Skip to content

Skip to table of contents

ਘਰੇਲੂ ਹਿੰਸਾ ਦਾ ਅੰਤ

ਘਰੇਲੂ ਹਿੰਸਾ ਦਾ ਅੰਤ

ਪਹਿਲੀ ਸਥਿਤੀ: ਇਜ਼ਾਬੈਲ * ਦੇ ਮਾਪੇ ਉਸ ਨੂੰ ਮਿਲਣ ਆਏ ਹਨ। ਉਹ ਆਪਣੇ ਧੀ-ਜਵਾਈ ਨਾਲ ਬੈਠ ਕੇ ਖ਼ੁਸ਼ੀ-ਖ਼ੁਸ਼ੀ ਗੱਲਾਂ-ਬਾਤਾਂ ਕਰਦੇ ਹਨ। ਇਜ਼ਾਬੈਲ ਦੇ ਮਾਪੇ ਇਹ ਦੇਖ ਕੇ ਆਪਣੇ ਜਵਾਈ ਉੱਤੇ ਮਾਣ ਕਰਦੇ ਹਨ ਕਿ ਉਹ ਉਨ੍ਹਾਂ ਦੀ ਧੀ ਨੂੰ ਖ਼ੁਸ਼ ਰੱਖਦਾ ਹੈ।

ਦੂਸਰੀ ਸਥਿਤੀ: ਫ਼ਰੈਂਕ ਗੁੱਸੇ ਨਾਲ ਲਾਲ-ਪੀਲਾ ਹੋ ਰਿਹਾ ਹੈ ਤੇ ਹਰ ਰੋਜ਼ ਦੀ ਤਰ੍ਹਾਂ ਉਹ ਆਪਣਾ ਗੁੱਸਾ ਆਪਣੀ ਪਤਨੀ ’ਤੇ ਕੱਢਦਾ ਹੈ। ਉਹ ਉਸ ਦੇ ਮੂੰਹ ’ਤੇ ਥੱਪੜ ਮਾਰਦਾ ਹੈ, ਉਸ ਨੂੰ ਲੱਤਾਂ ਮਾਰਦਾ ਹੈ, ਉਸ ਦੇ ਵਾਲ਼ ਪੁੱਟਦਾ ਹੈ ਤੇ ਉਸ ਦਾ ਸਿਰ ਵਾਰ-ਵਾਰ ਕੰਧ ਵਿਚ ਮਾਰਦਾ ਹੈ।

ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇ ਕਿ ਇਹ ਦੋਵੇਂ ਸਥਿਤੀਆਂ ਇਕ ਹੀ ਜੋੜੇ ਦੀਆਂ ਹਨ।

ਜਿਹੜੇ ਆਦਮੀ ਆਪਣੀਆਂ ਪਤਨੀਆਂ ਦੀ ਮਾਰ-ਕੁਟਾਈ ਕਰਦੇ ਹਨ ਉਹ ਅਕਸਰ ਦੂਜਿਆਂ ਸਾਮ੍ਹਣੇ ਚੰਗੇ ਬਣਨ ਦਾ ਦਿਖਾਵਾ ਕਰਦੇ ਹਨ। ਫ਼ਰੈਂਕ ਵੀ ਆਪਣੇ ਸੱਸ-ਸਹੁਰੇ ਦੀਆਂ ਨਜ਼ਰਾਂ ਵਿਚ ਭਲਾਮਾਣਸ ਬਣਨ ਦਾ ਦਿਖਾਵਾ ਕਰਦਾ ਹੈ। ਪਰ ਜਦੋਂ ਉਹ ਆਪਣੀ ਪਤਨੀ ਨਾਲ ਇਕੱਲਾ ਹੁੰਦਾ ਹੈ, ਤਾਂ ਉਹ ਉਸ ਨੂੰ ਬਹੁਤ ਮਾਰਦਾ-ਕੁੱਟਦਾ ਹੈ।

