Skip to content

Skip to table of contents

ਦੁੱਖਾਂ ਦਾ ਅੰਤ ਜਲਦੀ!

ਦੁੱਖਾਂ ਦਾ ਅੰਤ ਜਲਦੀ!

ਜ਼ਰਾ ਉਸ ਦੁਨੀਆਂ ਦੀ ਕਲਪਨਾ ਕਰੋ ਜਿੱਥੇ ਅਪਰਾਧ, ਲੜਾਈਆਂ, ਬੀਮਾਰੀਆਂ ਤੇ ਕੁਦਰਤੀ ਆਫ਼ਤਾਂ ਨਹੀਂ ਹੋਣਗੀਆਂ। ਜ਼ਰਾ ਸੋਚੋ ਕਿ ਤੁਹਾਡੇ ਨਾਲ ਪੱਖਪਾਤ ਨਹੀਂ ਹੋਵੇਗਾ, ਕੋਈ ਜ਼ੁਲਮ ਨਹੀਂ ਹੋਵੇਗਾ ਤੇ ਪੈਸਿਆਂ ਦੀ ਕੋਈ ਚਿੰਤਾ ਨਹੀਂ ਹੋਵੇਗੀ। ਸ਼ਾਇਦ ਕੋਈ ਕਹੇ: ‘ਇੱਦਾਂ ਤਾਂ ਹੋ ਹੀ ਨਹੀਂ ਸਕਦਾ।’ ਇਹ ਸੱਚ ਹੈ ਕਿ ਕੋਈ ਇਨਸਾਨ ਜਾਂ ਇਨਸਾਨੀ ਸੰਸਥਾ ਅਜਿਹੇ ਹਾਲਾਤ ਨਹੀਂ ਲਿਆ ਸਕਦੀ। ਪਰ ਰੱਬ ਵਾਅਦਾ ਕਰਦਾ ਹੈ ਕਿ ਉਹ ਉਨ੍ਹਾਂ ਸਾਰੇ ਕਾਰਨਾਂ ਨੂੰ ਮਿਟਾ ਦੇਵੇਗਾ ਜਿਨ੍ਹਾਂ ਕਰਕੇ ਸਾਨੂੰ ਦੁੱਖ ਝੱਲਣੇ ਪੈਂਦੇ ਹਨ। ਰੱਬ ਦੇ ਬਚਨ, ਬਾਈਬਲ, ਵਿਚ ਕੀਤੇ ਵਾਅਦਿਆਂ ’ਤੇ ਗੌਰ ਕਰੋ:

ਵਧੀਆ ਸਰਕਾਰ ਦਾ ਰਾਜ

“ਇਹਨਾਂ ਸ਼ਾਸਕਾਂ ਦੇ ਸਮੇਂ ਵਿਚ ਹੀ ਸਵਰਗ ਦਾ ਪਰਮੇਸ਼ਰ ਇਕ ਇਹੋ ਜਹੇ ਰਾਜ ਦੀ ਸਥਾਪਨਾ ਕਰੇਗਾ, ਜਿਸਦਾ ਕੋਈ ਅੰਤ ਨਹੀਂ ਹੋਵੇਗਾ। ਉਹ ਰਾਜ ਇਹਨਾਂ ਸਭ ਰਾਜਾਂ ਨੂੰ ਨਾਸ਼ ਕਰ ਦੇਵੇਗਾ, ਅਤੇ ਆਪ ਹਮੇਸ਼ਾਂ ਤਕ ਕਾਇਮ ਰਹੇਗਾ।”​—ਦਾਨੀਏਲ 2:44, CL.

ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ ਤੇ ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਰਾਜੇ ਵਜੋਂ ਚੁਣਿਆ ਹੈ। ਉਹ ਧਰਤੀ ’ਤੇ ਸਾਰੀਆਂ ਸਰਕਾਰਾਂ ਦੀ ਜਗ੍ਹਾ ਰਾਜ ਕਰੇਗਾ। ਉਹ ਪਰਮੇਸ਼ੁਰ ਦੀ ਮਰਜ਼ੀ ਸਿਰਫ਼ ਸਵਰਗ ਵਿਚ ਹੀ ਨਹੀਂ, ਸਗੋਂ ਧਰਤੀ ’ਤੇ ਵੀ ਪੂਰੀ ਕਰੇਗਾ। (ਮੱਤੀ 6:9, 10) ਕੋਈ ਵੀ ਇਨਸਾਨੀ ਸਰਕਾਰ ਪਰਮੇਸ਼ੁਰ ਦੇ ਰਾਜ ਦੀ ਜਗ੍ਹਾ ਨਹੀਂ ਲਵੇਗੀ ਕਿਉਂਕਿ ਇਹ ‘ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦਾ ਹਮੇਸ਼ਾ ਕਾਇਮ ਰਹਿਣ ਵਾਲਾ ਰਾਜ’ ਹੋਵੇਗਾ।​—2 ਪਤਰਸ 1:11.

ਸੱਚਾ ਧਰਮ ਹੋਵੇਗਾ

“ਸ਼ੈਤਾਨ ਵੀ ਚਾਨਣ ਦਾ ਦੂਤ ਹੋਣ ਦਾ ਦਿਖਾਵਾ ਕਰਦਾ ਹੈ। ਇਸ ਲਈ ਮੈਂ ਇਸ ਗੱਲੋਂ ਹੈਰਾਨ ਨਹੀਂ ਹਾਂ ਕਿ ਉਸ ਦੇ ਸੇਵਕ ਵੀ ਨੇਕ ਕੰਮ ਕਰਨ ਵਾਲੇ ਸੇਵਕ ਹੋਣ ਦਾ ਦਿਖਾਵਾ ਕਰਦੇ ਹਨ। ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਅਨੁਸਾਰ ਹੀ ਹੋਵੇਗਾ।”​—2 ਕੁਰਿੰਥੀਆਂ 11:14, 15.

ਇਹ ਜ਼ਾਹਰ ਕੀਤਾ ਜਾਵੇਗਾ ਕਿ ਝੂਠੇ ਧਰਮ ਸ਼ੈਤਾਨ ਵੱਲੋਂ ਹਨ ਤੇ ਇਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਧਰਮ ਦੇ ਨਾਂ ’ਤੇ ਕੀਤਾ ਜਾਂਦਾ ਪੱਖਪਾਤ ਤੇ ਖ਼ੂਨ-ਖ਼ਰਾਬਾ ਪੁਰਾਣੀਆਂ ਗੱਲਾਂ ਹੋ ਜਾਣਗੀਆਂ। ਇਸ ਕਰਕੇ “ਜੀਉਂਦੇ ਅਤੇ ਸੱਚੇ ਪਰਮੇਸ਼ੁਰ” ਨੂੰ ਪਿਆਰ ਕਰਨ ਵਾਲੇ ਲੋਕ ‘ਸੱਚਾਈ ਨਾਲ ਤੇ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਉਸ ਦੀ ਭਗਤੀ ਕਰਨਗੇ।’ ਨਤੀਜੇ ਵਜੋਂ ਸਾਰੇ ਪਾਸੇ ਸ਼ਾਂਤੀ ਤੇ ਏਕਤਾ ਹੋਵੇਗੀ!​—1 ਥੱਸਲੁਨੀਕੀਆਂ 1:9; ਅਫ਼ਸੀਆਂ 4:5; ਯੂਹੰਨਾ 4:23.

ਇਨਸਾਨ ਪਾਪ ਨਹੀਂ ਕਰਨਗੇ

“ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ। ਅਤੇ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”​—ਪ੍ਰਕਾਸ਼ ਦੀ ਕਿਤਾਬ 21:3, 4.

