Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਮਨੁੱਖੀ ਸਰੀਰ ਦੀ ਜ਼ਖ਼ਮਾਂ ਨੂੰ ਭਰਨ ਦੀ ਕਾਬਲੀਅਤ

ਮਨੁੱਖੀ ਸਰੀਰ ਦੀ ਜ਼ਖ਼ਮਾਂ ਨੂੰ ਭਰਨ ਦੀ ਕਾਬਲੀਅਤ

ਇਨਸਾਨੀ ਜ਼ਿੰਦਗੀ ਨੂੰ ਸੰਭਵ ਬਣਾਉਣ ਲਈ ਬਹੁਤ ਸਾਰੀਆਂ ਕ੍ਰਿਆਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਇਕ ਹੈ ਸਰੀਰ ਦੀ ਜ਼ਖ਼ਮਾਂ ਨੂੰ ਭਰਨ ਅਤੇ ਟੁੱਟੇ-ਭੱਜੇ ਸੈੱਲਾਂ ਨੂੰ ਦੁਬਾਰਾ ਬਣਾਉਣ ਦੀ ਕਾਬਲੀਅਤ। ਸੱਟ ਲੱਗਦੇ ਸਾਰ ਹੀ ਇਹ ਕ੍ਰਿਆ ਸ਼ੁਰੂ ਹੋ ਜਾਂਦੀ ਹੈ।

ਜ਼ਰਾ ਸੋਚੋ: ਸੈੱਲਾਂ ਦੀਆਂ ਕਈ ਇਕ ਤੋਂ ਬਾਅਦ ਇਕ ਗੁੰਝਲਦਾਰ ਕ੍ਰਿਆਵਾਂ ਹੋਣ ਤੇ ਹੀ ਜ਼ਖ਼ਮ ਭਰਦੇ ਹਨ:

  • ਪਲੇਟਲੈਟ ਜ਼ਖ਼ਮ ਦੇ ਆਲੇ-ਦੁਆਲੇ ਦੇ ਸੈੱਲਾਂ ਨਾਲ ਇਕੱਠੇ ਹੋ ਜਾਂਦੇ ਹਨ ਅਤੇ ਖ਼ੂਨ ਨੂੰ ਜਮਾ ਦਿੰਦੇ ਹਨ ਤੇ ਨੁਕਸਾਨੀਆਂ ਹੋਈਆਂ ਖ਼ੂਨ ਦੀ ਨਾੜੀਆਂ ਵਿੱਚੋਂ ਲਹੂ ਵਗਣਾ ਬੰਦ ਹੋ ਜਾਂਦਾ ਹੈ।

  • ਸੋਜ ਪੈਣ ਨਾਲ ਇਨਫ਼ੈਕਸ਼ਨ ਤੋਂ ਬਚਾਅ ਹੁੰਦਾ ਹੈ ਅਤੇ ਸੱਟ ਲੱਗਣ ਨਾਲ ਜ਼ਖ਼ਮ ਵਿਚ ਗਿਆ ਗੰਦ-ਮੰਦ ਬਾਹਰ ਆ ਜਾਂਦਾ ਹੈ।

  • ਕੁਝ ਹੀ ਦਿਨਾਂ ਵਿਚ ਸਰੀਰ ਟੁੱਟੇ-ਭੱਜੇ ਸੈੱਲਾਂ ਦੀ ਜਗ੍ਹਾ ਨਵੇਂ ਸੈੱਲ ਬਣਾਉਣ ਲੱਗ ਪੈਂਦਾ ਹੈ ਜਿਸ ਕਰਕੇ ਜ਼ਖ਼ਮ ਭਰਨ ਲੱਗ ਜਾਂਦਾ ਹੈ ਅਤੇ ਖ਼ੂਨ ਦੀਆਂ ਨੁਕਸਾਨੀਆਂ ਗਈਆਂ ਨਾੜੀਆਂ ਦੀ ਮੁਰੰਮਤ ਹੋ ਜਾਂਦੀ ਹੈ।

