Skip to content

ਮੰਡਲੀ ਦੇ ਨੌਜਵਾਨਾਂ ਨਾਲ ਸਮਾਂ ਬਿਤਾ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਮੈਂ ਬੇਸਬਾਲ ਦਾ ਦੀਵਾਨਾ ਸੀ!

ਮੈਂ ਬੇਸਬਾਲ ਦਾ ਦੀਵਾਨਾ ਸੀ!
  • ਜਨਮ: 1928

  • ਦੇਸ਼: ਕਾਸਟਾ ਰੀਕਾ

  • ਅਤੀਤ: ਬੇਸਬਾਲ ਦਾ ਦੀਵਾਨਾ ਅਤੇ ਜੁਆਰੀ

ਮੇਰੇ ਅਤੀਤ ਬਾਰੇ ਕੁਝ ਗੱਲਾਂ

ਮੇਰਾ ਪਾਲਣ-ਪੋਸ਼ਣ ਪੋਰਟੋ ਲੀਮੋਨ ਵਿਚ ਹੋਇਆ। ਇਹ ਕਾਸਟਾ ਰੀਕਾ ਦੇ ਪੂਰਬੀ ਕਿਨਾਰੇ ʼਤੇ ਵੱਸਿਆ ਇਕ ਬੰਦਰਗਾਹ ਵਾਲਾ ਸ਼ਹਿਰ ਹੈ। ਅਸੀਂ ਅੱਠ ਭੈਣ-ਭਰਾ ਹਾਂ ਜਿਨ੍ਹਾਂ ਵਿੱਚੋਂ ਮੈਂ ਸੱਤਵਾਂ ਸੀ। ਜਦੋਂ ਮੈਂ ਅੱਠਾਂ ਸਾਲਾਂ ਦਾ ਸੀ, ਤਾਂ ਪਿਤਾ ਜੀ ਦੀ ਮੌਤ ਹੋ ਗਈ ਅਤੇ ਮੰਮੀ ਨੇ ਇਕੱਲਿਆਂ ਸਾਡੀ ਪਰਵਰਿਸ਼ ਕੀਤੀ।

