Skip to content

ਯਹੋਵਾਹ ਦੇ ਗਵਾਹ ਦੇਸ਼-ਭਗਤੀ ਦੇ ਕੰਮਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

ਯਹੋਵਾਹ ਦੇ ਗਵਾਹ ਦੇਸ਼-ਭਗਤੀ ਦੇ ਕੰਮਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

 ਯਹੋਵਾਹ ਦੇ ਗਵਾਹ ਸਰਕਾਰਾਂ ਅਤੇ ਉਨ੍ਹਾਂ ਦੇ ਰਾਸ਼ਟਰੀ ਚਿੰਨ੍ਹਾਂ ਦਾ ਆਦਰ ਕਰਦੇ ਹਨ। ਅਸੀਂ ਇਹ ਗੱਲ ਮੰਨਦੇ ਹਾਂ ਕਿ ਦੂਸਰੇ ਲੋਕ ਸ਼ਾਇਦ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਖਾਣ, ਝੰਡੇ ਨੂੰ ਸਲਾਮੀ ਦੇਣ ਜਾਂ ਰਾਸ਼ਟਰੀ ਗੀਤ ਗਾਉਣ।

 ਪਰ ਯਹੋਵਾਹ ਦੇ ਗਵਾਹ ਇਨ੍ਹਾਂ ਕੰਮਾਂ ਵਿਚ ਹਿੱਸਾ ਨਹੀਂ ਲੈਂਦੇ ਕਿਉਂਕਿ ਅਸੀਂ ਮੰਨਦੇ ਹਾਂ ਕਿ ਇਹ ਕੰਮ ਬਾਈਬਲ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਹਨ। ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਜਦੋਂ ਲੋਕ ਸਾਡੇ ਵਿਸ਼ਵਾਸਾਂ ਦਾ ਉਸੇ ਤਰ੍ਹਾਂ ਆਦਰ ਕਰਦੇ ਹਨ ਜਿੱਦਾਂ ਅਸੀਂ ਉਨ੍ਹਾਂ ਦੇ ਫ਼ੈਸਲਿਆਂ ਦਾ ਆਦਰ ਕਰਦੇ ਹਾਂ।

ਇਸ ਲੇਖ ਵਿਚ ਅਸੀਂ ਜਾਣਾਂਗੇ

 ਸਾਡਾ ਫ਼ੈਸਲਾ ਬਾਈਬਲ ਦੀਆਂ ਕਿਹੜੀਆਂ ਸਿੱਖਿਆਵਾਂ ʼਤੇ ਆਧਾਰਿਤ ਹੈ?

 ਸਾਡਾ ਫ਼ੈਸਲਾ ਬਾਈਬਲ ਦੀਆਂ ਇਨ੍ਹਾਂ ਦੋ ਸਿੱਖਿਆਵਾਂ ʼਤੇ ਆਧਾਰਿਤ ਹੈ:

  •   ਸਿਰਫ਼ ਪਰਮੇਸ਼ੁਰ ਹੀ ਸਾਡੀ ਭਗਤੀ ਦਾ ਹੱਕਦਾਰ ਹੈ। ਬਾਈਬਲ ਕਹਿੰਦੀ ਹੈ: “ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।” (ਲੂਕਾ 4:8) ਪਰ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਦੀਆਂ ਸਹੁੰਆਂ ਅਤੇ ਰਾਸ਼ਟਰੀ ਗੀਤਾਂ ਵਿਚ ਅਜਿਹੇ ਵਾਅਦੇ ਸ਼ਾਮਲ ਹੁੰਦੇ ਹਨ ਕਿ ਇਕ ਵਿਅਕਤੀ ਸਭ ਤੋਂ ਜ਼ਿਆਦਾ ਆਪਣੇ ਦੇਸ਼ ਨੂੰ ਪਿਆਰ ਕਰੇਗਾ ਜਾਂ ਇਸ ਦੀ ਭਗਤੀ ਕਰੇਗਾ। ਇਸ ਲਈ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਇਨ੍ਹਾਂ ਕੰਮਾਂ ਵਿਚ ਹਿੱਸਾ ਲੈਣਾ ਉਨ੍ਹਾਂ ਲਈ ਸਹੀ ਨਹੀਂ ਹੈ।

