Skip to content

Skip to table of contents

ਬਾਈਬਲ ਬਦਲਦੀ ਹੈ ਜ਼ਿੰਦਗੀਆਂ

“ਮੈਂ ਕਾਫ਼ੀ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਇਆ”

“ਮੈਂ ਕਾਫ਼ੀ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਇਆ”
  • ਜਨਮ: 1978

  • ਦੇਸ਼: ਚਿਲੀ

  • ਅਤੀਤ: ਗੁੱਸੇਖ਼ੋਰ ਤੇ ਹਿੰਸਕ ਬੰਦਾ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੈਂ ਚਿਲੀ ਦੀ ਰਾਜਧਾਨੀ ਸੈਂਟੀਆਗੋ ਵਿਚ ਵੱਡਾ ਹੋਇਆ ਤੇ ਮੇਰੇ ਮੁਹੱਲੇ ਵਿਚ ਲੋਕੀਂ ਡ੍ਰੱਗਜ਼ ਲੈਂਦੇ ਸਨ, ਗੈਂਗ ਦੇ ਮੈਂਬਰ ਸਨ ਤੇ ਅਪਰਾਧ ਕਰਦੇ ਸਨ। ਜਦੋਂ ਮੈਂ ਪੰਜ ਸਾਲਾਂ ਦਾ ਸੀ, ਤਾਂ ਮੇਰੇ ਪਿਤਾ ਜੀ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੇਰੇ ਮੰਮੀ ਜੀ ਕਿਸੇ ਹੋਰ ਆਦਮੀ ਨਾਲ ਰਹਿਣ ਲੱਗ ਪਏ ਜੋ ਕਿ ਬਹੁਤ ਜ਼ਾਲਮ ਸੀ। ਉਹ ਅਕਸਰ ਸਾਨੂੰ ਦੋਨਾਂ ਨੂੰ ਮਾਰਦਾ-ਕੁੱਟਦਾ ਸੀ। ਮੇਰੇ ਦਿਲ ਵਿਚ ਉਹ ਜ਼ਖ਼ਮ ਅਜੇ ਵੀ ਹਰੇ ਹਨ।

ਵੱਡੇ ਹੁੰਦਿਆਂ ਜੋ ਮੈਂ ਆਪਣੇ ਆਲੇ-ਦੁਆਲੇ ਹੁੰਦਿਆਂ ਦੇਖਿਆ, ਉਸ ਕਰਕੇ ਮੈਂ ਹਿੰਸਕ ਬਣ ਗਿਆ। ਮੈਂ ਰਾਕ ਮਿਊਜ਼ਿਕ ਸੁਣਦਾ ਸੀ, ਹੱਦੋਂ ਵੱਧ ਸ਼ਰਾਬ ਪੀਂਦਾ ਸੀ ਤੇ ਕਦੀ-ਕਦਾਈਂ ਡ੍ਰੱਗਜ਼ ਲੈਂਦਾ ਸੀ। ਮੈਂ ਅਕਸਰ ਗਲੀਆਂ ਵਿਚ ਡ੍ਰੱਗਜ਼ ਵੇਚਣ ਵਾਲਿਆਂ ਨਾਲ ਲੜਦਾ ਹੁੰਦਾ ਸੀ ਜਿਨ੍ਹਾਂ ਨੇ ਕਈ ਵਾਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਕ ਵਾਰ ਵਿਰੋਧੀ ਗੈਂਗ ਨੇ ਇਕ ਗੁੰਡੇ ਨੂੰ ਪੈਸੇ ਦੇ ਕੇ ਮੈਨੂੰ ਮਾਰਨ ਲਈ ਭੇਜਿਆ। ਮੈਂ ਜ਼ਖ਼ਮੀ ਹੋਇਆ, ਪਰ ਮੇਰੀ ਜਾਨ ਬਚ ਗਈ। ਇਕ ਹੋਰ ਮੌਕੇ ਤੇ ਡ੍ਰੱਗਜ਼ ਵੇਚਣ ਵਾਲਿਆਂ ਨੇ ਮੇਰੇ ਸਿਰ ’ਤੇ ਬੰਦੂਕ ਰੱਖੀ ਤੇ ਮੇਰੇ ਗਲੇ ਵਿਚ ਰੱਸਾ ਪਾ ਕੇ ਮੈਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ।

