Skip to content

Skip to table of contents

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਹੁਣ ਮੈਨੂੰ ਲੱਗਦਾ ਕਿ ਮੈਂ ਦੂਜਿਆਂ ਦੀ ਮਦਦ ਕਰ ਸਕਦਾ ਹਾਂ

ਹੁਣ ਮੈਨੂੰ ਲੱਗਦਾ ਕਿ ਮੈਂ ਦੂਜਿਆਂ ਦੀ ਮਦਦ ਕਰ ਸਕਦਾ ਹਾਂ
  • ਜਨਮ: 1981

  • ਦੇਸ਼: ਗੁਆਤੇਮਾਲਾ

  • ਅਤੀਤ: ਦੁੱਖਾਂ ਦੀ ਮਾਰ ਹੇਠ ਬੀਤਿਆ ਬਚਪਨ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਜਨਮ ਆਕੂਲ ਨਾਂ ਦੇ ਦੂਰ-ਦੁਰਾਡੇ ਕਸਬੇ ਵਿਚ ਹੋਇਆ ਜੋ ਗੁਆਤੇਮਾਲਾ ਦੇ ਪੱਛਮੀ ਪਹਾੜੀ ਇਲਾਕੇ ਵਿਚ ਪੈਂਦਾ ਹੈ। ਮੇਰਾ ਪਰਿਵਾਰ ਆਈਸੀਲ ਲੋਕਾਂ ਵਿੱਚੋਂ ਹੈ ਜਿਨ੍ਹਾਂ ਦਾ ਸੰਬੰਧ ਮਾਇਆ ਜਾਤੀ ਨਾਲ ਹੈ। ਸਪੇਨੀ ਭਾਸ਼ਾ ਦੇ ਨਾਲ-ਨਾਲ ਮੈਂ ਆਪਣੇ ਇਲਾਕੇ ਦੀ ਭਾਸ਼ਾ ਵੀ ਸਿੱਖੀ। ਮੇਰੇ ਬਚਪਨ ਦੇ ਪਹਿਲੇ ਕੁਝ ਸਾਲ ਉਸ ਦਹਿਸ਼ਤ ਭਰੇ ਸਮੇਂ ਵਿਚ ਬੀਤੇ ਜਦੋਂ ਗੁਆਤੇਮਾਲਾ ਵਿਚ ਘਰੇਲੂ ਯੁੱਧ ਚੱਲ ਰਿਹਾ ਸੀ। ਇਹ ਯੁੱਧ 36 ਸਾਲਾਂ ਤਕ ਚੱਲਦਾ ਰਿਹਾ। ਇਸ ਸਮੇਂ ਦੌਰਾਨ ਬਹੁਤ ਸਾਰੇ ਆਈਸੀਲ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।