ਫ਼ਰੈਂਕ ਵਾਂਗ ਬਹੁਤ ਆਦਮੀਆਂ ਦੀ ਪਰਵਰਿਸ਼ ਅਜਿਹੇ ਪਰਿਵਾਰਾਂ ਵਿਚ ਹੁੰਦੀ ਹੈ ਜਿੱਥੇ ਮਾਰ-ਕੁਟਾਈ ਆਮ ਗੱਲ ਹੁੰਦੀ ਹੈ। ਇਹ ਆਦਮੀ ਸੋਚਦੇ ਹਨ ਕਿ ਇਸ ਤਰ੍ਹਾਂ ਕਰਨਾ ਠੀਕ ਹੈ। ਪਰ ਘਰੇਲੂ ਹਿੰਸਾ ਠੀਕ ਨਹੀਂ ਹੈ। ਇਸ ਲਈ ਜਦੋਂ ਕਈ ਸੁਣਦੇ ਹਨ ਕਿ ਕਿਸੇ ਆਦਮੀ ਨੇ ਆਪਣੀ ਘਰਵਾਲੀ ਨੂੰ ਕੁੱਟਿਆ ਹੈ, ਤਾਂ ਉਨ੍ਹਾਂ ਦਾ ਖ਼ੂਨ ਖੌਲਣ ਲੱਗ ਪੈਂਦਾ ਹੈ।

ਫਿਰ ਵੀ ਘਰੇਲੂ ਮਾਰ-ਕੁਟਾਈ ਆਮ ਗੱਲ ਬਣ ਗਈ ਹੈ। ਮਿਸਾਲ ਲਈ, ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ ਇਕ ਮਿੰਟ ਵਿਚ ਲਗਭਗ 16 ਜਣਿਆਂ ਨੂੰ ਘਰੇਲੂ ਹਿੰਸਾ ਨੂੰ ਰੋਕਣ ਵਾਲੀਆਂ ਸੰਸਥਾਵਾਂ ਨੂੰ ਫ਼ੋਨ ਕਰਨ ਲਈ ਕਿਹਾ ਜਾਂਦਾ ਹੈ। ਘਰੇਲੂ ਹਿੰਸਾ ਦੁਨੀਆਂ ਭਰ ਵਿਚ ਅੱਗ ਵਾਂਗ ਫੈਲੀ ਹੋਈ ਹੈ। ਹਰ ਸਭਿਆਚਾਰ ਵਿਚ, ਚਾਹੇ ਅਮੀਰ ਹੋਣ ਜਾਂ ਗ਼ਰੀਬ, ਘਰੇਲੂ ਹਿੰਸਾ ਦਾ ਸਿਲਸਿਲਾ ਚੱਲ ਰਿਹਾ ਹੈ। ਘਰੇਲੂ ਮਾਰ-ਕੁਟਾਈ ਦੀਆਂ ਕਈ ਰਿਪੋਰਟਾਂ ਪੁਲਿਸ ਨੂੰ ਨਹੀਂ ਮਿਲਦੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਜੇ ਸਾਰੀਆਂ ਰਿਪੋਰਟਾਂ ਦਿੱਤੀਆਂ ਜਾਣ, ਤਾਂ ਘਰੇਲੂ ਹਿੰਸਾ ਦੇ ਅੰਕੜੇ ਇਸ ਤੋਂ ਕਿਤੇ ਵੱਧ ਹੋਣ। *

ਘਰੇਲੂ ਹਿੰਸਾ ਦੀਆਂ ਰਿਪੋਰਟਾਂ ਕਰਕੇ ਇਹ ਸਵਾਲ ਖੜ੍ਹੇ ਹੁੰਦੇ ਹਨ: ਆਦਮੀ ਕਿਸੇ ਉੱਤੇ, ਖ਼ਾਸ ਕਰਕੇ ਆਪਣੀ ਪਤਨੀ ਉੱਤੇ, ਇੰਨੇ ਜ਼ੁਲਮ ਕਿਵੇਂ ਢਾਹ ਸਕਦੇ ਹਨ? ਕੀ ਇਨ੍ਹਾਂ ਆਦਮੀਆਂ ਦੀ ਬਦਲਣ ਵਿਚ ਮਦਦ ਕੀਤੀ ਜਾ ਸਕਦੀ ਹੈ?

