ ਲਾ ਲਓ ਜਾਂ ਆਪਣੇ ਮੋਬਾਇਲ ਵਿਚ ਲਿਖ ਲਓ। ਇਸ ਨੂੰ ਵਾਰ-ਵਾਰ ਦੇਖੋ ਤਾਂਕਿ ਤੁਹਾਨੂੰ ਯਾਦ ਰਹੇ ਕਿ ਤੁਸੀਂ ਆਪਣੇ ਸਾਥੀ ਨਾਲ ਵਿਆਹ ਕਿਉਂ ਕਰਾਇਆ ਸੀ। ਆਪਣੇ ਸਾਥੀ ਦੇ ਚੰਗੇ ਗੁਣਾਂ ਵੱਲ ਧਿਆਨ ਦੇਣ ਨਾਲ ਘਰ ਵਿਚ ਸ਼ਾਂਤੀ ਰਹੇਗੀ ਅਤੇ ਤੁਸੀਂ ਇਕ-ਦੂਜੇ ਦੀਆਂ ਕਮੀਆਂ-ਕਮਜ਼ੋਰੀਆਂ ਸਹਿ ਸਕੋਗੇ।​—ਬਾਈਬਲ ਦਾ ਅਸੂਲ: ਰੋਮੀਆਂ 14:19.

ਇਕ-ਦੂਜੇ ਲਈ ਸਮਾਂ ਕੱਢੋ। ਵਿਆਹ ਤੋਂ ਪਹਿਲਾਂ ਸ਼ਾਇਦ ਤੁਸੀਂ ਇਕ-ਦੂਜੇ ਲਈ ਸਮਾਂ ਕੱਢਦੇ ਸੀ। ਤੁਸੀਂ ਇਕ-ਦੂਜੇ ਨੂੰ ਦੇਖਣ ਅਤੇ ਮਿਲਣ ਲਈ ਉਤਾਵਲੇ ਹੁੰਦੇ ਸੀ। ਕਿਉਂ ਨਾ ਤੁਸੀਂ ਹੁਣ ਵੀ ਇੱਦਾਂ ਹੀ ਕਰੋ? ਅਜਿਹੇ ਮੌਕੇ ਲੱਭੋ ਤਾਂਕਿ ਤੁਸੀਂ ਇਕੱਠੇ ਸਮਾਂ ਬਿਤਾ ਸਕੋ। ਇੱਦਾਂ ਤੁਸੀਂ ਇਕ-ਦੂਜੇ ਦੇ ਕਰੀਬ ਆਓਗੇ ਅਤੇ ਇਕੱਠੇ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਚੰਗੀ ਤਰ੍ਹਾਂ ਸਾਮ੍ਹਣਾ ਕਰ ਸਕੋਗੇ।​—ਬਾਈਬਲ ਦਾ ਅਸੂਲ: ਕਹਾਉਤਾਂ 5:18.

ਖੁੱਲ੍ਹ ਕੇ ਦਿਲ ਦੀਆਂ ਗੱਲਾਂ ਕਰੋ। ਜੇ ਤੁਹਾਨੂੰ ਆਪਣੇ ਸਾਥੀ ਦੀ ਕਿਸੇ ਗੱਲ ਜਾਂ ਕੰਮ ਤੋਂ ਠੇਸ ਪਹੁੰਚੀ ਹੈ, ਤਾਂ ਕੀ ਤੁਸੀਂ ਉਸ ਨੂੰ ਮਾਫ਼ ਕਰ ਸਕਦੇ ਹੋ? ਜੇ ਨਹੀਂ, ਤਾਂ ਸਮਝਦਾਰ ਬਣੋ ਤੇ ਚੁੱਪ ਨਾ ਵੱਟੋ। ਜਿੰਨੀ ਜਲਦੀ ਹੋ ਸਕੇ, ਉਸੇ ਦਿਨ ਆਪਣੇ ਸਾਥੀ ਨਾਲ ਆਰਾਮ ਨਾਲ ਗੱਲਬਾਤ ਕਰੋ।​—ਬਾਈਬਲ ਦਾ ਅਸੂਲ: ਅਫ਼ਸੀਆਂ 4:26.

