Skip to content

Skip to table of contents

ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਮਦਦ

ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਮਦਦ

 ਵਿਸ਼ਵ ਸਿਹਤ ਸੰਗਠਨ ਦੱਸਦਾ ਹੈ, “ਪੂਰੀ ਦੁਨੀਆਂ ਵਿਚ ਲੋਕ ਔਰਤਾਂ ਦੀ ਕੁੱਟ-ਮਾਰ ਕਰਦੇ ਹਨ। ਇਹ ਇਕ ਮਹਾਂਮਾਰੀ ਦੀ ਤਰ੍ਹਾਂ ਹੈ ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ।” ਇਸ ਸੰਗਠਨ ਅਨੁਸਾਰ ਅੰਦਾਜ਼ਾ ਲਾਇਆ ਗਿਆ ਹੈ ਕਿ ਲਗਭਗ 30 ਪ੍ਰਤਿਸ਼ਤ ਔਰਤਾਂ ‘ਜਿਨ੍ਹਾਂ ਦੇ ਵਿਆਹ ਹੋਏ ਹਨ ਜਾਂ ਜੋ ਵਿਆਹ ਤੋਂ ਬਿਨਾਂ ਆਪਣੇ ਸਾਥੀ ਨਾਲ ਰਹਿੰਦੀਆਂ ਹਨ, ਉਨ੍ਹਾਂ ਨੂੰ ਆਪਣੇ ਸਾਥੀ ਦੇ ਹੱਥੋਂ ਹਿੰਸਾ ਅਤੇ/ਜਾਂ ਲਿੰਗੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ ਹੈ।’ ਨਾਲੇ ਯੂ. ਐੱਨ. ਦੀ ਰਿਪੋਰਟ ਅਨੁਸਾਰ ਹਾਲ ਹੀ ਦੇ ਸਾਲ ਵਿਚ ਦੁਨੀਆਂ ਭਰ ਵਿਚ ਹਰ ਦਿਨ 137 ਔਰਤਾਂ ਨੂੰ ਉਨ੍ਹਾਂ ਦੇ ਜੀਵਨ ਸਾਥੀ ਜਾਂ ਘਰ ਦੇ ਹੋਰ ਮੈਂਬਰ ਨੇ ਮੌਤ ਦੇ ਘਾਟ ਉਤਾਰਿਆ। a

 ਅੰਕੜਿਆਂ ਤੋਂ ਸ਼ਾਇਦ ਪਤਾ ਲੱਗੇ ਕਿ ਘਰੇਲੂ ਹਿੰਸਾ ਕਿੰਨੀ ਵੱਡੀ ਸਮੱਸਿਆ ਹੈ, ਪਰ ਉਨ੍ਹਾਂ ਤੋਂ ਸਾਨੂੰ ਇਹ ਪਤਾ ਨਹੀਂ ਲੱਗਦਾ ਹੈ ਕਿ ਘਰੇਲੂ ਹਿੰਸਾ ਦੇ ਸ਼ਿਕਾਰ ਵਿਅਕਤੀ ਨੂੰ ਕਿੰਨਾ ਸਰੀਰਕ ਤੇ ਮਾਨਸਿਕ ਦੁੱਖ ਝੱਲਣਾ ਪੈਂਦਾ ਹੈ।

 ਕੀ ਤੁਸੀਂ ਘਰੇਲੂ ਹਿੰਸਾ ਦੇ ਸ਼ਿਕਾਰ ਹੋ? ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਸ ਨੂੰ ਘਰੇਲੂ ਹਿੰਸਾ ਸਹਿਣੀ ਪੈਂਦੀ ਹੈ? ਜੇ ਹਾਂ, ਤਾਂ ਬਾਈਬਲ ਵਿੱਚੋਂ ਅੱਗੇ ਦੱਸੀਆਂ ਗੱਲਾਂ ʼਤੇ ਗੌਰ ਕਰੋ ਜਿਨ੍ਹਾਂ ਨਾਲ ਤੁਹਾਡੀ ਮਦਦ ਹੋ ਸਕਦੀ ਹੈ।