1996 ਵਿਚ ਮੈਨੂੰ ਕੈਰੋਲੀਨਾ ਨਾਂ ਦੀ ਇਕ ਔਰਤ ਨਾਲ ਪਿਆਰ ਹੋ ਗਿਆ ਤੇ ਅਸੀਂ 1998 ਵਿਚ ਵਿਆਹ ਕਰ ਲਿਆ। ਸਾਡੇ ਪਹਿਲੇ ਮੁੰਡੇ ਦੇ ਜਨਮ ਤੋਂ ਬਾਅਦ ਮੈਨੂੰ ਇਸ ਗੱਲ ਦਾ ਡਰ ਸੀ ਕਿ ਆਪਣੇ ਗੁੱਸੇ ਕਰਕੇ ਕਿਤੇ ਮੈਂ ਆਪਣੇ ਮਤਰੇਏ ਪਿਤਾ ਵਾਂਗ ਆਪਣੇ ਪਰਿਵਾਰ ਨੂੰ ਕੁੱਟਣ-ਮਾਰਨ ਨਾ ਲੱਗ ਪਵਾਂ। ਇਸ ਲਈ ਮੈਂ ਮਦਦ ਲਈ ਸੁਧਾਰ ਕੇਂਦਰ ਗਿਆ। ਉੱਥੇ ਉਨ੍ਹਾਂ ਨੇ ਮੇਰਾ ਇਲਾਜ ਤੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਮੈਂ ਛੋਟੀਆਂ-ਛੋਟੀਆਂ ਗੱਲਾਂ ’ਤੇ ਅੱਗ ਬਬੂਲਾ ਹੋ ਜਾਂਦਾ ਸੀ। ਮੈਂ ਆਪਣੇ ਪਰਿਵਾਰ ਨੂੰ ਆਪਣੇ ਗੁੱਸੇ ਤੋਂ ਬਚਾਉਣਾ ਚਾਹੁੰਦਾ ਸੀ। ਇਸ ਕਰਕੇ ਮੈਨੂੰ ਲੱਗਾ ਕਿ ਮੇਰਾ ਨਾ ਹੋਣਾ ਹੀ ਚੰਗਾ ਹੈ ਤੇ ਮੈਂ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਂ ਬਚ ਗਿਆ।

ਮੈਂ ਕਈ ਸਾਲਾਂ ਤਕ ਰੱਬ ਨੂੰ ਨਹੀਂ ਮੰਨਦਾ ਸੀ, ਪਰ ਮੈਂ ਰੱਬ ’ਤੇ ਵਿਸ਼ਵਾਸ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਕੁਝ ਸਮੇਂ ਲਈ ਚਰਚ ਜਾਣ ਲੱਗ ਪਿਆ। ਉਸ ਸਮੇਂ ਦੌਰਾਨ ਹੀ ਮੇਰੀ ਪਤਨੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ। ਮੈਂ ਗਵਾਹਾਂ ਨਾਲ ਨਫ਼ਰਤ ਕਰਦਾ ਸੀ ਤੇ ਕਈ ਵਾਰ ਉਨ੍ਹਾਂ ਨੂੰ ਗਾਲ਼ਾਂ ਕੱਢਦਾ ਹੁੰਦਾ ਸੀ। ਪਰ ਮੈਂ ਹੈਰਾਨ ਸੀ ਕਿ ਉਹ ਮੇਰੇ ਨਾਲ ਹਮੇਸ਼ਾ ਪਿਆਰ ਤੇ ਸ਼ਾਂਤੀ ਨਾਲ ਗੱਲ ਕਰਦੇ ਸਨ।