     ਯਹੋਵਾਹ ਦੇ ਗਵਾਹ ਇਹ ਵੀ ਮੰਨਦੇ ਹਨ ਕਿ ਝੰਡੇ ਨੂੰ ਸਲਾਮੀ ਦੇਣੀ ਭਗਤੀ ਜਾਂ ਮੂਰਤੀ-ਪੂਜਾ ਕਰਨ ਦੇ ਬਰਾਬਰ ਹੈ ਜਿਸ ਨੂੰ ਬਾਈਬਲ ਮਨ੍ਹਾ ਕਰਦੀ ਹੈ। (1 ਕੁਰਿੰਥੀਆਂ 10:14) ਕੁਝ ਇਤਿਹਾਸਕਾਰ ਮੰਨਦੇ ਹਨ ਕਿ ਰਾਸ਼ਟਰੀ ਝੰਡੇ ਅਸਲ ਵਿਚ ਧਾਰਮਿਕ ਚਿੰਨ੍ਹ ਹਨ। ਇਤਿਹਾਸਕਾਰ ਕਾਰਲਟਨ ਜੇ. ਐੱਚ. ਹੇਅਜ਼ a ਨੇ ਲਿਖਿਆ: “ਦੇਸ਼-ਪ੍ਰੇਮ ਇਕ ਧਰਮ ਵਾਂਗ ਹੈ ਜਿਸ ਦਾ ਖ਼ਾਸ ਚਿੰਨ੍ਹ ਅਤੇ ਭਗਤੀ ਦਾ ਮੁੱਖ ਜ਼ਰੀਆ ਝੰਡਾ ਹੈ।” ਡੈਨੀਏਲ ਪੀ. ਮਾਨਿਕਸ ਨੇ ਪਹਿਲੀ ਸਦੀ ਦੇ ਮਸੀਹੀਆਂ ਬਾਰੇ ਕਿਹਾ: “ਮਸੀਹੀਆਂ ਨੇ . . . [ਰੋਮੀ] ਸਮਰਾਟ ਦੀ ਹਿਫਾਜ਼ਤ ਕਰਨ ਵਾਲੀ ਆਤਮਾ ਨੂੰ ਬਲ਼ੀ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਇਹ ਇਨਕਾਰ ਇਕ ਤਰ੍ਹਾਂ ਨਾਲ ਅੱਜ ਦੇ ਜ਼ਮਾਨੇ ਵਿਚ ਝੰਡੇ ਨੂੰ ਸਲਾਮੀ ਦੇਣ ਤੋਂ ਇਨਕਾਰ ਕਰਨ ਦੇ ਬਰਾਬਰ ਹੈ।” b

    ਭਾਵੇਂ ਯਹੋਵਾਹ ਦੇ ਗਵਾਹ ਝੰਡੇ ਨੂੰ ਸਲਾਮੀ ਨਹੀਂ ਦਿੰਦੇ, ਪਰ ਉਹ ਝੰਡੇ ਨੂੰ ਪਾੜ ਕੇ, ਸਾੜ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਦਾ ਜਾਂ ਕਿਸੇ ਹੋਰ ਰਾਸ਼ਟਰੀ ਚਿੰਨ੍ਹ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।

  •   ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਲੋਕ ਬਰਾਬਰ ਹਨ। (ਰਸੂਲਾਂ ਦੇ ਕੰਮ 10:34, 35) ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ “ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ।” (ਰਸੂਲਾਂ ਦੇ ਕੰਮ 17:26) ਇਸ ਕਰਕੇ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਕਿਸੇ ਇਕ ਨਸਲ ਜਾਂ ਕੌਮ ਦੇ ਲੋਕਾਂ ਨੂੰ ਬਾਕੀਆਂ ਨਾਲੋਂ ਉੱਚਾ ਸਮਝਣਾ ਗ਼ਲਤ ਹੋਵੇਗਾ। ਅਸੀਂ ਸਾਰੇ ਲੋਕਾਂ ਦਾ ਆਦਰ ਕਰਦੇ ਹਾਂ, ਚਾਹੇ ਉਹ ਕਿਸੇ ਵੀ ਦੇਸ਼ ਦੇ ਹੋਣ ਜਾਂ ਜਿੱਥੇ ਮਰਜ਼ੀ ਰਹਿੰਦੇ ਹੋਣ।​—1 ਪਤਰਸ 2:17.

 ਜੇ ਦੇਸ਼ ਦੇ ਕਾਨੂੰਨ ਮੁਤਾਬਕ ਦੇਸ਼-ਭਗਤੀ ਦੇ ਕੰਮਾਂ ਵਿਚ ਹਿੱਸਾ ਲੈਣਾ ਜ਼ਰੂਰੀ ਹੋਵੇ, ਤਾਂ ਅਸੀਂ ਕੀ ਕਰਦੇ ਹਾਂ?