ਮੈਨੂੰ ਬੇਸਬਾਲ ਖੇਡਣ ਦਾ ਬਹੁਤ ਸ਼ੌਕ ਸੀ ਅਤੇ ਮੈਂ ਬਚਪਨ ਵਿਚ ਹਰ ਵੇਲੇ ਖੇਡਦਾ ਰਹਿੰਦਾ ਸੀ। ਜਦੋਂ ਮੈਂ 17-18 ਕੁ ਸਾਲਾਂ ਦਾ ਹੋਇਆ, ਤਾਂ ਮੈਂ ਇਕ ਲੋਕਲ ਟੀਮ ਨਾਲ ਖੇਡਣ ਲੱਗ ਪਿਆ। ਜਦੋਂ ਮੈਂ 20-21 ਸਾਲਾਂ ਦਾ ਸੀ, ਤਾਂ ਇਕ ਆਦਮੀ (ਜੋ ਨਵੇਂ ਖਿਡਾਰੀ ਲੱਭਦਾ ਸੀ) ਨੇ ਮੈਨੂੰ ਨਿਕਾਰਾਗੁਆ ਦੀ ਇਕ ਟੀਮ ਨਾਲ ਖੇਡਣ ਲਈ ਪੁੱਛਿਆ। ਪਰ ਮੈਂ ਨਿਕਾਰਾਗੁਆ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਸਮੇਂ ਮੰਮੀ ਠੀਕ ਨਹੀਂ ਸੀ ਅਤੇ ਮੈਂ ਉਨ੍ਹਾਂ ਦੀ ਦੇਖ-ਭਾਲ ਕਰਦਾ ਸੀ। ਇਸ ਲਈ ਮੈਂ ਮਨ੍ਹਾ ਕਰ ਦਿੱਤਾ। ਕੁਝ ਸਮੇਂ ਬਾਅਦ ਇਕ ਹੋਰ ਆਦਮੀ ਨੇ ਮੈਨੂੰ ਕਾਸਟਾ ਰੀਕਾ ਵਿਚ ਹੀ ਰਾਸ਼ਟਰੀ ਪੱਧਰ ʼਤੇ ਖੇਡਣ ਦਾ ਸੱਦਾ ਦਿੱਤਾ। ਇਸ ਵਾਰ ਮੈਂ ਹਾਂ ਕਰ ਦਿੱਤੀ। ਮੈਂ 1949 ਤੋਂ 1952 ਤਕ ਰਾਸ਼ਟਰੀ ਟੀਮ ਨਾਲ ਖੇਡਿਆ ਅਤੇ ਮੈਂ ਕਿਊਬਾ, ਮੈਕਸੀਕੋ ਅਤੇ ਨਿਕਾਰਾਗੁਆ ਵੀ ਕਈ ਵਾਰ ਖੇਡਣ ਗਿਆ। ਮੈਂ ਬੇਸਮੈਨ ਵਜੋਂ ਖੇਡਦਾ ਸੀ ਅਤੇ ਇੰਨਾ ਵਧੀਆ ਖੇਡਦਾ ਸੀ ਕਿ ਮੈਂ ਬਿਨਾਂ ਗ਼ਲਤੀ ਕੀਤਿਆਂ ਇਕ ਤੋਂ ਬਾਅਦ ਇਕ 17 ਗੇਮਾਂ ਖੇਡੀਆਂ। ਜਦੋਂ ਖੇਡ ਦੇ ਮੈਦਾਨ ਵਿਚ ਮੇਰਾ ਨਾਂ ਗੂੰਜਦਾ ਸੀ, ਤਾਂ ਮੈਂ ਖ਼ੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾਉਂਦਾ!

ਪਰ ਅਫ਼ਸੋਸ ਦੀ ਗੱਲ ਹੈ ਕਿ ਮੈਂ ਅਨੈਤਿਕ ਕੰਮ ਵੀ ਕਰਦਾ ਸੀ। ਹਾਲਾਂਕਿ ਮੇਰੀ ਇੱਕੋ ਗਰਲਫ੍ਰੈਂਡ ਸੀ, ਪਰ ਮੇਰੇ ਹੋਰ ਕਈ ਕੁੜੀਆਂ ਨਾਲ ਵੀ ਚੱਕਰ ਚੱਲਦੇ ਸਨ। ਮੈਂ ਸ਼ਰਾਬ ਵੀ ਬਹੁਤ ਪੀਂਦਾ ਸੀ। ਇਕ ਵਾਰ ਮੈਂ ਇੰਨੀ ਜ਼ਿਆਦਾ ਸ਼ਰਾਬ ਪੀਤੀ ਸੀ ਕਿ ਜਦੋਂ ਮੈਨੂੰ ਸਵੇਰੇ ਜਾਗ ਆਈ, ਤਾਂ ਮੈਨੂੰ ਚੇਤਾ ਵੀ ਨਹੀਂ ਸੀ ਕਿ ਮੈਂ ਘਰ ਕਿੱਦਾਂ ਪਹੁੰਚਿਆ! ਮੈਂ ਡੋਮੀਨੋ ਜੂਆ ਵੀ ਖੇਡਦਾ ਸੀ ਅਤੇ ਲਾਟਰੀ ਪਾਉਂਦਾ ਸੀ।