ਇਸ ਰਸਾਲੇ ਦੇ ਪ੍ਰਕਾਸ਼ਕ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਬਾਈਬਲ ਦੀ ਵਧੀਆ ਸਲਾਹ ਹਿੰਸਕ ਪਤੀਆਂ ਦੀ ਬਦਲਣ ਵਿਚ ਮਦਦ ਕਰ ਸਕਦੀ ਹੈ। ਕੀ ਉਨ੍ਹਾਂ ਲਈ ਬਦਲਣਾ ਸੌਖਾ ਹੈ? ਨਹੀਂ। ਕੀ ਉਹ ਆਪਣੇ ਆਪ ਨੂੰ ਬਦਲ ਸਕਦੇ ਹਨ? ਬਿਲਕੁਲ! ਬਾਈਬਲ ਨੇ ਬਹੁਤ ਸਾਰੇ ਆਦਮੀਆਂ ਦੀ ਹਿੰਸਕ ਸੁਭਾਅ ਬਦਲਣ ਵਿਚ ਮਦਦ ਕੀਤੀ ਹੈ। ਹੁਣ ਉਹ ਆਪਣੀਆਂ ਪਤਨੀਆਂ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਉਂਦੇ ਹਨ। (ਕੁਲੁੱਸੀਆਂ 3:8-10) ਆਓ ਟਰੌਏ ਤੇ ਵੈਲਰੀ ਦੀ ਮਿਸਾਲ ’ਤੇ ਗੌਰ ਕਰੀਏ।

ਸ਼ੁਰੂ ਵਿਚ ਤੁਹਾਡਾ ਰਿਸ਼ਤਾ ਕਿਹੋ ਜਿਹਾ ਸੀ?

ਵੈਲਰੀ: ਜਿਸ ਰਾਤ ਸਾਡੀ ਮੰਗਣੀ ਹੋਈ, ਉਸ ਰਾਤ ਟਰੌਏ ਨੇ ਮੇਰੇ ਇੰਨੀ ਜ਼ੋਰ ਨਾਲ ਥੱਪੜ ਮਾਰਿਆ ਕਿ ਪੂਰਾ ਹਫ਼ਤਾ ਮੇਰੇ ਮੂੰਹ ’ਤੇ ਨੀਲ ਪਿਆ ਰਿਹਾ। ਉਸ ਨੇ ਮੇਰੇ ਤੋਂ ਵਾਰ-ਵਾਰ ਮਾਫ਼ੀ ਮੰਗੀ ਤੇ ਸਹੁੰ ਖਾਧੀ ਕਿ ਉਹ ਦੁਬਾਰਾ ਇੱਦਾਂ ਨਹੀਂ ਕਰੇਗਾ। ਵਿਆਹ ਤੋਂ ਬਾਅਦ ਉਹ ਅਕਸਰ ਅਜਿਹੀਆਂ ਸਹੁੰਆਂ ਖਾਂਦਾ ਰਹਿੰਦਾ ਸੀ।

ਟਰੌਏ: ਮੈਨੂੰ ਛੋਟੀ-ਛੋਟੀ ਗੱਲ ’ਤੇ ਗੁੱਸਾ ਚੜ੍ਹ ਜਾਂਦਾ ਸੀ। ਮਿਸਾਲ ਲਈ, ਜੇ ਵੈਲਰੀ ਨੂੰ ਰੋਟੀ ਪਕਾਉਣ ਵਿਚ ਦੇਰੀ ਹੋ ਜਾਂਦੀ ਸੀ, ਤਾਂ ਉਸ ਦੇ ਚੰਗੀਆਂ ਪੈਂਦੀਆਂ ਸਨ। ਇਕ ਵਾਰ ਮੈਂ ਵੈਲਰੀ ਨੂੰ ਪਿਸਤੌਲ ਨਾਲ ਕੁੱਟਿਆ। ਇਕ ਹੋਰ ਮੌਕੇ ਤੇ ਮੈਂ ਉਸ ਨੂੰ ਇੰਨਾ ਕੁੱਟਿਆ ਕਿ ਮੈਨੂੰ ਲੱਗਾ ਮੈਂ ਉਸ ਨੂੰ ਜਾਨੋਂ ਮਾਰ ਦਿੱਤਾ। ਫਿਰ ਮੈਂ ਆਪਣੇ ਮੁੰਡੇ ਦੀ ਗਰਦਨ ’ਤੇ ਚਾਕੂ ਰੱਖ ਕੇ ਵੈਲਰੀ ਨੂੰ ਡਰਾਉਣ-ਧਮਕਾਉਣ ਲੱਗਾ।