  ਘਰੇਲੂ ਹਿੰਸਾ ਤੁਹਾਡੀ ਗ਼ਲਤੀ ਨਹੀਂ ਹੈ

  ਮਦਦ ਉਪਲਬਧ ਹੈ

  ਰੱਬ ਨੂੰ ਤੁਹਾਡਾ ਫ਼ਿਕਰ ਹੈ

  ਘਰੇਲੂ ਹਿੰਸਾ ਦਾ ਜ਼ਰੂਰ ਅੰਤ ਹੋਵੇਗਾ

  ਤੁਸੀਂ ਘਰੇਲੂ ਹਿੰਸਾ ਦੇ ਸ਼ਿਕਾਰ ਵਿਅਕਤੀ ਦੀ ਮਦਦ ਕਿਵੇਂ ਕਰ ਸਕਦੇ ਹੋ?

 ਘਰੇਲੂ ਹਿੰਸਾ ਤੁਹਾਡੀ ਗ਼ਲਤੀ ਨਹੀਂ ਹੈ

 ਬਾਈਬਲ ਕੀ ਕਹਿੰਦੀ ਹੈ: “ਅਸੀਂ ਸਾਰੇ ਪਰਮੇਸ਼ੁਰ ਨੂੰ ਆਪੋ-ਆਪਣਾ ਲੇਖਾ ਦਿਆਂਗੇ।”—ਰੋਮੀਆਂ 14:12.

 ਯਾਦ ਰੱਖੋ: ਤੁਹਾਨੂੰ ਮਾਰਨ-ਕੁੱਟਣ ਵਾਲਾ ਆਪਣੇ ਕੰਮਾਂ ਲਈ ਜ਼ਿੰਮੇਵਾਰ ਹੈ।

 ਜੇ ਤੁਹਾਡਾ ਸਾਥੀ ਤੁਹਾਡੇ ʼਤੇ ਹਿੰਸਾ ਕਰਦਾ ਹੈ ਅਤੇ ਉਸ ਲਈ ਤੁਹਾਨੂੰ ਕਸੂਰਵਾਰ ਠਹਿਰਾਉਂਦਾ ਹੈ, ਤਾਂ ਇਸ ਵਿਚ ਤੁਹਾਡੀ ਕੋਈ ਗ਼ਲਤੀ ਨਹੀਂ ਹੈ। ਪਤਨੀਆਂ ਨੂੰ ਪਿਆਰ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਮਾਰਿਆ-ਕੁੱਟਿਆ ਜਾਣਾ ਚਾਹੀਦਾ।—ਕੁਲੁੱਸੀਆਂ 3:19.

 ਕਦੇ-ਕਦਾਈਂ ਹਿੰਸਾ ਕਰਨ ਵਾਲਾ ਸ਼ਾਇਦ ਮਾਨਸਿਕ ਤੌਰ ਤੇ ਬੀਮਾਰ ਹੋਵੇ, ਸ਼ਾਇਦ ਉਸ ਦੀ ਪਰਵਰਿਸ਼ ਅਜਿਹੇ ਪਰਿਵਾਰ ਵਿਚ ਹੋਈ ਹੋਵੇ ਜਿੱਥੇ ਪਰਿਵਾਰ ਦੇ ਕੁਝ ਮੈਂਬਰ ਦੂਸਰਿਆਂ ਨੂੰ ਮਾਰਦੇ-ਕੁੱਟਦੇ ਸਨ ਜਾਂ ਉਹ ਹੱਦੋਂ ਵੱਧ ਸ਼ਰਾਬ ਪੀਂਦਾ ਹੋਵੇ। ਪਰ ਫਿਰ ਵੀ ਉਹ ਜਿਸ ਤਰੀਕੇ ਨਾਲ ਤੁਹਾਡੇ ਨਾਲ ਪੇਸ਼ ਆਉਂਦਾ ਹੈ, ਉਸ ਦਾ ਲੇਖਾ ਉਸ ਨੂੰ ਰੱਬ ਨੂੰ ਦੇਣਾ ਪੈਣਾ। ਨਾਲੇ ਉਸ ਨੂੰ ਆਪਣੇ ਆਪ ਨੂੰ ਬਦਲਣ ਲਈ ਕਦਮ ਚੁੱਕਣੇ ਚਾਹੀਦੇ ਹਨ।