ਜਦੋਂ ਮੈਂ ਚਾਰ ਸਾਲਾਂ ਦਾ ਸੀ, ਉਦੋਂ ਮੇਰਾ ਸੱਤ ਸਾਲਾਂ ਦਾ ਭਰਾ ਹੱਥ-ਗੋਲੇ ਨਾਲ ਖੇਡ ਰਿਹਾ ਸੀ ਜੋ ਅਚਾਨਕ ਫਟ ਗਿਆ। ਦੁੱਖ ਦੀ ਗੱਲ ਹੈ ਕਿ ਇਸ ਹਾਦਸੇ ਕਾਰਨ ਮੇਰੇ ਭਰਾ ਦੀ ਮੌਤ ਹੋ ਗਈ ਤੇ ਮੇਰੀ ਨਿਗਾਹ ਚਲੀ ਗਈ। ਇਸ ਤੋਂ ਬਾਅਦ ਮੇਰਾ ਬਚਪਨ ਗੁਆਤੇਮਾਲਾ ਸ਼ਹਿਰ ਵਿਚ ਅੰਨ੍ਹੇ ਬੱਚਿਆਂ ਲਈ ਇਕ ਸੰਸਥਾ ਵਿਚ ਬੀਤਿਆ ਜਿੱਥੇ ਮੈਂ ਬ੍ਰੇਲ ਭਾਸ਼ਾ ਸਿੱਖੀ। ਉਸ ਸੰਸਥਾ ਦੇ ਮੈਂਬਰ ਮੈਨੂੰ ਦੂਜੇ ਬੱਚਿਆਂ ਨਾਲ ਗੱਲ ਕਰਨ ਤੋਂ ਰੋਕਦੇ ਸਨ ਤੇ ਮੇਰੇ ਨਾਲ ਦੇ ਵਿਦਿਆਰਥੀ ਵੀ ਮੇਰੇ ਤੋਂ ਦੂਰ-ਦੂਰ ਰਹਿੰਦੇ ਸਨ। ਮੈਨੂੰ ਪੂਰੀ ਤਰ੍ਹਾਂ ਨਹੀਂ ਪਤਾ ਕਿ ਉਹ ਮੇਰੇ ਨਾਲ ਇੱਦਾਂ ਕਿਉਂ ਕਰਦੇ ਸਨ। ਮੈਂ ਹਮੇਸ਼ਾ ਇਕੱਲਾ ਰਹਿੰਦਾ ਸੀ ਤੇ ਹਰ ਸਾਲ ਉਨ੍ਹਾਂ ਦੋ ਮਹੀਨਿਆਂ ਦੀ ਬੇਸਬਰੀ ਨਾਲ ਉਡੀਕ ਕਰਦਾ ਸੀ ਜਦੋਂ ਮੈਂ ਘਰ ਜਾ ਕੇ ਆਪਣੀ ਮੰਮੀ ਨਾਲ ਰਹਿੰਦਾ ਸੀ। ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਮੇਰੇ ਨਾਲ ਹਮਦਰਦੀ ਰੱਖਦੇ ਸੀ। ਅਫ਼ਸੋਸ ਦੀ ਗੱਲ ਹੈ ਕਿ ਜਦੋਂ ਮੈਂ 10 ਸਾਲਾਂ ਦਾ ਸੀ, ਤਾਂ ਉਹ ਮੌਤ ਦੀ ਨੀਂਦ ਸੌਂ ਗਏ। ਦੁਨੀਆਂ ਵਿਚ ਉਹੀ ਇੱਕੋ-ਇਕ ਇਨਸਾਨ ਸੀ ਜੋ ਮੈਨੂੰ ਪਿਆਰ ਕਰਦੇ ਸੀ, ਮੈਨੂੰ ਬਹੁਤ ਵੱਡਾ ਧੱਕਾ ਲੱਗਾ।

11 ਸਾਲ ਦੀ ਉਮਰ ਵਿਚ ਮੈਂ ਆਪਣੇ ਕਸਬੇ ਵਿਚ ਵਾਪਸ ਆ ਗਿਆ ਤੇ ਆਪਣੇ ਮਤਰੇਏ ਭਰਾ ਤੇ ਉਸ ਦੇ ਪਰਿਵਾਰ ਨਾਲ ਰਹਿਣ ਲੱਗ ਪਿਆ। ਉਨ੍ਹਾਂ ਨੇ ਮੇਰੀਆਂ ਭੌਤਿਕ ਲੋੜਾਂ ਤਾਂ ਪੂਰੀਆਂ ਕੀਤੀਆਂ, ਪਰ ਕਿਸੇ ਨੇ ਮੈਨੂੰ ਪਿਆਰ ਤੇ ਹੌਸਲਾ ਨਹੀਂ ਦਿੱਤਾ। ਕਦੇ-ਕਦੇ ਮੈਂ ਰੱਬ ਅੱਗੇ ਦੁਹਾਈ ਦਿੰਦਾ ਸੀ: “ਮੇਰੀ ਮੰਮੀ ਕਿਉਂ ਮਰ ਗਈ? ਮੈਂ ਹੀ ਕਿਉਂ ਅੰਨ੍ਹਾ ਹੋਇਆ?” ਲੋਕ ਮੈਨੂੰ ਕਹਿੰਦੇ ਸੀ ਕਿ ਇਹ ਸਭ ਰੱਬ ਦਾ ਭਾਣਾ ਹੈ। ਮੈਂ ਸੋਚਦਾ ਸੀ ਕਿ ਰੱਬ ਪੱਥਰ-ਦਿਲ ਤੇ ਅਨਿਆਈ ਹੈ। ਮੈਂ ਆਤਮ-ਹੱਤਿਆ ਸਿਰਫ਼ ਇਸ ਲਈ ਨਹੀਂ ਕੀਤੀ ਕਿਉਂਕਿ ਮੇਰੇ ਕੋਲ ਇਸ ਤਰ੍ਹਾਂ ਕਰਨ ਲਈ ਕੋਈ ਚੀਜ਼ ਨਹੀਂ ਸੀ।