ਵੈਲਰੀ: ਮੈਂ ਹਮੇਸ਼ਾ ਡਰ-ਡਰ ਕੇ ਜੀਉਂਦੀ ਸੀ। ਕਈ ਵਾਰ ਮੈਨੂੰ ਘਰੋਂ ਭੱਜਣਾ ਪੈਂਦਾ ਸੀ ਤੇ ਮੈਂ ਉਦੋਂ ਤਕ ਘਰ ਨਹੀਂ ਆਉਂਦੀ ਸੀ ਜਦ ਤਕ ਟਰੌਏ ਸ਼ਾਂਤ ਨਹੀਂ ਸੀ ਹੁੰਦੇ। ਮਾਰ-ਕੁਟਾਈ ਨਾਲੋਂ ਮੈਨੂੰ ਉਨ੍ਹਾਂ ਦੀਆਂ ਗੱਲਾਂ ਸਹਿਣੀਆਂ ਜ਼ਿਆਦਾ ਔਖੀਆਂ ਲੱਗਦੀਆਂ ਸਨ।

ਟਰੌਏ, ਕੀ ਤੁਹਾਡਾ ਪਹਿਲਾਂ ਤੋਂ ਹੀ ਹਿੰਸਕ ਸੁਭਾਅ ਸੀ?

ਟਰੌਏ: ਹਾਂ, ਮੇਰਾ ਬਚਪਨ ਤੋਂ ਹੀ ਇਸ ਤਰ੍ਹਾਂ ਦਾ ਸੁਭਾਅ ਸੀ। ਸਾਡੇ ਘਰ ਵਿਚ ਹਮੇਸ਼ਾ ਕੁੱਟ-ਕੁਟਾਪਾ ਹੁੰਦਾ ਰਹਿੰਦਾ ਸੀ। ਡੈਡੀ ਜੀ ਅਕਸਰ ਮੇਰੇ ਅਤੇ ਮੇਰੇ ਭੈਣ-ਭਰਾਵਾਂ ਦੇ ਸਾਮ੍ਹਣੇ ਮੰਮੀ ਜੀ ਨੂੰ ਮਾਰਦੇ-ਕੁੱਟਦੇ ਸਨ। ਜਦੋਂ ਉਹ ਸਾਨੂੰ ਛੱਡ ਕੇ ਚਲੇ ਗਏ, ਤਾਂ ਮੰਮੀ ਜੀ ਕਿਸੇ ਹੋਰ ਆਦਮੀ ਨਾਲ ਰਹਿਣ ਲੱਗ ਗਏ ਅਤੇ ਉਹ ਵੀ ਉਸ ਨੂੰ ਕੁੱਟਦਾ ਹੁੰਦਾ ਸੀ। ਉਸ ਨੇ ਮੇਰੇ ਅਤੇ ਮੇਰੀ ਵੱਡੀ ਭੈਣ ਨਾਲ ਬਲਾਤਕਾਰ ਵੀ ਕੀਤਾ ਜਿਸ ਕਰਕੇ ਉਸ ਨੂੰ ਜੇਲ੍ਹ ਜਾਣਾ ਪਿਆ। ਪਰ ਮੈਂ ਮੰਨਦਾ ਹਾਂ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੀ ਬੀਤੀ ਜ਼ਿੰਦਗੀ ਕਰਕੇ ਮੈਨੂੰ ਆਪਣੀ ਪਤਨੀ ਨਾਲ ਬਦਸਲੂਕੀ ਕਰਨ ਦਾ ਹੱਕ ਸੀ।

ਵੈਲਰੀ, ਤੁਸੀਂ ਆਪਣੇ ਪਤੀ ਨੂੰ ਛੱਡ ਕਿਉਂ ਨਹੀਂ ਦਿੱਤਾ?