 ਮਦਦ ਉਪਲਬਧ ਹੈ

 ਬਾਈਬਲ ਕੀ ਕਹਿੰਦੀ ਹੈ: “[ਯੋਜਨਾਵਾਂ] ਕਾਮਯਾਬ ਹੋ ਜਾਂਦੀਆਂ ਹਨ ਜੇਕਰ ਓਥੇ ਕਾਫ਼ੀ ਸਾਰੇ ਸਲਾਹਕਾਰ ਹੋਣ।”—ਕਹਾਉਤਾਂ 15:22, Easy to Read Version.

 ਯਾਦ ਰੱਖੋ: ਜੇ ਤੁਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜਾਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕੀ ਕਰਨਾ ਹੈ, ਤਾਂ ਦੂਜੇ ਜਣੇ ਤੁਹਾਡੀ ਮਦਦ ਕਰ ਸਕਦੇ ਹਨ।

 ਸ਼ਾਇਦ ਤੁਹਾਨੂੰ ਦੂਜਿਆਂ ਤੋਂ ਮਦਦ ਲੈਣ ਦੀ ਲੋੜ ਕਿਉਂ ਪਵੇ? ਜੇ ਤੁਸੀਂ ਘਰੇਲੂ ਹਿੰਸਾ ਦੇ ਸ਼ਿਕਾਰ ਹੁੰਦੇ ਹੋ, ਤਾਂ ਤੁਸੀਂ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਬਾਰੇ ਸੋਚੋ। ਸ਼ਾਇਦ ਤੁਹਾਡੇ ਲਈ ਇਹ ਫ਼ੈਸਲਾ ਕਰਨਾ ਔਖਾ ਹੋਵੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਹੇਠਾਂ ਲਿਖੀਆਂ ਗੱਲਾਂ ਵਿੱਚੋਂ ਕਿਹੜੀ ਗੱਲ ਜ਼ਿਆਦਾ ਅਹਿਮ ਹੈ:

  •   ਤੁਹਾਡੀ ਖ਼ੁਦ ਦੀ ਸੁਰੱਖਿਆ

  •   ਤੁਹਾਡੇ ਬੱਚਿਆਂ ਦੀ ਭਲਾਈ

  •   ਤੁਹਾਡੇ ਆਰਥਿਕ ਹਾਲਾਤ

  •   ਆਪਣੇ ਸਾਥੀ ਲਈ ਪਿਆਰ

  •   ਤੁਸੀਂ ਸ਼ਾਇਦ ਆਪਣੇ ਰਿਸ਼ਤੇ ਨੂੰ ਬਚਾਉਣਾ ਚਾਹੁੰਦੇ ਹੋ ਜੇ ਤੁਹਾਡਾ ਸਾਥੀ ਬਦਲਣ ਲਈ ਤਿਆਰ ਹੈ

 ਸ਼ਾਇਦ ਤੁਹਾਨੂੰ ਪਤਾ ਨਾ ਲੱਗੇ ਕਿ ਤੁਸੀਂ ਕੀ ਕਰਨਾ ਹੈ ਅਤੇ ਤੁਹਾਨੂੰ ਲੱਗੇ ਕਿ ਹਾਲਾਤ ਗੁੰਝਲਦਾਰ ਹਨ। ਤੁਸੀਂ ਕਿਸ ਤੋਂ ਮਦਦ ਮੰਗ ਸਕਦੇ ਹੋ?

