Skip to content

ਯਹੋਵਾਹ ਦੇ ਗਵਾਹ ਰਾਜਨੀਤੀ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

ਯਹੋਵਾਹ ਦੇ ਗਵਾਹ ਰਾਜਨੀਤੀ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

 ਯਹੋਵਾਹ ਦੇ ਗਵਾਹ ਬਾਈਬਲ ʼਤੇ ਆਧਾਰਿਤ ਆਪਣੇ ਧਾਰਮਿਕ ਵਿਚਾਰਾਂ ਕਰਕੇ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ। ਅਸੀਂ ਸਰਕਾਰ ʼਤੇ ਦਬਾਅ ਨਹੀਂ ਪਾਉਂਦੇ ਕਿ ਉਸ ਨੂੰ ਕਿਹੜੇ ਕੰਮ ਕਰਨੇ ਚਾਹੀਦੇ ਹਨ, ਸਿਆਸੀ ਪਾਰਟੀਆਂ ਜਾਂ ਉਮੀਦਵਾਰਾਂ ਨੂੰ ਵੋਟ ਨਹੀਂ ਪਾਉਂਦੇ, ਸਰਕਾਰੀ ਅਹੁਦਿਆਂ ਪਿੱਛੇ ਨਹੀਂ ਭੱਜਦੇ ਤੇ ਸਰਕਾਰਾਂ ਨੂੰ ਬਦਲਣ ਲਈ ਕੀਤੀਆਂ ਜਾਂਦੀਆਂ ਕਾਰਵਾਈਆਂ ਵਿਚ ਹਿੱਸਾ ਨਹੀਂ ਲੈਂਦੇ। ਬਾਈਬਲ ਇਸ ਤਰ੍ਹਾਂ ਕਰਨ ਦੇ ਠੋਸ ਕਾਰਨ ਦੱਸਦੀ ਹੈ:

  •   ਅਸੀਂ ਯਿਸੂ ਦੀ ਮਿਸਾਲ ʼਤੇ ਚੱਲਦੇ ਹਾਂ ਜਿਸ ਨੇ ਸਿਆਸੀ ਅਹੁਦਾ ਲੈਣ ਤੋਂ ਸਾਫ਼ ਇਨਕਾਰ ਕੀਤਾ ਸੀ। (ਯੂਹੰਨਾ 6:15) ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਉਹ “ਦੁਨੀਆਂ ਵਰਗੇ” ਨਾ ਬਣਨ। ਉਸ ਨੇ ਸਾਫ਼-ਸਾਫ਼ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਰਾਜਨੀਤਿਕ ਮਾਮਲੇ ਦਾ ਪੱਖ ਨਹੀਂ ਪੂਰਨਾ ਚਾਹੀਦਾ।​—ਯੂਹੰਨਾ 17:14, 16; 18:36; ਮਰਕੁਸ 12:13-17.

  •   ਸਾਡਾ ਸੰਬੰਧ ਪਰਮੇਸ਼ੁਰ ਦੇ ਰਾਜ ਨਾਲ ਜੁੜਿਆ ਹੈ ਜਿਸ ਬਾਰੇ ਯਿਸੂ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।” (ਮੱਤੀ 24:14) ਸਾਨੂੰ ਹੁਕਮ ਮਿਲਿਆ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੇ ਆਉਣ ਦਾ ਐਲਾਨ ਕਰੀਏ, ਇਸ ਲਈ ਅਸੀਂ ਆਪਣੇ ਦੇਸ਼ ਅਤੇ ਬਾਕੀ ਸਾਰੇ ਦੇਸ਼ਾਂ ਦੇ ਰਾਜਨੀਤਿਕ ਮਾਮਲਿਆਂ ਤੋਂ ਦੂਰ ਰਹਿੰਦੇ ਹਾਂ।​—2 ਕੁਰਿੰਥੀਆਂ 5:20; ਅਫ਼ਸੀਆਂ 6:20.

  •   ਨਿਰਪੱਖ ਰਹਿਣ ਕਰਕੇ ਅਸੀਂ ਵੱਖੋ-ਵੱਖਰੇ ਰਾਜਨੀਤਿਕ ਵਿਚਾਰਾਂ ਵਾਲੇ ਲੋਕਾਂ ਨੂੰ ਖੁੱਲ੍ਹ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ। ਅਸੀਂ ਆਪਣੀਆਂ ਗੱਲਾਂ ਤੇ ਕੰਮਾਂ ਰਾਹੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਰਾਜ ʼਤੇ ਭਰੋਸਾ ਰੱਖਦੇ ਹਾਂ ਕਿ ਉਹੀ ਦੁਨੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ।​—ਜ਼ਬੂਰਾਂ ਦੀ ਪੋਥੀ 56:11.