ਇਸ ਦੌਰਾਨ ਮੇਰੀ ਮੰਮੀ ਯਹੋਵਾਹ ਦੀ ਗਵਾਹ ਬਣ ਗਈ। ਉਨ੍ਹਾਂ ਨੇ ਮੈਨੂੰ ਵੀ ਬਾਈਬਲ ਦੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਮੈਂ ਕੋਈ ਧਿਆਨ ਨਾ ਦਿੱਤਾ ਕਿਉਂਕਿ ਮੈਂ ਬੇਸਬਾਲ ਖੇਡਣ ਵਿਚ ਹੀ ਲੱਗਾ ਰਹਿੰਦਾ ਸੀ। ਗਰਾਊਂਡ ਵਿਚ ਅਭਿਆਸ ਕਰਦੇ ਵੇਲੇ ਮੈਂ ਖਾਣਾ-ਪੀਣਾ ਸਭ ਭੁੱਲ ਜਾਂਦਾ ਸੀ। ਮੇਰਾ ਦਿਲ-ਦਿਮਾਗ਼ ਬੱਸ ਬੇਸਬਾਲ ਖੇਡਣ ʼਤੇ ਲੱਗਾ ਰਹਿੰਦਾ ਸੀ। ਮੈਂ ਬੇਸਬਾਲ ਦਾ ਦੀਵਾਨਾ ਸੀ!

ਜਦੋਂ ਮੈਂ 29 ਸਾਲਾਂ ਦਾ ਸੀ, ਤਾਂ ਮੈਚ ਦੌਰਾਨ ਗੇਂਦ ਫੜਨ ਵੇਲੇ ਮੈਨੂੰ ਗੰਭੀਰ ਸੱਟ ਲੱਗ ਗਈ। ਠੀਕ ਹੋਣ ਤੋਂ ਬਾਅਦ ਮੈਂ ਕਿਸੇ ਵੀ ਟੀਮ ਨਾਲ ਖੇਡਣਾ ਛੱਡ ਦਿੱਤਾ। ਪਰ ਫਿਰ ਵੀ ਮੈਂ ਬੇਸਬਾਲ ਨਾਲੋਂ ਆਪਣਾ ਨਾਤਾ ਨਹੀਂ ਤੋੜਿਆ। ਮੈਂ ਆਪਣੇ ਘਰ ਦੇ ਨੇੜੇ ਇਕ ਟੀਮ ਨੂੰ ਟ੍ਰੇਨਿੰਗ ਦਿੰਦਾ ਰਿਹਾ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ

ਸਾਲ 1957 ਵਿਚ ਮੈਂ ਯਹੋਵਾਹ ਦੇ ਗਵਾਹਾਂ ਦੇ ਵੱਡੇ ਸੰਮੇਲਨ ਵਿਚ ਗਿਆ। ਇਹ ਸੰਮੇਲਨ ਉਸੇ ਸਟੇਡੀਅਮ ਵਿਚ ਸੀ ਜਿੱਥੇ ਮੈਂ ਪਹਿਲਾਂ ਬੇਸਬਾਲ ਖੇਡਿਆ ਸੀ। ਜਦੋਂ ਮੈਂ ਉੱਥੇ ਬੈਠਾ ਸੀ, ਤਾਂ ਮੈਂ ਦੇਖਿਆ ਕਿ ਗਵਾਹ ਕਿੰਨੇ ਅਦਬ ਨਾਲ ਬੈਠੇ ਸਨ। ਮੈਂ ਸੋਚਣ ਲੱਗਾ ਕਿ ਇਹ ਲੋਕ ਉਸ ਭੀੜ ਨਾਲੋਂ ਕਿੰਨੇ ਵੱਖਰੇ ਹਨ ਜੋ ਖੇਡ ਦੌਰਾਨ ਰੌਲ਼ਾ-ਰੱਪਾ ਪਾਉਂਦੀ ਸੀ। ਇਸ ਕਰਕੇ ਮੈਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਲੱਗਾ ਅਤੇ ਉਨ੍ਹਾਂ ਦੀਆਂ ਸਭਾਵਾਂ ਵਿਚ ਜਾਣ ਲੱਗਾ।

