Skip to content

Skip to table of contents

ਕੀ ਸਾਨੂੰ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਕੀ ਸਾਨੂੰ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਇ ਕ ਖੋਜਕਾਰ ਨੇ ਸਰਵੇਖਣ ਕੀਤਾ ਜਿਸ ਵਿਚ ਉਸ ਨੇ ਅਲੱਗ-ਅਲੱਗ ਧਰਮਾਂ ਦੇ 800 ਤੋਂ ਜ਼ਿਆਦਾ ਨੌਜਵਾਨਾਂ ਨੂੰ ਪੁੱਛਿਆ ਕਿ ਯਿਸੂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਜਾਂ ਨਹੀਂ। 60 ਪ੍ਰਤਿਸ਼ਤ ਤੋਂ ਜ਼ਿਆਦਾ ਨੌਜਵਾਨਾਂ ਨੇ “ਹਾਂ” ਵਿਚ ਜਵਾਬ ਦਿੱਤਾ। ਪਰ ਇਸ ਸਰਵੇ ਵਿਚ ਇਕ ਨੌਜਵਾਨ ਕੁੜੀ ਨੇ ਕਿਹਾ ਕਿ ਯਿਸੂ ਨਹੀਂ, ਬਲਕਿ “ਰੱਬ” ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ।

ਤੁਸੀਂ ਕੀ ਸੋਚਦੇ ਹੋ? ਕੀ ਸਾਨੂੰ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਾਂ ਰੱਬ ਨੂੰ? * ਇਸ ਸਵਾਲ ਦਾ ਜਵਾਬ ਪਾਉਣ ਲਈ ਪਹਿਲਾਂ ਆਓ ਆਪਾਂ ਦੇਖੀਏ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ ਸੀ।

ਯਿਸੂ ਨੇ ਸਾਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਸਿਖਾਈ?

ਯਿਸੂ ਨੇ ਸਿਖਾਉਣ ਦੇ ਨਾਲ-ਨਾਲ ਆਪਣੀ ਮਿਸਾਲ ਰਾਹੀਂ ਵੀ ਦਿਖਾਇਆ ਕਿ ਸਾਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ।

ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਨ ਵਿਚ ਯਿਸੂ ਨੇ ਸਾਡੇ ਲਈ ਮਿਸਾਲ ਰੱਖੀ

ਉਸ ਦੀ ਸਿੱਖਿਆ: ਜਦੋਂ ਯਿਸੂ ਦੇ ਇਕ ਚੇਲੇ ਨੇ ਪੁੱਛਿਆ, “ਪ੍ਰਭੂ, ਸਾਨੂੰ ਪ੍ਰਾਰਥਨਾ ਕਰਨੀ ਸਿਖਾ,” ਤਾਂ ਉਸ ਨੇ ਜਵਾਬ ਦਿੱਤਾ: “ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਤਾਂ ਕਹਿਣਾ: ‘ਹੇ ਪਿਤਾ।’” (ਲੂਕਾ 11:1, 2) ਇਸ ਤੋਂ ਇਲਾਵਾ, ਯਿਸੂ ਨੇ ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਆਪਣੇ ਸੁਣਨ ਵਾਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ। ਉਸ ਨੇ ਕਿਹਾ: ‘ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰੋ।’ ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਵੀ ਭਰੋਸਾ ਦਿਵਾਇਆ: “ਤੁਹਾਡਾ ਪਿਤਾ ਪਰਮੇਸ਼ੁਰ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।” (ਮੱਤੀ 6:6, 8) ਧਰਤੀ ਉੱਤੇ ਆਪਣੀ ਆਖ਼ਰੀ ਰਾਤ ’ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਸੀਂ ਮੇਰੇ ਨਾਂ ’ਤੇ ਪਿਤਾ ਤੋਂ ਕੁਝ ਵੀ ਮੰਗੋਗੇ, ਤਾਂ ਉਹ ਤੁਹਾਨੂੰ ਦੇ ਦੇਵੇਗਾ।” (ਯੂਹੰਨਾ 16:23) ਇਸ ਲਈ ਯਿਸੂ ਨੇ ਸਾਨੂੰ ਸਾਰਿਆਂ ਨੂੰ ਆਪਣੇ ਪਿਤਾ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਸਿਖਾਈ।—ਯੂਹੰਨਾ 20:17.