  •   ਸਾਡਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਜਿਸ ਕਰਕੇ ਦੁਨੀਆਂ ਭਰ ਵਿਚ ਰਹਿੰਦੇ ਸਾਡੇ ਭੈਣਾਂ-ਭਰਾਵਾਂ ਵਿਚ ਏਕਤਾ ਹੈ। (ਕੁਲੁੱਸੀਆਂ 3:14; 1 ਪਤਰਸ 2:17) ਪਰ ਜਿਹੜੇ ਧਰਮ ਰਾਜਨੀਤੀ ਵਿਚ ਸ਼ਾਮਲ ਹੁੰਦੇ ਹਨ, ਉਨ੍ਹਾਂ ਦੇ ਮੈਂਬਰਾਂ ਵਿਚ ਫੁੱਟ ਪਈ ਰਹਿੰਦੀ ਹੈ।​—1 ਕੁਰਿੰਥੀਆਂ 1:10.

 ਸਰਕਾਰਾਂ ਲਈ ਆਦਰ। ਭਾਵੇਂ ਅਸੀਂ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ, ਪਰ ਅਸੀਂ ਸਰਕਾਰ ਦੇ ਅਧਿਕਾਰ ਦਾ ਆਦਰ ਜ਼ਰੂਰ ਕਰਦੇ ਹਾਂ। ਅਸੀਂ ਬਾਈਬਲ ਦੇ ਇਸ ਹੁਕਮ ʼਤੇ ਚੱਲਦੇ ਹਾਂ: “ਹਰ ਇਨਸਾਨ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ ਰਹੇ।” (ਰੋਮੀਆਂ 13:1) ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹਾਂ, ਟੈਕਸ ਦਿੰਦੇ ਹਾਂ ਅਤੇ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾਂਦੇ ਜਤਨਾਂ ਦਾ ਸਮਰਥਨ ਕਰਦੇ ਹਾਂ। ਸਰਕਾਰ ਨੂੰ ਬਦਲਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਵਿਚ ਹਿੱਸਾ ਲੈਣ ਦੀ ਬਜਾਇ, ਅਸੀਂ ਬਾਈਬਲ ਦੀ ਸਲਾਹ ਨੂੰ ਮੰਨ ਕੇ “ਰਾਜਿਆਂ ਅਤੇ ਉੱਚੀਆਂ ਪਦਵੀਆਂ ਉੱਤੇ ਬੈਠੇ ਸਾਰੇ ਲੋਕਾਂ ਲਈ” ਪ੍ਰਾਰਥਨਾ ਕਰਦੇ ਹਾਂ, ਖ਼ਾਸਕਰ ਉਦੋਂ ਜਦੋਂ ਉਹ ਅਜਿਹੇ ਫ਼ੈਸਲੇ ਕਰਦੇ ਹਨ ਜਿਨ੍ਹਾਂ ਦਾ ਸਾਡੀ ਭਗਤੀ ਕਰਨ ਦੀ ਆਜ਼ਾਦੀ ਉੱਤੇ ਅਸਰ ਪੈ ਸਕਦਾ ਹੈ।​—1 ਤਿਮੋਥਿਉਸ 2:1, 2.

 ਅਸੀਂ ਰਾਜਨੀਤਿਕ ਮਾਮਲਿਆਂ ਬਾਰੇ ਦੂਜਿਆਂ ਦੇ ਹੱਕਾਂ ਦੀ ਵੀ ਕਦਰ ਕਰਦੇ ਹਾਂ। ਮਿਸਾਲ ਲਈ, ਅਸੀਂ ਵੋਟਾਂ ਵਿਚ ਕੋਈ ਰੁਕਾਵਟ ਖੜ੍ਹੀ ਨਹੀਂ ਕਰਦੇ ਤੇ ਨਾ ਹੀ ਕਿਸੇ ਨੂੰ ਵੋਟ ਪਾਉਣ ਤੋਂ ਰੋਕਦੇ ਹਾਂ।