ਅੰਨ੍ਹਾ ਹੋਣ ਕਰਕੇ ਮੈਂ ਦੂਜਿਆਂ ਤੋਂ ਆਪਣਾ ਬਚਾਅ ਨਹੀਂ ਸੀ ਕਰ ਸਕਦਾ ਤੇ ਦੁਖੀ ਰਹਿੰਦਾ ਸੀ। ਛੋਟੇ ਹੁੰਦਿਆਂ ਮੇਰੇ ਨਾਲ ਕਈ ਵਾਰ ਬਲਾਤਕਾਰ ਹੋਇਆ। ਮੈਂ ਕਦੇ ਵੀ ਇਸ ਜ਼ੁਲਮ ਬਾਰੇ ਕਿਸੇ ਨੂੰ ਨਹੀਂ ਦੱਸਿਆ ਕਿਉਂਕਿ ਮੈਨੂੰ ਲੱਗਦਾ ਸੀ ਕਿਸੇ ਨੂੰ ਮੇਰੀ ਕੋਈ ਪਰਵਾਹ ਨਹੀਂ। ਲੋਕ ਮੈਨੂੰ ਘੱਟ ਹੀ ਬੁਲਾਉਂਦੇ ਸਨ ਅਤੇ ਮੈਂ ਵੀ ਕਿਸੇ ਨਾਲ ਗੱਲ ਨਹੀਂ ਕਰਦਾ ਸੀ। ਮੈਂ ਕੱਲਾ-ਕੱਲਾ ਅਤੇ ਨਿਰਾਸ਼ ਰਹਿੰਦਾ ਸੀ ਤੇ ਮੈਨੂੰ ਕਿਸੇ ’ਤੇ ਵੀ ਭਰੋਸਾ ਨਹੀਂ ਸੀ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