ਵੈਲਰੀ: ਮੈਨੂੰ ਡਰ ਲੱਗਦਾ ਸੀ ਕਿ ਉਹ ਮੇਰਾ ਪਿੱਛਾ ਕਰ ਕੇ ਮੈਨੂੰ ਜਾਂ ਮੇਰੇ ਮਾਪਿਆਂ ਨੂੰ ਜਾਨੋਂ ਮਾਰ ਦੇਣਗੇ। ਜੇ ਮੈਂ ਉਨ੍ਹਾਂ ਦੇ ਖ਼ਿਲਾਫ਼ ਰਿਪੋਰਟ ਲਿਖਵਾਉਂਦੀ, ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਸਨ।

ਤੁਹਾਡੇ ਹਾਲਾਤ ਕਦੋਂ ਬਦਲਣ ਲੱਗੇ?

ਟਰੌਏ: ਮੇਰੀ ਪਤਨੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ। ਪਹਿਲਾਂ-ਪਹਿਲਾਂ ਤਾਂ ਮੈਨੂੰ ਉਸ ਦੇ ਨਵੇਂ ਦੋਸਤਾਂ ਤੋਂ ਜਲ਼ਣ ਹੁੰਦੀ ਸੀ ਤੇ ਮੈਂ ਸੋਚਦਾ ਸੀ ਕਿ ਮੈਨੂੰ ਆਪਣੀ ਪਤਨੀ ਨੂੰ ਇਸ ਅਜੀਬ ਧਰਮ ਤੋਂ ਬਚਾਉਣ ਦੀ ਲੋੜ ਸੀ। ਇਸ ਲਈ ਮੈਂ ਆਪਣੀ ਪਤਨੀ ਨੂੰ ਹੋਰ ਮਾਰਨ-ਕੁੱਟਣ ਲੱਗ ਪਿਆ ਤੇ ਮੈਂ ਗਵਾਹਾਂ ਨਾਲ ਵੀ ਗੁੱਸੇ ਨਾਲ ਪੇਸ਼ ਆਉਂਦਾ ਸੀ। ਸਾਡੇ ਚਾਰ ਸਾਲ ਦੇ ਮੁੰਡੇ ਡਾਨੀਏਲ ਨੂੰ ਦੌਰੇ ਪੈਂਦੇ ਸਨ ਅਤੇ ਇਕ ਸਮੇਂ ਉਸ ਨੂੰ ਲਗਭਗ ਤਿੰਨ ਹਫ਼ਤੇ ਹਸਪਤਾਲ ਰਹਿਣਾ ਪਿਆ। ਇਸ ਸਮੇਂ ਦੌਰਾਨ ਗਵਾਹਾਂ ਨੇ ਸਾਡੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਤਾਂ ਸਾਡੀ ਛੇ ਸਾਲਾਂ ਦੀ ਧੀ ਡੇਜ਼ੀਰਏ ਦੀ ਵੀ ਦੇਖ-ਭਾਲ ਕੀਤੀ। ਇਕ ਭਰਾ ਸਾਰੀ ਰਾਤ ਕੰਮ ਕਰਨ ਤੋਂ ਬਾਅਦ ਦੂਜੇ ਦਿਨ ਡਾਨੀਏਲ ਕੋਲ ਰਿਹਾ ਤਾਂਕਿ ਵੈਲਰੀ ਕੁਝ ਦੇਰ ਲਈ ਸੌਂ ਸਕੇ। ਜਿਨ੍ਹਾਂ ਲੋਕਾਂ ਨਾਲ ਮੈਂ ਬੁਰਾ ਸਲੂਕ ਕੀਤਾ ਸੀ, ਉਨ੍ਹਾਂ ਵੱਲੋਂ ਦਿਖਾਈ ਦਇਆ ਨੇ ਮੇਰੇ ਦਿਲ ਨੂੰ ਛੂਹ ਲਿਆ। ਉਨ੍ਹਾਂ ਨੇ ਆਪਣੇ ਕੰਮਾਂ ਰਾਹੀਂ ਦਿਖਾਇਆ ਕਿ ਉਹ ਵਾਕਈ ਸੱਚੇ ਮਸੀਹੀ ਸਨ। ਇਸ ਲਈ ਮੈਂ ਉਨ੍ਹਾਂ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਸਟੱਡੀ ਕਰਦਿਆਂ ਮੈਂ ਸਿੱਖਿਆ ਕਿ ਇਕ ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਮੈਂ ਕੁੱਟ-ਮਾਰ ਕਰਨੀ ਤੇ ਗਾਲ਼ਾਂ ਕੱਢਣੀਆਂ ਛੱਡ ਦਿੱਤੀਆਂ ਤੇ ਯਹੋਵਾਹ ਦਾ ਗਵਾਹ ਬਣ ਗਿਆ।