ਮੈਂ ਬਾਈਬਲ ਦੀਆਂ ਕਈ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਮਿਸਾਲ ਲਈ, ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਆਖ਼ਰੀ ਦਿਨਾਂ ਦੌਰਾਨ ਉਸ ਦੇ ਚੇਲੇ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣਗੇ। (ਮੱਤੀ 24:14) ਮੈਂ ਇਹ ਵੀ ਸਿੱਖਿਆ ਕਿ ਸੱਚੇ ਮਸੀਹੀ ਪੈਸਾ ਕਮਾਉਣ ਦੇ ਇਰਾਦੇ ਨਾਲ ਸੇਵਾ ਨਹੀਂ ਕਰਦੇ। ਯਿਸੂ ਨੇ ਕਿਹਾ ਸੀ: “ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।”​—ਮੱਤੀ 10:8.

ਬਾਈਬਲ ਦਾ ਅਧਿਐਨ ਕਰਦਿਆਂ ਮੈਂ ਧਿਆਨ ਨਾਲ ਦੇਖਦਾ ਹੁੰਦਾ ਸੀ ਕਿ ਯਹੋਵਾਹ ਦੇ ਗਵਾਹਾਂ ਦੇ ਕੰਮ ਅਤੇ ਚਾਲ-ਚਲਣ ਬਾਈਬਲ ਵਿਚ ਲਿਖੀਆਂ ਗੱਲਾਂ ਅਨੁਸਾਰ ਹਨ ਜਾਂ ਨਹੀਂ। ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਕਿ ਉਹ ਦੁਨੀਆਂ ਭਰ ਵਿਚ ਖ਼ੁਸ਼ ਖ਼ਬਰੀ ਸੁਣਾਉਣ ਲਈ ਕਿੰਨੀ ਮਿਹਨਤ ਕਰਦੇ ਹਨ। ਮੈਂ ਇਹ ਵੀ ਦੇਖਿਆ ਕਿ ਉਹ ਲੋਕਾਂ ਦੀ ਮਦਦ ਕਰਦੇ ਹਨ, ਜਿਵੇਂ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ। ਇਸ ਲਈ ਜਦੋਂ ਮੈਂ ਮਰਕੁਸ 10:21 ਵਿਚ ਯਿਸੂ ਦਾ ਸੱਦਾ ਪੜ੍ਹਿਆ ਕਿ “ਆ ਕੇ ਮੇਰਾ ਚੇਲਾ ਬਣ ਜਾ,” ਤਾਂ ਮੈਂ ਵੀ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਸੀ।

ਪਰ ਇਹ ਕਦਮ ਚੁੱਕਣ ਵਿਚ ਮੈਨੂੰ ਕਾਫ਼ੀ ਸਮਾਂ ਲੱਗ ਗਿਆ। ਮਿਸਾਲ ਲਈ, ਕਈ ਸਾਲਾਂ ਤੋਂ ਮੈਂ ਹਰ ਹਫ਼ਤੇ ਇਕ ਖ਼ਾਸ ਨੰਬਰ ਵਾਲੀ ਲਾਟਰੀ ਖ਼ਰੀਦਦਾ ਸੀ ਜਿਸ ਨੂੰ ਮੈਂ “ਲੱਕੀ” ਨੰਬਰ ਸਮਝਦਾ ਸੀ। ਪਰ ਮੈਂ ਬਾਈਬਲ ਤੋਂ ਸਿੱਖਿਆ ਕਿ ਪਰਮੇਸ਼ੁਰ “ਕਿਸਮਤ ਦੇ ਦੇਵਤੇ” ਦੀ ਪੂਜਾ ਕਰਨ ਵਾਲਿਆਂ ਅਤੇ ਲਾਲਚੀ ਲੋਕਾਂ ਤੋਂ ਨਫ਼ਰਤ ਕਰਦਾ ਹੈ। (ਯਸਾਯਾਹ 65:11; ਕੁਲੁੱਸੀਆਂ 3:5) ਇਸ ਲਈ ਮੈਂ ਜੂਆ ਖੇਡਣਾ ਬੰਦ ਕਰ ਦਿੱਤਾ। ਜਦੋਂ ਮੈਂ ਲਾਟਰੀ ਪਾਉਣੀ ਬੰਦ ਕੀਤੀ, ਤਾਂ ਉਸ ਤੋਂ ਅਗਲੇ ਐਤਵਾਰ ਨੂੰ ਉਸ ਨੰਬਰ ਦੀ ਲਾਟਰੀ ਨਿਕਲ ਆਈ ਜਿਸ ਨੂੰ ਮੈਂ “ਲੱਕੀ” ਸਮਝਦਾ ਸੀ। ਲੋਕਾਂ ਨੇ ਮੇਰਾ ਬੜਾ ਮਜ਼ਾਕ ਉਡਾਇਆ ਕਿਉਂਕਿ ਮੈਂ ਉਸ ਹਫ਼ਤੇ ਲਾਟਰੀ ਨਹੀਂ ਖ਼ਰੀਦੀ ਅਤੇ ਮੇਰੇ ʼਤੇ ਜ਼ੋਰ ਪਾਇਆ ਕਿ ਮੈਂ ਦੁਬਾਰਾ ਲਾਟਰੀ ਖ਼ਰੀਦਾਂ। ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਮੈਂ ਫਿਰ ਕਦੀ ਵੀ ਜੂਆ ਨਹੀਂ ਖੇਡਿਆ।