 ਕੋਈ ਭਰੋਸੇਮੰਦ ਦੋਸਤ ਜਾਂ ਪਰਿਵਾਰ ਦਾ ਮੈਂਬਰ ਸ਼ਾਇਦ ਤੁਹਾਡੀ ਮਦਦ ਕਰ ਸਕੇ ਜਾਂ ਤੁਹਾਨੂੰ ਹੌਸਲਾ ਦੇ ਸਕੇ। ਪਰਵਾਹ ਕਰਨ ਵਾਲੇ ਕਿਸੇ ਵਿਅਕਤੀ ਨਾਲ ਗੱਲ ਕਰ ਕੇ ਤੁਹਾਡੀ ਬਹੁਤ ਮਦਦ ਹੋ ਸਕਦੀ ਹੈ।

 ਘਰੇਲੂ ਹਿੰਸਾ ਦੇ ਸ਼ਿਕਾਰ ਲੋਕ ਸ਼ਾਇਦ ਅਜਿਹੇ ਮਾਮਲਿਆਂ ਵਿਚ ਮਦਦ ਦੇਣ ਵਾਲੀਆਂ ਸੰਸਥਾਵਾਂ ਨੂੰ ਫ਼ੋਨ ਕਰ ਕੇ ਉਸੇ ਵੇਲੇ ਮਦਦ ਪਾ ਸਕਦੇ ਹਨ। ਜਿਹੜੇ ਇਨ੍ਹਾਂ ਸੰਸਥਾਵਾਂ ਵਿਚ ਕੰਮ ਕਰਦੇ ਹਨ, ਉਹ ਤੁਹਾਨੂੰ ਦੱਸ ਸਕਦੇ ਹਨ ਕਿ ਤੁਸੀਂ ਆਪਣਾ ਬਚਾ ਕਿਵੇਂ ਕਰ ਸਕਦੇ ਹੋ। ਜੇ ਤੁਹਾਡੇ ਸਾਥੀ ਨੂੰ ਸਮਝ ਆ ਜਾਂਦੀ ਹੈ ਕਿ ਉਸ ਨੂੰ ਹਿੰਸਾ ਨਹੀਂ ਕਰਨੀ ਚਾਹੀਦੀ ਅਤੇ ਉਹ ਦਿਲੋਂ ਆਪਣੇ ਵਿਚ ਬਦਲਾਅ ਕਰਨੇ ਚਾਹੁੰਦਾ ਹੈ, ਤਾਂ ਇਹੀ ਸੰਸਥਾਵਾਂ ਉਸ ਦੀ ਮਦਦ ਕਰ ਸਕਦੀਆਂ ਹਨ ਕਿ ਉਸ ਨੂੰ ਬਦਲਾਅ ਕਰਨ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ।

 ਹੋਰ ਐਮਰਜੈਂਸੀ ਸੇਵਾਵਾਂ ਤੁਹਾਡੀ ਮਦਦ ਕਰ ਸਕਦੀਆਂ ਹਨ ਜੇ ਤੁਸੀਂ ਖ਼ਤਰੇ ਵਿਚ ਹੋ ਤੇ ਤੁਹਾਨੂੰ ਤੁਰੰਤ ਮਦਦ ਦੀ ਲੋੜ ਹੈ। ਇਨ੍ਹਾਂ ਸੇਵਾਵਾਂ ਵਿਚ ਡਾਕਟਰ, ਨਰਸਾਂ ਜਾਂ ਹੋਰ ਜਣੇ ਹੋ ਸਕਦੇ ਹਨ।

 ਰੱਬ ਨੂੰ ਤੁਹਾਡਾ ਫ਼ਿਕਰ ਹੈ

 ਬਾਈਬਲ ਕੀ ਕਹਿੰਦੀ ਹੈ: “ਯਹੋਵਾਹ b ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ [ਮਨਾਂ] ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂਰ 34:18.