ਉਸ ਦੀ ਮਿਸਾਲ: ਯਿਸੂ ਨੇ ਜਿਸ ਤਰ੍ਹਾਂ ਦੂਜਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਉਸੇ ਤਰ੍ਹਾਂ ਉਸ ਨੇ ਖ਼ੁਦ ਵੀ ਪ੍ਰਾਰਥਨਾ ਕੀਤੀ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰਾ ਗੁਣਗਾਨ ਕਰਦਾ ਹਾਂ।” (ਲੂਕਾ 10:21) ਇਕ ਹੋਰ ਮੌਕੇ ’ਤੇ “ਯਿਸੂ ਨੇ ਆਕਾਸ਼ ਵੱਲ ਦੇਖ ਕੇ ਕਿਹਾ: ‘ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਫ਼ਰਿਆਦ ਸੁਣ ਲਈ ਹੈ।’” (ਯੂਹੰਨਾ 11:41) ਨਾਲੇ ਜਦੋਂ ਯਿਸੂ ਮਰ ਰਿਹਾ ਸੀ, ਉਸ ਨੇ ਪ੍ਰਾਰਥਨਾ ਕੀਤੀ: “ਹੇ ਪਿਤਾ, ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ।” (ਲੂਕਾ 23:46) “ਸਵਰਗ ਅਤੇ ਧਰਤੀ ਦੇ ਮਾਲਕ” ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਯਿਸੂ ਨੇ ਸਾਡੇ ਸਾਰਿਆਂ ਲਈ ਇਕ ਵਧੀਆ ਮਿਸਾਲ ਰੱਖੀ ਹੈ। (ਮੱਤੀ 11:25; 26:41, 42; 1 ਯੂਹੰਨਾ 2:6) ਕੀ ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਨੇ ਉਸ ਦੀਆਂ ਗੱਲਾਂ ਨੂੰ ਇਸੇ ਤਰ੍ਹਾਂ ਸਮਝਿਆ ਸੀ?

ਪਹਿਲੀ ਸਦੀ ਦੇ ਮਸੀਹੀ ਕਿਸ ਨੂੰ ਪ੍ਰਾਰਥਨਾ ਕਰਦੇ ਸਨ?

ਯਿਸੂ ਦੇ ਸਵਰਗ ਜਾਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਉਸ ਦੇ ਚੇਲਿਆਂ ਨੂੰ ਉਨ੍ਹਾਂ ਦੇ ਵਿਰੋਧੀਆਂ ਨੇ ਸਤਾਉਣਾ ਤੇ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। (ਰਸੂਲਾਂ ਦੇ ਕੰਮ 4:18) ਬਿਨਾਂ ਸ਼ੱਕ ਉਨ੍ਹਾਂ ਨੇ ਮਦਦ ਲਈ ਪ੍ਰਾਰਥਨਾ ਕੀਤੀ, ਪਰ ਕਿਸ ਨੂੰ? ਬਾਈਬਲ ਦੱਸਦੀ ਹੈ ਕਿ “ਉਹ ਰਲ਼ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗੇ” ਤਾਂਕਿ ਪਰਮੇਸ਼ੁਰ ਆਪਣੇ “ਪਵਿੱਤਰ ਸੇਵਕ ਯਿਸੂ ਦੇ ਨਾਂ ਰਾਹੀਂ” ਉਨ੍ਹਾਂ ਦੀ ਮਦਦ ਕਰੇ। (ਰਸੂਲਾਂ ਦੇ ਕੰਮ 4:24, 30) ਸੋ ਯਿਸੂ ਦੇ ਚੇਲਿਆਂ ਨੇ ਯਿਸੂ ਦੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ, ਨਾ ਕਿ ਯਿਸੂ ਨੂੰ।