ਮੈਂ ਹੌਲੀ-ਹੌਲੀ ‘ਨਵਾਂ ਸੁਭਾਅ’ ਪਹਿਨ ਰਿਹਾ ਸੀ, ਪਰ ਜਿਸ ਦਿਨ ਮੇਰਾ ਬਪਤਿਸਮਾ ਹੋਇਆ, ਉਸ ਦਿਨ ਮੇਰੀ ਵੱਡੀ ਪਰੀਖਿਆ ਹੋਈ। (ਅਫ਼ਸੀਆਂ 4:24) ਉਸ ਸ਼ਾਮ ਜਦੋਂ ਮੈਂ ਹੋਟਲ ਵਿਚ ਵਾਪਸ ਆਇਆ, ਤਾਂ ਮੇਰੇ ਕਮਰੇ ਦੇ ਬਾਹਰ ਮੇਰੀ ਪੁਰਾਣੀ ਗਰਲਫ੍ਰੈਂਡ ਖੜ੍ਹੀ ਸੀ। ਉਸ ਨੇ ਮੈਨੂੰ ਕਿਹਾ: “ਆਜਾ ਸੈਮੀ, ਮਜ਼ੇ ਕਰਦੇ ਆ।” ਪਰ ਮੈਂ ਫ਼ੌਰਨ ਕਿਹਾ: “ਨਹੀਂ!” ਅਤੇ ਉਸ ਨੂੰ ਦੱਸਿਆ ਕਿ ਮੈਂ ਬਾਈਬਲ ਦੇ ਉੱਚੇ-ਸੁੱਚੇ ਅਸੂਲਾਂ ਮੁਤਾਬਕ ਚੱਲਦਾ ਹਾਂ। (1 ਕੁਰਿੰਥੀਆਂ 6:18) ਉਹ ਝੱਟ ਦੇਣੀ ਬੋਲੀ: “ਕੀ?” ਫਿਰ ਉਸ ਨੇ ਕਿਹਾ ਕਿ ਸਰੀਰਕ ਸੰਬੰਧਾਂ ਬਾਰੇ ਬਾਈਬਲ ਜੋ ਕਹਿੰਦੀ ਹੈ, ਉਹ ਤਾਂ ਐਵੇਂ ਹੈ ਅਤੇ ਅਸੀਂ ਪਹਿਲਾਂ ਵਾਂਗ ਰਿਸ਼ਤਾ ਰੱਖ ਸਕਦੇ ਹਾਂ। ਪਰ ਮੈਂ ਉਸ ਨੂੰ ਬਾਹਰ ਛੱਡ ਕੇ ਚੁੱਪ-ਚਾਪ ਆਪਣੇ ਕਮਰੇ ਵਿਚ ਗਿਆ ਤੇ ਦਰਵਾਜ਼ਾ ਬੰਦ ਕਰ ਕੇ ਅੰਦਰੋਂ ਕੁੰਡੀ ਲਾ ਲਈ। ਇਹ 1958 ਦੀ ਗੱਲ ਹੈ। ਮੈਂ ਖ਼ੁਸ਼ੀ ਨਾਲ ਕਹਿ ਸਕਦਾ ਹਾਂ ਕਿ ਜਦੋਂ ਤੋਂ ਮੈਂ ਯਹੋਵਾਹ ਦਾ ਗਵਾਹ ਬਣਿਆ ਹਾਂ, ਉਦੋਂ ਤੋਂ ਅੱਜ ਤਕ ਮੈਂ ਕਦੇ ਪਿੱਛੇ ਨਹੀਂ ਮੁੜਿਆ। ਮੈਂ ਵਫ਼ਾਦਾਰੀ ਨਾਲ ਉਨ੍ਹਾਂ ਅਸੂਲਾਂ ʼਤੇ ਚੱਲਦਾ ਆਇਆ ਹਾਂ ਜਿਨ੍ਹਾਂ ʼਤੇ ਮੈਂ ਚੱਲਣਾ ਸ਼ੁਰੂ ਕੀਤਾ ਸੀ।