ਬਾਈਬਲ ਦੇ ਕਿਹੜੇ ਅਸੂਲਾਂ ਨੇ ਬਦਲਣ ਵਿਚ ਤੁਹਾਡੀ ਮਦਦ ਕੀਤੀ?

ਟਰੌਏ: ਬਾਈਬਲ ਦੇ ਬਹੁਤ ਸਾਰੇ ਅਸੂਲਾਂ ਨੇ ਮੇਰੀ ਮਦਦ ਕੀਤੀ। ਪਹਿਲੇ ਪਤਰਸ 3:7 ਵਿਚ ਦੱਸਿਆ ਗਿਆ ਹੈ ਕਿ ਮੈਨੂੰ ਆਪਣੀ ਪਤਨੀ ਦੀ “ਇੱਜ਼ਤ” ਕਰਨੀ ਚਾਹੀਦੀ ਹੈ। ਗਲਾਤੀਆਂ 5:23 ਵਿਚ ਦੱਸਿਆ ਗਿਆ ਹੈ ਕਿ ਮੈਨੂੰ “ਨਰਮਾਈ” ਤੇ “ਸੰਜਮ” ਨਾਲ ਪੇਸ਼ ਆਉਣਾ ਚਾਹੀਦਾ ਹੈ। ਅਫ਼ਸੀਆਂ 4:31 ਵਿਚ ਦੱਸਿਆ ਗਿਆ ਹੈ ਕਿ ਮੈਨੂੰ “ਗਾਲ਼ੀ-ਗਲੋਚ” ਨਹੀਂ ਕਰਨਾ ਚਾਹੀਦਾ। ਇਬਰਾਨੀਆਂ 4:13 ਕਹਿੰਦਾ ਹੈ: ‘ਸ੍ਰਿਸ਼ਟੀ ਦੀ ਹਰ ਚੀਜ਼ ਪਰਮੇਸ਼ੁਰ ਦੇ ਸਾਮ੍ਹਣੇ ਹੈ’ ਯਾਨੀ ਜੋ ਵੀ ਮੈਂ ਕਰਦਾ ਹਾਂ ਉਹ ਸਭ ਕੁਝ ਪਰਮੇਸ਼ੁਰ ਦੇਖ ਸਕਦਾ ਹੈ ਭਾਵੇਂ ਇਹ ਦੂਸਰਿਆਂ ਦੀਆਂ ਨਜ਼ਰਾਂ ਤੋਂ ਓਹਲੇ ਹੋਵੇ। ਨਾਲੇ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਮੈਨੂੰ ਨਵੇਂ ਦੋਸਤ ਬਣਾਉਣ ਦੀ ਲੋੜ ਸੀ ਕਿਉਂਕਿ “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਮੇਰੇ ਪੁਰਾਣੇ ਦੋਸਤ ਮੈਨੂੰ ਮਾਰ-ਕੁੱਟ ਕਰਨ ਦੀ ਹੱਲਾਸ਼ੇਰੀ ਦਿੰਦੇ ਸਨ। ਉਨ੍ਹਾਂ ਦੇ ਭਾਣੇ ਔਰਤ ਨੂੰ ਕੰਟ੍ਰੋਲ ਵਿਚ ਰੱਖਣ ਲਈ ਉਸ ਨੂੰ ਕੁੱਟਣਾ ਠੀਕ ਸੀ।