ਜੇ ਤੁਹਾਨੂੰ ਆਪਣੇ ਸਾਥੀ ਦੀ ਕਿਸੇ ਗੱਲ ਜਾਂ ਕੰਮ ਤੋਂ ਠੇਸ ਪਹੁੰਚੀ ਹੈ, ਤਾਂ ਕੀ ਤੁਸੀਂ ਉਸ ਨੂੰ ਮਾਫ਼ ਕਰ ਸਕਦੇ ਹੋ?

ਆਪਣੇ ਜਜ਼ਬਾਤਾਂ ਅਤੇ ਆਪਣੇ ਸਾਥੀ ਦੇ ਇਰਾਦਿਆਂ ਨੂੰ ਸਮਝੋ। ਇਹ ਸੱਚ ਹੈ ਕਿ ਜੀਵਨ ਸਾਥੀ ਕਦੇ ਵੀ ਇਕ-ਦੂਜੇ ਨੂੰ ਜਾਣ-ਬੁੱਝ ਕੇ ਠੇਸ ਨਹੀਂ ਪਹੁੰਚਾਉਣੀ ਚਾਹੁੰਦੇ। ਜੇ ਤੁਸੀਂ ਆਪਣੇ ਸਾਥੀ ਨੂੰ ਦੁੱਖ ਪਹੁੰਚਾਇਆ ਹੈ, ਤਾਂ ਦਿਲੋਂ ਮਾਫ਼ੀ ਮੰਗੋ ਅਤੇ ਉਸ ਨੂੰ ਯਕੀਨ ਦਿਵਾਓ ਕਿ ਤੁਹਾਡਾ ਇੱਦਾਂ ਕਰਨ ਦਾ ਕੋਈ ਇਰਾਦਾ ਨਹੀਂ ਸੀ। ਫਿਰ ਤੁਸੀਂ ਦੋਵੇਂ ਗੱਲਬਾਤ ਕਰੋ ਕਿ ਕਿਹੜੀਆਂ ਗੱਲਾਂ ਤੁਹਾਨੂੰ ਠੇਸ ਪਹੁੰਚਾਉਂਦੀਆਂ ਹਨ ਤਾਂਕਿ ਤੁਸੀਂ ਅਗਲੀ ਵਾਰ ਉਹ ਕੰਮ ਨਾ ਕਰੋ ਜਾਂ ਗੱਲਾਂ ਨਾ ਕਹੋ। ਬਾਈਬਲ ਦੀ ਸਲਾਹ ਉੱਤੇ ਚੱਲੋ: “ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ, ਨਾਲੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।”​—ਅਫ਼ਸੀਆਂ 4:32.

ਸੁਪਨਿਆਂ ਦੀ ਦੁਨੀਆਂ ’ਚੋਂ ਬਾਹਰ ਆਓ। ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ ਜਿਹੜੇ ਵਿਆਹ ਕਰਾਉਂਦੇ ਹਨ, “ਉਨ੍ਹਾਂ ਨੂੰ ਜ਼ਿੰਦਗੀ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” (1 ਕੁਰਿੰਥੀਆਂ 7:28) ਜਦ ਮੁਸੀਬਤਾਂ ਆਉਂਦੀਆਂ ਹਨ, ਤਾਂ ਜਲਦਬਾਜ਼ੀ ਵਿਚ ਇਹ ਨਾ ਸੋਚੋ ਕਿ ਤੁਸੀਂ ਵਿਆਹ ਕਰਾ ਕੇ ਗ਼ਲਤੀ ਕੀਤੀ ਹੈ, ਸਗੋਂ ਇਕੱਠੇ ਮਿਲ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰੋ ਅਤੇ “ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”​—ਕੁਲੁੱਸੀਆਂ 3:13. ▪ (g14 03-E)