ਜਦ ਮੈਂ 13 ਸਾਲਾਂ ਦਾ ਸੀ, ਉਦੋਂ ਯਹੋਵਾਹ ਦੇ ਦੋ ਗਵਾਹ (ਪਤੀ-ਪਤਨੀ) ਅੱਧੀ ਛੁੱਟੀ ਵੇਲੇ ਮੇਰੇ ਕੋਲ ਆਏ। ਮੇਰੇ ਸਕੂਲ ਦੀ ਇਕ ਅਧਿਆਪਕਾ, ਜੋ ਮੇਰੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦੀ ਸੀ, ਨੇ ਗਵਾਹਾਂ ਨੂੰ ਮੇਰੇ ਕੋਲ ਭੇਜਿਆ ਸੀ। ਉਨ੍ਹਾਂ ਨੇ ਮੈਨੂੰ ਬਾਈਬਲ ਦੇ ਵਾਅਦੇ ਬਾਰੇ ਦੱਸਿਆ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ ਅਤੇ ਇਕ ਦਿਨ ਅੰਨ੍ਹੇ ਦੁਬਾਰਾ ਦੇਖ ਸਕਣਗੇ। (ਯਸਾਯਾਹ 35:5; ਯੂਹੰਨਾ 5:28, 29) ਉਨ੍ਹਾਂ ਦੀਆਂ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ, ਪਰ ਮੈਨੂੰ ਉਨ੍ਹਾਂ ਨਾਲ ਗੱਲ ਕਰਨੀ ਔਖੀ ਲੱਗਦੀ ਸੀ ਕਿਉਂਕਿ ਮੈਂ ਜ਼ਿਆਦਾ ਚੁੱਪ ਰਹਿੰਦਾ ਸੀ। ਭਾਵੇਂ ਮੈਂ ਉਨ੍ਹਾਂ ਤੋਂ ਦੂਰ-ਦੂਰ ਰਹਿੰਦਾ ਸੀ, ਪਰ ਉਹ ਪਿਆਰ ਅਤੇ ਧੀਰਜ ਨਾਲ ਬਾਈਬਲ ਦੀ ਸਿੱਖਿਆ ਦੇਣ ਲਈ ਮੇਰੇ ਕੋਲ ਲਗਾਤਾਰ ਆਉਂਦੇ ਰਹੇ। ਇਹ ਜੋੜਾ 10 ਕਿਲੋਮੀਟਰ (6 ਮੀਲ) ਤੁਰ ਕੇ ਪਹਾੜ ਉੱਤੋਂ ਦੀ ਮੇਰੇ ਕਸਬੇ ਵਿਚ ਮੈਨੂੰ ਮਿਲਣ ਆਉਂਦਾ ਸੀ।

ਮੇਰੇ ਮਤਰੇਏ ਭਰਾ ਨੇ ਮੈਨੂੰ ਗਵਾਹਾਂ ਦੇ ਹੁਲੀਏ ਬਾਰੇ ਦੱਸਿਆ ਕਿ ਉਹ ਸਾਫ਼-ਸੁਥਰੇ ਕੱਪੜੇ ਪਾਉਂਦੇ ਸਨ, ਪਰ ਉਹ ਅਮੀਰ ਨਹੀਂ ਸਨ। ਫਿਰ ਵੀ ਉਹ ਹਮੇਸ਼ਾ ਮੇਰੇ ਵਿਚ ਗਹਿਰੀ ਦਿਲਚਸਪੀ ਲੈਂਦੇ ਸਨ ਤੇ ਮੇਰੇ ਲਈ ਛੋਟੇ-ਛੋਟੇ ਤੋਹਫ਼ੇ ਲਿਆਉਂਦੇ ਸਨ। ਮੈਨੂੰ ਲੱਗਾ ਕਿ ਸਿਰਫ਼ ਸੱਚੇ ਮਸੀਹੀ ਹੀ ਇਸ ਤਰ੍ਹਾਂ ਦਾ ਪਿਆਰ ਦਿਖਾ ਸਕਦੇ ਹਨ।

ਮੈਂ ਬ੍ਰੇਲ ਭਾਸ਼ਾ ਦੇ ਪ੍ਰਕਾਸ਼ਨਾਂ ਦੀ ਮਦਦ ਨਾਲ ਬਾਈਬਲ ਦਾ ਗਿਆਨ ਲਿਆ। ਭਾਵੇਂ ਸਿੱਖੀਆਂ ਗੱਲਾਂ ਮੇਰੇ ਦਿਮਾਗ਼ ਵਿਚ ਬੈਠ ਜਾਂਦੀਆਂ ਸਨ, ਪਰ ਕੁਝ ਗੱਲਾਂ ਨੂੰ ਦਿਲ ਵਿਚ ਬਿਠਾਉਣਾ ਮੇਰੇ ਲਈ ਔਖਾ ਸੀ। ਮਿਸਾਲ ਲਈ, ਮੈਨੂੰ ਇਹ ਮੰਨਣ ਲਈ ਜੱਦੋ-ਜਹਿਦ ਕਰਨੀ ਪਈ ਕਿ ਰੱਬ ਸੱਚ-ਮੁੱਚ ਮੇਰੀ ਪਰਵਾਹ ਕਰਦਾ ਹੈ ਅਤੇ ਦੂਸਰੇ ਵੀ ਰੱਬ ਵਾਂਗ ਮੇਰੀ ਪਰਵਾਹ ਕਰਦੇ ਹਨ। ਮੈਨੂੰ ਇਹ ਤਾਂ ਸਮਝ ਲੱਗ ਗਿਆ ਕਿ ਯਹੋਵਾਹ ਨੇ ਥੋੜ੍ਹੇ ਸਮੇਂ ਲਈ ਦੁੱਖ-ਤਕਲੀਫ਼ਾਂ ਕਿਉਂ ਰਹਿਣ ਦਿੱਤੀਆਂ ਹਨ, ਪਰ ਮੇਰੇ ਲਈ ਇਹ ਮੰਨਣਾ ਬਹੁਤ ਔਖਾ ਸੀ ਕਿ ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ। *