ਤੁਸੀਂ ਹੁਣ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

ਵੈਲਰੀ: ਟਰੌਏ ਨੂੰ ਯਹੋਵਾਹ ਦੇ ਗਵਾਹ ਬਣੇ ਨੂੰ 25 ਸਾਲ ਹੋ ਗਏ ਹਨ। ਹੁਣ ਉਹ ਮੇਰੇ ਨਾਲ ਦਿਲੋਂ ਪਿਆਰ ਕਰਦੇ ਹਨ ਅਤੇ ਨਰਮਾਈ ਤੇ ਸਮਝਦਾਰੀ ਨਾਲ ਪੇਸ਼ ਆਉਂਦੇ ਹਨ।

ਟਰੌਏ: ਮੇਰੀ ਪਤਨੀ ਬਹੁਤ ਚੰਗੀ ਹੈ ਅਤੇ ਮੈਨੂੰ ਉਸ ਦੇ ਨਾਲ ਕਦੇ ਵੀ ਇਸ ਤਰ੍ਹਾਂ ਪੇਸ਼ ਨਹੀਂ ਆਉਣਾ ਚਾਹੀਦਾ ਸੀ। ਮੈਂ ਆਪਣੇ ਪਰਿਵਾਰ ਨਾਲ ਜੋ ਕੁਝ ਕੀਤਾ, ਉਸ ਨੂੰ ਬਦਲ ਨਹੀਂ ਸਕਦਾ। ਪਰ ਮੈਂ ਉਸ ਸਮੇਂ ਦੀ ਉਡੀਕ ਕਰਦਾ ਹਾਂ ਜਦੋਂ ਯਸਾਯਾਹ 65:17 ਦਾ ਹਵਾਲਾ ਪੂਰਾ ਹੋਵੇਗਾ ਤੇ ਸਾਨੂੰ ਇਹ ਗੱਲਾਂ ਚੇਤੇ ਨਹੀਂ ਆਉਣਗੀਆਂ।

ਤੁਸੀਂ ਘਰੇਲੂ ਹਿੰਸਾ ਦੇ ਸ਼ਿਕਾਰ ਪਰਿਵਾਰਾਂ ਨੂੰ ਕੀ ਸਲਾਹ ਦੇਵੋਗੇ?

ਟਰੌਏ: ਜੇ ਤੁਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਕੁੱਟਦੇ-ਮਾਰਦੇ ਹੋ ਜਾਂ ਉਨ੍ਹਾਂ ਨਾਲ ਗਾਲ਼ੀ-ਗਲੋਚ ਕਰਦੇ ਹੋ, ਤਾਂ ਤੁਹਾਨੂੰ ਮਦਦ ਦੀ ਲੋੜ ਹੈ। ਮਦਦ ਲੈਣ ਵਿਚ ਢਿੱਲ ਨਾ ਕਰੋ। ਤੁਹਾਨੂੰ ਇਹ ਮਦਦ ਜ਼ਰੂਰ ਮਿਲੇਗੀ। ਮੇਰੀ ਗੱਲ ਲੈ ਲਓ: ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਅਤੇ ਸੰਗਤ ਕਰਨ ਨਾਲ ਮੈਂ ਹੌਲੀ-ਹੌਲੀ ਆਪਣਾ ਹਿੰਸਕ ਸੁਭਾਅ ਬਦਲ ਸਕਿਆ ਹਾਂ।