 ਯਾਦ ਰੱਖੋ: ਰੱਬ ਤੁਹਾਡੀ ਮਦਦ ਕਰਨ ਦਾ ਵਾਅਦਾ ਕਰਦਾ ਹੈ।

 ਯਹੋਵਾਹ ਦਿਲੋਂ ਤੁਹਾਡਾ ਫ਼ਿਕਰ ਕਰਦਾ ਹੈ। (1 ਪਤਰਸ 5:7) ਉਹ ਤੁਹਾਡੀਆਂ ਸੋਚਾਂ ਤੇ ਭਾਵਨਾਵਾਂ ਨੂੰ ਸਮਝਦਾ ਹੈ। ਉਹ ਤੁਹਾਨੂੰ ਆਪਣੇ ਬਚਨ ਬਾਈਬਲ ਤੋਂ ਦਿਲਾਸਾ ਦੇ ਸਕਦਾ ਹੈ। ਨਾਲੇ ਉਹ ਤੁਹਾਨੂੰ ਪ੍ਰਾਰਥਨਾ ਕਰਨ ਦਾ ਸੱਦਾ ਦਿੰਦਾ ਹੈ। ਪ੍ਰਾਰਥਨਾ ਕਰ ਕੇ ਤੁਸੀਂ ਆਪਣੇ ਹਾਲਾਤਾਂ ਦਾ ਸਾਮ੍ਹਣਾ ਕਰਨ ਲਈ ਉਸ ਤੋਂ ਬੁੱਧ ਤੇ ਤਾਕਤ ਮੰਗ ਸਕਦੇ ਹੋ।—ਯਸਾਯਾਹ 41:10.

 ਘਰੇਲੂ ਹਿੰਸਾ ਦਾ ਜ਼ਰੂਰ ਅੰਤ ਹੋਵੇਗਾ

 ਬਾਈਬਲ ਕੀ ਕਹਿੰਦੀ ਹੈ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾਹ 4:4.

 ਯਾਦ ਰੱਖੋ: ਬਾਈਬਲ ਵਾਅਦਾ ਕਰਦੀ ਹੈ ਕਿ ਉਹ ਸਮਾਂ ਬਹੁਤ ਨੇੜੇ ਹੈ ਜਦੋਂ ਸਾਰੇ ਜਣੇ ਘਰਾਂ ਅੰਦਰ ਸੁੱਖ-ਸ਼ਾਂਤੀ ਨਾਲ ਰਹਿਣਗੇ।

 ਯਹੋਵਾਹ ਪਰਮੇਸ਼ੁਰ ਹੀ ਸਾਰੀਆਂ ਮੁਸ਼ਕਲਾਂ ਦਾ ਪੂਰੀ ਤਰ੍ਹਾਂ ਅਤੇ ਪੱਕਾ ਹੱਲ ਕੱਢ ਸਕਦਾ ਹੈ। “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।” (ਪ੍ਰਕਾਸ਼ ਦੀ ਕਿਤਾਬ 21:4) ਉਸ ਵੇਲੇ ਸਾਰੀਆਂ ਬੁਰੀਆਂ ਯਾਦਾਂ ਮਿਟ ਜਾਣਗੀਆਂ ਅਤੇ ਉਨ੍ਹਾਂ ਦੀ ਜਗ੍ਹਾ ਚੰਗੀਆਂ ਯਾਦਾਂ ਲੈ ਲੈਣਗੀਆਂ। (ਯਸਾਯਾਹ 65:17) ਬਾਈਬਲ ਤੁਹਾਡੇ ਨਾਲ ਇਸ ਵਧੀਆ ਭਵਿੱਖ ਦਾ ਵਾਅਦਾ ਕਰਦੀ ਹੈ।

a ਚਾਹੇ ਇਸ ਲੇਖ ਵਿਚ ਔਰਤਾਂ ਦੀ ਗੱਲ ਕੀਤੀ ਗਈ ਹੈ, ਪਰ ਇਸ ਵਿਚ ਦੱਸੀਆਂ ਬਹੁਤ ਸਾਰੀਆਂ ਗੱਲਾਂ ਆਦਮੀਆਂ ʼਤੇ ਵੀ ਲਾਗੂ ਹੁੰਦੀਆਂ ਹਨ।

b ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।