ਇਹ ਸਾਰਾ ਕੁਝ ਮੁਮਕਿਨ ਕਿਵੇਂ ਹੋਵੇਗਾ? ਯਹੋਵਾਹ ਪਰਮੇਸ਼ੁਰ ਨੇ ਦੁਨੀਆਂ ਲਈ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਹੈ। (ਯੂਹੰਨਾ 3:16) ਯਿਸੂ ਮਸੀਹ ਦੀ ਅਗਵਾਈ ਅਧੀਨ ਸਾਰੀ ਮਨੁੱਖਜਾਤੀ ਨੂੰ ਪਾਪ ਤੋਂ ਮੁਕਤ ਕੀਤਾ ਜਾਵੇਗਾ। ਉਸ ਵੇਲੇ ਕੋਈ ਦੁੱਖ ਨਹੀਂ ਹੋਵੇਗਾ ਕਿਉਂਕਿ “ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ” ਤੇ “ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।” ਇਨਸਾਨ ਫਿਰ ਪਾਪ ਨਹੀਂ ਕਰਨਗੇ ਤੇ ਉਨ੍ਹਾਂ ਦੇ ਦੁੱਖ ਖ਼ਤਮ ਕੀਤੇ ਜਾਣਗੇ। ਬਾਈਬਲ ਵਿਚ ਲਿਖਿਆ ਹੈ ਕਿ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”​—ਜ਼ਬੂਰਾਂ ਦੀ ਪੋਥੀ 37:29.

ਦੁਸ਼ਟ ਦੂਤ ਨਹੀਂ ਰਹਿਣਗੇ

‘ਯਿਸੂ ਮਸੀਹ ਨੇ ਉਸ ਅਜਗਰ ਨੂੰ, ਹਾਂ ਉਸ ਪੁਰਾਣੇ ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ ਨੂੰ ਫੜ ਕੇ 1,000 ਸਾਲ ਲਈ ਬੰਨ੍ਹ ਦਿੱਤਾ। ਅਤੇ ਉਸ ਨੇ ਅਜਗਰ ਨੂੰ ਅਥਾਹ ਕੁੰਡ ਵਿਚ ਸੁੱਟ ਦਿੱਤਾ ਅਤੇ ਇਸ ਦੇ ਦਰਵਾਜ਼ੇ ਨੂੰ ਬੰਦ ਕਰ ਕੇ ਮੁਹਰ ਲਾ ਦਿੱਤੀ ਤਾਂਕਿ ਉਹ ਕੌਮਾਂ ਨੂੰ ਗੁਮਰਾਹ ਨਾ ਕਰੇ।’​—ਪ੍ਰਕਾਸ਼ ਦੀ ਕਿਤਾਬ 20:2, 3.

ਜਦੋਂ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਬੰਨ੍ਹ ਕੇ “ਅਥਾਹ ਕੁੰਡ” ਵਿਚ ਸੁੱਟ ਦਿੱਤਾ ਜਾਵੇਗਾ ਜਿੱਥੇ ਉਹ ਕੁਝ ਨਹੀਂ ਕਰ ਸਕਣਗੇ, ਤਾਂ ਉਹ ਲੋਕਾਂ ’ਤੇ ਆਪਣਾ ਬੁਰਾ ਅਸਰ ਨਹੀਂ ਪਾ ਸਕਣਗੇ। ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਦੇ ਅਸਰ ਤੋਂ ਬਗੈਰ ਦੁਨੀਆਂ ਵਿਚ ਰਹਿਣਾ ਕਿੰਨਾ ਹੀ ਵਧੀਆ ਹੋਵੇਗਾ!

“ਆਖ਼ਰੀ ਦਿਨ” ਪੂਰੇ ਹੋ ਜਾਣਗੇ

“ਆਖ਼ਰੀ ਦਿਨ” “ਮਹਾਂਕਸ਼ਟ” ਦੇ ਸ਼ੁਰੂ ਹੋਣ ਨਾਲ ਖ਼ਤਮ ਹੋ ਜਾਣਗੇ। ਯਿਸੂ ਨੇ ਕਿਹਾ: “ਅਜਿਹਾ ਕਸ਼ਟ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ।”​—ਮੱਤੀ 24:21.