ਵੈਲਰੀ: ਆਪਣੇ ਹਾਲਾਤਾਂ ਦੀ ਤੁਲਨਾ ਦੂਸਰਿਆਂ ਦੇ ਹਾਲਾਤਾਂ ਨਾਲ ਕਰਨ ਤੋਂ ਪਰਹੇਜ਼ ਕਰੋ। ਨਾਲੇ ਉਨ੍ਹਾਂ ਲੋਕਾਂ ਦੀ ਗੱਲ ਮੰਨਣ ਵਿਚ ਕਾਹਲੀ ਨਾ ਕਰੋ ਜਿਹੜੇ ਸੋਚਦੇ ਹਨ ਕਿ ਉਨ੍ਹਾਂ ਦੀ ਸਲਾਹ ਹੀ ਤੁਹਾਡੇ ਲਈ ਸਹੀ ਹੈ। ਮੈਂ ਮੰਨਦੀ ਹਾਂ ਕਿ ਸਾਰਿਆਂ ਦੇ ਪਤੀ ਨਹੀਂ ਸੁਧਰਦੇ। ਪਰ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਮੈਂ ਆਪਣੇ ਪਤੀ ਨੂੰ ਛੱਡਿਆ ਨਹੀਂ ਕਿਉਂਕਿ ਹੁਣ ਸਾਡੀ ਚੰਗੀ ਨਿਭਦੀ ਹੈ।

ਘਰੇਲੂ ਹਿੰਸਾ ਦਾ ਖ਼ਾਤਮਾ

ਬਾਈਬਲ ਦੀ ਸਟੱਡੀ ਕਰਨ ਨਾਲ ਕਈ ਆਦਮੀਆਂ ਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਵਿਚ ਮਦਦ ਮਿਲੀ ਹੈ

ਬਾਈਬਲ ਦੱਸਦੀ ਹੈ: ‘ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਇਹ ਸਿਖਾਉਣ, ਤਾੜਨ ਤੇ ਸੁਧਾਰਨ ਲਈ ਫ਼ਾਇਦੇਮੰਦ ਹੈ।’ (2 ਤਿਮੋਥਿਉਸ 3:16) ਟਰੌਏ ਵਾਂਗ ਹੋਰਨਾਂ ਹਿੰਸਕ ਆਦਮੀਆਂ ਨੇ ਵੀ ਬਾਈਬਲ ਦੀ ਸਲਾਹ ਲਾਗੂ ਕਰ ਕੇ ਆਪਣੀ ਸੋਚ ਤੇ ਸੁਭਾਅ ਨੂੰ ਬਦਲਿਆ ਹੈ।

ਕੀ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਉਣ ਲਈ ਜਾਣਨਾ ਚਾਹੋਗੇ ਕਿ ਬਾਈਬਲ ਹੋਰ ਕਿਹੜੀ ਸਲਾਹ ਦਿੰਦੀ ਹੈ? ਹੋਰ ਜਾਣਕਾਰੀ ਲਈ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਜਾਂ ਸਾਡੀ ਵੈੱਬਸਾਈਟ ਦੇਖੋ www.pr418.com. (g13 04-E)

^ ਪੇਰਗ੍ਰੈਫ 2 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੇਰਗ੍ਰੈਫ 7 ਇਹ ਸੱਚ ਹੈ ਕਿ ਕਈ ਵਾਰ ਔਰਤਾਂ ਆਪਣੇ ਘਰਵਾਲਿਆਂ ਨੂੰ ਕੁੱਟਦੀਆਂ ਹਨ। ਪਰ ਜ਼ਿਆਦਾ ਰਿਪੋਰਟਾਂ ਔਰਤਾਂ ਤੋਂ ਮਿਲਦੀਆਂ ਹਨ ਜਿਨ੍ਹਾਂ ਦੇ ਪਤੀ ਉਨ੍ਹਾਂ ਉੱਤੇ ਜ਼ੁਲਮ ਢਾਹੁੰਦੇ ਹਨ।