 ਯਹੋਵਾਹ ਦੇ ਗਵਾਹ ਸਰਕਾਰਾਂ ਦਾ ਵਿਰੋਧ ਨਹੀਂ ਕਰਦੇ। ਅਸੀਂ ਮੰਨਦੇ ਹਾਂ ਕਿ ਸਰਕਾਰਾਂ “ਪਰਮੇਸ਼ੁਰ ਦੇ ਪ੍ਰਬੰਧ” ਦਾ ਹਿੱਸਾ ਹਨ ਜਿਨ੍ਹਾਂ ਨੂੰ ਉਸ ਨੇ ਰਹਿਣ ਦੀ ਇਜਾਜ਼ਤ ਦਿੱਤੀ ਹੈ। (ਰੋਮੀਆਂ 13:1-7) ਅਸੀਂ ਇਹ ਵੀ ਮੰਨਦੇ ਹਾਂ ਕਿ ਮਸੀਹੀਆਂ ਨੂੰ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ।​—ਲੂਕਾ 20:25.

 ਪਰ ਜੇ ਸਰਕਾਰ ਕੋਈ ਇੱਦਾਂ ਦਾ ਕਾਨੂੰਨ ਬਣਾਉਂਦੀ ਹੈ ਜੋ ਪਰਮੇਸ਼ੁਰ ਦੇ ਕਾਨੂੰਨਾਂ ਦੇ ਖ਼ਿਲਾਫ਼ ਹੈ, ਤਾਂ ਅਸੀਂ ਕੀ ਕਰਦੇ ਹਾਂ? ਕੁਝ ਮਾਮਲਿਆਂ ਵਿਚ ਜੇ ਮੁਮਕਿਨ ਹੋਵੇ, ਤਾਂ ਅਸੀਂ ਅਧਿਕਾਰੀਆਂ ਨੂੰ ਉਸ ਕਾਨੂੰਨ ਵਿਚ ਥੋੜ੍ਹਾ ਫੇਰ-ਬਦਲ ਕਰਨ ਲਈ ਬੇਨਤੀ ਕਰ ਸਕਦੇ ਹਾਂ। c ਪਰ ਜੇ ਇੱਦਾਂ ਕਰਨਾ ਮੁਮਕਿਨ ਨਹੀਂ ਹੁੰਦਾ, ਤਾਂ ਅਸੀਂ ਯਹੋਵਾਹ ਦੇ ਗਵਾਹ ਆਦਰ ਦਿਖਾਉਂਦੇ ਹੋਏ ‘ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੀ ਹੁਕਮ ਮੰਨਣ’ ਦਾ ਫ਼ੈਸਲਾ ਕਰਦੇ ਹਾਂ।​—ਰਸੂਲਾਂ ਦੇ ਕੰਮ 5:29.

 ਕੀ ਯਹੋਵਾਹ ਦੇ ਗਵਾਹ ਦੇਸ਼-ਭਗਤੀ ਦੇ ਕੰਮਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਕੇ ਸਮਾਜਕ ਜਾਂ ਰਾਜਨੀਤਿਕ ਮਾਮਲਿਆਂ ਵਿਚ ਕਿਸੇ ਦਾ ਪੱਖ ਲੈ ਰਹੇ ਹੁੰਦੇ ਹਨ?

 ਨਹੀਂ। ਯਹੋਵਾਹ ਦੇ ਗਵਾਹ ਸਮਾਜਕ ਜਾਂ ਰਾਜਨੀਤਿਕ ਮਾਮਲਿਆਂ ਵਿਚ ਕਿਸੇ ਦਾ ਵੀ ਪੱਖ ਨਹੀਂ ਲੈਂਦੇ। ਜਦੋਂ ਅਸੀਂ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਨਹੀਂ ਖਾਂਦੇ, ਝੰਡੇ ਨੂੰ ਸਲਾਮੀ ਨਹੀਂ ਦਿੰਦੇ ਜਾਂ ਰਾਸ਼ਟਰੀ ਗੀਤ ਨਹੀਂ ਗਾਉਂਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਰਾਜਨੀਤਿਕ ਮਾਮਲਿਆਂ ਵਿਚ ਕੁਝ ਬਦਲਾਅ ਲਿਆਉਣਾ ਚਾਹੁੰਦੇ ਹਾਂ। ਇਸ ਦੀ ਬਜਾਇ, ਅਸੀਂ ਇਨ੍ਹਾਂ ਮਾਮਲਿਆਂ ਬਾਰੇ ਆਪਣੇ ਬਾਈਬਲ-ਆਧਾਰਿਤ ਵਿਸ਼ਵਾਸਾਂ ʼਤੇ ਚੱਲ ਰਹੇ ਹੁੰਦੇ ਹਾਂ।