 ਕੀ ਸਾਡੀ ਨਿਰਪੱਖਤਾ ਕੋਈ ਨਵੀਂ ਗੱਲ ਹੈ? ਬਿਲਕੁਲ ਨਹੀਂ। ਰਸੂਲ ਅਤੇ ਪਹਿਲੀ ਸਦੀ ਦੇ ਹੋਰ ਮਸੀਹੀ ਵੀ ਇਸੇ ਤਰ੍ਹਾਂ ਸਰਕਾਰੀ ਮਾਮਲਿਆਂ ਵਿਚ ਨਿਰਪੱਖ ਰਹੇ ਸਨ। ਇਕ ਕਿਤਾਬ ਕਹਿੰਦੀ ਹੈ: “ਭਾਵੇਂ ਕਿ ਪਹਿਲੀ ਸਦੀ ਦੇ ਮਸੀਹੀ ਮੰਨਦੇ ਸਨ ਕਿ ਸਰਕਾਰੀ ਅਧਿਕਾਰੀਆਂ ਦਾ ਆਦਰ ਕਰਨਾ ਉਨ੍ਹਾਂ ਦਾ ਫ਼ਰਜ਼ ਬਣਦਾ ਸੀ, ਪਰ ਉਨ੍ਹਾਂ ਨੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲਿਆ।” (Beyond Good Intentions) ਇਸੇ ਤਰ੍ਹਾਂ ਇਕ ਹੋਰ ਕਿਤਾਬ ਕਹਿੰਦੀ ਹੈ ਕਿ ਮਸੀਹੀਆਂ ਨੇ “ਰਾਜਨੀਤਿਕ ਅਹੁਦਾ ਨਹੀਂ ਸੰਭਾਲਿਆ।”​—On the Road to Civilization.

 ਕੀ ਸਾਡੀ ਰਾਜਨੀਤਿਕ ਨਿਰਪੱਖਤਾ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੈ? ਨਹੀਂ। ਅਸੀਂ ਸ਼ਾਂਤੀ-ਪਸੰਦ ਨਾਗਰਿਕ ਹਾਂ ਜਿਨ੍ਹਾਂ ਤੋਂ ਸਰਕਾਰ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। 2001 ਵਿਚ ਯੂਕਰੇਨ ਦੀ ਨੈਸ਼ਨਲ ਅਕੈਡਮੀ ਆਫ਼ ਸਾਇੰਸ ਵੱਲੋਂ ਦਿੱਤੀ ਰਿਪੋਰਟ ʼਤੇ ਗੌਰ ਕਰੋ। ਸਾਡੀ ਰਾਜਨੀਤਿਕ ਨਿਰਪੱਖਤਾ ਉੱਤੇ ਟਿੱਪਣੀ ਕਰਦਿਆਂ ਇਸ ਰਿਪੋਰਟ ਵਿਚ ਦੱਸਿਆ ਗਿਆ: “ਅੱਜ ਕੁਝ ਲੋਕਾਂ ਨੂੰ ਸ਼ਾਇਦ ਯਹੋਵਾਹ ਦੇ ਗਵਾਹਾਂ ਵੱਲੋਂ ਉਠਾਇਆ ਜਾਂਦਾ ਇਹ ਕਦਮ ਚੰਗਾ ਨਾ ਲੱਗੇ। ਤਾਨਾਸ਼ਾਹੀ ਨਾਜ਼ੀਆਂ ਅਤੇ ਕਮਿਊਨਿਸਟ ਰਾਜ ਨੇ ਉਨ੍ਹਾਂ ਉੱਤੇ ਇਸੇ ਕਰਕੇ ਦੋਸ਼ ਲਾਏ ਸਨ।” ਪਰ ਸੋਵੀਅਤ ਸੰਘ ਵੱਲੋਂ ਢਾਹੇ ਗਏ ਜ਼ੁਲਮਾਂ ਦੌਰਾਨ ਵੀ ਗਵਾਹ “ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਬਣੇ ਰਹੇ। ਉਹ ਈਮਾਨਦਾਰੀ ਨਾਲ [ਕਮਿਊਨਿਸਟ ਸਰਕਾਰ] ਦੇ ਖੇਤਾਂ ਅਤੇ ਫੈਕਟਰੀਆਂ ਵਿਚ ਕੰਮ ਕਰਦੇ ਰਹੇ ਤੇ ਉਨ੍ਹਾਂ ਨੇ ਕਮਿਊਨਿਸਟ ਸਰਕਾਰ ਲਈ ਕੋਈ ਖ਼ਤਰਾ ਪੈਦਾ ਨਹੀਂ ਕੀਤਾ।” ਰਿਪੋਰਟ ਨੇ ਅਖ਼ੀਰ ਵਿਚ ਕਿਹਾ ਕਿ ਅੱਜ ਵੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਅਤੇ ਕੰਮਾਂ ਕਾਰਨ “ਕਿਸੇ ਦੇਸ਼ ਦੀ ਸੁਰੱਖਿਆ ਤੇ ਏਕਤਾ ਨੂੰ ਖ਼ਤਰਾ ਨਹੀਂ ਹੈ।”