ਮਹਾਂਕਸ਼ਟ ਦੌਰਾਨ ਅਜਿਹੀਆਂ ਘਟਨਾਵਾਂ ਵਾਪਰਨਗੀਆਂ ਜੋ ਪਹਿਲਾਂ ਕਦੇ ਨਹੀਂ ਹੋਈਆਂ। ਇਹ ਘਟਨਾਵਾਂ ਉਦੋਂ ਖ਼ਤਮ ਹੋ ਜਾਣਗੀਆਂ ਜਦੋਂ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ” ਦੀ ਲੜਾਈ ਸ਼ੁਰੂ ਹੋਵੇਗੀ ਜਿਸ ਨੂੰ ਬਾਈਬਲ ਵਿਚ “ਆਰਮਾਗੇਡਨ” ਕਿਹਾ ਗਿਆ ਹੈ।​—ਪ੍ਰਕਾਸ਼ ਦੀ ਕਿਤਾਬ 16:14, 16.

ਸੰਸਾਰ ਭਰ ਵਿਚ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਣ ਵਾਲੇ ਲੋਕ ਇਸ ਦੁਸ਼ਟ ਦੁਨੀਆਂ ਦੇ ਅੰਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰਮੇਸ਼ੁਰ ਦੇ ਰਾਜ ਅਧੀਨ ਮਿਲਣ ਵਾਲੀਆਂ ਕੁਝ ਬਰਕਤਾਂ ’ਤੇ ਗੌਰ ਕਰੋ।

ਪਰਮੇਸ਼ੁਰ ਵੱਲੋਂ ਬਰਕਤਾਂ

“ਲੋਕਾਂ ਦੀ ਇਕ ਵੱਡੀ ਭੀੜ” ਨਵੀਂ ਦੁਨੀਆਂ ਵਿਚ ਜਾਵੇਗੀ: ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਅਣਗਿਣਤ “ਲੋਕਾਂ ਦੀ ਇਕ ਵੱਡੀ ਭੀੜ” “ਮਹਾਂਕਸ਼ਟ ਵਿੱਚੋਂ ਬਚ ਕੇ” ਨਵੀਂ ਦੁਨੀਆਂ ਵਿਚ ਜਾਵੇਗੀ ਜਿੱਥੇ ਹਮੇਸ਼ਾ ਧਾਰਮਿਕਤਾ ਰਹੇਗੀ। (ਪ੍ਰਕਾਸ਼ ਦੀ ਕਿਤਾਬ 7:9, 10, 14; 2 ਪਤਰਸ 3:13) ਉਹ ਆਪਣੀ ਮੁਕਤੀ ਦਾ ਸਿਹਰਾ ਯਿਸੂ ਮਸੀਹ ਨੂੰ ਦੇਣਗੇ ਜੋ “ਪਰਮੇਸ਼ੁਰ ਦਾ ਲੇਲਾ” ਹੈ ਤੇ ਉਹ “ਦੁਨੀਆਂ ਦਾ ਪਾਪ ਮਿਟਾ ਦੇਵੇਗਾ।”​—ਯੂਹੰਨਾ 1:29.

ਪਰਮੇਸ਼ੁਰ ਦੇ ਗਿਆਨ ਤੋਂ ਫ਼ਾਇਦੇ: ਨਵੀਂ ਦੁਨੀਆਂ ਵਿਚ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾਯਾਹ 11:9) ਇਸ ਗਿਆਨ ਦੀ ਮਦਦ ਨਾਲ ਇਨਸਾਨ ਆਪਸ ਵਿਚ ਤੇ ਜਾਨਵਰਾਂ ਨਾਲ ਸ਼ਾਂਤੀ ਨਾਲ ਰਹਿਣਾ ਸਿੱਖਣਗੇ ਅਤੇ ਧਰਤੀ ਦੀ ਦੇਖ-ਭਾਲ ਕਰਨਗੇ। ਰੱਬ ਵਾਅਦਾ ਕਰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”​—ਯਸਾਯਾਹ 48:17.