ਇਕ ਦਿਨ ਕੈਰੋਲੀਨਾ ਨੇ ਮੈਨੂੰ ਆਪਣੀ ਬਾਈਬਲ ਵਿੱਚੋਂ ਜ਼ਬੂਰ 83:18 ਪੜ੍ਹਨ ਲਈ ਕਿਹਾ। ਇਸ ਆਇਤ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ। ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਚਰਚ ਵਿਚ ਉਨ੍ਹਾਂ ਨੇ ਕਦੀ ਵੀ ਯਹੋਵਾਹ ਦਾ ਨਾਂ ਨਹੀਂ ਸੀ ਲਿਆ। ਸਾਲ 2000 ਦੇ ਸ਼ੁਰੂ ਵਿਚ ਮੈਂ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

ਜਿੱਦਾਂ-ਜਿੱਦਾਂ ਮੈਂ ਸਟੱਡੀ ਕਰਦਾ ਗਿਆ, ਉੱਦਾਂ-ਉੱਦਾਂ ਮੈਨੂੰ ਪਤਾ ਲੱਗਾ ਕਿ ਯਹੋਵਾਹ ਦਇਆ ਤੇ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ। ਮਿਸਾਲ ਲਈ, ਕੂਚ 34:6, 7 ਵਿਚ ਲਿਖਿਆ ਹੈ ਕਿ ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ” ਹੈ।

ਫਿਰ ਵੀ ਸਿੱਖੀਆਂ ਗੱਲਾਂ ਅਨੁਸਾਰ ਚੱਲਣਾ ਸੌਖਾ ਨਹੀਂ ਸੀ। ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਗੁੱਸੇ ’ਤੇ ਕਦੇ ਵੀ ਕਾਬੂ ਨਹੀਂ ਪਾ ਸਕਾਂਗਾ। ਹਰ ਵਾਰ ਜਦੋਂ ਮੈਂ ਆਪਣੇ ਗੁੱਸੇ ’ਤੇ ਕਾਬੂ ਨਹੀਂ ਰੱਖ ਪਾਉਂਦਾ ਸੀ, ਤਾਂ ਕੈਰੋਲੀਨਾ ਪਿਆਰ ਨਾਲ ਮੇਰਾ ਹੌਸਲਾ ਵਧਾਉਂਦੀ ਸੀ। ਉਸ ਨੇ ਮੈਨੂੰ ਯਾਦ ਕਰਾਇਆ ਕਿ ਯਹੋਵਾਹ ਦੇਖ ਸਕਦਾ ਹੈ ਕਿ ਮੈਂ ਸੁਧਰਨ ਦੀ ਕਿੰਨੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਸਾਥ ਨੇ ਮੈਨੂੰ ਤਾਕਤ ਦਿੱਤੀ ਕਿ ਮੈਂ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਾਂ, ਭਾਵੇਂ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਗੁੱਸੇ ’ਤੇ ਕਦੇ ਕਾਬੂ ਨਹੀਂ ਪਾ ਸਕਾਂਗਾ।

ਸਟੱਡੀ ਕਰ ਕੇ ਮੈਨੂੰ ਪਤਾ ਲੱਗਾ ਕਿ ਯਹੋਵਾਹ ਦਇਆ ਤੇ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ

ਇਕ ਦਿਨ ਸਟੱਡੀ ਕਰਾਉਣ ਵਾਲੇ ਭਰਾ ਆਲੇਹਾਂਦਰੋ ਨੇ ਮੈਨੂੰ ਗਲਾਤੀਆਂ 5:22, 23 ਪੜ੍ਹਨ ਲਈ ਕਿਹਾ। ਇਨ੍ਹਾਂ ਆਇਤਾਂ ਵਿਚ ਪਵਿੱਤਰ ਸ਼ਕਤੀ ਦੇ ਗੁਣਾਂ ‘ਪਿਆਰ, ਖ਼ੁਸ਼ੀ, ਸ਼ਾਂਤੀ, ਸਹਿਣਸ਼ੀਲਤਾ, ਦਇਆ, ਭਲਾਈ, ਨਿਹਚਾ, ਨਰਮਾਈ ਤੇ ਸੰਜਮ’ ਬਾਰੇ ਦੱਸਿਆ ਗਿਆ ਹੈ। ਆਲੇਹਾਂਦਰੋ ਨੇ ਸਮਝਾਇਆ ਕਿ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਪੈਦਾ ਕਰਨਾ ਮੇਰੇ ਆਪਣੇ ਵੱਸ ਦੀ ਗੱਲ ਨਹੀਂ ਹੈ, ਸਗੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਮੈਂ ਇੱਦਾਂ ਕਰ ਸਕਦਾ ਹਾਂ। ਇਸ ਸੱਚਾਈ ਨੇ ਮੇਰੇ ਨਜ਼ਰੀਏ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।

ਕੁਝ ਦੇਰ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਦੇ ਵੱਡੇ ਜ਼ਿਲ੍ਹਾ ਸੰਮੇਲਨ ਵਿਚ ਗਿਆ। ਵਧੀਆ ਇੰਤਜ਼ਾਮ, ਸਫ਼ਾਈ ਤੇ ਯਹੋਵਾਹ ਦੇ ਗਵਾਹਾਂ ਵਿਚ ਪਿਆਰ ਦੇਖ ਕੇ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਇਹੀ ਸੱਚਾਈ ਹੈ। (ਯੂਹੰਨਾ 13:34, 35) ਮੈਂ ਫਰਵਰੀ 2001 ਵਿਚ ਬਪਤਿਸਮਾ ਲੈ ਲਿਆ।

ਅੱਜ ਮੇਰੀ ਜ਼ਿੰਦਗੀ:

ਯਹੋਵਾਹ ਨੇ ਮੈਨੂੰ ਹਿੰਸਕ ਆਦਮੀ ਤੋਂ ਸ਼ਾਂਤੀ-ਪਸੰਦ ਇਨਸਾਨ ਬਣਾ ਦਿੱਤਾ। ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਉਸ ਨੇ ਮੈਨੂੰ ਦਲਦਲ ਵਿੱਚੋਂ ਬਾਹਰ ਕੱਢਿਆ ਹੋਵੇ। ਮੈਂ ਕਾਫ਼ੀ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਇਆ, ਪਰ ਮੈਂ ਸਮਝ ਸਕਦਾ ਹਾਂ ਕਿ ਮੇਰੇ ਨਾਲ ਇੱਦਾਂ ਕਿਉਂ ਹੋਇਆ। ਹੁਣ ਮੈਂ ਆਪਣੀ ਪਤਨੀ ਤੇ ਦੋ ਮੁੰਡਿਆਂ ਨਾਲ ਮਿਲ ਕੇ ਖ਼ੁਸ਼ੀ ਨਾਲ ਯਹੋਵਾਹ ਦੀ ਭਗਤੀ ਕਰਦਾ ਹਾਂ।

ਮੇਰੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਯਕੀਨ ਨਹੀਂ ਹੁੰਦਾ ਕਿ ਮੈਂ ਕਿੰਨਾ ਬਦਲ ਗਿਆ ਹਾਂ। ਇਸ ਕਰਕੇ ਇਨ੍ਹਾਂ ਵਿੱਚੋਂ ਕਾਫ਼ੀ ਜਣੇ ਬਾਈਬਲ ਬਾਰੇ ਸਿੱਖਣਾ ਚਾਹੁੰਦੇ ਹਨ। ਮੈਨੂੰ ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦਾ ਵੀ ਸਨਮਾਨ ਮਿਲਿਆ ਹੈ। ਇਹ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ ਕਿ ਬਾਈਬਲ ਦੀ ਸੱਚਾਈ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਵੀ ਬਦਲ ਰਹੀ ਹੈ! (w13-E 10/01)