ਅੱਜ ਮੇਰੀ ਜ਼ਿੰਦਗੀ

ਬਾਈਬਲ ਦੀ ਸਲਾਹ ਤੋਂ ਮੈਨੂੰ ਇੰਨਾ ਫ਼ਾਇਦਾ ਹੋਇਆ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਂ ਇਸ ਬਾਰੇ ਪੂਰੀ ਕਿਤਾਬ ਲਿਖ ਸਕਦਾ ਹਾਂ। ਅੱਜ ਮੇਰੇ ਕਈ ਸੱਚੇ ਦੋਸਤ ਹਨ ਅਤੇ ਮੈਨੂੰ ਜ਼ਿੰਦਗੀ ਵਿਚ ਇਕ ਮਕਸਦ ਅਤੇ ਸੱਚੀ ਖ਼ੁਸ਼ੀ ਮਿਲੀ ਹੈ।

ਮੈਨੂੰ ਅਜੇ ਵੀ ਬੇਸਬਾਲ ਦਾ ਸ਼ੌਕ ਹੈ, ਪਰ ਮੈਂ ਇਸ ਦਾ ਦੀਵਾਨਾ ਨਹੀਂ ਹਾਂ। ਬੇਸਬਾਲ ਖੇਡਣ ਨਾਲ ਮੈਂ ਜਿੰਨਾ ਨਾਂ ਅਤੇ ਪੈਸਾ ਕਮਾਇਆ ਸੀ, ਉਹ ਸਭ ਜਲਦੀ ਹੀ ਖ਼ਤਮ ਹੋ ਗਿਆ। ਪਰ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਨਾਲ ਮੇਰੀ ਦੋਸਤੀ ਕਦੇ ਖ਼ਤਮ ਨਹੀਂ ਹੋਵੇਗੀ, ਸਗੋਂ ਹਮੇਸ਼ਾ-ਹਮੇਸ਼ਾ ਲਈ ਰਹੇਗੀ। ਬਾਈਬਲ ਕਹਿੰਦੀ ਹੈ: “ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਖ਼ਤਮ ਹੋ ਜਾਵੇਗੀ ਜਿਸ ਦੀ ਲਾਲਸਾ ਲੋਕ ਕਰਦੇ ਹਨ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।” (1 ਯੂਹੰਨਾ 2:17) ਹੁਣ ਮੈਂ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ। ▪