ਸਾਡੇ ਮਰੇ ਹੋਏ ਅਜ਼ੀਜ਼ਾਂ ਨੂੰ ਜੀਉਂਦਾ ਕੀਤਾ ਜਾਵੇਗਾ: ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਆਪਣੇ ਦੋਸਤ ਲਾਜ਼ਰ ਨੂੰ ਜੀਉਂਦਾ ਕੀਤਾ ਸੀ। (ਯੂਹੰਨਾ 11:1, 5, 38-44) ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਪਰਮੇਸ਼ੁਰ ਦੇ ਰਾਜ ਅਧੀਨ ਉਹ ਅਜਿਹਾ ਕੰਮ ਵੱਡੇ ਪੱਧਰ ਤੇ ਕਰੇਗਾ।​—ਯੂਹੰਨਾ 5:28, 29.

ਸ਼ਾਂਤੀ ਤੇ ਧਾਰਮਿਕਤਾ ਹਮੇਸ਼ਾ ਲਈ ਰਹੇਗੀ: ਯਿਸੂ ਮਸੀਹ ਦੇ ਰਾਜ ਅਧੀਨ ਬੁਰਾਈ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਜਾਵੇਗੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯਿਸੂ ਜਾਣਦਾ ਹੈ ਕਿ ਸਾਰਿਆਂ ਦੇ ਦਿਲਾਂ ਵਿਚ ਕੀ ਹੈ। ਇਸ ਕਰਕੇ ਉਹ ਧਰਮੀ ਤੇ ਦੁਸ਼ਟ ਲੋਕਾਂ ਦਾ ਨਿਆਂ ਕਰਨ ਦੇ ਕਾਬਲ ਹੈ। ਜਿਹੜੇ ਲੋਕ ਆਪਣੇ ਦੁਸ਼ਟ ਰਾਹਾਂ ਨੂੰ ਨਹੀਂ ਛੱਡਣਗੇ, ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਨਹੀਂ ਜਾ ਸਕਣਗੇ।​—ਜ਼ਬੂਰਾਂ ਦੀ ਪੋਥੀ 37:9, 10; ਯਸਾਯਾਹ 11:3, 4; 65:20; ਮੱਤੀ 9:4.

ਅਸੀਂ ਬਾਈਬਲ ਦੀਆਂ ਸਿਰਫ਼ ਕੁਝ ਹੀ ਭਵਿੱਖਬਾਣੀਆਂ ਦੇਖੀਆਂ ਹਨ ਜੋ ਭਵਿੱਖ ਵਿਚ ਆਉਣ ਵਾਲੇ ਵਧੀਆ ਸਮੇਂ ਬਾਰੇ ਦੱਸਦੀਆਂ ਹਨ। ਜਦੋਂ ਪਰਮੇਸ਼ੁਰ ਦਾ ਰਾਜ ਧਰਤੀ ’ਤੇ ਹਕੂਮਤ ਕਰੇਗਾ, ਤਾਂ ‘ਬਹੁਤਾ ਸੁਖ’ ਹੋਵੇਗਾ। (ਜ਼ਬੂਰਾਂ ਦੀ ਪੋਥੀ 37:11, 29) ਸਾਡੇ ਦੁੱਖਾਂ-ਤਕਲੀਫ਼ਾਂ ਦੇ ਸਾਰੇ ਕਾਰਨਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇਹ ਪਰਮੇਸ਼ੁਰ ਦਾ ਵਾਅਦਾ ਹੈ: “ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ। . . . ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।”​—ਪ੍ਰਕਾਸ਼ ਦੀ ਕਿਤਾਬ 21:5. (w13-E 09/01)