  • ਅਖ਼ੀਰ ਵਿਚ ਜ਼ਖ਼ਮ ’ਤੇ ਖਰੀਂਢ ਆ ਜਾਂਦਾ ਹੈ ਅਤੇ ਜ਼ਖ਼ਮ ਵਾਲੀ ਜਗ੍ਹਾ ਪਹਿਲਾਂ ਵਾਂਗ ਹੋ ਜਾਂਦੀ ਹੈ।

ਖੋਜਕਾਰਾਂ ਨੇ ਲਹੂ ਜਮਾਉਣ ਦੀ ਕ੍ਰਿਆ ਨੂੰ ਦੇਖ ਕੇ ਬਹੁਤ ਸਾਰੀਆਂ ਪਲਾਸਟਿਕ ਦੀਆਂ ਚੀਜ਼ਾਂ ਤਿਆਰ ਕੀਤੀਆਂ ਹਨ ਜੋ ਹੋਏ ਨੁਕਸਾਨ ਨੂੰ ਖ਼ੁਦ “ਠੀਕ” ਕਰ ਲੈਂਦੀਆਂ ਹਨ। ਇਨ੍ਹਾਂ ਚੀਜ਼ਾਂ ਵਿਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਟਿਊਬਾਂ ਲੱਗੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਦੋ ਰਸਾਇਣ ਹੁੰਦੇ ਹਨ ਜੋ ਨੁਕਸਾਨ ਹੋਣ ਤੇ “ਰਿਸਣ” ਲੱਗ ਪੈਂਦੇ ਹਨ। ਜਿਉਂ ਹੀ ਰਸਾਇਣ ਆਪਸ ਵਿਚ ਘੁਲਦੇ ਹਨ, ਤਾਂ ਅਜਿਹਾ ਘੋਲ ਬਣਦਾ ਹੈ ਜੋ ਨੁਕਸਾਨੀਆਂ ਹੋਈਆਂ ਥਾਵਾਂ ’ਤੇ ਫੈਲ ਜਾਂਦਾ ਹੈ ਜਿਸ ਨਾਲ ਤਰੇੜਾਂ ਅਤੇ ਸੁਰਾਖ਼ ਭਰ ਜਾਂਦੇ ਹਨ। ਜਦੋਂ ਇਹ ਘੋਲ ਸੁੱਕ ਜਾਂਦਾ ਹੈ, ਤਾਂ ਇਹ ਇਕ ਸਖ਼ਤ ਪਦਾਰਥ ਬਣਦਾ ਹੈ ਜਿਸ ਨਾਲ ਚੀਜ਼ ਵਿਚ ਪਹਿਲਾਂ ਵਾਲੀ ਮਜ਼ਬੂਤੀ ਆ ਜਾਂਦੀ ਹੈ। ਇਕ ਖੋਜਕਾਰ ਮੰਨਦਾ ਹੈ: “ਅਸੀਂ ਕੁਝ ਜੀਉਂਦੀਆਂ-ਜਾਗਦੀਆਂ ਚੀਜ਼ਾਂ ਵਿਚ ਹੋ ਰਹੀਆਂ ਕ੍ਰਿਆਵਾਂ ਦੀ ਨਕਲ ਕਰ ਕੇ ਕੁਝ ਅਜਿਹੀਆਂ ਬੇਜਾਨ ਚੀਜ਼ਾਂ ਬਣਾ ਰਹੇ ਹਾਂ ਜੋ ਆਪਣੀ ਮੁਰੰਮਤ ਆਪ ਕਰ ਸਕਦੀਆਂ ਹਨ।”

ਤੁਹਾਡਾ ਕੀ ਖ਼ਿਆਲ ਹੈ? ਕੀ ਮਨੁੱਖੀ ਸਰੀਰ ਦੀ ਜ਼ਖ਼ਮਾਂ ਨੂੰ ਭਰਨ ਦੀ ਕਾਬਲੀਅਤ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g15-E 12)