ਹੌਲੀ-ਹੌਲੀ ਬਾਈਬਲ ਤੋਂ ਸਿੱਖੀਆਂ ਗੱਲਾਂ ਦੀ ਮਦਦ ਨਾਲ ਮੇਰੀ ਸੋਚ ਬਦਲੀ। ਮਿਸਾਲ ਲਈ, ਮੈਂ ਸਿੱਖਿਆ ਕਿ ਰੱਬ ਉਨ੍ਹਾਂ ਨਾਲ ਗਹਿਰੀ ਹਮਦਰਦੀ ਰੱਖਦਾ ਹੈ ਜੋ ਦੁੱਖ-ਤਕਲੀਫ਼ਾਂ ਸਹਿੰਦੇ ਹਨ। ਪੁਰਾਣੇ ਜ਼ਮਾਨੇ ਵਿਚ ਰੱਬ ਦੇ ਜਿਨ੍ਹਾਂ ਭਗਤਾਂ ’ਤੇ ਅਤਿਆਚਾਰ ਹੋ ਰਿਹਾ ਸੀ ਉਨ੍ਹਾਂ ਬਾਰੇ ਉਸ ਨੇ ਕਿਹਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਸੱਚ ਮੁੱਚ ਵੇਖਿਆ ਹੈ . . . ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” (ਕੂਚ 3:7) ਜਦੋਂ ਮੇਰੀ ਯਹੋਵਾਹ ਦੇ ਮਨਭਾਉਂਦੇ ਗੁਣਾਂ ਲਈ ਕਦਰ ਵਧੀ, ਤਾਂ ਮੈਂ ਆਪਣੀ ਜ਼ਿੰਦਗੀ ਉਸ ਦੇ ਨਾਂ ਕਰਨ ਲਈ ਤਿਆਰ ਹੋ ਗਿਆ। 1998 ਵਿਚ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ।