ਸਾਲਾਂ ਬਾਅਦ ਪੌਲੁਸ ਰਸੂਲ ਨੇ ਦੱਸਿਆ ਕਿ ਉਹ ਤੇ ਹੋਰ ਮਸੀਹੀ ਕਿਸ ਤਰ੍ਹਾਂ ਪ੍ਰਾਰਥਨਾ ਕਰਦੇ ਸਨ। ਆਪਣੇ ਨਾਲ ਦੇ ਮਸੀਹੀਆਂ ਨੂੰ ਲਿਖਦਿਆਂ ਉਸ ਨੇ ਕਿਹਾ: “ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹੋਏ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ।” (ਕੁਲੁੱਸੀਆਂ 1:3) ਨਾਲੇ ਪੌਲੁਸ ਨੇ ਆਪਣੇ ਨਾਲ ਦੇ ਮਸੀਹੀਆਂ ਨੂੰ “ਸਾਰੀਆਂ ਚੀਜ਼ਾਂ ਲਈ ਸਾਡੇ ਪਿਤਾ ਪਰਮੇਸ਼ੁਰ ਦਾ ਹਮੇਸ਼ਾ ਧੰਨਵਾਦ ਕਰਦੇ” ਰਹਿਣ ਬਾਰੇ ਵੀ ਲਿਖਿਆ। (ਅਫ਼ਸੀਆਂ 5:20) ਇਨ੍ਹਾਂ ਸ਼ਬਦਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਨੇ ਦੂਸਰਿਆਂ ਨੂੰ ਉਸ ਦੇ ‘ਪਿਤਾ ਪਰਮੇਸ਼ੁਰ ਨੂੰ ਹਰ ਚੀਜ਼ ਲਈ’ ਪ੍ਰਾਰਥਨਾ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ, ਪਰ ਯਿਸੂ ਦੇ ਨਾਂ ਰਾਹੀਂ।—ਕੁਲੁੱਸੀਆਂ 3:17.

ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਪ੍ਰਾਰਥਨਾ ਬਾਰੇ ਯਿਸੂ ਦੀ ਸਲਾਹ ਮੰਨ ਕੇ ਉਸ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ। (ਯੂਹੰਨਾ 14:15) ਜਦੋਂ ਅਸੀਂ ਸਿਰਫ਼ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਸਾਡਾ ਭਰੋਸਾ ਹੋਰ ਵੀ ਵਧਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਤੇ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਾਂਗੇ। ਉਸ ਨੇ ਕਿਹਾ ਸੀ: ‘ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ ਸੁਣਦਾ ਹੈ। ਮੈਂ ਜੀਵਨ ਭਰ ਉਹ ਨੂੰ ਪੁਕਾਰਾਂਗਾ।’—ਜ਼ਬੂਰਾਂ ਦੀ ਪੋਥੀ 116:1, 2. * (w15-E 01/01)

^ ਪੈਰਾ 3 ਬਾਈਬਲ ਦੇ ਮੁਤਾਬਕ ਰੱਬ ਤੇ ਯਿਸੂ ਬਰਾਬਰ ਨਹੀਂ ਹਨ। ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਚੌਥਾ ਅਧਿਆਇ ਦੇਖੋ।

^ ਪੈਰਾ 11 ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਦਿਲੋਂ ਉਸ ਦੀਆਂ ਮੰਗਾਂ ਅਨੁਸਾਰ ਆਪਣੀ ਜ਼ਿੰਦਗੀ ਜੀਉਣੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ 17ਵਾਂ ਅਧਿਆਇ ਦੇਖੋ।