Skip to content

Skip to table of contents

ਨਵੇਂ ਜ਼ਮਾਨੇ ਲਈ ਪੁਰਾਣੇ ਅਸੂਲ

ਦਿਲੋਂ ਮਾਫ਼ ਕਰੋ

ਦਿਲੋਂ ਮਾਫ਼ ਕਰੋ

ਬਾਈਬਲ ਦਾ ਅਸੂਲ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ . . . ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।”—ਕੁਲੁੱਸੀਆਂ 3:13.

ਇਸ ਦਾ ਕੀ ਮਤਲਬ ਹੈ? ਬਾਈਬਲ ਵਿਚ ਪਾਪ ਦੀ ਤੁਲਨਾ ਕਰਜ਼ੇ ਨਾਲ ਅਤੇ ਮਾਫ਼ੀ ਦੀ ਤੁਲਨਾ ਕਰਜ਼ਾ ਮਾਫ਼ ਕਰਨ ਨਾਲ ਕੀਤੀ ਗਈ ਹੈ। (ਲੂਕਾ 11:4) ਇਕ ਰਸਾਲਾ ਦੱਸਦਾ ਹੈ ਕਿ ਧਰਮ-ਗ੍ਰੰਥ ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਮਾਫ਼ ਕਰਨਾ” ਕੀਤਾ ਗਿਆ, ਉਸ ਦਾ ਮਤਲਬ ਹੈ “ਕਰਜ਼ਾ ਵਾਪਸ ਨਾ ਲੈ ਕੇ ਇਸ ਨੂੰ ਭੁੱਲ ਜਾਣਾ।” ਸੋ ਜਦੋਂ ਅਸੀਂ ਠੇਸ ਪਹੁੰਚਾਉਣ ਵਾਲੇ ਨੂੰ ਮਾਫ਼ ਕਰਦੇ ਹਾਂ, ਤਾਂ ਅਸੀਂ ਬਦਲੇ ਵਿਚ ਉਸ ਕੋਲੋਂ ਕਿਸੇ ਚੀਜ਼ ਦੀ ਉਮੀਦ ਨਹੀਂ ਰੱਖਦੇ। ਮਾਫ਼ ਕਰਨ ਲਈ ਤਿਆਰ ਰਹਿਣ ਦਾ ਇਹ ਮਤਲਬ ਨਹੀਂ ਕਿ ਅਸੀਂ ਗ਼ਲਤ ਰਵੱਈਏ ਨੂੰ ਸਹੀ ਠਹਿਰਾ ਰਹੇ ਹਾਂ ਜਾਂ ਸਾਨੂੰ ਜੋ ਠੇਸ ਲੱਗੀ ਹੈ ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ। ਇਸ ਦੀ ਬਜਾਇ ਅਸੀਂ ਗੁੱਸਾ ਥੁੱਕ ਦਿੰਦੇ ਹਾਂ ਭਾਵੇਂ ਕਿ ਸਾਡੇ ਕੋਲ “ਨਾਰਾਜ਼” ਹੋਣ ਦਾ ਜਾਇਜ਼ ਕਾਰਨ ਕਿਉਂ ਨਾ ਹੋਵੇ।

ਕੀ ਅੱਜ ਇਸ ਦਾ ਕੋਈ ਫ਼ਾਇਦਾ ਹੈ? ਨਾਮੁਕੰਮਲ ਹੋਣ ਕਰਕੇ ਅਸੀਂ ਸਾਰੇ ਹੀ ਗ਼ਲਤੀਆਂ ਕਰਦੇ ਹਾਂ। (ਰੋਮੀਆਂ 3:23) ਇਸ ਲਈ ਦੂਜਿਆਂ ਨੂੰ ਮਾਫ਼ ਕਰਨਾ ਸਮਝਦਾਰੀ ਦੀ ਗੱਲ ਹੈ ਕਿਉਂਕਿ ਇਕ ਨਾ ਇਕ ਦਿਨ ਸਾਨੂੰ ਵੀ ਦੂਜਿਆਂ ਤੋਂ ਮਾਫ਼ੀ ਦੀ ਲੋੜ ਪਵੇਗੀ। ਇਸ ਦੇ ਨਾਲ-ਨਾਲ ਜਦੋਂ ਅਸੀਂ ਕਿਸੇ ਨੂੰ ਮਾਫ਼ ਕਰਦੇ ਹਾਂ, ਤਾਂ ਸਾਨੂੰ ਵੀ ਫ਼ਾਇਦਾ ਹੁੰਦਾ ਹੈ। ਉਹ ਕਿਵੇਂ?