ਉਸ ਭਰਾ ਨਾਲ ਜਿਸ ਦੇ ਪਰਿਵਾਰ ਨੇ ਮੈਨੂੰ ਸਹਾਰਾ ਦਿੱਤਾ

ਆਪਣੇ ਬਪਤਿਸਮੇ ਤੋਂ ਲਗਭਗ ਇਕ ਸਾਲ ਬਾਅਦ ਮੈਂ ਇਸਕੂਈਨਟਲਾ ਸ਼ਹਿਰ ਦੇ ਨੇੜੇ ਅੰਨ੍ਹਿਆਂ ਲਈ ਚਲਾਇਆ ਜਾਂਦਾ ਇਕ ਕੋਰਸ ਕਰਨ ਗਿਆ। ਮੇਰੇ ਇਲਾਕੇ ਦੀ ਮੰਡਲੀ ਦੇ ਇਕ ਬਜ਼ੁਰਗ ਨੇ ਦੇਖਿਆ ਕਿ ਮੈਨੂੰ ਆਪਣੇ ਕਸਬੇ ਵਿਚ ਰਹਿੰਦਿਆਂ ਮੀਟਿੰਗਾਂ ਤੇ ਆਉਣ-ਜਾਣ ਵਿਚ ਮੁਸ਼ਕਲ ਆ ਰਹੀ ਸੀ। ਸਭ ਤੋਂ ਨੇੜੇ ਦੀ ਮੰਡਲੀ ਉਸੇ ਪਹਾੜ ਉੱਤੇ ਸੀ ਜਿੱਥੋਂ ਦੀ ਮੈਨੂੰ ਬਾਈਬਲ ਦੀ ਸਿੱਖਿਆ ਦੇਣ ਲਈ ਗਵਾਹ ਜੋੜਾ ਆਉਂਦਾ ਹੁੰਦਾ ਸੀ। ਮੇਰੇ ਲਈ ਉੱਥੇ ਆਉਣਾ-ਜਾਣਾ ਔਖਾ ਸੀ। ਮੇਰੀ ਮਦਦ ਕਰਨ ਲਈ ਉਹ ਬਜ਼ੁਰਗ ਇਸਕੂਈਨਟਲਾ ਵਿਚ ਰਹਿੰਦੇ ਇਕ ਪਰਿਵਾਰ ਨੂੰ ਮਿਲਿਆ ਜੋ ਮੈਨੂੰ ਆਪਣੇ ਘਰ ਰੱਖਣ ਅਤੇ ਆਪਣੇ ਨਾਲ ਮੀਟਿੰਗਾਂ ਤੇ ਲਿਜਾਣ ਲਈ ਰਾਜ਼ੀ ਹੋ ਗਿਆ। ਅੱਜ ਤਕ ਉਹ ਪਰਿਵਾਰ ਮੇਰੀ ਇੱਦਾਂ ਦੇਖ-ਭਾਲ ਕਰਦਾ ਹੈ ਜਿੱਦਾਂ ਮੈਂ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੋਵਾਂ।

ਮੈਂ ਮੰਡਲੀ ਦੇ ਭੈਣਾਂ-ਭਰਾਵਾਂ ਦੇ ਸੱਚੇ ਪਿਆਰ ਦੀਆਂ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਦੇ ਸਕਦਾ ਹਾਂ। ਇਨ੍ਹਾਂ ਸਾਰਿਆਂ ਤਜਰਬਿਆਂ ਕਰਕੇ ਮੈਨੂੰ ਯਕੀਨ ਹੋ ਗਿਆ ਹੈ ਕਿ ਯਹੋਵਾਹ ਦਾ ਇਕ ਗਵਾਹ ਹੋਣ ਦੇ ਨਾਤੇ ਮੈਂ ਸੱਚੇ ਮਸੀਹੀਆਂ ਵਿਚ ਗਿਣਿਆ ਜਾਂਦਾ ਹਾਂ।—ਯੂਹੰਨਾ 13:34, 35.

ਅੱਜ ਮੇਰੀ ਜ਼ਿੰਦਗੀ:

ਹੁਣ ਮੈਂ ਆਪਣੇ ਆਪ ਨੂੰ ਬੇਕਾਰ ਤੇ ਨਾਉਮੀਦ ਨਹੀਂ ਸਮਝਦਾ। ਹੁਣ ਮੇਰੀ ਜ਼ਿੰਦਗੀ ਮਕਸਦ ਭਰੀ ਹੈ। ਯਹੋਵਾਹ ਦੇ ਗਵਾਹ ਬਾਈਬਲ ਦੀ ਸਿੱਖਿਆ ਦੇਣ ਦਾ ਜੋ ਕੰਮ ਕਰਦੇ ਹਨ, ਮੈਂ ਵੀ ਪੂਰੇ ਸਮੇਂ ਲਈ ਉਹ ਕੰਮ ਕਰਦਾ ਹਾਂ। ਇਸ ਲਈ ਇਹ ਸੋਚਣ ਦੀ ਬਜਾਇ ਕਿ ਮੈਂ ਅਪਾਹਜ ਹਾਂ, ਮੈਂ ਆਪਣਾ ਧਿਆਨ ਦੂਜਿਆਂ ਨੂੰ ਬਾਈਬਲ ਦੀਆਂ ਅਨਮੋਲ ਸੱਚਾਈਆਂ ਸਿਖਾਉਣ ਵੱਲ ਲਾਈ ਰੱਖਦਾ ਹਾਂ। ਇਸ ਤੋਂ ਇਲਾਵਾ, ਮੈਂ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹਾਂ ਅਤੇ ਲੋਕਾਂ ਨੂੰ ਆਪਣੇ ਇਲਾਕੇ ਦੀਆਂ ਮੰਡਲੀਆਂ ਵਿਚ ਬਾਈਬਲ-ਆਧਾਰਿਤ ਭਾਸ਼ਣ ਦਿੰਦਾ ਹਾਂ। ਮੈਨੂੰ ਵੱਡੇ-ਵੱਡੇ ਸੰਮੇਲਨਾਂ ਵਿਚ ਵੀ ਭਾਸ਼ਣ ਦੇਣ ਦਾ ਸਨਮਾਨ ਮਿਲਦਾ ਹੈ ਜਿੱਥੇ ਹਜ਼ਾਰਾਂ ਹੀ ਲੋਕ ਇਕੱਠੇ ਹੁੰਦੇ ਹਨ।

ਆਪਣੀ ਬ੍ਰੇਲ ਭਾਸ਼ਾ ਦੀ ਬਾਈਬਲ ਨੂੰ ਵਰਤ ਕੇ ਭਾਸ਼ਣ ਦਿੰਦਾ ਹੋਇਆ

2010 ਵਿਚ ਮੈਂ ਐਲ ਸੈਲਵੇਡਾਰ ਦੇਸ਼ ਵਿਚ ਚਲਾਏ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ (ਜਿਸ ਨੂੰ ਹੁਣ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਕਿਹਾ ਜਾਂਦਾ ਹੈ) ਵਿਚ ਵੀ ਗਿਆ। ਇਸ ਸਕੂਲ ਨੇ ਮੈਨੂੰ ਮੰਡਲੀ ਵਿਚ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਨਿਭਾਉਣ ਲਈ ਤਿਆਰ ਕੀਤਾ। ਇਹ ਸਿਖਲਾਈ ਲੈ ਕੇ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਪਰਮੇਸ਼ੁਰ ਮੈਨੂੰ ਕਿੰਨਾ ਅਨਮੋਲ ਸਮਝਦਾ ਹੈ ਅਤੇ ਮੈਨੂੰ ਕਿੰਨਾ ਪਿਆਰ ਕਰਦਾ ਹੈ। ਉਹ ਆਪਣੇ ਕੰਮ ਲਈ ਕਿਸੇ ਨੂੰ ਵੀ ਕਾਬਲ ਬਣਾ ਸਕਦਾ ਹੈ।

ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਅੱਜ ਮੈਂ ਕਹਿ ਸਕਦਾ ਹਾਂ ਕਿ ਮੈਂ ਸੱਚ-ਮੁੱਚ ਖ਼ੁਸ਼ ਹਾਂ। ਮੈਂ ਪਹਿਲਾਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਕਿਸੇ ਦੀ ਮਦਦ ਕਰ ਸਕਦਾ ਹਾਂ, ਪਰ ਹੁਣ ਮੈਨੂੰ ਲੱਗਦਾ ਕਿ ਮੈਂ ਦੂਜਿਆਂ ਦੀ ਮਦਦ ਕਰ ਸਕਦਾ ਹਾਂ। ▪ (w15-E 10/01)

^ ਪੈਰਾ 13 ਪਰਮੇਸ਼ੁਰ ਨੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ ਇਸ ਬਾਰੇ ਹੋਰ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ 11ਵਾਂ ਅਧਿਆਇ ਦੇਖੋ।