ਜਦੋਂ ਸਾਡੇ ਅੰਦਰ ਗੁੱਸਾ ਉਬਾਲੇ ਖਾਂਦਾ ਰਹਿੰਦਾ ਹੈ ਤੇ ਅਸੀਂ ਮਾਫ਼ ਨਹੀਂ ਕਰਦੇ, ਤਾਂ ਸਾਡਾ ਹੀ ਨੁਕਸਾਨ ਹੁੰਦਾ ਹੈ। ਗੁੱਸੇ ਕਰਕੇ ਸਾਡੀ ਖ਼ੁਸ਼ੀ ਗੁਆਚ ਜਾਂਦੀ ਹੈ, ਅਸੀਂ ਇਕ-ਦੂਜੇ ਨੂੰ ਮਿਲਣ-ਗਿਲ਼ਣ ਤੋਂ ਕਤਰਾਉਣ ਲੱਗ ਪੈਂਦੇ ਹਾਂ ਅਤੇ ਅਸੀਂ ਦੁਖੀ ਹੋ ਜਾਂਦੇ ਹਾਂ। ਇਸ ਕਰਕੇ ਗੰਭੀਰ ਬੀਮਾਰੀਆਂ ਹੋਣ ਦਾ ਵੀ ਖ਼ਤਰਾ ਹੋ ਸਕਦਾ ਹੈ। ਡਾ. ਯੋਈਕੀ ਚੀਡਾ ਅਤੇ ਮਨੋਵਿਗਿਆਨ ਦਾ ਪ੍ਰੋਫ਼ੈਸਰ ਐਂਡਰੂ ਸਟੈੱਪਟੋ ਨੇ ਇਕ ਰਸਾਲੇ ਵਿਚ ਦੱਸਿਆ: “ਹਾਲ ਹੀ ਵਿਚ ਹੋ ਰਹੀਆਂ ਖੋਜਾਂ ਤੋਂ ਜ਼ਾਹਰ ਹੁੰਦਾ ਹੈ ਕਿ ਗੁੱਸਾ ਅਤੇ ਵੈਰ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਵਧਦੀਆਂ ਹਨ।”—ਜਰਨਲ ਆਫ਼ ਦੀ ਅਮੈਰੀਕਨ ਕਾਲਜ ਆਫ਼ ਕਾਰਡੀਓਲਜੀ।

ਦੂਜੇ ਪਾਸੇ ਮਾਫ਼ ਕਰਨ ਦੇ ਫ਼ਾਇਦਿਆਂ ਬਾਰੇ ਸੋਚੋ। ਜਦੋਂ ਅਸੀਂ ਦੂਜਿਆਂ ਨੂੰ ਦਿਲੋਂ ਮਾਫ਼ ਕਰਦੇ ਹਾਂ, ਤਾਂ ਅਸੀਂ ਏਕਤਾ ਤੇ ਸ਼ਾਂਤੀ ਬਣਾਈ ਰੱਖਦੇ ਹਾਂ ਤੇ ਸਾਡੇ ਰਿਸ਼ਤਿਆਂ ਵਿਚ ਦਰਾੜ ਨਹੀਂ ਪੈਂਦੀ। ਇਸ ਤੋਂ ਵੀ ਵੱਧ ਕੇ ਅਸੀਂ ਰੱਬ ਦੀ ਰੀਸ ਕਰਦੇ ਹਾਂ ਜੋ ਤੋਬਾ ਕਰਨ ਵਾਲੇ ਪਾਪੀਆਂ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੈ ਅਤੇ ਉਹ ਸਾਡੇ ਤੋਂ ਵੀ ਇਸ ਤਰ੍ਹਾਂ ਕਰਨ ਦੀ ਉਮੀਦ ਰੱਖਦਾ ਹੈ।—ਮਰਕੁਸ 11:25; ਅਫ਼ਸੀਆਂ 4:32; 5:1. (w15-E 10/01)